ਵਿਲਾਸਤਾ ਨਹੀਂ, ਮਕਸਦ ਚਾਹੀਦਾ ਹੈ ਘਰ ਦੇ ਬਜ਼ੁਰਗਾਂ ਨੂੰ

Monday, Aug 24, 2026 - 04:54 PM (IST)

ਵਿਲਾਸਤਾ ਨਹੀਂ, ਮਕਸਦ ਚਾਹੀਦਾ ਹੈ ਘਰ ਦੇ ਬਜ਼ੁਰਗਾਂ ਨੂੰ

ਆਧੁਨਿਕ ਸਮਾਜ ’ਚ ਸੁੱਖ ਦੀ ਪਰਿਭਾਸ਼ਾ ਬਦਲ ਗਈ ਹੈ। ਅਸੀਂ ਸੋਚਦੇ ਹਾਂ ਕਿ ਆਰਾਮ, ਨੌਕਰ-ਚਾਕਰ, ਆਨਲਾਈਨ ਡਿਲਿਵਰੀ ਅਤੇ ਸਹੂਲਤਾਂ ਦਾ ਢੇਰ ਹੀ ਜ਼ਿੰਦਗੀ ਨੂੰ ਖੁਸ਼ਹਾਲ ਬਣਾ ਦਿੰਦਾ ਹੈ ਪਰ ਹਾਲ ਹੀ ’ਚ ਸੋਸ਼ਲ ਮੀਡੀਆ ’ਚ ਇਕ ਸੱਚੀ ਘਟਨਾ ਸਾਂਝੀ ਕੀਤੀ ਗਈ, ਜਿਸ ਨੇ ਇਸ ਧਾਰਨਾ ਨੂੰ ਪੂਰੀ ਤਰ੍ਹਾਂ ਝੂਠਾ ਸਾਬਤ ਕਰ ਦਿੱਤਾ।

ਇਹ ਕਹਾਣੀ ਸਿਰਫ਼ ਇਕ ਪਰਿਵਾਰ ਦੀ ਨਹੀਂ, ਬਲਕਿ ਅੱਜ ਦੇ ਪੂਰੇ ਸਮਾਜ ਦਾ ਸ਼ੀਸ਼ਾ ਹੈ, ਜਿੱਥੇ ਅਸੀਂ ਬਜ਼ੁਰਗਾਂ ਨੂੰ ਆਰਾਮ ਦੇ ਕੇ ਉਨ੍ਹਾਂ ਤੋਂ ਉਨ੍ਹਾਂ ਦੀ ਜ਼ਿੰਦਗੀ ਦਾ ਮਕਸਦ ਖੋਹ ਲੈਂਦੇ ਹਾਂ ਅਤੇ ਫਿਰ ਹੈਰਾਨ ਹੁੰਦੇ ਹਾਂ ਕਿ ਘਰ ’ਚ ਸ਼ਾਂਤੀ ਕਿਉਂ ਨਹੀਂ ਬਚੀ?

ਸੋਸ਼ਲ ਮੀਡੀਆ ਦੀ ਪੋਸਟ ਅਨੁਸਾਰ ਕਹਾਣੀ ਪੁਣੇ ਦੀ ਹੈ। ਇਕ ਬੇਟਾ ਅਤੇ ਨੂੰਹ ਲੰਬੇ ਸਮੇਂ ਤੱਕ ਵੱਡੀਆਂ ਮਲਟੀਨੈਸ਼ਨਲ ਕੰਪਨੀਆਂ ’ਚ ਕੰਮ ਕਰਦੇ ਰਹੇ, ਜਿਨ੍ਹਾਂ ਦੀਆਂ ਮੀਟਿੰਗਾਂ, ਡੈੱਡਲਾਈਨਾਂ ਅਤੇ ਭੱਜ-ਦੌੜ ਭਰੀ ਮਸਰੂਫ਼ ਜ਼ਿੰਦਗੀ ਸੀ। ਘਰ ਦਾ ਲਗਭਗ ਸਾਰਾ ਕੰਮ ਉਨ੍ਹਾਂ ਨੇ ਆਊਟਸੋਰਸ ਕੀਤਾ ਹੋਇਆ ਸੀ। ਕੁਝ ਸਮੇਂ ਬਾਅਦ ਉਹ ਦਿੱਲੀ ਪਰਤੇ, ਆਪਣਾ ਕਾਰੋਬਾਰ ਸ਼ੁਰੂ ਕੀਤਾ ਅਤੇ ਕਈ ਸਾਲਾਂ ਦੇ ਵਕਫ਼ੇ ਬਾਅਦ ਪਤੀ ਦੇ 80 ਸਾਲਾ ਮਾਤਾ-ਪਿਤਾ ਉਨ੍ਹਾਂ ਦੇ ਨਾਲ ਰਹਿਣ ਲੱਗੇ।

ਘਰ ਆ ਕੇ ਉਨ੍ਹਾਂ ਨੇ ਦੇਖਿਆ ਕਿ ਬਜ਼ੁਰਗ ਜੋੜੇ ਦੀ ਪੂਰੀ ਜ਼ਿੰਦਗੀ ਛੋਟੀਆਂ-ਛੋਟੀਆਂ ਜ਼ਿੰਮੇਵਾਰੀਆਂ ਦੇ ਆਲੇ-ਦੁਆਲੇ ਘੁੰਮਦੀ ਸੀ। ਸਵੇਰੇ ਚਾਹ ਬਣਾਉਣਾ, ਅਖ਼ਬਾਰ ਪੜ੍ਹਨਾ, ਬਾਜ਼ਾਰ ਜਾਣਾ, ਸਬਜ਼ੀਆਂ ਦੇ ਭਾਅ ’ਤੇ ਸੌਦੇਬਾਜ਼ੀ ਕਰਨੀ, ਮਸਾਲਿਆਂ ਦੀ ਚਰਚਾ, ਰੋਟੀਆਂ ਬਣਾਉਣਾ, ਕੱਪੜੇ ਸੰਭਾਲਣਾ ਆਦਿ, ਇਹ ਸਭ ਉਨ੍ਹਾਂ ਦੀ ਰੋਜ਼ਾਨਾ ਜ਼ਿੰਦਗੀ ਦਾ ਹਿੱਸਾ ਸੀ। ਇਹ ਦੇਖ ਨੂੰਹ-ਪੁੱਤਰ ਭਾਵੁਕ ਹੋ ਗਏ। ਉਨ੍ਹਾਂ ਨੇ ਸੋਚਿਆ, ਮਾਤਾ-ਪਿਤਾ ਨੇ ਉਮਰ ਭਰ ਸਾਡੇ ਲਈ ਸੰਘਰਸ਼ ਕੀਤਾ ਹੈ। ਸਾਨੂੰ ਹਰ ਸੁੱਖ-ਸਹੂਲਤ ਦਿੱਤੀ ਹੈ। ਹੁਣ ਸਾਡੀ ਵਾਰੀ ਹੈ ਉਨ੍ਹਾਂ ਨੂੰ ਆਰਾਮ ਦੇਣ ਦੀ।

ਉਨ੍ਹਾਂ ਨੇ ਪੂਰੀ ਵਿਵਸਥਾ ਬਦਲ ਦਿੱਤੀ। ਇਕ ਫੁੱਲ-ਟਾਈਮ ਰਸੋਈਆ ਰੱਖ ਲਿਆ। ਈ-ਕਾਮਰਸ ਕੰਪਨੀਆਂ ਤੋਂ ਕਰਿਆਨਾ ਅਤੇ ਹੋਰ ਜ਼ਰੂਰੀ ਸਾਮਾਨ ਆਉਣ ਲੱਗਾ। ਮਾਂ-ਬਾਪ ਲਈ ਵੱਖ-ਵੱਖ ਅਟੈਂਡੈਂਟ ਅਤੇ ਕਾਰ ਤੇ ਡਰਾਈਵਰ ਦਾ ਇੰਤਜ਼ਾਮ ਕੀਤਾ ਪਰ ਕੁਝ ਹੀ ਮਹੀਨਿਆਂ ’ਚ ਸਭ ਖਿਲਰ ਗਿਆ। ਮਾਂ ਨੇ ਤੁਰਨਾ-ਫਿਰਨਾ ਅਤੇ ਕੰਮ ਕਰਨਾ ਬੰਦ ਕਰ ਦਿੱਤਾ। ਸਾਰਾ ਦਿਨ ਸੁੱਤੀ ਰਹਿੰਦੀ, ਮਦਦਗਾਰਾਂ ਦੀ ਹਰ ਗੱਲ ਦੀ ਸ਼ਿਕਾਇਤ ਕਰਦੀ, ਉਨ੍ਹਾਂ ’ਤੇ ਪੂਰੀ ਤਰ੍ਹਾਂ ਨਿਰਭਰ ਹੋ ਗਈ। ਫਿਰ ਉਦਾਸੀਨਤਾ ਆਈ ਅਤੇ ਡਿਮੈਂਸ਼ੀਆ ਦੇ ਲੱਛਣ ਸ਼ੁਰੂ ਹੋ ਗਏ। ਪਿਤਾ ਚਿੜਚਿੜੇ ਅਤੇ ਗੁੱਸੇਖ਼ੋਰ ਹੋ ਗਏ। ਬਜ਼ੁਰਗ ਦੁਖੀ ਇਸ ਲਈ ਨਹੀਂ ਸਨ ਕਿ ਉਨ੍ਹਾਂ ਦੀ ਜ਼ਿੰਦਗੀ ’ਚ ਆਰਾਮ ਨਹੀਂ ਸੀ। ਉਹ ਦੁਖੀ ਇਸ ਲਈ ਹੋਏ ਕਿ ਉਨ੍ਹਾਂ ਦੀ ਜ਼ਿੰਦਗੀ ਦਾ ਮਕਸਦ ਹੀ ਗਾਇਬ ਹੋ ਗਿਆ ਸੀ। ਪਹਿਲਾਂ ਪਿਤਾ ਹਰ ਸਵੇਰ ਇਕ ਮਕਸਦ ਦੇ ਨਾਲ ਉੱਠਦੇ ਸਨ, ਪਤਨੀ ਲਈ ਚਾਹ ਬਣਾਉਂਦੇ, ਨਾਲ ਅਖ਼ਬਾਰ ਪੜ੍ਹਦੇ, ਝੋਲਾ ਲੈ ਕੇ ਬਾਜ਼ਾਰ ਜਾਂਦੇ, ਸਬਜ਼ੀਆਂ ’ਤੇ ਚਰਚਾ ਕਰਦੇ, ਸੌਦੇਬਾਜ਼ੀ ਕਰਦੇ।

ਮਾਂ ਖਾਣੇ ਦੀ ਯੋਜਨਾ ਬਣਾਉਂਦੀ, ਮਸਾਲੇ ਜਾਂਚਦੀ, ਸਭ ਦੇ ਕੱਪੜੇ ਸੰਭਾਲਦੀ। ਇਹ ਸਿਰਫ਼ ਸਾਧਾਰਨ ਘਰੇਲੂ ਕੰਮ ਨਹੀਂ ਸਨ। ਇਹ ਉਹ ਅਦ੍ਰਿਸ਼ ਭਾਵਨਾਤਮਕ ਧਾਗੇ ਸਨ ਜੋ ਦੋ ਬਜ਼ੁਰਗਾਂ ਨੂੰ ਮਾਨਸਿਕ ਰੂਪ ’ਚ ਜਿਊਂਦਾ ਰੱਖਦੇ ਸਨ ਅਤੇ ਇਕ-ਦੂਜੇ ਨਾਲ ਜੋੜਦੇ ਸਨ।

ਆਧੁਨਿਕ ਸਮਾਜ ’ਚ ਨੌਜਵਾਨ ਬੁਢਾਪੇ ਦੇ ਅਰਥ ਗਲਤ ਸਮਝਦੇ ਹਨ। ਉਹ ਸੋਚਦੇ ਹਨ ਕਿ ਬਜ਼ੁਰਗਾਂ ਨੂੰ ਸਿਰਫ਼ ਆਰਾਮ ਚਾਹੀਦਾ ਹੈ। ਮਨੁੱਖ ਨੂੰ ਸਿਰਫ਼ ਆਰਾਮ ਨਹੀਂ ਚਾਹੀਦਾ। ਉਸ ਨੂੰ ਚਾਹੀਦਾ ਹੈ ਉਪਯੋਗੀ ਹੋਣ ਦਾ ਭਾਵ, ਮਨ ਨੂੰ ਬਿਜ਼ੀ ਰੱਖਣ ਵਾਲਾ ਕੰਮ, ਸਰੀਰ ਲਈ ਹਲਚਲ ਅਤੇ ਸਭ ਤੋਂ ਮਹੱਤਵਪੂਰਨ, ਦਿਲ ’ਚ ਇਹ ਅਹਿਸਾਸ ਕਿ ‘‘ਮੈਂ ਅਜੇ ਵੀ ਜ਼ਰੂਰੀ ਹਾਂ। ਮੇਰਾ ਅਜੇ ਵੀ ਘਰ ’ਚ ਕੁਝ ਯੋਗਦਾਨ ਹੈ।’’

ਕਿਸੇ ਨੇ ਉਸ ਨੌਜਵਾਨ ਜੋੜੇ ਨੂੰ ਅਨੋਖੀ ਸਲਾਹ ਦਿੱਤੀ, ‘‘ਆਪਣੇ ਮਾਤਾ-ਪਿਤਾ ਦੀਆਂ ਕੁਝ ਸਹੂਲਤਾਂ ਘੱਟ ਕਰੋ।’’ ਇਹ ਉਨ੍ਹਾਂ ਪ੍ਰਤੀ ਕਰੂਰਤਾ ਜਾਂ ਅਣਦੇਖੀ ਨਹੀਂ ਹੋਵੇਗੀ। ਇਸ ਨਾਲ ਉਨ੍ਹਾਂ ਦੀ ਸਟਾਫ਼ ’ਤੇ ਬਹੁਤ ਜ਼ਿਆਦਾ ਨਿਰਭਰਤਾ ਨਹੀਂ ਰਹੇਗੀ। ਫੁੱਲ-ਟਾਈਮ ਅਟੈਂਡੈਂਟ ਹਟਾਓ। ਕੁਝ ਪਾਰਟ-ਟਾਈਮ ਮਦਦ ਰੱਖੋ ਪਰ ਜ਼ਿੰਮੇਵਾਰੀ ਵਾਪਸ ਬਜ਼ੁਰਗਾਂ ਨੂੰ ਹੀ ਦਿਓ। ਉਨ੍ਹਾਂ ਦੇ ਅੰਦਰ ਆਪਣੇ ਮਹੱਤਵ ਦਾ ਭਾਵ ਵਾਪਸ ਲਿਆਓ। ਬੇਟਾ ਮਾਂ ਨੂੰ ਕਹਿਣ ਲੱਗਾ, ‘‘ਤੁਹਾਡੇ ਵਰਗੀ ਸਬਜ਼ੀ ਕੋਈ ਨਹੀਂ ਬਣਾ ਸਕਦਾ। ਰੋਜ਼ ਘੱਟੋ-ਘੱਟ ਇਕ ਸਬਜ਼ੀ ਜ਼ਰੂਰ ਬਣਾਓ।’’ ਨੂੰਹ ਸਹੁਰੇ ਨੂੰ ਕਹਿਣ ਲੱਗੀ, ‘‘ਤੁਸੀਂ ਜੋ ਸਬਜ਼ੀਆਂ ਲਿਆਉਂਦੇ ਹੋ, ਉਹ ਹਮੇਸ਼ਾ ਤਾਜ਼ੀਆਂ ਹੁੰਦੀਆਂ ਹਨ।’’ ਹੌਲੀ-ਹੌਲੀ ਪੁਰਾਣੀ ਲੈਅ ਪਰਤ ਆਈ।

ਇਹ ਕਹਾਣੀ ਅੱਜ ਦੇ ਭਾਰਤ ਲਈ ਚਿਤਾਵਨੀ ਹੈ। ਹਾਲ ਹੀ ਦੇ ਮਹੀਨਿਆਂ ’ਚ ਬਿਰਧ ਆਸ਼ਰਮਾਂ ਤੋਂ ਆਉਣ ਵਾਲੀਆਂ ਖ਼ਬਰਾਂ ਦਿਲ ਦਹਿਲਾ ਦੇਣ ਵਾਲੀਆਂ ਹਨ। ਮਊ ’ਚ ਇਕ ਪਿਤਾ ਨੇ ਮਜ਼ਦੂਰੀ ਕਰਕੇ ਪੁੱਤਰ ਨੂੰ ਸਰਕਾਰੀ ਨੌਕਰੀ ਦਿਵਾਈ, ਪਰ ਆਰਾਮ ਦੀ ਵਾਰੀ ਆਉਣ ’ਤੇ ਪੁੱਤਰ ਨੇ ਉਨ੍ਹਾਂ ਨੂੰ ਬਿਰਧ ਆਸ਼ਰਮ ’ਚ ਛੱਡ ਦਿੱਤਾ। ਭੋਪਾਲ ਦੇ ‘ਆਪਣੇ ਘਰ’ ਵਿਚ 70 ਸਾਲਾ ਕਾਰੋਬਾਰੀ ਦੀ ਮੌਤ ਹੋਈ, ਚਾਰ ਬੱਚਿਆਂ ’ਚੋਂ ਕੋਈ ਅੰਤਿਮ ਸੰਸਕਾਰ ਲਈ ਨਹੀਂ ਆਇਆ।

ਇੰਦੌਰ ’ਚ 85 ਸਾਲਾ ਸਰਿਤਾ ਨਾਰਾਇਣ ਨੇ ਸਾਢੇ ਚਾਰ ਸਾਲ ਤੱਕ ਪੁੱਤਰ ਦਾ ਇੰਤਜ਼ਾਰ ਕੀਤਾ। ਪੁੱਤਰ ‘‘ਦੋ ਦਿਨ ਵਿਚ ਪਰਤਾਂਗਾ’’ ਕਹਿ ਕੇ ਚਲਾ ਗਿਆ ਅਤੇ ਫਿਰ ਕਦੇ ਨਹੀਂ ਆਇਆ। ਉਨ੍ਹਾਂ ਦੀ ਮੌਤ ’ਤੇ ਵੀ ਕੋਈ ਨਹੀਂ ਪਹੁੰਚਿਆ।

ਹਰਿਆਣਾ ਦੇ ਸੋਨੀਪਤ ’ਚ ਇਕ ਪਿਤਾ ਦੀ ਮੌਤ ’ਤੇ ਤਿੰਨ ਧੀਆਂ ਨੇ ਵੀਡੀਓ ਕਾਲ ’ਤੇ ਅੰਤਿਮ ਸੰਸਕਾਰ ਦੇਖਿਆ। ਭੋਪਾਲ, ਮਹਾਰਾਜਗੰਜ, ਪੂਰਨੀਆ, ਹਰ ਜਗ੍ਹਾ ਅਜਹੀਆਂ ਕਹਾਣੀਆਂ ਹਨ ਜਿੱਥੇ ਭਰਿਆ-ਪੂਰਾ ਪਰਿਵਾਰ ਹੋਣ ਦੇ ਬਾਵਜੂਦ ਬਜ਼ੁਰਗ ਬਿਰਧ ਆਸ਼ਰਮ ’ਚ ਅੰਤਿਮ ਦਿਨ ਕੱਟ ਰਹੇ ਹਨ।

ਇਹ ਸਿਰਫ਼ ਅਣਦੇਖੀ ਦੀਆਂ ਘਟਨਾਵਾਂ ਨਹੀਂ ਹਨ। ਇਹ ਉਸ ਮਾਨਸਿਕਤਾ ਦੀ ਦੇਣ ਹਨ ਜਿੱਥੇ ਅਸੀਂ ਬਜ਼ੁਰਗਾਂ ਨੂੰ ‘ਬੋਝ’ ਸਮਝ ਲੈਂਦੇ ਹਾਂ। ਸੁੱਖ ਐਸ਼ੋ-ਆਰਾਮ ’ਚ ਨਹੀਂ, ਜਿਊਣ ਦੇ ਮਕਸਦ ’ਚ ਹੈ। ਛੋਟੀਆਂ-ਛੋਟੀਆਂ ਜ਼ਿੰਮੇਵਾਰੀਆਂ ਹੀ ਵਿਅਕਤੀ ਨੂੰ ਅੰਦਰੋਂ ਜਿਊਂਦਾ ਰੱਖਦੀਆਂ ਹਨ। ਹਰ ਵਿਅਕਤੀ ਨੂੰ ਸਵੇਰੇ ਉੱਠ ਕੇ ਇਹ ਮਹਿਸੂਸ ਹੋਣਾ ਚਾਹੀਦਾ ਹੈ ਕਿ ‘‘ਅੱਜ ਕਿਸੇ ਨੂੰ ਅਤੇ ਘਰ ਦੇ ਕੁਝ ਕੰਮਾਂ ’ਚ ਮੇਰੀ ਜ਼ਰੂਰਤ ਹੈ।’’ ਬਜ਼ੁਰਗਾਂ ਨੂੰ ਆਰਾਮ ਦੇਣ ਦਾ ਮਤਲਬ ਇਹ ਨਹੀਂ ਕਿ ਉਨ੍ਹਾਂ ਨੂੰ ਨਿਠੱਲਾ ਬਣਾ ਦਿਓ।

ਮਾਤਾ-ਪਿਤਾ ਨੇ ਸਾਨੂੰ ਵੱਡਾ ਕੀਤਾ, ਸੰਘਰਸ਼ ਕੀਤਾ, ਸੁਪਨੇ ਦੇਖੇ। ਹੁਣ ਸਾਡੀ ਜ਼ਿੰਮੇਵਾਰੀ ਹੈ ਕਿ ਉਨ੍ਹਾਂ ਦੇ ਅੰਤਿਮ ਸਾਹ ਤੱਕ ਉਨ੍ਹਾਂ ਨੂੰ ਇਹ ਅਹਿਸਾਸ ਦਿਵਾਈਏ ਕਿ ਉਹ ਅਜੇ ਵੀ ਜ਼ਰੂਰੀ ਹਨ। ਉਹ ਬੋਝ ਨਹੀਂ, ਸਗੋਂ ਪਿਆਰ, ਸਤਿਕਾਰ ਅਤੇ ਮਕਸਦ ਦਾ ਸਹਾਰਾ ਹਨ। ਉਦੋਂ ਹੀ ਘਰ ’ਚ ਸ਼ਾਂਤੀ ਪਰਤੇਗੀ ਅਤੇ ਸਮਾਜ ’ਚ ਉਹ ਸੱਭਿਆਚਾਰ ਬਚੇਗਾ ਜਿਸ ਨੂੰ ਅਸੀਂ ਸਦੀਆਂ ਤੋਂ ਸੰਭਾਲਿਆ ਹੋਇਆ ਹੈ—ਜਿੱਥੇ ਬਜ਼ੁਰਗ ਭਗਵਾਨ ਦੇ ਬਰਾਬਰ ਮੰਨੇ ਜਾਂਦੇ ਸਨ। ਬਜ਼ੁਰਗਾਂ ਨੂੰ ਆਰਾਮ ਦਿਓ, ਪਰ ਜ਼ਿੰਮੇਵਾਰੀ ਵਾਪਸ ਦਿਓ। ਉਦੋਂ ਹੀ ਆਧੁਨਿਕ ਸਮਾਜ ਸੱਚਮੁੱਚ ਸੁਖੀ ਅਤੇ ਸੰਤੁਲਿਤ ਬਣੇਗਾ।

- ਵਿਨੀਤ ਨਾਰਾਇਣ


author

Anmol Tagra

Content Editor

Related News