ਚੀਨ ’ਚ ਸਰਕਾਰ ਖਿਲਾਫ ਮਜ਼ਦੂਰਾਂ ਦਾ ਵਧਦਾ ਵਿਰੋਧ ਪ੍ਰਦਰਸ਼ਨ
Sunday, Sep 03, 2023 - 02:56 PM (IST)

ਚੀਨ ’ਚ ਸੈਂਸਰਸ਼ਿਪ ਲਾਗੂ ਹੋਣ ਦੇ ਬਾਵਜੂਦ ਉੱਥੇ ਬਹੁਤ ਸਾਰੀਆਂ ਸਰਗਰਮੀਆਂ ਦੀ ਜਾਣਕਾਰੀ ਸੋਸ਼ਲ ਮੀਡੀਆ ਰਾਹੀਂ ਦੁਨੀਆ ਨੂੰ ਪਤਾ ਲੱਗ ਰਹੀ ਹੈ। ਹਾਲ ਦੇ ਦਿਨਾਂ ’ਚ ਉੱਥੋਂ ਦੇ ਵਰਤਮਾਨ ਹਾਲਾਤ ਨੂੰ ਦੇਖਦੇ ਹੋਏ ਚੀਨ ਸਰਕਾਰ ਨੇ ਸੈਂਸਰਸ਼ਿਪ ਨੂੰ ਹੋਰ ਜ਼ਿਆਦਾ ਵਧਾ ਦਿੱਤਾ ਹੈ। ਬਾਵਜੂਦ ਇਸ ਦੇ ਚੀਨ ਦੇ ਵੱਖ-ਵੱਖ ਇਲਾਕਿਆਂ ’ਚ ਲੋਕਾਂ ਦੇ ਪ੍ਰਦਰਸ਼ਨ ਵਧਣ ਲੱਗੇ ਹਨ ਅਤੇ ਕਈ ਥਾਵਾਂ ’ਤੇ ਇਨ੍ਹਾਂ ਦੇ ਪੁਲਸ ਨਾਲ ਟਕਰਾਅ ਤੱਕ ਹੋ ਰਹੇ ਹਨ।
ਇਨ੍ਹਾਂ ਪ੍ਰਦਰਸ਼ਨਾਂ ’ਚ ਜ਼ਿਆਦਾਤਰ ਗਿਣਤੀ ਫੈਕਟਰੀਆਂ ’ਚ ਕੰਮ ਕਰਨ ਵਾਲੇ ਮਜ਼ਦੂਰਾਂ ਅਤੇ ਭਵਨ ਨਿਰਮਾਣ ਨਾਲ ਜੁੜੇ ਮਜ਼ਦੂਰਾਂ ਦੀ ਹੈ ਜਿਨ੍ਹਾਂ ਨੂੰ ਮਹੀਨਿਆਂ ਤੋਂ ਤਨਖਾਹ ਨਹੀਂ ਮਿਲੀ ਅਤੇ ਇਹ ਲੋਕ ਮਜਬੂਰੀ ’ਚ ਪ੍ਰਦਰਸ਼ਨ ਕਰ ਰਹੇ ਹਨ। ਪਿਛਲੇ ਸਾਲ ਦੀ ਤੁਲਨਾ ’ਚ ਇਸ ਸਾਲ ਪ੍ਰਦਰਸ਼ਨਾਂ ਦੀ ਗਿਣਤੀ ’ਚ ਵੱਡਾ ਇਜ਼ਾਫਾ ਦੇਖਣ ਨੂੰ ਮਿਲ ਰਿਹਾ ਹੈ। ਚੀਨ ’ਚ ਮਨੁੱਖੀ ਅਧਿਕਾਰਾਂ ਦੇ ਮਾਮਲਿਆਂ ’ਤੇ ਨਜ਼ਰ ਰੱਖਣ ਵਾਲੀ ਸੰਸਥਾ ਫ੍ਰੀਡਮ ਹਾਊਸ ਦੀ ਰਿਪੋਰਟ ਅਨੁਸਾਰ ਇਸ ਸਾਲ ਦੀ ਦੂਜੀ ਤਿਮਾਹੀ ’ਚ ਚੀਨ ’ਚ 538 ਵਿਰੋਧ ਪ੍ਰਦਰਸ਼ਨ ਹੋਏ ਸਨ। ਪਿਛਲੇ ਸਾਲ ਜੂਨ 2022 ਤੋਂ ਇਸ ਸਾਲ ਜੂਨ 2023 ਦਰਮਿਆਨ ਪੂਰੇ ਚੀਨ ’ਚ ਕੁਲ ਜਨ-ਪ੍ਰਦਰਸ਼ਨਾਂ ਦੀ ਗਿਣਤੀ 2803 ਸੀ ਜਿਨ੍ਹਾਂ ’ਚ ਤਕਰੀਬਨ 30 ਹਜ਼ਾਰ ਲੋਕਾਂ ਨੇ ਹਿੱਸਾ ਿਲਆ ਸੀ।
ਫ੍ਰੀਡਮ ਹਾਊਸ ਦੀ ਰਿਪੋਰਟ ਇਹ ਦੱਸਦੀ ਹੈ ਕਿ ਸਾਲ 2023 ਦੀ ਦੂਜੀ ਤਿਮਾਹੀ ’ਚ ਮਜ਼ਦੂਰਾਂ ਦੀ ਸਮੱਸਿਆ ਨਾਲ ਜੁੜੇ ਪ੍ਰਦਰਸ਼ਨ 59 ਫੀਸਦੀ ਸਨ, 22 ਫੀਸਦੀ ਰਿਹਾਇਸ਼ੀ ਭਵਨਾਂ ਨਾਲ ਜੁੜੇ ਝਗੜਿਆਂ ਦੇ ਪ੍ਰਦਰਸ਼ਨ ਸਨ। ਇਸ ਤੋਂ ਇਲਾਵਾ ਬਾਕੀ ਪ੍ਰਦਰਸ਼ਨ ਵਿਦਿਆਰਥੀਆਂ, ਸਕੂਲਾਂ ’ਚ ਸੁਰੱਖਿਆ, ਜਾਤੀ ਮਾਮਲਿਆਂ, ਧਾਰਮਿਕ ਆਜ਼ਾਦੀ ਅਤੇ ਸੱਭਿਆਚਾਰਕ ਮਾਮਲਿਆਂ ਨਾਲ ਜੁੜੇ ਪ੍ਰਦਰਸ਼ਨ ਸਨ। ਚੀਨ ਛੱਡ ਕੇ ਭੱਜੇ ਅਤੇ ਵਿਦੇਸ਼ਾਂ ’ਚ ਸ਼ਰਨ ਲੈਣ ਵਾਲੇ ਇਕ ਮਾਹਿਰ ਅਨੁਸਾਰ ਜਿੰਨੇ ਵੀ ਮਾਮਲੇ ਚੀਨ ਦੇ ਅਧਿਕਾਰਕ ਅੰਕੜਿਆਂ ਦੇ ਤੌਰ ’ਤੇ ਦਿਖਾਏ ਜਾ ਰਹੇ ਹਨ, ਇਹ ਸਿਰਫ ਕੁਝ ਮਾਮਲੇ ਹਨ ਜਿਹੜੇ ਲੋਕਾਂ ਦੀ ਨਜ਼ਰ ’ਚ ਆ ਰਹੇ ਹਨ।
ਬਹੁਤ ਸਾਰੇ ਪ੍ਰਦਰਸ਼ਨਾਂ ਨੂੰ ਸਰਕਾਰ ਨੇ ਆਪਣੀ ਸਖਤੀ ਨਾਲ ਦਬਾ ਦਿੱਤਾ। ਚੀਨ ’ਚ ਵਧਦੀ ਬੇਰੋਜ਼ਗਾਰੀ ਅਤੇ ਰਿਹਾਇਸ਼ੀ ਭਵਨਾਂ ਦੀ ਪ੍ਰੇਸ਼ਾਨੀ ਕਾਰਨ ਲੋਕਾਂ ਦੇ ਪ੍ਰਦਰਸ਼ਨ ਵਧਣ ਲੱਗੇ ਹਨ। ਰਿਪੋਰਟ ਅਨੁਸਾਰ ਸਾਲ 2022 ’ਚ ਦਸੰਬਰ ਤੋਂ ਵਿਰੋਧ ਪ੍ਰਦਰਸ਼ਨਾਂ ਦੀ ਗਿਣਤੀ ’ਚ ਵਾਹਵਾ ਵਾਧਾ ਹੋਣ ਲੱਗਾ ਹੈ ਕਿਉਂਕਿ ਉਸ ਸਮੇਂ ਤੋਂ ਚੀਨ ਦੀ ਅਰਥਵਿਵਸਥਾ ਬਦਹਾਲੀ ਵੱਲ ਵਧਦੀ ਜਾ ਰਹੀ ਹੈ।
ਇਸ ਸਾਲ ਸਿਰਫ ਜੂਨ ਮਹੀਨੇ ’ਚ ਮਜ਼ਦੂਰਾਂ ਦੇ 93 ਪ੍ਰਦਰਸ਼ਨ ਹੋਏ ਜੋ ਬਹੁਤ ਵੱਡੇ ਸਨ। ਅੰਕੜਿਆਂ ’ਚ ਦਰਜ ਇਹ ਮਾਮਲੇ ਦੱਸਣ ਲਈ ਕਾਫੀ ਹਨ ਕਿ ਪਿਛਲੇ ਸਾਲ ਜੂਨ ਮਹੀਨੇ ’ਚ ਹੋਏ ਮਜ਼ਦੂਰਾਂ ਦੇ ਪ੍ਰਦਰਸ਼ਨਾਂ ਦੀ ਤੁਲਨਾ ’ਚ ਇਸ ਸਾਲ ਇਨ੍ਹਾਂ ਦੀ ਗਿਣਤੀ ’ਚ 2.35 ਫੀਸਦੀ ਦਾ ਵਾਧਾ ਦਰਜ ਕੀਤਾ ਗਿਆ। ਚੀਨ ਦੇ ਲੇਬਰ ਬੁਲੇਟਿਨ ਅਨੁਸਾਰ ਇਸ ਸਾਲ ਹੋਣ ਵਾਲੇ ਜ਼ਿਆਦਾਤਰ ਵਿਰੋਧ ਪ੍ਰਦਰਸ਼ਨਾਂ ਦੀ ਸ਼ੁਰੂਆਤ ਮਜ਼ਦੂਰਾਂ ਨੇ ਕੀਤੀ ਅਤੇ ਉਨ੍ਹਾਂ ਨੇ ਹੀ ਇਸ ’ਚ ਹਿੱਸਾ ਵੀ ਲਿਆ।
ਇਨ੍ਹਾਂ ਪ੍ਰਦਰਸ਼ਨਾਂ ਨਾਲ ਸਭ ਤੋਂ ਜ਼ਿਆਦਾ ਪ੍ਰਭਾਵਿਤ ਚੀਨ ਦਾ ਕਵਾਂਗਤੁੰਗ ਸੂਬਾ ਰਿਹਾ ਹੈ ਜੋ ਚੀਨ ਦੇ ਨਿਰਮਾਣ ਅਤੇ ਸੇਵਾ ਖੇਤਰ ਦਾ ਸਭ ਤੋਂ ਵੱਡਾ ਕੇਂਦਰ ਹੈ। ਚੀਨ ਦੇ ਇਸ ਸੂਬੇ ’ਚ ਸਭ ਤੋਂ ਵੱਧ ਵਪਾਰਕ ਸਰਗਰਮੀਆਂ ਹੁੰਦੀਆਂ ਹਨ। ਕਵਾਂਗਤੁੰਗ ਸੂਬੇ ’ਚ ਸਭ ਤੋਂ ਜ਼ਿਆਦਾ ਮਜ਼ਦੂਰਾਂ ਦੇ ਵਿਰੋਧ ਪ੍ਰਦਰਸ਼ਨ ਹੋਏ, ਪੂਰੇ ਚੀਨ ’ਚ ਇਕ ਮਹੀਨੇ ’ਚ ਹੋਏ ਵਿਰੋਧ ਪ੍ਰਦਰਸ਼ਨਾਂ ’ਚੋਂ 35 ਤੋਂ 50 ਫੀਸਦੀ ਕਵਾਂਗਤੁੰਗ ਸੂਬੇ ’ਚ ਹੋਏ ਹਨ।
ਕੁਝ ਜਾਣਕਾਰਾਂ ਦਾ ਕਹਿਣਾ ਹੈ ਕਿ ਚੀਨ ਦੀ ਲਗਾਤਾਰ ਡਿੱਗਦੀ ਅਰਥਵਿਵਸਥਾ ਕਾਰਨ ਪ੍ਰਾਪਰਟੀ ਬਾਜ਼ਾਰ ਬੁਰੀ ਤਰ੍ਹਾਂ ਪ੍ਰਭਾਵਿਤ ਹੋਇਆ ਹੈ ਅਤੇ ਇਸ ਕਾਰਨ ਲੋਕਾਂ ’ਚ ਬੇਰੋਜ਼ਗਾਰੀ ਵਧਦੀ ਜਾ ਰਹੀ ਹੈ। ਅਜਿਹੀ ਸਥਿਤੀ ’ਚ ਆਮ ਆਦਮੀ ਦਾ ਜਿਊਣਾ ਮੁਸ਼ਕਲ ਹੋ ਗਿਆ ਹੈ। ਹਾਲ ਦੀਆਂ ਰਿਪੋਰਟਾਂ ਤੋਂ ਪਤਾ ਲੱਗਦਾ ਹੈ ਕਿ ਚੀਨ ’ਚ ਵਿਦੇਸ਼ੀ ਨਿਵੇਸ਼ ਪਿਛਲੇ 18 ਸਾਲਾਂ ’ਚ ਹੁਣ ਤਕ ਦੇ ਸਭ ਤੋਂ ਹੇਠਲੇ ਪੱਧਰ ਤਕ ਡਿੱਗ ਚੁੱਕਾ ਹੈ ਜਿਸ ਕਾਰਨ ਨਿਰਮਾਣ ਅਤੇ ਦਰਾਮਦ-ਬਰਾਮਦ ਬੁਰੀ ਤਰ੍ਹਾਂ ਡਿੱਗੀ ਹੈ ਅਤੇ ਇਸ ਨਾਲ ਚੀਨ ਦੀ ਅਰਥਵਿਵਸਥਾ ਲੜਖੜਾ ਗਈ ਹੈ।