ਅਸੀਂ ਸਾਰੇ ਖੇਡ ਦਾ ਉਤਸਵ ਮਨਾਈਏ

Saturday, Jul 20, 2024 - 05:08 PM (IST)

ਮਾਣਯੋਗ ਸਿੱਖਿਆ ਮੰਤਰੀ ਵੱਲੋਂ 20 ਫਰਵਰੀ, 2023 ਨੂੰ ਜਾਦੂਈ ਪਿਟਾਰਾ (ਜਾਦੂ ਬਾਕਸ) ਦੀ ਆਰੰਭਤਾ ਦੇ ਮੌਕੇ ’ਤੇ ਕੁਝ ਬੱਚਿਆਂ ਨੂੰ ਬਾਕਸ ਦੀ ਘੁੰਡ ਚੁਕਾਈ ਕਰਨ ਲਈ ਮੰਚ ’ਤੇ ਸੱਦਿਆ ਗਿਆ ਸੀ। ਜਿਉਂ ਹੀ ਬੱਚਿਆਂ ਨੇ ਜਾਦੂਈ ਪਿਟਾਰਾ ਖੋਲ੍ਹਿਆ ਤਾਂ ਦੇਖਿਆ ਕਿ ਇਸ ’ਚ ਪ੍ਰੀ-ਐਲੀਮੈਂਟਰੀ ਪੱਧਰ ਦੇ ਵਿੱਦਿਅਕ -ਸਿੱਖਿਆ ਨਾਲ ਜੁੜੀ ਸਮੱਗਰੀ ਹੈ। ਉਨ੍ਹਾਂ ਨੇ ਰਸਮੀ ਤੌਰ ’ਤੇ ਕਿਤਾਬਾਂ ਅਤੇ ਫਲੈਸ਼-ਕਾਰਡ ਨੂੰ ਇਕ ਇਕ ਕਰ ਕੇ ਧਿਆਨ ਨਾਲ ਦੇਖਿਆ ਪਰ ਜਦੋਂ ਉਨ੍ਹਾਂ ਦੀ ਨਜ਼ਰ ਹੇਠਾਂ ਪਏ ਖਿਡੌਣਿਆਂ ’ਤੇ ਪਈ ਤਾਂ ਉਨ੍ਹਾਂ ਦੀਆਂ ਅੱਖਾਂ ਚਮਕ ਉੱਠੀਆਂ ਅਤੇ ਉਹ ਉਸ ਦੇ ਚੁਫੇਰੇ ਇਵੇਂ ਇਕੱਠੇ ਹੋ ਗਏ ਜਿਵੇਂ ਬੱਚੇ ਜਨਮਦਿਨ ਦੇ ਕੇਕ ਦੇ ਦੁਆਲੇ ਇਕੱਠੇ ਹੋ ਜਾਂਦੇ ਹਨ।

ਉਨ੍ਹਾਂ ਨੇ ਬਾਕਸ ’ਚੋਂ ਆਪਣੇ ਪਸੰਦੀਦਾ ਖਿਡੌਣੇ ਚੁੱਕੇ, ਗੁੜੀਆ, ਕਠਪੁਤਲੀ ਆਦਿ ਅਤੇ ਇਕ ਦੂਜੇ ਦੇ ਨਾਲ ਖੁਸ਼ੀ ਪ੍ਰਗਟ ਕਰਦੇ ਹੋਏ ਆਪਣੀ ਦੁਨੀਆ ’ਚ ਇਸ ਤਰ੍ਹਾਂ ਮਗਨ ਹੋ ਗਏ ਕਿ ਮੰਚ ਅਤੇ ਸਮਾਗਮ ਪਿੱਛੇ ਰਹਿ ਗਏ।

ਇਸ ਨੇ ਹੈਰਾਨੀ, ਜਿਗਿਆਸਾ ਅਤੇ ਖੁਸ਼ੀ ਪੈਦਾ ਕੀਤੀ। 500 ਤੋਂ ਵੱਧ ਪ੍ਰਸ਼ਾਸਕਾਂ, ਸਿੱਖਿਆ ਮਾਹਿਰਾਂ ਅਤੇ ਅਧਿਆਪਕਾਂ ਦੀ ਪ੍ਰਮੁੱਖ ਸਭਾ ਨੇ ਆਪਣੇ ਬਚਪਨ ਨੂੰ ਯਾਦ ਕਰਦੇ ਹੋਏ ਤਾੜੀਆਂ ਵਜਾਈਆਂ ਅਤੇ ਮੁਸਕਾਨ ਬਿਖੇਰੀ।

ਜੁਲਾਈ 2024-25 ’ਚ ਨਵੇਂ ਸਕੂਲ ਸਾਲ ਦੀ ਸ਼ੁਰੂਆਤ ਦੇ ਮੌਕੇ ’ਤੇ ਪੂਰੇ ਭਾਰਤ ਦੀਆਂ ਜਮਾਤਾਂ ’ਚ ਚਮਕਦੀਆਂ ਅੱਖਾਂ, ਹਾਸਾ, ਖਿੜਖਿੜਾਹਟ, ਗੱਲਬਾਤ, ਨੰਨ੍ਹੇ ਪੈਰਾਂ ਦੀ ਪੈੜਚਾਲ ਅਤੇ ਕਦੀ-ਕਦੀ ਰੋਣ ਦੀਆਂ ਆਵਾਜ਼ਾਂ ਸੁਣਾਈ ਦਿੰਦੀਆਂ ਹਨ। ਆਓ, ਅਸੀਂ ਨਵੇਂ ਵਿੱਦਿਅਕ ਸਾਲ ਨੂੰ ਹਰੇਕ ਬੱਚੇ ਲਈ ਸਵਾਗਤਯੋਗ, ਆਨੰਦਮਈ ਅਤੇ ਚੰਚਲ ਬਣਾ ਕੇ ਮਨਾਈਏ।

ਖੇਡ ਬੱਚਿਆਂ ਲਈ ਸੁਭਾਵਕ ਹੈ ਅਤੇ ਸਮੁੱਚੇ ਵਿਕਾਸ (ਸਰੀਰਕ, ਸਮਾਜਿਕ-ਭਾਵਨਾਤਮਕ, ਭਾਸ਼ਾਈ, ਬੌਧਿਕ ਅਤੇ ਸੱਭਿਆਚਾਰਕ) ਲਈ ਇਕ ਸ਼ਕਤੀਸ਼ਾਲੀ ਉਪਾਅ ਹੈ। ਇਹ ਬੱਚਿਆਂ ਨੂੰ ਇਕ ਸੁਰੱਖਿਅਤ, ਮਜ਼ੇਦਾਰ ਅਤੇ ਬਗੈਰ ਰੋਕ-ਟੋਕ ਵਾਲੀ ਥਾਂ ’ਚ ਜਿਗਿਆਸ ਹੋਣ, ਖੋਜ ਕਰਨ ਅਤੇ ਪ੍ਰਯੋਗ ਕਰਨ ਦੀ ਇਜਾਜ਼ਤ ਦਿੰਦਾ ਹੈ।

ਹਾਲ ਹੀ ’ਚ ਭਾਰਤ ਅਤੇ ਦੁਨੀਆ ਨੇ 11 ਜੂਨ ਨੂੰ ਸੰਯੁਕਤ ਰਾਸ਼ਟਰ ਵੱਲੋਂ ਐਲਾਨੇ ਕੌਮਾਂਤਰੀ ਖੇਡ ਦਿਵਸ ਦੇ ਰੂਪ ’ਚ ਮਨਾਇਆ, ਖਾਸ ਤੌਰ ’ਤੇ ਬੱਚਿਆਂ ਨੂੰ ਉਨ੍ਹਾਂ ਦੀ ਪੂਰੀ ਸਮਰੱਥਾ ਤੱਕ ਪਹੁੰਚਣ ਲਈ ਖੇਡਾਂ ਦੇ ਮਹੱਤਵ ਨੂੰ ਮਾਨਤਾ ਦਿੱਤੀ ਗਈ। ਭਾਰਤ ਨੇ ਵੀ ਖੇਡਾਂ ’ਤੇ ਜ਼ੋਰ ਦਿੱਤਾ ਹੈ ਅਤੇ ਇਸ ਨੂੰ ਸੰਸਥਾਗਤ ਬਣਾਉਣ ’ਚ ਮੋਹਰੀ ਰਿਹਾ ਹੈ।

ਰਾਸ਼ਟਰੀ ਸਿੱਖਿਆ ਨੀਤੀ (ਐੱਨ. ਈ. ਪੀ.), 2020 ਅਤੇ ਰਾਸ਼ਟਰੀ ਪ੍ਰੀ-ਐਲੀਮੈਂਟਰੀ ਪੱਧਰ ਦੇ ਸਿਲੇਬਸ ਦੀ ਰੂਪਰੇਖਾ 2020 (ਐੱਨ. ਸੀ. ਐੱਫ-ਐੱਫ.ਐੱਸ.) ਨੇ ਪਹਿਲੀ ਵਾਰ ਪ੍ਰੀ-ਐਲੀਮੈਂਟਰੀ ਪੱਧਰ (3-8 ਸਾਲ ਦੀ ਉਮਰ) ਦੇ ਲਈ ਇਕ ਸਿਲੇਬਸ ਰੂਪਰੇਖਾ ਦੀ ਪਰਿਕਲਪਨਾ ਕੀਤੀ ਅਤੇ ਇਸ ਨੂੰ ਤਿਆਰ ਕੀਤਾ।

ਐੱਨ. ਸੀ. ਐੱਫ.-ਐੱਫ.ਐੱਸ. ਦਾ ਮੁੱਖ ਪਰਿਵਰਤਨਕਾਰੀ ਪਹਿਲੂ ‘ਖੇਡ ਦੇ ਰਾਹੀਂ ਸਿੱਖਣਾ’ ਹੈ, ਜੋ ਆਪਣੇ ਆਪ ਪਤਾ ਲੱਗ ਜਾਣ ਵਾਲੀਆਂ ਗੱਲਾਂ ਨੂੰ ਜਾਇਜ਼ਤਾ ਮੁਹੱਈਆ ਕਰਦਾ ਹੈ ਭਾਵ ਜਦੋਂ ਬੱਚੇ ਖੇਡਦੇ ਹਨ ਤਾਂ ਉਹ ਸਿੱਖਦੇ ਹਨ। ਸਿੱਖਣਾ ਸਿਰਫ ਉਦੋਂ ਨਹੀਂ ਹੁੰਦਾ, ਜਦੋਂ ਬੱਚਾ ਲਿਖ ਰਿਹਾ ਹੁੰਦਾ ਹੈ।

ਐੱਨ. ਸੀ. ਐੱਫ.-ਐੱਫ.ਐੱਸ. ਦਾ ਮੁੱਖ ਪਰਿਵਰਤਨਕਾਰੀ ਕਿਸਮ ਦਾ ਪ੍ਰਤੀਕ ਐੱਨ. ਸੀ. ਈ. ਆਰ.ਟੀ. ਦਾ ਜਾਦੂਈ ਪਿਟਾਰਾ ਹੈ ਜਿਸ ਨੂੰ ਫਰਵਰੀ 2023 ’ਚ ਜਾਰੀ ਕੀਤਾ ਗਿਆ। ਜਾਦੂਈ ਪਿਟਾਰਾ ਕਿਸੇ ਵੀ ਸਕੂਲ ’ਚ ਪ੍ਰੀ-ਐਲੀਮੈਂਟਰੀ ਪੱਧਰ ਦੇ ਲਈ ਲਾਜ਼ਮੀ ਸਮੱਗਰੀ ਦੀ ਉਦਾਹਰਣ ਹੈ। ਇਹ ਵੰਨ-ਸੁਵੰਨਤਾਪੂਰਨ ਹੈ ਅਤੇ ਅਜਿਹੀ ਸਮੱਗਰੀ ਵਿਕਸਤ ਕਰਦੇ ਸਮੇਂ ਧਿਆਨ ’ਚ ਰੱਖੀ ਜਾਣ ਵਾਲੀ ਨਾਜ਼ੁਕਤਾ (ਉਮਰ-ਢੁੱਕਵੀਂ, ਸੰਵੇਦੀ ਅਨੁਭਵ ਅਤੇ ਸਥਾਨਕ) ਨੂੰ ਪ੍ਰਦਰਸ਼ਿਤ ਕਰਦਾ ਹੈ।

ਬਾਲ ਵਿਕਾਸ ਅਤੇ ਦਿਮਾਗ ’ਤੇ ਹੋਏ ਕਈ ਅਧਿਐਨਾਂ ਤੋਂ ਵੀ ਸੰਕੇਤ ਮਿਲਦਾ ਹੈ ਕਿ ਖੇਡਾਂ ਹੇਠ ਲਿਖੇ ਲਈ ਜ਼ਰੂਰੀ ਹਨ :

ਉ. ਦਿਮਾਗ ਦਾ ਵਿਕਾਸ, ਖਾਸ ਤੌਰ ’ਤੇ ਪ੍ਰੀਫੰਟਰ ਕਾਰਟੇਕਸ ਦੀ ਉੱਤੇਜਨਾ, ਜੋ ਧਿਆਨ, ਸਮੱਸਿਆ- ਹੱਲ ਅਤੇ ਸਮਾਜਿਕ ਵਤੀਰੇ ਨੂੰ ਵਿਨਿਯਮਤ ਕਰਨ ਲਈ ਜ਼ਿੰਮੇਵਾਰ ਹੁੰਦਾ ਹੈ।

ਅ. ਨਿਊਰੋਪਲਾਸਟਿਸਿਟੀ ਜਾਂ ਨਵੀਂ ਤੰਤਰਿਕਾ ਸਬੰਧ ਬਣਾਉਣ ਦੀ ਸਮਰੱਥਾ ਜੋ ਜ਼ਿੰਦਗੀ ਭਰ ਸਿੱਖਣ ਅਤੇ ਢੁੱਕਵੀਂ ਹੋਣ ਲਈ ਮੌਲਿਕ ਹੁੰਦੀ ਹੈ।

ਈ. ਸਹਿਜ ਗਿਆਨ, ਜੋ ਗੁੰਝਲਦਾਰ ਅਤੇ ਬੇਯਕੀਨੀ ਹਾਲਤਾਂ ’ਚ ਸਮੱਸਿਆ ਹੱਲ ਅਤੇ ਫੈਸਲਾ ਲੈਣ ਲਈ ਜ਼ਰੂਰੀ ਹੈ।

ਮਾਤਾ-ਪਿਤਾ ਲਈ ਖੇਡ ਬਚਪਨ ਤੋਂ ਹੀ ਬੱਚਿਆਂ ਦੇ ਵਿਕਾਸ ਦੀ ਨੀਂਹ ਰੱਖਣ ’ਚ ਇਕ ਮੁੱਢਲਾ ਪਹਿਲੂ ਹੈ, ਜਿਸ ਨੂੰ ਯੂਨੀਸੇਫ ਵਰਗੀਆਂ ਕੌਮਾਂਤਰੀ ਏਜੰਸੀਆਂ ਵੱਲੋਂ ਦਰਸਾਇਆ ਗਿਆ ਹੈ।

ਖੇਡ ਦੇ ਦੌਰਾਨ, ਬੱਚੇ ਲਗਾਤਾਰ ਬਦਲਾਂ ਦੀ ਚੋਣ ਕਰਦੇ ਹਨ। ਉਹ ਹੈਰਾਨੀ ਅਤੇ ਆਨੰਦ ਨਾਲ ਭਰੇ ਹੁੰਦੇ ਹਨ। ਖੇਡ ਬੱਚਿਆਂ ’ਚ ਸਮੁੱਚੇ ਵਿਕਾਸ, ਰਚਨਾਤਮਕਤਾ ਅਤੇ ਸਹਿਣਸ਼ੀਲਤਾ ਵਧਾਉਂਦੀ ਹੈ। ਬਾਲਗਾਂ ਲਈ ਖੇਡ ਮਾਨਸਿਕ ਸਿਹਤ, ਅਨੁਭੂਤੀ ਅਤੇ ਰਚਨਾਤਮਕਤਾ ’ਚ ਵਾਧਾ ਕਰਦੀ ਹੈ।

ਜਦੋਂ ਮਾਤਾ-ਪਿਤਾ ਅਤੇ ਦੇਖਭਾਲ ਕਰਨ ਵਾਲੇ ਬੱਚਿਆਂ ਨੂੰ ਖੇਡ ’ਚ ਸ਼ਾਮਲ ਕਰਦੇ ਹਨ, ਤਾਂ ਉਹ ਖੇਡ ਦਾ ਉਤਸਵ ਮਨਾਉਂਦੇ ਹਨ। ਆਓ ਅਸੀਂ ਸਾਰੇ ਖੇਡਾਂ ਦਾ ਉਤਸਵ ਮਨਾਈਏ ਅਤੇ ਬੱਚਿਆਂ ਨੂੰ ਸਿੱਖਣ ਅਤੇ ਵਿਕਸਤ ਹੋਣ ’ਚ ਮਦਦ ਕਰੀਏ, ਬਚਪਨ ਮਨਾਓ, ਵਧਦੇ ਜਾਓ।

ਸੰਜੇ ਕੁਮਾਰ ਅਤੇ ਸ਼ੰਕਰ ਮਰੂਵਾੜਾ


Rakesh

Content Editor

Related News