ਜੀ-20 ਦੀ ਅਗਵਾਈ ਨੇ ‘ਮੇਡ ਇਨ ਇੰਡੀਆ’ ਲਈ ਖੋਲ੍ਹੇ ਦੁਨੀਆ ਦੇ ਦਰਵਾਜ਼ੇ

Wednesday, Sep 13, 2023 - 05:30 PM (IST)

ਜੀ-20 ਦੀ ਅਗਵਾਈ ਨੇ ‘ਮੇਡ ਇਨ ਇੰਡੀਆ’ ਲਈ ਖੋਲ੍ਹੇ ਦੁਨੀਆ ਦੇ ਦਰਵਾਜ਼ੇ

ਜੀ-20 ਦੀ ਪ੍ਰਧਾਨਗੀ ਨੇ ਭਾਰਤ ਨੂੰ ਦੁਨੀਆ ਦੇ ਸਭ ਤੋਂ ਤਾਕਤਵਰ ਦੇਸ਼ਾਂ ਨਾਲ ਸਾਂਝੇਦਾਰੀ ਨਾਲ ਅਰਥਵਿਵਸਥਾ ਨੂੰ ਮਜ਼ਬੂਤ ਕਰਨ ਦਾ ਮੌਕਾ ਦਿੱਤਾ। ਵਿਸ਼ਵ ਦੀ ਜੀ. ਡੀ. ਪੀ. ’ਚ 85 ਤੇ ਕਾਰੋਬਾਰ ’ਚ 75 ਫੀਸਦੀ ਹਿੱਸੇਦਾਰੀ ਵਾਲੇ ਜੀ-20 ਫੋਰਮ ਦੇ ਮੰਚ ’ਤੇ ਜੁਟੇ ਸ਼ਕਤੀਸ਼ਾਲੀ ਦੇਸ਼ਾਂ ਦੀ ਅਗਵਾਈ ਨਾਲ ਭਾਰਤ ਨੇ ਵਿਸ਼ਵ ਉਦਯੋਗਿਕ ਅਰਥਵਿਵਸਥਾਵਾਂ ਦੀਆਂ ਵਿਕਾਸ ਰਣਨੀਤੀਆਂ ਨੂੰ ਸਫਲਤਾਪੂਰਵਕ ਪੇਸ਼ ਕਰਦਿਆਂ ਖੁਦ ਨੂੰ ਮੈਨੂਫੈਕਚਰਿੰਗ ਹੱਬ ਦੇ ਤੌਰ ’ਤੇ ਸਥਾਪਿਤ ਕਰਨ ਦੀ ਸ਼ਲਾਘਾਯੋਗ ਕੋਸ਼ਿਸ਼ ਕੀਤੀ ਹੈ।

ਬਿਜ਼ਨੈੱਸ 20 (ਬੀ-20) ਮੰਚ ’ਤੇ ਸਾਲ ਭਰ ਹੋਏ ਸਿਖਰ ਸੰਮੇਲਨਾਂ ’ਚ ਭਾਰਤੀ ਤੇ ਵਿਸ਼ਵ ਉਦਯੋਗ ਜਗਤ ਦੇ ਧਨੰਤਰਾਂ ਦੀ ਹਿੱਸੇਦਾਰੀ ਦਾ ਇਕ ਵੱਡਾ ਨਤੀਜਾ ਸਾਹਮਣੇ ਆਇਆ ਹੈ ਕਿ ਖਾੜੀ ਦੇਸ਼ਾਂ ’ਚ ਕਾਰੋਬਾਰ ਵਿਸਥਾਰ ਲਈ ਚੀਨ ਦੇ ‘ਬੈਲਟ ਐਂਡ ਰੋਡ ਇਨੀਸ਼ੀਏਟਿਵ’ (ਬੀ. ਆਰ. ਆਈ.) ਦੀ ਟੱਕਰ ’ਚ ‘ਇੰਡੀਆ-ਮਿਡਲ ਈਸਟ-ਯੂਰਪ ਇਕਨਾਮਿਕ ਕਾਰੀਡੋਰ’ (ਆਈ. ਐੱਮ. ਈ. ਸੀ.) ਸਮੁੰਦਰੀ ਜਹਾਜ਼ ਤੋਂ ਰੇਲ ਨੈੱਟਵਰਕ ਜ਼ਰੀਏ ਘੱਟ ਮਾਲਭਾੜੇ ’ਤੇ ਭਾਰਤ ਤੋਂ ਅਰਬ ਦੇ ਖਾੜੀ ਦੇਸ਼ਾਂ ਤੋਂ ਲੈ ਕੇ ਫਰਾਂਸ, ਜਰਮਨੀ, ਇਟਲੀ ਵਰਗੇ ਯੂਰਪੀ ਦੇਸ਼ਾਂ ਤੋਂ ਅੱਗੇ ਅਮਰੀਕਾ ਤਕ ਦੋਤਰਫਾ ਵਪਾਰ ਦਾ ਨਵਾਂ ਰਸਤਾ ਖੋਲ੍ਹੇਗਾ।

ਇਸ ਕਾਰੀਡੋਰ ਪਿੱਛੇ ਅਮਰੀਕਾ ਦੀ ਪਹਿਲ ਤੋਂ ਸਾਫ ਸੰਕੇਤ ਹੈ ਕਿ ਵੱਡੇ ਪੈਮਾਨੇ ’ਤੇ ਅਮਰੀਕੀ ਕੰਪਨੀਆਂ ਭਾਰਤ ’ਚ ਨਿਵੇਸ਼ ਲਈ ਤਿਆਰ ਹਨ। ਇਸ ਨਾਲ ਨਾ ਸਿਰਫ ਮੈਨੂਫੈਕਚਰਿੰਗ ਸੈਕਟਰ ਨੂੰ ਹੁਲਾਰਾ ਮਿਲੇਗਾ ਸਗੋਂ ਦੁਨੀਆ ਦੇ ਬਾਜ਼ਾਰ ’ਚ ਚੀਨ ਦੀ ਟੱਕਰ ’ਚ ਭਾਰਤ ਲਈ ਇਹ ਇਕ ਵੱਡਾ ਮੌਕਾ ਸਾਬਤ ਹੋ ਸਕਦਾ ਹੈ। ਚੀਨ ਵੱਲੋਂ ਮੈਨੂਫੈਕਚਰਿੰਗ ਦੀ ਥਾਂ ਆਊਟਸੋਰਸਿੰਗ ਨੂੰ ਹੁਲਾਰਾ ਦੇਣ ਨਾਲ ਇਕ ਸੁਰੱਖਿਅਤ ਬਦਲ ਦੇ ਤੌਰ ’ਤੇ ਭਾਰਤ ਮੈਨੂਫੈਕਚਰਿੰਗ ਸੈਕਟਰ ਦੀਆਂ ਕੰਪਨੀਆਂ ਲਈ ਇਕ ਪਸੰਦੀਦਾ ਬਦਲ ਬਣ ਰਿਹਾ ਹੈ।

ਹਾਲ ਹੀ ’ਚ ਭਾਰਤ ਅਤੇ ਅਮਰੀਕਾ ਦਰਮਿਆਨ ਹੋਏ ਨਿਵੇਸ਼ ਸਮਝੌਤਿਆਂ ਨਾਲ ਵੀ ਮੈਨੂਫੈਕਚਰਿੰਗ ਸੈਕਟਰ ਦਾ ਕਾਰੋਬਾਰ 2030 ਤਕ 1 ਟ੍ਰਿਲੀਅਨ ਅਮਰੀਕੀ ਡਾਲਰ ਹੋਣ ਦੀ ਸੰਭਾਵਨਾ ਹੈ। ਆਸ ਹੈ ਕਿ ਜੀ-20 ਦੀ ਪ੍ਰਧਾਨਗੀ ਭਾਰਤ ਦੇ ਮੈਨੂਫੈਕਚਰਿੰਗ ਸੈਕਟਰ ਨੂੰ ਦੁਨੀਆ ਦੇ 5ਵੇਂ ਸਭ ਤੋਂ ਵੱਡੇ ਮੈਨੂਫੈਕਚਰਿੰਗ ਸੈਕਟਰ ਤੋਂ ਅੱਗੇ ਤੀਜੇ ਪਾਇਦਾਨ ’ਤੇ ਲਿਜਾਣ ਦੀ ਦਿਸ਼ਾ ’ਚ ਕਾਰਗਰ ਸਾਬਤ ਹੋਵੇਗੀ, ਤਦ ਹੀ ਦੁਨੀਆ ਦੀ ਤੀਜੀ ਸਭ ਤੋਂ ਵੱਡੀ ਅਰਥਵਿਵਸਥਾ ਬਣਨ ਦਾ ਭਾਰਤ ਦਾ ਟੀਚਾ ਪੂਰਾ ਹੋ ਸਕੇਗਾ।

1991 ’ਚ ਅਰਥਵਿਵਸਥਾ ਦੇ ਉਦਾਰੀਕਰਨ ਦੀ ਸ਼ੁਰੂਆਤ ਨੇ ਭਾਰਤ ਦੇ ਮੈਨੂਫੈਕਚਰਿੰਗ ਸੈਕਟਰ ’ਚ ਤਰੱਕੀ ਦੇ ਨਵੇਂ ਰਸਤੇ ਖੋਲ੍ਹੇ। ਇਸ ਤੋਂ ਪਹਿਲਾਂ ਭਾਰਤ ਦਾ ਕਾਰੋਬਾਰ ਅਮਰੀਕਾ, ਜਾਪਾਨ ਅਤੇ ਯੂਰਪ ਵਰਗੇ ਪੂੰਜੀ ਪ੍ਰਧਾਨ ਦੇਸ਼ਾਂ ਅਤੇ ਚੀਨ ਵਰਗੇ ਕਿਰਤ ਪ੍ਰਧਾਨ ਦੇਸ਼ਾਂ ਦੇ ਕਾਰੋਬਾਰ ’ਤੇ ਏਕਾਧਿਕਾਰ ਦਰਮਿਆਨ ਫਸਿਆ ਸੀ। ਹਾਲਾਂਕਿ ਭਾਰਤ ਦੇ ਮੈਨੂਫੈਕਚਰਿੰਗ ਸੈਕਟਰ ਨੇ ਉਤਪਾਦਨ ਲਾਗਤ ਘਟਾਉਣ ਲਈ ਆਟੋਮੇਸ਼ਨ ਦੀ ਮਦਦ ਨਾਲ ਆਟੋਮੋਬਾਈਲ ਤੇ ਇਸ ਦੇ ਪੁਰਜ਼ਿਆਂ ਦੇ ਉਤਪਾਦਨ ’ਚ ਵਿਸ਼ਵ ਪੱਧਰ ਦੀ ਕੁਆਲਿਟੀ ਨਾਲ ਆਪਣੀ ਵੱਖਰੀ ਪਛਾਣ ਕਾਇਮ ਕੀਤੀ ਹੈ। ਇਹ ਟੋਟਲ ਕੁਆਲਿਟੀ ਮੈਨੇਜਮੈਂਟ (ਟੀ. ਕਿਊ. ਐੱਮ.) ਭਾਵ ਕੁਆਲਿਟੀ, ਕਾਸਟ, ਡਿਸਟ੍ਰੀਬਿਊਸ਼ਨ, ਸਿਕਿਓਰਿਟੀ ਤੇ ਵਾਤਾਵਰਣ ’ਤੇ ਧਿਆਨ ਦੇਣ ਨਾਲ ਸੰਭਵ ਹੋ ਸਕਿਆ।

ਭਾਰਤ ਦਾ ਆਰਥਿਕ ਵਾਧਾ ਕਾਫੀ ਹੱਦ ਤਕ ਆਟੋਮੋਬਾਈਲ, ਇੰਜੀਨੀਅਰਿੰਗ, ਕੈਮੀਕਲ, ਫਾਰਮਾਸਿਊਟੀਕਲਜ਼, ਰੀਨਿਊਏਬਲ ਐਨਰਜੀ ਅਤੇ ਕੰਜ਼ਿਊਮਰ ਡਿਊਰੇਬਲ ਵਰਗੇ ਉਦਯੋਗਾਂ ’ਤੇ ਨਿਰਭਰ ਹੈ। ਮੈਨੂਫੈਕਚਰਿੰਗ ਸੈਕਟਰ ’ਚ ਨਾ ਸਿਰਫ ਆਰਥਿਕ ਵਿਕਾਸ ਨੂੰ ਹੁਲਾਰਾ ਦੇਣ ਦੀ ਸਮਰੱਥਾ ਹੈ ਸਗੋਂ ਇਹ ਦੇਸ਼ ਦੇ ਕਰੋੜਾਂ ਨੌਜਵਾਨਾਂ ਨੂੰ ਵੱਡੇ ਪੱਧਰ ’ਤੇ ਰੋਜ਼ਗਾਰ ਦੇ ਮੌਕੇ ਵੀ ਪ੍ਰਦਾਨ ਕਰ ਰਿਹਾ ਹੈ। ਅਪਾਰ ਸਮਰੱਥਾ ਦੇ ਬਾਵਜੂਦ ਪਿਛਲੇ 4 ਦਹਾਕਿਆਂ ਤੋਂ ਮੈਨੂਫੈਕਚਰਿੰਗ ਸੈਕਟਰ ਦਾ ਭਾਰਤ ਦੀ ਜੀ. ਡੀ. ਪੀ. ’ਚ ਸਿਰਫ 13 ਤੋਂ 17 ਫੀਸਦੀ ਯੋਗਦਾਨ ਹੈ। ਇਸ ਨੂੰ 25 ਫੀਸਦੀ ਕਰਨ ਦਾ ਟੀਚਾ ਅਜੇ ਦੂਰ ਹੈ।

ਬਦਕਿਸਮਤੀ ਨਾਲ ਭਾਰਤ ਦਾ ਮੈਨੂਫੈਕਚਰਿੰਗ ਸੈਕਟਰ ਦੁਨੀਆ ਦੇ ਐਕਸਪੋਰਟ ਕਾਰੋਬਾਰ ’ਚ ਆਪਣੀ ਹਿੱਸੇਦਾਰੀ 2 ਫੀਸਦੀ ਤਕ ਵਧਾਉਣ ਲਈ ਸੰਘਰਸ਼ ਕਰ ਰਿਹਾ ਹੈ। 1947 ’ਚ ਦੇਸ਼ ਦੀ ਆਜ਼ਾਦੀ ਦੇ ਸਮੇਂ ਤੋਂ ਹੀ ਇਹ ਹਿੱਸੇਦਾਰੀ 2 ਫੀਸਦੀ ਤੋਂ ਹੇਠਾਂ ਬਣੀ ਹੋਈ ਹੈ। ਸਾਲ 2010 ਤੋਂ 2022 ਦੌਰਾਨ ਦੇਸ਼ ਦੇ ਮੈਨੂਫੈਕਚਰਿੰਗ ਸੈਕਟਰ ਦਾ ਦੁਨੀਆ ਦੇ ਐਕਸਪੋਰਟ ਕਾਰੋਬਾਰ ’ਚ ਯੋਗਦਾਨ 1.5 ਤੋਂ 1.8 ਫੀਸਦੀ ਵਿਚਾਲੇ ਰਿਹਾ। ਦੂਜੇ ਪਾਸੇ ਚੀਨ ਸਾਲ 2010 ਤੋਂ ਐਕਸਪੋਰਟ ਕਾਰੋਬਾਰ ’ਚ 10.3 ਫੀਸਦੀ ਤੋਂ 13.8 ਫੀਸਦੀ ਹਿੱਸੇਦਾਰੀ ਨਾਲ ਦੁਨੀਆ ਦੇ ਬਾਜ਼ਾਰ ’ਚ ਭਾਰਤ ਤੋਂ ਅੱਗੇ ਚੱਲ ਰਿਹਾ ਹੈ। ਘੱਟ ਲਾਗਤ ’ਤੇ ਉਤਪਾਦਨ ਕਰਨ ਵਾਲੇ ਕਿਰਤੀ ਪ੍ਰਧਾਨ ਚੀਨ ਨੇ ਕਾਰੋਬਾਰ ਨੂੰ ਉਤਸ਼ਾਹਿਤ ਕਰਨ ਵਾਲੇ ਇਨਫ੍ਰਾਸਟਰੱਕਚਰ ’ਤੇ ਨਿਵੇਸ਼ ਵਧਾ ਕੇ ‘ਮੇਡ ਇਨ ਚਾਈਨਾ 2025’ ਮੁਹਿੰਮ ਨੂੰ ਰੋਬੋਟਿਕਸ ਅਤੇ ਏਅਰੋਸਪੇਸ ਵਰਗੀ ਤਕਨਾਲੋਜੀ ਦੀ ਮਦਦ ਨਾਲ ਹੋਰ ਵੱਧ ਮਜ਼ਬੂਤ ਕੀਤਾ ਹੈ।

ਐਕਸਪੋਰਟ ਕਾਰੋਬਾਰ ਨੂੰ ਉਤਸ਼ਾਹਿਤ ਕਰਨ ਲਈ ਚੀਨ ਨੇ ਅਜਿਹੇ ਉਦਯੋਗਾਂ ’ਤੇ ਧਿਆਨ ਕੇਂਦਰਿਤ ਕੀਤਾ ਹੈ ਜਿਨ੍ਹਾਂ ’ਚ ਐਕਸਪੋਰਟ ਵਧਾਉਣ ਦੀ ਸਮਰੱਥਾ ਹੈ। ਇਸ ਲਈ ਚੀਨ ਨੇ ਆਪਣੇ ਕਿਰਤੀਆਂ ਦੇ ਹੁਨਰ ਨੂੰ ਵਿਸ਼ਵ ਪੱਧਰੀ ਕਰਨ ’ਤੇ ਵੀ ਜ਼ੋਰ ਿਦੱਤਾ, ਜਦਕਿ ਭਾਰਤ ਨੂੰ ਐਕਸਪੋਰਟ ’ਚ ਮੁਹਾਰਤ ਲਈ ਆਪਣੇ ਕਿਰਤੀਆਂ ਨੂੰ ਵਿਸ਼ਵ ਪੱਧਰੀ ਪੈਮਾਨੇ ਦੇ ਹੁਨਰਮੰਦ ਬਣਾਉਣ ਲਈ ਅਜੇ ਤਕ ਸੰਘਰਸ਼ ਕਰਨਾ ਪੈ ਰਿਹਾ ਹੈ। ਮੈਨੂਫੈਕਚਰਿੰਗ ਸੈਕਟਰ ਦੀ ਰਫਤਾਰ ’ਚ ਇਕ ਰੁਕਾਵਟ ਕਮਜ਼ੋਰ ਇਨਫ੍ਰਾਸਟਰੱਕਚਰ ਵੀ ਹੈ। ਭਾਰਤ ਆਪਣੀ ਜੀ. ਡੀ. ਪੀ. ਦਾ ਸਿਰਫ 3 ਫੀਸਦੀ ਬੁਨਿਆਦੀ ਇਨਫ੍ਰਾਸਟਰੱਕਚਰ ’ਤੇ ਖਰਚ ਕਰਦਾ ਹੈ ਜਿਸ ਨਾਲ ਭਾਰਤ ਦੇ ਕਈ ਇਲਾਕਿਆਂ ਦੀ ਸੜਕ ਆਵਾਜਾਈ ਵਿਵਸਥਾ ਅਜੇ ਵੀ ਆਧੁਨਿਕ ਲਾਜਿਸਟਿਕਸ ਆਸਾਂ ’ਤੇ ਖਰੀ ਨਹੀਂ ਉਤਰਦੀ, ਜੋ ਇਕ ਹੁਨਰਮੰਦ ਮੈਨੂਫੈਕਚਰਿੰਗ ਦੀ ਲੋੜ ਹੈ।

ਮੈਨੂਫੈਕਚਰਿੰਗ ਅਤੇ ਇੰਡਸਟ੍ਰੀਅਲ ਪ੍ਰਾਸੈੱਸ ’ਚ ਡਿਜੀਟਲ ਤਕਨਾਲੋਜੀ ਆਰਟੀਫੀਸ਼ੀਅਲ ਇੰਟੈਲੀਜੈਂਸ (ਏ. ਆਈ.) ਦੀ ਵਰਤੋਂ ਨੇ ਇੰਡਸਟਰੀ-4.0 ਦੇ ਤੌਰ ’ਤੇ ਇਕ ਨਵੇਂ ਉਦਯੋਗਿਕ ਇਨਕਲਾਬ ਨੂੰ ਅੱਗੇ ਵਧਾਇਆ ਹੈ। ਇਸ ’ਚ ਆਈ. ਓ. ਟੀ. ਨੈੱਟਵਰਕ, ਡਾਟਾ, ਰੋਬੋਟਿਕਸ ਅਤੇ ਆਟੋਮੇਸ਼ਨ , ਐਡੀਟਿਵ ਮੈਨੂਫੈਕਚਰਿੰਗ, ਸਿਮੂਲੇਸ਼ਨ, ਸਿਸਟਮ ਇੰਟੀਗ੍ਰੇਸ਼ਨ, ਕਲਾਊਡ ਕੰਪਿਊਟਿੰਗ ਅਤੇ ਸਾਈਬਰ ਸੁਰੱਖਿਆ ਸ਼ਾਮਲ ਹੈ। ਦੇਸ਼ ਦੇ 12 ਕਰੋੜ ਤੋਂ ਵੱਧ ਲੋਕਾਂ ਨੂੰ ਰੋਜ਼ਗਾਰ ਤੇ ਐਕਸਪੋਰਟ ਕਾਰੋਬਾਰ ’ਚ 40 ਫੀਸਦੀ ਯੋਗਦਾਨ ਦੇਣ ਵਾਲੇ 6.4 ਕਰੋੜ ਐੱਸ. ਐੱਮ. ਈ. ਨੂੰ ਇੰਡਸਟਰੀ-4.0 ਦੇ ਰੂਪ ’ਚ ਵਿਕਸਿਤ ਕਰ ਕੇ ‘ਮੇਡ ਇਨ ਇੰਡੀਆ’ ਬ੍ਰਾਂਡ ਨੂੰ ਅੱਗੇ ਵਧਾਉਣ ਦੀ ਲੋੜ ਹੈ। ਇਸ ਲਈ ਸਰਕਾਰ ਬੁਨਿਆਦੀ ਇਨਫ੍ਰਾਸਟਰੱਕਚਰ ਅਤੇ ਕਾਰੋਬਾਰ ਨੂੰ ਹੋਰ ਵੱਧ ਸੌਖਾ ਬਣਾਉਣ ਨਾਲ ਅਜਿਹੇ ਸਟਾਰਟਅੱਪਸ ਨੂੰ ਉਤਸ਼ਾਹਿਤ ਕਰੇ, ਜੋ ਪਿਛੜੇ ਦੂਰ-ਦੁਰਾਡੇ ਇਲਾਕਿਆਂ ’ਚ ਕੰਮ ਕਰਨ ਵਾਲੇ ਐੱਸ. ਐੱਮ. ਈ. ਨੂੰ ਵੀ ਇੰਡਸਟਰੀ-4.0 ਦੇ ਤੌਰ ਤੇ ਵਿਕਸਿਤ ਕਰ ਸਕਣ।

ਤਕਨਾਲੋਜੀ ’ਚ ਮੁਹਾਰਤ ਤੇ ਭਵਿੱਖ ਦੀ ਲੋੜ ਮੁਤਾਬਕ ਕਿਰਤੀਆਂ ਨੂੰ ਵਿਸ਼ਵ ਪੱਧਰੀ ਹੁਨਰ ਨਾਲ ਲੈਸ ਕਰਨ ਲਈ ਨੈਸ਼ਨਲ ਰਿਸਰਚ ਫਾਊਂਡੇਸ਼ਨ (ਐੱਨ.ਆਰ.ਐੱਫ.) ਜ਼ਮੀਨੀ ਪੱਧਰ ’ਤੇ ਕੰਮ ਕਰੇ। ਮੈਨੂਫੈਕਚਰਿੰਗ ਸੈਕਟਰ ਦੀ ਅਗਵਾਈ ਕਰਨ ਵਾਲੇ ਉਦਯੋਗਪਤੀ ਕਾਰੋਬਾਰ ’ਚ ਜੋਖਮ ਘਟਾਉਣ ਲਈ ਰਿਸਰਚ ਐਂਡ ਡਿਵੈਲਪਮੈਂਟ ਤੇ ਇਨੋਵੇਸ਼ਨ ’ਤੇ ਜ਼ੋਰ ਦੇਣ, ਤਾਂ ਕਿ ਇੰਡਸਟਰੀ-4.0 ਮੁਹਿੰਮ ਨਾਲ ਦੁਨੀਆ ਦੀ ਤੀਜੀ ਸਭ ਤੋਂ ਵੱਡੀ ਅਰਥਵਿਵਸਥਾ ਬਣਨ ਦੀ ਭਾਰਤ ਦੀ ਰਾਹ ਸੌਖੀ ਹੋਵੇ। (ਲੇਖਕ ਕੈਬਨਿਟ ਮੰਤਰੀ ਰੈਂਕ ’ਚ ਪੰਜਾਬ ਇਕਨਾਮਿਕ ਪਾਲਿਸੀ ਅਤੇ ਪਲਾਨਿੰਗ ਬੋਰਡ ਦੇ ਵਾਈਸ ਚੇਅਰਮੈਨ ਵੀ ਹਨ)

ਡਾ. ਅੰਮ੍ਰਿਤ ਸਾਗਰ ਮਿੱਤਲ (ਵਾਈਸ ਚੇਅਰਮੈਨ ਸੋਨਾਲੀਕਾ)


author

Rakesh

Content Editor

Related News