ਕਿਸਾਨਾਂ ਦਾ ਦਰਦ : ਸੁਖਬੀਰ ਅਤੇ ਹਰਸਿਮਰਤ ਦੇ ‘ਅੱਥਰੂ’

09/24/2020 3:51:07 AM

ਜਸਵੰਤ ਸਿੰਘ ‘ਅਜੀਤ’

ਖੇਤੀ ਆਰਡੀਨੈਂਸ ਦੇ ਬਿੱਲ ਵਜੋਂ ਪਾਸ ਹੁੰਦਿਆਂ ਹੀ ਸ਼੍ਰੋਮਣੀ ਅਕਾਲੀ ਦਲ (ਬਾਦਲ) ਦੇ ਪ੍ਰਧਾਨ ਅਤੇ ਲੋਕ ਸਭਾ ਦੇ ਮੈਂਬਰ ਸੁਖਬੀਰ ਸਿੰਘ ਬਾਦਲ ਨੇ ਇਸਦਾ ਵਿਰੋਧ ਕਰਨਾ ਸ਼ੁਰੂ ਕਰ ਦਿੱਤਾ ਅਤੇ ਨਾਲ ਹੀ ਉਨ੍ਹਾਂ ਦੀ ਪਤਨੀ ਅਤੇ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਨੇ ਵੀ ਮੰਤਰੀ ਦੇ ਅਹੁਦੇ ਤੋਂ ਅਸਤੀਫਾ ਦੇ ਕੇ ਕਿਸਾਨ ਦੀ ਬੇਟੀ ਹੋਣ ਦੇ ਦਾਅਵੇ ਨਾਲ ਕਿਸਾਨਾਂ ਨਾਲ ਜਾ ਖੜ੍ਹੇ ਹੋਣ ਦਾ ਐਲਾਨ ਕਰ ਦਿੱਤਾ। ਇੰਨਾ ਹੀ ਨਹੀਂ ਸੁਖਬੀਰ ਸਿੰਘ ਬਾਦਲ ਆਪਣੀ ਅਹਿਮੀਅਤ ਦਾ ਅਹਿਸਾਸ ਕਰਵਾਉਣ ਦੇ ਇਰਾਦੇ ਨਾਲ ਰਾਸ਼ਟਰਪਤੀ ਦੇ ਦਰ ’ਤੇ ਵੀ ਜਾ ਪੁੱਜੇ ਅਤੇ ਉਨ੍ਹਾਂ ਕੋਲੋਂ ਮੰਗ ਕੀਤੀ ਕਿ ਉਹ ਸੰਸਦ ਦੇ ਦੋਹਾਂ ਹਾਊਸਾਂ ਵੱਲੋਂ ਪਾਸ ਕੀਤੇ ਗਏ ਖੇਤੀ ਬਿੱਲ ਨੂੰ ਪ੍ਰਵਾਨਗੀ ਦੇਣ ਲਈ ਹਸਤਾਖਰ ਨਾ ਕਰਨ ਕਿਉਂਕਿ ਇਹ ਕਾਨੂੰਨ ਕਿਸਾਨ ਵਿਰੋਧੀ ਹੈ।

ਓਧਰ ਸੁਖਬੀਰ ਸਿੰਘ ਬਾਦਲ ਵਲੋਂ ਇਸ ਤਰ੍ਹਾਂ ਆਪਣਾ ਸਟੈਂਡ ਬਦਲੇ ਜਾਣ ’ਤੇ ਸਿਆਸੀ ਹਲਕਿਆਂ ’ਚ ਹੈਰਾਨੀ ਪ੍ਰਗਟ ਕੀਤੀ ਜਾ ਰਹੀ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਕੁਝ ਸਮਾਂ ਪਹਿਲਾਂ ਤਕ ਤਾਂ ਸੁਖਬੀਰ ਸਿੰਘ ਬਾਦਲ ਅਤੇ ਉਨ੍ਹਾਂ ਦੀ ਪਤਨੀ ਹਰਸਿਮਰਤ ਕੌਰ ਇਸ ਸਬੰਧੀ ਜਾਰੀ ਆਰਡੀਨੈਂਸ ਨੂੰ ਕਿਸਾਨਾਂ ਦੇ ਹੱਕ ’ਚ ਦੱਸਦੇ ਆ ਰਹੇ ਸਨ। ਅਜਿਹੀ ਹਾਲਤ ਮੁਤਾਬਕ ਸੁਖਬੀਰ ਸਿੰਘ ਬਾਦਲ ਵਲੋਂ ਯੂ ਟਰਨ ਲੈਣਾ ਸਿਆਸਤਦਾਨਾਂ ਵੱਲੋਂ ਹੈਰਾਨੀ ਪੈਦਾ ਕਰਨ ਵਾਲਾ ਮੰਿਨਆ ਜਾਣ ਲੱਗਾ। ਉਨ੍ਹਾਂ ਦਾ ਕਹਿਣਾ ਹੈ ਕਿ ਕੁਝ ਸਮਾਂ ਪਹਿਲਾਂ ਤਕ ਤਾਂ ਹਰਸਿਮਰਤ ਕੌਰ ਬਾਦਲ, ਜਿਸ ਨੇ ਕਿਸਾਨ ਦੀ ਬੇਟੀ ਅਤੇ ਕਿਸਾਨਾਂ ਨਾਲ ਖੜ੍ਹੇ ਹੋਣ ਦੇ ਦਾਅਵੇ ਨਾਲ ਮੰਤਰੀ ਦੇ ਅਹੁਦੇ ਤੋਂ ਅਸਤੀਫਾ ਦਿੱਤਾ ਹੈ, ਇਨ੍ਹਾਂ ਬਿੱਲਾਂ ਦੀਆਂ ਵਿਵਸਥਾਵਾਂ ਨੂੰ ਕਿਸਾਨਾਂ ਦੇ ਹਿੱਤਾਂ ’ਚ ਪ੍ਰਚਾਰ ਵੀ ਰਹੀ ਹੈ। ਅੱਜਕਲ ਕੁਝ ਅਜਿਹੇ ਵੀਡੀਓ ਵੀ ਵਾਇਰਲ ਹੋਏ ਹਨ, ਜਿਨ੍ਹਾਂ ’ਚ ਪ੍ਰਕਾਸ਼ ਸਿੰਘ ਬਾਦਲ ਤੋਂ ਲੈ ਕੇ ਹਰਸਿਮਰਤ ਕੌਰ ਬਾਦਲ ਤਕ ਨੇ ਇਨ੍ਹਾਂ ਬਿੱਲਾਂ ਦੀਆਂ ਵਿਵਸਥਾਵਾਂ ਨੂੰ ਕਿਸਾਨਾਂ ਦੇ ਹਿੱਤਾਂ ’ਚ ਹੋਣ ਦਾ ਦਾਅਵਾ ਕੀਤਾ ਹੈ।

ਸੱਚਾਈ ਕੀ ਹੈ?

ਅੱਜਕਲ ਸੁਖਬੀਰ ਸਿੰਘ ਬਾਦਲ ਦੇ ਸਿਆਸੀ ਸਕੱਤਰ ਅਤੇ ਪਾਰਟੀ ਦੇ ਉਪ ਪ੍ਰਧਾਨ ਪਰਮਜੀਤ ਸਿੰਘ ਸਿੱਧਵਾਂ ਨੇ ਪਾਰਟੀ ਦੀ ਮੁੱਢਲੀ ਮੈਂਬਰੀ ਤੋਂ ਅਸਤੀਫਾ ਦਿੰਦੇ ਹੋਏ ਜਿਹੜੀ ਚਿੱਠੀ ਸੁਖਬੀਰ ਨੂੰ ਲਿਖੀ ਹੈ, ਉਸ ’ਚ ਹੋਰਨਾਂ ਗੱਲਾਂ ਦੇ ਨਾਲ ਹੀ ਸੁਖਬੀਰ ਅਤੇ ਹਰਸਿਮਰਤ ਵੱਲੋਂ ਖੇਤੀ ਬਿੱਲਾਂ ਸਬੰਧੀ ਅਪਣਾਈ ਗਈ ਦੋਗਲੀ ਨੀਤੀ ਦਾ ਵੀ ਖੁਲਾਸਾ ਕੀਤਾ ਹੈ। ਉਸ ਚਿੱਠੀ ਮੁਤਾਬਕ ਹਰਸਿਮਰਤ ਕੌਰ ਬਾਦਲ ਜੂਨ ਤੋਂ 14 ਸਤੰਬਰ ਤਕ ਖੇਤੀ ਆਰਡੀਨੈਂਸ ਦੀਆਂ ਵਿਵਸਥਾਵਾਂ ਦੇ ਹੱਕ ’ਚ ਖੁੱਲ੍ਹ ਕੇ ਪ੍ਰਚਾਰ ਕਰਦੀ ਰਹੀ। ਇਸ ਮੰਤਵ ਲਈ ਉਨ੍ਹਾਂ ਕਈ ਵਾਰ ਪ੍ਰੈੱਸ ਕਾਨਫਰੰਸਾਂ ਵੀ ਕੀਤੀਆਂ। ਚਿੱਠੀ ’ਚ ਇਹ ਵੀ ਲਿਖਿਆ ਗਿਆ ਹੈ ਕਿ ਪ੍ਰਕਾਸ਼ ਸਿੰਘ ਬਾਦਲ ’ਤੇ ਦਬਾਅ ਪਾ ਕੇ ਉਨ੍ਹਾਂ ਕੋੋਲੋਂ ਇਹ ਬਿਆਨ ਦਿਵਾਇਆ ਕਿ ਉਨ੍ਹਾਂ ਦਾ ਬੇਟਾ ਅਤੇ ਨੂੰਹ ਸੱਚ ਬੋਲ ਰਹੇ ਹਨ ਕਿ ਖੇਤੀ ਆਰਡੀਨੈਂਸ ਕਿਸਾਨਾਂ ਦੇ ਹਿੱਤਾਂ ’ਚ ਹੈ। ਚਿੱਠੀ ’ਚ ਉਨ੍ਹਾਂ ਇਹ ਵੀ ਲਿਖਿਆ ਹੈ ਕਿ ਮੈਨੂੰ ਤਾਂ ਇੰਝ ਲੱਗਦਾ ਹੈ ਕਿ ਜਿਵੇਂ ਕੇਂਦਰ ਤੋਂ ਨਿੱਜੀ ਲਾਭ ਲੈਣ ਲਈ ਹੀ ਅਸਤੀਫੇ ਦਾ ਡਰਾਮਾ ਖੇਡਿਆ ਗਿਆ ਹੈ। ਹਰਸਿਮਰਤ ਤਾਂ ਹੁਣ ਤਕ ਕਹਿ ਰਹੀ ਹੈ ਉਹ ਨਹੀਂ, ਕਿਸਾਨ ਖੇਤੀ ਬਿੱਲ ਦੇ ਵਿਰੁੱਧ ਹਨ।

ਸਿਰਸਾ-ਢੀਂਡਸਾ ਮੁਲਾਕਾਤ

ਦੱਸਿਆ ਜਾਂਦਾ ਹੈ ਕਿ ਬੀਤੇ ਦਿਨੀਂ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਅਚਾਨਕ ਸ਼੍ਰੋਮਣੀ ਅਕਾਲੀ ਦਲ (ਡੈਮੋਕ੍ਰੈਟਕਿ) ਦੇ ਪ੍ਰਧਾਨ ਸੁਖਦੇਵ ਸਿੰਘ ਢੀਂਡਸਾ ਨਾਲ ਮੁਲਾਕਾਤ ਲਈ ਉਨ੍ਹਾਂ ਦੇ ਦਿੱਲੀ ਸਥਿਤ ਨਿਵਾਸ ਵਿਖੇ ਜਾ ਪਹੁੰਚੇ। ਬੰਦ ਕਮਰੇ ’ਚ ਉਨ੍ਹਾਂ ਨਾਲ ਕੁਝ ਪਲ ਬਿਤਾਉਣ ਪਿਛੋਂ ਉਹ ਵਾਪਸ ਚਲੇ ਗਏ। ਸਿਰਸਾ ਨੇ ਉਕਤ ਮੁਲਾਕਾਤ ਨੂੰ ਰਸਮੀ ਦੱਸਿਆ ਪਰ ਸਿਆਸਤਦਾਨ ਇਸ ਨੂੰ ਰਸਮੀ ਨਾ ਮੰਨ ਕੇ ਸਿਆਸੀ ਮੁਲਾਕਾਤਾਂ ਮੰਨਦੇ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਸ਼ਾਇਦ ਬਾਦਲ ਅਕਾਲੀ ਦਲ ’ਚ ਆਪਣੇ ਭਵਿੱਖ ਨੂੰ ਹਨ੍ਹੇਰੇ ਭਰਿਆ ਸਮਝ ਕੇ ਕਿਸੇ ਰੌਸ਼ਨੀ ਦੀ ਭਾਲ ’ਚ ਉਹ ਢੀਂਡਸਾ ਦੇ ਨਿਵਾਸ ਵਿਖੇ ਗਏ ਹੋਣਗੇ।

ਪਨੀਰੀ ਦੀ ਸੰਭਾਲ

ਸ਼੍ਰੋਮਣੀ ਅਕਾਲੀ ਦਲ (ਦਿੱਲੀ) ਦੇ ਪ੍ਰਧਾਨ ਪਰਮਜੀਤ ਸਿੰਘ ਸਰਨਾ ਨੇ ਦੱਸਿਆ ਕਿ ਉਨ੍ਹਾਂ ਦੇ ਪਿਤਾ ਸ. ਤਰਲੋਚਨ ਸਿੰਘ ਸਰਨਾ ਵੱਲੋਂ ਪੰਥਕ ਸੇਵਾ ਅਤੇ ਕੌਮੀ ਪਨੀਰੀ ਸੰਭਾਲ ਦੇ ਖੇਤਰ ’ਚ ਜੋ ਅਹਿਮ ਯੋਗਦਾਨ ਪਾਇਆ ਜਾਂਦਾ ਰਿਹਾ, ਉਸ ਤੋਂ ਉਨ੍ਹਾਂ ਨੂੰ ਜੋ ਪ੍ਰੇਰਣਾ ਮਿਲੀ, ਉਸ ਕਾਰਨ ਉਹ ਬਹੁਤ ਹੀ ਉਤਸ਼ਾਹਿਤ ਹਨ। ਉਸ ਦੇ ਆਧਾਰ ’ਤੇ ਹੀ ਉਨ੍ਹਾਂ ਦੇ ਭਰਾਵਾਂ ਅਤੇ ਪਰਿਵਾਰ ਦੇ ਹੋਰਨਾਂ ਮੈਂਬਰਾਂ ਨੇ ਫੈਸਲਾ ਕੀਤਾ ਹੈ ਕਿ ਉਹ ਪੰਥਕ ਸੇਵਾ ਕਰਨ ਦੇ ਨਾਲ ਹੀ ਕੌਮੀ ਪਨੀਰੀ ਦੀ ਸੰਭਾਲ ਕਰਨ ਅਤੇ ਉਸਦਾ ਭਵਿੱਖ ਸੰਵਾਰਨ ’ਚ ਆਪਣੇ ਫਰਜ਼ਾਂ ਦੀ ਪਾਲਣਾ ਕਰਨਗੇ। ਉਹ ਉਨ੍ਹਾਂ ਸਿੱਖ ਬੱਚਿਆਂ ਨੂੰ ਆਪਣੀ ਪ੍ਰਤਿਭਾ ਨੰੂੰ ਨਿਖਾਰਨ ਲਈ ਹਰ ਸੰਭਵ ਸਹਿਯੋਗ ਦੇਣਗੇ, ਜਿਨ੍ਹਾਂ ਦੀ ਪ੍ਰਤਿਭਾ ਆਰਥਿਕ ਕਮੀ ਕਾਰਨ ਉਨ੍ਹਾਂ ਦੇ ਦਿਲ ’ਚ ਹੀ ਘੁੱਟ ਕੇ ਦਮ ਤੋੜ ਦਿੰਦੀ ਹੈ। ਉਨ੍ਹਾਂ ਕਿਹਾ ਕਿ ਸਿੱਖ ਪੰਥ ’ਚ ਕਈ ਪ੍ਰਤਿਭਾਸ਼ਾਲੀ ਬੱਚੇ ਹਨ। ਜੇ ਉਨ੍ਹਾਂ ਨੂੰ ਆਪਣੀ ਪ੍ਰਤਿਭਾ ਨੂੰ ਨਿਖਾਰਨ ਲਈ ਢੁੱਕਵਾਂ ਮੌਕਾ ਅਤੇ ਸਹਿਯੋਗ ਮਿਲ ਜਾਵੇ ਤਾਂ ਉਹ ਦੇਸ਼ ਅਤੇ ਕੌਮ ਲਈ ਅਤਿਅੰਤ ਅਹਿਮ ਸਾਬਤ ਹੋ ਸਕਦੇ ਹਨ।

ਦੰਗਾ ਪੀੜ੍ਹਤ ਰਾਹਤ ਕਮੇਟੀ ਨੂੰ ਸ਼ਿਕਾਇਤ

ਸਰਬ ਭਾਰਤੀ ਦੰਗਾ ਪੀੜ੍ਹਤ ਰਾਹਤ ਕਮੇਟੀ ਦੇ ਪ੍ਰਧਾਨ ਕੁਲਦੀਪ ਸਿੰਘ ਭੋਗਲ ਨੇ ਦੱਸਿਆ ਕਿ ਕਮੇਟੀ ਵੱਲੋਂ ਇਕ ਸ਼ਿਕਾਇਤੀ ਚਿੱਠੀ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਸੌਂਪੀ ਗਈ ਹੈ। ਉਸ ’ਚ ਉੱਤਰ ਪ੍ਰਦੇਸ਼ ਵਿਖੇ ਹੋਏ ਸਿੱਖ ਹੱਤਿਆਕਾਂਡ ਦੇ ਪੀੜ੍ਹਤ ਪਰਿਵਾਰਾਂ ਨੂੰ ਅਜੇ ਤਕ ਇਨਸਾਫ ਨਾ ਮਿਲਣ ’ਤੇ ਦੁੱਖ ਪ੍ਰਗਟ ਕੀਤਾ ਗਿਆ ਹੈ। ਭੋਗਲ ਨੇ ਦੱਸਿਆ ਕਿ ਇਸ ਸ਼ਿਕਾਇਤ ਚਿੱਠੀ ’ਚ ਕੇਂਦਰੀ ਗ੍ਰਹਿ ਮੰਤਰੀ ਨੂੰ ਦੱਸਿਆ ਗਿਆ ਹੈ ਕਿ ਕਾਨਪੁਰ ’ਚ ਜੋ ਹੱਤਿਆਕਾਂਡ ਹੋਇਆ ਉਸ ’ਚ 127 ਤੋਂ ਵੱਧ ਸਿੱਖ ਮਾਰੇ ਗਏ ਸਨ। ਉਸ ਦੀ ਜਾਂਚ ਲਈ ਵਿਸ਼ੇਸ਼ ਜਾਂਚ ਦਲ ਦਾ ਗਠਨ ਕੀਤਾ ਗਿਆ ਹੈ। ਜਿਸਦਾ ਦੂਜੀ ਵਾਰ ਵੀ ਵਧਾਇਆ ਗਿਆ ਕਾਰਜਕਾਲ ਖਤਮ ਹੋਣ ਵਾਲਾ ਹੈ ਪਰ ਉਸਦਾ ਕੰਮ 10 ਕਦਮ ਵੀ ਅੱਗੇ ਨਹੀਂ ਵਧਿਆ। ਕਾਨਪੁਰ ਦਾ ਪ੍ਰਸ਼ਾਸਨ ਜਾਂਚ ’ਚ ਕੋਈ ਸਹਿਯੋਗ ਨਹੀਂ ਦੇ ਰਿਹਾ। ਉਨ੍ਹਾਂ ਦੀ ਮੰਗ ਹੈ ਕਿ ਜਾਂਚ ’ਚ ਤੇਜ਼ੀ ਲਿਆਂਦੀ ਜਾਵੇ ਅਤੇ ਪੀੜ੍ਹਤਾਂ ਨੂੰ ਮੁਆਵਜ਼ਾ ਦਿੱਤਾ ਜਾਏ, ਨਾਲ ਹੀ ਗਵਾਹਾਂ ਨੂੰ ਢੁੱਕਵੀਂ ਸੁਰੱਖਿਆ ਵੀ ਮੁਹੱਈਆ ਕਰਵਾਈ ਜਾਵੇ। ਇਸਦੇ ਨਾਲ ਹੀ ਦੂਜੇ ਸੂਬਿਆਂ ’ਚ ਜਾ ਕੇ ਵਸ ਗਏ ਗਵਾਹਾਂ ਦੀ ਗਵਾਹੀ ਵੀਡੀਓ ਕਾਨਫਰੰਸਿੰਗ ਰਾਹੀਂ ਕਰਵਾਏ ਜਾਣ ਦਾ ਪ੍ਰਬੰਧ ਕੀਤਾ ਜਾਵੇ।

ਬਾਲਾ ਪ੍ਰੀਤਮ ਦਵਾਖਾਨਾ

ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਗੁਰਦੁਆਰਾ ਬੰਗਲਾ ਸਾਹਿਬ ਤੋਂ ਬਾਅਦ ਹੁਣ ਗੁਰਦੁਆਰਾ ਨਾਨਕ ਪਿਆਊ ਸਾਹਿਬ ਵਿਖੇ ‘ਬਾਲਾ ਪ੍ਰੀਤਮ ਦਵਾਖਾਨਾ’ ਸਥਾਪਤ ਕੀਤਾ ਜਾ ਰਿਹਾ ਹੈ। ਇਹ ਜਾਣਕਾਰੀ ਦਿੰਦੇ ਹੋਏ ਗੁਰਦੁਆਰਾ ਕਮੇਟੀ ਦੇ ਜਨਰਲ ਸਕੱਤਰ ਹਰਮੀਤ ਸਿੰਘ ਕਾਲਕਾ ਨੇ ਦੱਸਿਆ ਕਿ ਇਸੇ ਤਰ੍ਹਾਂ ਹੋਰਨਾਂ ਇਤਿਹਾਸਕ ਗੁਰਦੁਆਰਿਆਂ ’ਚ ਵੀ ‘ਬਾਲਾ ਪ੍ਰੀਤਮ ਦਵਾਖਾਨੇ’ ਸਥਾਪਤ ਕੀਤੇ ਜਾਣਗੇ ਤਾਂ ਜੋ ਦਿੱਲੀ ਦੇ ਸਭ ਖੇਤਰਾਂ ਦੇ ਦਰਮਿਆਨੇ ਵਰਗ ਅਤੇ ਆਰਥਿਕ ਪੱਖੋਂ ਕਮਜ਼ੋਰ ਪਰਿਵਾਰ ਇਸਦਾ ਲਾਭ ਉਠਾ ਸਕਣ। ਸ. ਕਾਲਕਾ ਨੇ ਦੱਸਿਆ ਕਿ ਉਕਤ ਦਵਾਖਾਨਿਆਂ ’ਚ ਬਿਨਾਂ ਕਿਸੇ ਵਿਤਕਰੇ ਤੋਂ ਸਭ ਲੋਕਾਂ ਨੂੰ 70 ਤੋਂ 80 ਫੀਸਦੀ ਤਕ ਘੱਟ ਕੀਮਤ ’ਤੇ ਦਵਾਈਆਂ ਮੁਹੱਈਆ ਕਰਵਾਈਆਂ ਜਾ ਰਹੀਆਂ ਹਨ।

... ਅਤੇ ਅੰਤ ’ਚ : ਦਿੱਲੀ ਹਾਈ ਕੋਰਟ ਦੇ ਸਾਬਕਾ ਜੱਜ ਜਸਟਿਸ ਆਰ.ਐੱਸ.ਸੋਢੀ ਅੱਜਕਲ ਬਹੁਤ ਹੀ ਨਿਰਾਸ਼ ਅਤੇ ਪਰੇਸ਼ਾਨ ਨਜ਼ਰ ਆ ਰਹੇ ਹਨ। ਪਿਛਲੇ ਦਿਨੀਂ ਜਦੋਂ ਉਨ੍ਹਾਂ ਨਾਲ ਫੋਨ’ਤੇ ਗੱਲਬਾਤ ਹੋਈ ਤਾਂ ਉਨ੍ਹਾਂ ਦੀ ਆਵਾਜ਼ ’ਚ ਬਹੁਤ ਦਰਦ ਸੀ। ਪੁੱਛਣ ’ਤੇ ਉਨ੍ਹਾਂ ਦੱਸਿਆ ਕਿ ਸਿੱਖ ਧਰਮ ਦੀਆਂ ਸਰਬ ਉੱਚ ਸੰਸਥਾਵਾਂ ਜਿਸ ਤਰ੍ਹਾਂ ਸਿਆਸੀ ਮੰਦਭਾਵਨਾ ਦਾ ਸ਼ਿਕਾਰ ਹੋ ਕੇ ਧਾਰਮਿਕ ਖੇਤਰ ਪ੍ਰਤੀ ਆਪਣੀਆਂ ਜ਼ਿੰਮੇਵਾਰੀਆਂ ਨੂੰ ਇਕ ਦੂਜੇ ਨੂੰ ਨੀਂਵਾ ਵਿਖਾਉਣ ’ਚ ਜੁੱਟੀਆਂ ਹਨ, ਉਸਨੂੰ ਦੇਖ ਸੁਣ ਕੇ ਦਿਲ ਕੁਰਲਾ ਉੱਠਦਾ ਹੈ। ਉਨ੍ਹਾਂ ਕਿਹਾ ਕਿ ਸਿੱਖ ਧਰਮ ਦੇ ਹੋ ਰਹੇ ਇਸ ਨੁਕਸਾਨ ਲਈ ਅਸੀਂ ਦੂਜਿਆਂ ਨੂੰ ਦੋਸ਼ੀ ਕਰਾਰ ਦਿੰਦੇ ਹਾਂ ਜਦਕਿ ਸੱਚਾਈ ਇਹ ਹੈ ਕਿ ਇਸ ਲਈ ਮੁੱਖ ਰੂਪ ਨਾਲ ਅਸੀਂ ਖੁਦ ਹੀ ਦੋਸ਼ੀ ਹਾਂ। ਦੂਜੇ ਤਾਂ ਸਾਡੀਆਂ ਕਮਜ਼ੋਰੀਆਂ ਦਾ ਲਾਭ ਉਠਾ ਰਹੇ ਹਨ।

Mobile +919582719890


Bharat Thapa

Content Editor

Related News