ਪਾਕਿਸਤਾਨ ਦੇ ਰੱਖਿਆ ਮੰਤਰੀ ਨੇ ਮੰਨਿਆ- ‘ਦੇਸ਼ ’ਚ ਹੋ ਰਿਹਾ ਹਿੰਦੂਆਂ ਤੇ ਹੋਰ ਘੱਟਗਿਣਤੀਆਂ ਦਾ ਘਾਣ’
Friday, Jul 26, 2024 - 02:00 AM (IST)
ਬਟਵਾਰੇ ਦੇ ਬਾਅਦ ਪਾਕਿਸਤਾਨ ’ਚ ਰਹਿ ਗਏ ਘੱਟਗਿਣਤੀਆਂ ਬਾਰੇ ਪਾਕਿਸਤਾਨ ’ਚ ‘ਹਿਊਮਨ ਰਾਈਟਸ ਵਾਚ’ ਨੇ ਆਪਣੀ ਰਿਪੋਰਟ ’ਚ ਕਿਹਾ ਹੈ ਕਿ ‘‘ਪਾਕਿਸਤਾਨ ’ਚ ਹਿੰਦੂਆਂ, ਸਿੱਖਾਂ ਅਤੇ ਹੋਰ ਘੱਟਗਿਣਤੀਆਂ ਨੂੰ ਜਬਰਨ ਧਰਮ-ਤਬਦੀਲੀ, ਲੜਕੀਆਂ ਦੇ ਅਗਵਾ, ਜਬਰੀ ਵਿਆਹ, ਕਤਲ ਅਤੇ ਉਨ੍ਹਾਂ ਦੇ ਪੂਜਾ ਅਸਥਾਨਾਂ ’ਤੇ ਹਮਲਿਆਂ ਵਰਗੀਆਂ ਚੁਣੌਤੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਅਤੇ ਸਥਿਤੀ ਭਿਆਨਕ ਬਣੀ ਹੋਈ ਹੈ।’’
‘‘ਇਸ ਦੇ ਇਲਾਵਾ ਅਹਿਮਦੀਆ ਭਾਈਚਾਰੇ ਨੂੰ ਗੰਭੀਰ ਤਸ਼ੱਦਦ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਜਿਸ ’ਚ ਉਨ੍ਹਾਂ ਦੀਆਂ ਧਾਰਮਿਕ ਰਵਾਇਤਾਂ ’ਤੇ ਕਾਨੂੰਨੀ ਪਾਬੰਦੀ, ਨਫਰਤ ਵਾਲੇ ਭਾਸ਼ਣ (ਹੇਟ ਸਪੀਚ) ਅਤੇ ਹਿੰਸਕ ਹਮਲੇ ਸ਼ਾਮਲ ਹਨ। ਇਸਾਈਆਂ ਨੂੰ ਰੋਜ਼ਗਾਰ, ਸਿੱਖਿਆ ਅਤੇ ਈਸ਼ਨਿੰਦਾ ਦੇ ਦੋਸ਼ਾਂ ’ਚ ਵਿਤਕਰੇ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਜਿਸ ਦੇ ਕਾਰਨ ਭੀੜ ਉਨ੍ਹਾਂ ’ਤੇ ਹਿੰਸਾ ਅਤੇ ਉਨ੍ਹਾਂ ਦੇ ਗਿਰਜਾਘਰਾਂ ’ਤੇ ਹਮਲੇ ਕਰਦੀ ਰਹਿੰਦੀ ਹੈ।’’
ਇਸੇ ਰਿਪੋਰਟ ’ਚ ਇਹ ਗੰਭੀਰ ਟਿੱਪਣੀ ਵੀ ਕੀਤੀ ਗਈ ਹੈ ਕਿ ‘‘ਪਾਕਿਸਤਾਨ ’ਚ ਕਾਨੂੰਨੀ ਢਾਂਚਾ ਧਾਰਮਿਕ ਘੱਟਗਿਣਤੀਆਂ ਦੇ ਨਾਲ ਵਿਤਕਰਾ ਕਰਦਾ ਹੈ, ਜਿਸ ਨਾਲ ਉਨ੍ਹਾਂ ਦਾ ਹਾਸ਼ੀਏ ’ਤੇ ਜਾਣਾ ਅਤੇ ਕਮਜ਼ੋਰੀ ਵਧਦੀ ਜਾ ਰਹੀ ਹੈ। ਈਸ਼ਨਿੰਦਾ ਵਰਗੇ ਕਾਨੂੰਨਾਂ ਦੀ ਅਕਸਰ ਘੱਟਗਿਣਤੀਆਂ ਨੂੰ ਨਿਸ਼ਾਨਾ ਬਣਾਉਣ ਲਈ ਦੁਰਵਰਤੋਂ ਕੀਤੀ ਜਾਂਦੀ ਹੈ ਅਤੇ ਮਨਮਰਜ਼ੀ ਢੰਗ ਨਾਲ ਗ੍ਰਿਫਤਾਰੀਆਂ, ਹਿੰਸਾ ਅਤੇ ਸਮਾਜਿਕ ਬਾਈਕਾਟ ਕੀਤਾ ਜਾਂਦਾ ਹੈ।’’
ਪਾਕਿਸਤਾਨ ਦੇ ਮਨੁੱਖੀ ਅਧਿਕਾਰ ਕਮਿਸ਼ਨ ਵੱਲੋਂ ‘ਦੱਖਣੀ ਪੰਜਾਬ ’ਚ ਧਰਮ ਆਧਾਰਿਤ ਵਿਤਕਰਾ’ ਸਿਰਲੇਖ ਨਾਲ ਇਕ ਹੋਰ ਰਿਪੋਰਟ ’ਚ ਵੀ ਸਕੂਲਾਂ ’ਚ ਹਿੰਦੂਆਂ ਦੇ ਵਿਰੁੱਧ ਵਿਤਕਰਾ ਕੀਤੇ ਜਾਣ ਦਾ ਵਰਨਣ ਕਰਦੇ ਹੋਏ ਕਿਹਾ ਗਿਆ ਹੈ ਕਿ :
‘‘ਰਹੀਮ ਯਾਰ ਖਾਂ ਦੇ ‘ਲਿਆਕਤਪੁਰ’ ਪਿੰਡ ਦੇ ਸਰਕਾਰੀ ਸਕੂਲ ’ਚ 30 ਮੁਸਲਿਮ ਵਿਦਿਆਰਥੀਆਂ ’ਤੇ 1 ਹਿੰਦੂ ਵਿਦਿਆਰਥੀ ਸੀ ਅਤੇ ਲਗਭਗ ਸਾਰੇ ਹਿੰਦੂ ਵਿਦਿਆਰਥੀਆਂ ਨਾਲ ਧਰਮ ਦੇ ਆਧਾਰ ’ਤੇ ਵਿਤਕਰਾ ਹੋ ਰਿਹਾ ਸੀ ਅਤੇ ਸਾਰਿਆਂ ਨੂੰ ਪਾਣੀ ਪੀਣ ਦੇ ਲਈ ਵੱਖਰੇ ਗਿਲਾਸਾਂ ਦੀ ਵਰਤੋਂ ਕਰਨੀ ਪੈਂਦੀ ਸੀ।’’
‘‘ਸਥਾਨਕ ਟੀ ਸਟਾਲ ਵਾਲੇ ਅਤੇ ਹੋਰ ਖਾਣ-ਪੀਣ ਦਾ ਸਾਮਾਨ ਵੇਚਣ ਵਾਲੇ ਹਿੰਦੂ ਗਾਹਕਾਂ ਲਈ ਵੱਖਰੇ ਬਰਤਨ ਰੱਖਦੇ ਹਨ। ਇੱਥੋਂ ਤੱਕ ਕਿ ਪਕੌੜੇ ਆਦਿ ਵੇਚਣ ਵਾਲੇ ਇਕ ਛਾਬੜੀ ਵਾਲੇ ਨੇ ਹਿੰਦੂ ਵਿਦਿਆਰਥੀਆਂ ਲਈ ਵੱਖਰੀਆਂ ਪਲੇਟਾਂ ਰੱਖੀਆਂ ਹੋਈਆਂ ਹਨ।’’
ਇਸੇ ਤਰ੍ਹਾਂ ਦੇ ਹਾਲਾਤ ਦਰਮਿਆਨ ਪਾਕਿਸਤਾਨ ’ਚ ਇਕ ਹਿੰਦੂ ਮਨੁੱਖੀ ਅਧਿਕਾਰ ਵਰਕਰ ਲਾਲਾ ਚਮਨ ਲਾਲ ਨੇ ਪਾਕਿਸਤਾਨ ’ਚ ਹਿੰਦੂਆਂ ਦੇ ਨਾਲ ਧਰਮ ਦੇ ਆਧਾਰ ’ਤੇ ਵਿਤਕਰੇ ਦਾ ਦੋਸ਼ ਲਾਉਂਦੇ ਹੋਏ ਕਿਹਾ ਹੈ ਕਿ ਮੁਸਲਮਾਨਾਂ ਵੱਲੋਂ ਹਿੰਦੂਆਂ ਨੂੰ ਗਿਲਾਸਾਂ ਅਤੇ ਹੋਰ ਬਰਤਨਾਂ ਦੀ ਵਰਤੋਂ ਵੀ ਨਹੀਂ ਕਰਨ ਦਿੱਤੀ ਜਾਂਦੀ। ਲਾਲਾ ਚਮਨ ਲਾਲ ਦੇ ਅਨੁਸਾਰ :
‘‘ਹਾਲ ਹੀ ’ਚ ਜਦੋਂ ਮੈਂ ਰਹੀਮ ਯਾਰ ਖਾਂ ’ਚ ਆਪਣੇ ਪਰਿਵਾਰ ਨਾਲ ਕਿਤੇ ਜਾ ਰਿਹਾ ਸੀ ਤਾਂ ਅਸੀਂ ਲੋਕ ਰਾਹ ’ਚ ਇਕ ਥਾਈਂ ਪਾਣੀ ਪੀਣ ਲਈ ਰੁਕੇ। ਮੈਂ ਜੀਨਸ ਅਤੇ ਸ਼ਰਟ ਪਹਿਨੀ ਹੋਈ ਸੀ, ਇਸ ਲਈ ਪਾਣੀ ਪਿਆਉਣ ਵਾਲਾ ਮੇਰੇ ਧਰਮ ਦਾ ਅੰਦਾਜ਼ਾ ਨਾ ਲਗਾ ਸਕਿਆ ਅਤੇ ਉਸ ਨੇ ਮੈਨੂੰ ਗਿਲਾਸ ’ਚ ਪਾਣੀ ਦੇ ਦਿੱਤਾ।’’
‘‘ਪਰ ਮੇਰੇ ਪਰਿਵਾਰ ਦੇ ਮੈਂਬਰਾਂ ਨੂੰ ਮਾਰਵਾੜੀ ਪਹਿਰਾਵੇ ’ਚ ਦੇਖ ਕੇ ਸਾਡੇ ਹਿੰਦੂ ਹੋਣ ਦਾ ਪਤਾ ਲੱਗਣ ’ਤੇ ਨਾ ਸਿਰਫ ਉਸ ਨੇ ਮੇਰੇ ਪਰਿਵਾਰ ਦੇ ਮੈਂਬਰਾਂ ਨੂੰ ਪੀਣ ਲਈ ਪਾਣੀ ਦੇਣ ਤੋਂ ਨਾਂਹ ਕਰ ਦਿੱਤੀ ਸਗੋਂ ਉਸ ਗਿਲਾਸ ਨੂੰ ਵੀ ਭੰਨ ਦਿੱਤਾ ਜਿਸ ’ਚ ਮੈਂ ਪਾਣੀ ਪੀਤਾ ਸੀ।’’
ਅਜਿਹੀ ਹੀ ਇਕ ਹੋਰ ਘਟਨਾ ਦੇ ਵਿਸ਼ੇ ’ਚ ਦੱਸਦੇ ਹੋਏ ਲਾਲਾ ਚਮਨ ਲਾਲ ਨੇ ਕਿਹਾ, ‘‘ਇਕ ਵਾਰ ਜਦੋਂ ਮੈਂ ਇਕ ਡਿਪਟੀ ਕੁਲੈਕਟਰ ਦੇ ਦਫਤਰ ’ਚ ਕਿਸੇ ਕੰਮ ਲਈ ਗਿਆ ਤਾਂ ਪਾਣੀ ਪੀਣ ਲਈ ਮੈਨੂੰ ਸਾਂਝਾ ਗਿਲਾਸ ਦੇਣ ਤੋਂ ਨਾਂਹ ਕਰ ਦਿੱਤੀ ਗਈ।’’
ਇਸੇ ਸਿਲਸਿਲੇ ’ਚ ਬੀਤੀ 24 ਜੂਨ ਨੂੰ ਪਾਕਿਸਤਾਨ ਦੀ ਨੈਸ਼ਨਲ ਅਸੈਂਬਲੀ ’ਚ ਦੇਸ਼ ਦੇ ਰੱਖਿਆ ਮੰਤਰੀ ਖਵਾਜਾ ਆਸਿਫ ਨੇ ਮੰਨਿਆ ਕਿ ਪਾਕਿਸਤਾਨ ’ਚ ਘੱਟਗਿਣਤੀਆਂ ਨੂੰ ਧਰਮ ਦੇ ਨਾਂ ’ਤੇ ਟੀਚਾਬੱਧ ਹਿੰਸਾ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਉਨ੍ਹਾਂ ਦੇ ਰੋਜ਼-ਰੋਜ਼ ਹੋ ਰਹੇ ਕਤਲਾਂ ’ਤੇ ਚਿੰਤਾ ਪ੍ਰਗਟਾਉਂਦੇ ਹੋਏ ਖਵਾਜਾ ਨੇ ਕਿਹਾ, ‘‘ਹਰ ਰੋਜ਼ ਘੱਟਗਿਣਤੀਆਂ ਦੇ ਕਤਲ ਹੋ ਰਹੇ ਹਨ ਅਤੇ ਪਾਕਿਸਤਾਨ ਵਿਸ਼ਵ ਪੱਧਰੀ ਸ਼ਰਮਿੰਦਗੀ ਦਾ ਸਾਹਮਣਾ ਕਰ ਰਿਹਾ ਹੈ।’’
‘‘ਸੰਵਿਧਾਨਕ ਸੁਰੱਖਿਆ ਦੇ ਬਾਵਜੂਦ ਪਾਕਿਸਤਾਨ ’ਚ ਇਸਲਾਮ ਦੇ ਅੰਦਰ ਛੋਟੀਆਂ ਮੁਸਲਿਮ ਸੰਪਰਦਾਵਾਂ ਸਮੇਤ ਕੋਈ ਵੀ ਧਾਰਮਿਕ ਘੱਟਗਿਣਤੀ ਸੁਰੱਖਿਅਤ ਨਹੀਂ ਹੈ। ਹਿੰਸਾ ਦੇ ਕਈ ਪੀੜਤਾਂ ਦਾ ਈਸ਼ਨਿੰਦਾ ਦੇ ਦੋਸ਼ਾਂ ਨਾਲ ਕੋਈ ਸਬੰਧ ਨਹੀਂ ਸੀ ਪਰ ਉਨ੍ਹਾਂ ਨੂੰ ਨਿੱਜੀ ਆਪਸੀ ਝਗੜੇ ਦੇ ਕਾਰਨ ਨਿਸ਼ਾਨਾ ਬਣਾਇਆ ਗਿਆ ਅਤੇ ਇਹ ਕਤਲ ਨਿੱਜੀ ਬਦਲਾਖੋਰੀ ਦੀ ਭਾਵਨਾ ਤੋਂ ਪੈਦਾ ਹੋਏ ਲੱਗਦੇ ਹਨ।’’
ਹੁਣ ਜਦਕਿ ਖੁਦ ਪਾਕਿਸਤਾਨ ਦੇ ਰੱਖਿਆ ਮੰਤਰੀ ਨੇ ਪਾਕਿਸਤਾਨ ’ਚ ਘੱਟਗਿਣਤੀਆਂ, ਖਾਸ ਕਰ ਕੇ ਹਿੰਦੂਆਂ ’ਤੇ ਜ਼ੁਲਮਾਂ ਅਤੇ ਵਿਤਕਰੇ ਨੂੰ ਮੰਨ ਲਿਆ ਹੈ, ਉੱਥੇ ਘੱਟਗਿਣਤੀ ਭਾਈਚਾਰੇ ਦੇ ਘਾਣ ’ਤੇ ਰੋਕ ਲਾਉਣ ਲਈ ਕੌਮਾਂਤਰੀ ਭਾਈਚਾਰੇ ਨੂੰ ਪਾਕਿਸਤਾਨ ’ਤੇ ਦਬਾਅ ਪਾਉਣਾ ਚਾਹੀਦਾ ਹੈ।
-ਵਿਜੇ ਕੁਮਾਰ