ਭਾਰਤੀ ਕਦਰਾਂ-ਕੀਮਤਾਂ ਦੀ ਮਰਿਆਦਾਵਾਂ ਹਨ ਗਾਂਧੀ

10/02/2022 3:28:05 PM

ਦੁਨੀਆ ਦੇ ਇਤਿਹਾਸ ’ਚ ਮਹਾਤਮਾ ਗਾਂਧੀ ਵਰਗੀ ਕੋਈ ਸ਼ਖਸੀਅਤ ਨਹੀਂ ਹੋਈ, ਜਿਸ ਤਰ੍ਹਾਂ ਉਨ੍ਹਾਂ ਨੇ ਲੰਗੋਟੀ ਪਹਿਨ ਕੇ ਸੂਟ ਵਾਲੇ ਬ੍ਰਿਟਿਸ਼ ਹੁਕਮਰਾਨਾਂ ਨੂੰ ਭਾਰਤ ਛੱਡਣ ਲਈ ਮਜਬੂਰ ਕੀਤਾ। ਭਾਰਤ ਦੇ ਮਹਾਪੁਰਸ਼ਾਂ ’ਚ ਇਸੇ ਲਈ ਮਹਾਨ ਮੰਨੇ ਜਾਂਦੇ ਹਨ ਕਿਉਂਕਿ ਉਨ੍ਹਾਂ ਆਜ਼ਾਦੀ ਦੀ ਲੜਾਈ ’ਚ ਸਮੁੱਚੇ ਭਾਰਤ ਨੂੰ ਇਕ ਕੀਤਾ। ਉਹ ਆਪਣੇ ਆਪ ’ਚ ਆਜ਼ਾਦੀ ਦੇ ਪ੍ਰਤੀਕ ਬਣ ਗਏ। ‘ਗਾਂਧੀ’ ਭਾਵ ਆਜ਼ਾਦੀ ਦੀ ਲੜਾਈ ਲੜਨ ਵਾਲਾ। ਉਨ੍ਹਾਂ ਦੇ ਸੱਦੇ ’ਤੇ ਲੋਕਾਂ ਨੇ ਪੇਟ ਦੀ ਚਿੰਤਾ ਨਹੀਂ ਕੀਤੀ ਸਗੋਂ ਰਾਸ਼ਟਰ ਦੀ ਚਿੰਤਾ ਕੀਤੀ।

ਮਹਾਤਮਾ ਗਾਂਧੀ ਭਾਰਤੀ ਆਸਥਾਵਾਂ ਦੇ ਪ੍ਰਤੀਕ ਹਨ। ਉਹ ਜਨ ਗਣ ਮਨ ਹਨ, ਉਹ ਵੰਦੇ ਮਾਤਰਮ ਹਨ। ‘ਰਘੁਪਤੀ ਰਾਘਵ ਰਾਜਾ ਰਾਮ, ਪਤਿਤ ਪਾਵਨ ਸੀਤਾ ਰਾਮ। ਈਸ਼ਵਰ ਅੱਲ੍ਹਾ ਤੇਰੋ ਨਾਮ, ਸਬਕੋ ਸਨਮਤੀ ਦੇ ਭਗਵਾਨ’। ਉਹ ਭਾਰਤੀ ਕਦਰਾਂ-ਕੀਮਤਾਂ ਦੀ ਬੇਮਿਸਾਲ ਉਦਾਹਰਣ ਹਨ। ਜਿਹੋ ਜਿਹੀ ਕਥਨੀ ਅਤੇ ਉਹੋ ਜਿਹੀ ਕਰਨੀ ਦੇ ਸੂਚਕ ਹਨ। ਮਹਾਤਾਮਾ ਗਾਂਧੀ ਸ਼ਰਧਾ ਹਨ। ਉਹ ਬੇਮਿਸਾਲ ਪਿਆਰ ਦੇ ਪਾਤਰ ਹਨ। ਉਹ ਭਾਰਤੀ ਕਦਰਾਂ-ਕੀਮਤਾਂ ਦੀ ਮਰਿਆਦਾ ਹਨ। ਗਰੀਬ ਤੋਂ ਗਰੀਬ ਅਤੇ ਅਮੀਰ ਤੋਂ ਅਮੀਰ ਲੋਕਾਂ ਨੂੰ ਉਨ੍ਹਾਂ ਨੇ ਆਜ਼ਾਦੀ ਦੀ ਲੜਾਈ ਨਾਲ ਜੋੜਿਆ। ਉਹ ਸਭ ਭਾਰਤੀਅਾਂ ਦੇ ਮਨ ’ਚ ਅੱਜ ਵੀ ਵਸੇ ਹਨ ਅਤੇ ਹਮੇਸ਼ਾ ਵਸੇ ਰਹਿਣਗੇ। ਉਨ੍ਹਾਂ ਇਕ ਰਸਾਲਾ ਕੱਢਿਆ ਤਾਂ ਉਸ ਦਾ ਨਾਂ ‘ਹਰੀਜਨ’ ਰੱਖਿਆ। ਉਹ ਜਿੱਥੇ ਵੀ ਜਾਂਦੇ ਸਨ ਹਰੀਜਨ ਪਰਿਵਾਰ ’ਚ ਭੋਜਨ ਕਰਦੇ ਸਨ।

ਉਨ੍ਹਾਂ ਨੇ ਨਾ ਕਦੀ ਗਰਮ ਦਲ ਨੂੰ ਲਤਾੜਿਆ, ਨਾ ਹੀ ਨਰਮ ਦਲ ਨੂੰ ਮਾੜਾ ਕਿਹਾ। ਤਾਲਮੇਲ ਉਨ੍ਹਾਂ ਦੇ ਕੰਮ ਕਰਨ ਦਾ ਇਕ ਬੇਮਿਸਾਲ ਅੰਗ ਸੀ। ਉਹ ਨਹਿਰੂ ਜੀ ਨੂੰ ਵੀ ਸੰਭਾਲਦੇ ਸਨ ਅਤੇ ਸਰਦਾਰ ਵੱਲਭ ਭਾਈ ਪਟੇਲ ਨੂੰ ਵੀ। ਨੇਤਾਜੀ ਸੁਭਾਸ਼ ਚੰਦਰ ਬੋਸ ਨੇ ਜਦੋਂ ਉਨ੍ਹਾਂ ਕੋਲੋਂ ਆਜ਼ਾਦ ਹਿੰਦ ਫੌਜ ਬਣਾਉਣ ਦੀ ਆਗਿਆ ਮੰਗੀ ਤਾਂ ਉਨ੍ਹਾਂ ਖੁਸ਼ੀ ਨਾਲ ਪ੍ਰਵਾਨ ਕਰ ਲਈ। ਉਹ ਅੱਜ ਵਾਂਗ ਅੰਦੋਲਨ ਕਰਵਾਉਂਦੇ ਨਹੀਂ ਸਨ, ਕਰਦੇ ਸਨ। ਉਹ ਚਰਖਾ ਖੁਦ ਚਲਾਉਂਦੇ ਸਨ, ਚਲਵਾਉਂਦੇ ਨਹੀਂ ਸਨ। ਉਨ੍ਹਾਂ ਨੇ ਦੰਡ ਵੀ ਉਠਾਇਆ ਤਾਂ ਦਾਂਡੀ ਮਾਰਚ ਲਈ। ਭਾਰਤ ਵਾਸੀਆਂ ਨੂੰ ਨਮਕ ਵੀ ਛੁਡਵਾਇਆ ਤਾਂ ਦੇਸ਼ ਦੇ ਲਈ। ਉਨ੍ਹਾਂ ਦਾ ਆਪਣਾ ਕੁਝ ਵੀ ਨਹੀਂ ਸੀ। ਖੂਨ ਦਾ ਇਕ-ਇਕ ਕਤਰਾ, ਸਰੀਰ ਦੀ ਇਕ-ਇਕ ਹੱਡੀ ਮਾਂ ਭਾਰਤ ਦੀ ਆਜ਼ਾਦੀ ਲਈ ਉਨ੍ਹਾਂ ਖਪਾਈ।

ਗਾਂਧੀ ਜੀ ’ਤੇ ਲੋਕਾਂ ਦਾ ਭਰੋਸਾ ਸੀ। ਉਨ੍ਹਾਂ ਦੀ ਵਾਣੀ ’ਚ ਕਰਮ ਸੀ, ਪ੍ਰੇਰਨਾ ਸੀ। ਉਹ ਸਹਿਜ ਸਨ, ਸਰਲ ਸਨ, ਸਭ ਨੂੰ ਸਹਿਯੋਗ ਦਿੰਦੇ ਸਨ। ‘ਅੰਗਰੇਜ਼ੋ ਭਾਰਤ ਛੱਡੋ’ ਇਹ ਕਹਿਣ ਦੀ ਬੇਮਿਸਾਲ ਿਹੰਮਤ ਉਨ੍ਹਾਂ ਭਾਰਤੀਆਂ ਨੂੰ ਦਿੱਤੀ। ਗਾਂਧੀ ਜੀ ’ਤੇ ਕਈ ਖੋਜਾਂ ਹੋਈਆਂ, ਭਾਰਤ ਸਰਕਾਰ ਨੂੰ ਚਾਹੀਦਾ ਹੈ ਕਿ ਜਿਨ੍ਹਾਂ-ਜਿਨ੍ਹਾਂ ਲੋਕਾਂ ਨੇ ਗਾਂਧੀ ਜੀ ’ਤੇ ਖੋਜ ਕੀਤੀ ਹੈ, ਉਨ੍ਹਾਂ ਖੋਜ ਪੱਤਰਾਂ ਦਾ ਅਧਿਐਨ ਕਰਵਾ ਕੇ ਗਾਂਧੀ ਜੀ ਦੇ ਵਿਚਾਰ ਵੱਲ ਭਾਰਤ ਨੂੰ ਲਿਜਾਵੇ।

ਗਾਂਧੀ ਜੀ ਦਾ ਨਾਂ ਜਾਤੀ, ਧਰਮ ਅਤੇ ਰਾਸ਼ਟਰ-ਸੂਬਿਆਂ ਦੀਆਂ ਹੱਦਾਂ ਤੋਂ ਪਰ੍ਹੇ ਹੈ। ਉਹ ਰਾਸ਼ਟਰਵਾਦੀ ਵੀ ਸਨ ਅਤੇ ਅੰਤਰਰਾਸ਼ਟਰਵਾਦੀ ਵੀ। ਉਹ ਪਰੰਪਰਾਵਾਦੀ ਵੀ ਸਨ ਅਤੇ ਸੁਧਾਰਵਾਦੀ ਵੀ। ਸਿਆਸੀ ਨੇਤਾ ਵੀ ਸਨ ਅਤੇ ਅਧਿਆਤਮਕ ਗੁਰੂ ਵੀ। ਲੇਖਕ ਅਤੇ ਵਿਚਾਰਕ ਦੇ ਨਾਲ-ਨਾਲ ਸਮਾਜਿਕ ਸੁਧਾਰ ਅਤੇ ਬਦਲਾਅ ਲਈ ਵੱਡੇ ਵਰਕਰ ਵੀ ਸਨ। ਸੱਚਾਈ ਅਤੇ ਅਹਿੰਸਾ ਦੇ ਨਾਲ-ਨਾਲ ਉਨ੍ਹਾਂ ਸਮੂਹਿਕ ਇੱਛਾ, ਸਾਂਝੀ ਨੀਤੀ, ਨੈਤਿਕ ਮੰਤਵ, ਲੋਕ ਅੰਦੋਲਨ ਅਤੇ ਨਿੱਜੀ ਜ਼ਿੰਮੇਵਾਰੀ ਦੇ ਜੋ ਮੰਤਰ ਸਾਨੂੰ ਦਿੱਤੇੇ, ਮੌਜੂਦਾ ਸਮੇਂ ਲਈ ਬੇਹੱਦ ਅਹਿਮ ਹਨ। ਯਕੀਨੀ ਤੌਰ ’ਤੇ ਇਸ ਰਾਹ ’ਤੇ ਚੱਲ ਕੇ ਅਸੀਂ ਸਮਾਜ ਦਾ, ਰਾਸ਼ਟਰ ਦਾ, ਦੁਨੀਆ ਦਾ ਅਤੇ ਮਨੁੱਖਤਾ ਦਾ ਕਲਿਆਣ ਕਰ ਸਕਾਂਗੇ।

ਭਾਰਤ ਦਾ ਕੋਈ ਵੀ ਵਿਅਕਤੀ ਇਹ ਨਹੀਂ ਕਹਿ ਸਕਦਾ ਕਿ ਗਾਂਧੀ ਜੀ ਮੇਰੇ ਹੱਥ ’ਚ ਨਹੀਂ ਹਨ। 1 ਰੁਪਏ ਦੇ ਨੋਟ ਤੋਂ ਲੈ ਕੇ 2000 ਦੇ ਨੋਟ ’ਤੇ ਭਾਰਤ ’ਚ ਛਪਣ ਵਾਲੀ ਸਾਰੀ ਕਰੰਸੀ ’ਤੇ ਗਾਂਧੀ ਜੀ ਮੌਜੂਦ ਹਨ। ਗਾਂਧੀ ਜੀ ਬੇਮਿਸਾਲ ਸਨ। ਵਿਦੇਸ਼ਾਂ ’ਚ ਵੀ ਉਨ੍ਹਾਂ ਦੇ ਬੁੱਤ ਸਥਾਪਿਤ ਕੀਤੇ ਗਏ। ਭਾਰਤ ਤਾਂ ਉਨ੍ਹਾਂ ਨੂੰ ਮੰਨਦਾ ਹੀ ਰਹੇਗਾ ਪਰ ਵਿਦੇਸ਼ਾਂ ’ਚ ਵੀ ਜਦੋਂ ਭਾਰਤ ਦੀ ਚਰਚਾ ਹੁੰਦੀ ਹੈ, ਉਦੋਂ ਮਹਾਤਮਾ ਗਾਂਧੀ ਦੀ ਚਰਚਾ ਜ਼ਰੂਰ ਹੁੰਦੀ ਹੈ। ਆਉਣ ਵਾਲੀ ਪੀੜ੍ਹੀ ਨੂੰ ਜਿਸ ਤਰ੍ਹਾਂ ਗੀਤਾ ਪੜ੍ਹਨੀ ਚਾਹੀਦੀ ਹੈ, ਉਸੇ ਤਰ੍ਹਾਂ ਮਹਾਤਮਾ ਗਾਂਧੀ ਨੂੰ ਵੀ ਪੜ੍ਹਨਾ ਚਾਹੀਦਾ ਹੈ। ਉਹ ਪ੍ਰੇਰਨਾ ਹਨ, ਉਹ ਸੰਵੇਦਨਾ ਹਨ, ਉਹ ਕਰਮਣਾ ਹਨ, ਉਹ ‘ਮਾਤਰ ਦੇਵੋ ਭਵ, ਪਿਤਰ ਦੇਵੋ ਭਵ ਅਤੇ ਅਚਾਰੀਆ ਦੇਵੋ ਭਵ’ ਦੇ ਪ੍ਰਤੀਕ ਹਨ। ਗਾਂਧੀ ਜੀ ਦੇ 153ਵੇਂ ਜਨਮ ਦਿਨ ’ਤੇ ਉਨ੍ਹਾਂ ਨੂੰ ਬਹੁਤ-ਬਹੁਤ ਨਮਨ।

ਤਰੁਣ ਝੁਗ/ਪ੍ਰਭਾਤ ਝਾ (ਸਾਬਕਾ ਐੱਮ. ਪੀ. ਤੇ ਭਾਜਪਾ ਦੇ ਸਾਬਕਾ ਕੌਮੀ ਪ੍ਰਧਾਨ)


Harinder Kaur

Content Editor

Related News