ਯੋਗੀ ਦਾ ਕੱਦ ਘਟਾਉਣ ਨਾਲ ਯੂ. ਪੀ. ਦੀਆਂ ਸੀਟਾਂ ਘਟੀਆਂ

06/30/2024 7:11:10 PM

ਲੋਕ ਸਭਾ ਦੀਆਂ ਚੋਣਾਂ ’ਚ ਉੱਤਰ ਪ੍ਰਦੇਸ਼ ’ਚ ਸੀਟਾਂ ਘੱਟ ਮਿਲਣ ਦੇ ਕਾਰਨ ਭਾਜਪਾ ਬਹੁਮਤ ਦਾ ਅੰਕੜਾ ਪਾਰ ਨਹੀਂ ਕਰ ਸਕੀ। ਇਸ ਦੇ ਬਾਰੇ ’ਚ ਕਈ ਤਰ੍ਹਾਂ ਦੀਆਂ ਗੱਲਾਂ ਕਹੀਆਂ ਜਾ ਰਹੀਆਂ ਹਨ। ਦਰਅਸਲ ਸੂਬੇ ਅਤੇ ਦੇਸ਼ ’ਚ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਦੀ ਵਧਦੀ ਪ੍ਰਸਿੱਧੀ ਤੋਂ ਉਨ੍ਹਾਂ ਦੇ ਮੰਤਰੀ ਮੰਡਲ ਦੇ ਹੀ ਕੁਝ ਲੋਕ ਬੜੇ ਪ੍ਰੇਸ਼ਾਨ ਹਨ। ਇਨ੍ਹਾਂ ਮੰਤਰੀਆਂ ਦੀ ਮੁੱਖ ਮੰਤਰੀ ਬਣਨ ਦੀ ਲਾਲਸਾ ਵੀ ਹੁਲਾਰੇ ਮਾਰ ਰਹੀ ਹੈ।

ਜਾਣੇ-ਅਣਜਾਣੇ ’ਚ ਕੁਝ ਕੇਂਦਰੀ ਨੇਤਾਵਾਂ ਦੀ ਵੀ ਇਨ੍ਹਾਂ ਨੂੰ ਸ਼ਹਿ ਮਿਲ ਰਹੀ ਸੀ। ਇਹ ਲੋਕ ਨਹੀਂ ਚਾਹੁੰਦੇ ਸਨ ਕਿ ਯੋਗੀ ਦੀ ਪ੍ਰਸਿੱਧੀ ਵਧੇ। ਇਸ ਲਈ ਲੋਕ ਸਭਾ ਚੋਣਾਂ ’ਚ ਭਾਜਪਾ ਨੂੰ ਜਿਤਾਉਣ ਅਤੇ ਵਧਾਉਣ ’ਚ ਇਨ੍ਹਾਂ ਦੀ ਕੋਈ ਵਿਸ਼ੇਸ਼ ਸਰਗਰਮੀ ਵੀ ਦਿਖਾਈ ਨਹੀਂ ਦਿੱਤੀ।

ਹੁਣ ਪਾਰਟੀ ਸੰਗਠਨ ਇਕ ਟਾਸਕ ਫੋਰਸ ਬਣਾ ਕੇ ਇਨ੍ਹਾਂ ਦੇ ਕਾਰਨਾਂ ਦੀ ਪੜਤਾਲ ਕਰ ਰਿਹਾ ਹੈ। ਸੂਬੇ ’ਚ ਭਾਜਪਾ ਦੀਆਂ ਸੀਟਾਂ ਘਟਣ ਦੇ ਕਈ ਕਾਰਨ ਦੱਸੇ ਜਾ ਰਹੇ ਹਨ। ਪਹਿਲਾ ਕਾਰਨ ਦੋ ਵਾਰ ਲਗਾਤਾਰ ਚੋਣ ਜਿੱਤਣ ਵਾਲੇ ਸੰਸਦ ਮੈਂਬਰਾਂ ਦਾ ਆਪਣੇ-ਆਪਣੇ ਹਲਕੇ ’ਚ ਭਾਜਪਾ ਦੇ ਵਰਕਰਾਂ ਦੇ ਨਾਲ-ਨਾਲ ਜਨਤਾ ਨਾਲੋਂ ਸੰਪਰਕ ਟੁੱਟ ਗਿਆ ਸੀ।

ਜੇਕਰ ਤੁਸੀਂ ਸੰਸਦ ਮੈਂਬਰ ਜਾਂ ਵਿਧਾਇਕ ਹੋ ਤਾਂ ਤੁਹਾਨੂੰ ਆਪਣੇ ਹਲਕੇ ਦਾ ਬਰਾਬਰ ਦੌਰਾ ਕਰਨਾ ਚਾਹੀਦਾ ਹੈ। ਲੋਕਾਂ ਦੇ ਦੁੱਖ-ਦਰਦ ’ਚ ਸ਼ਾਮਲ ਹੋਣਾ ਚਾਹੀਦਾ ਹੈ। ਉਨ੍ਹਾਂ ਦੀਆਂ ਸਮੱਸਿਆਵਾਂ ਜਾਣਨੀਆਂ ਚਾਹੀਦੀਆਂ ਹਨ। ਜਨਤਾ ਤੁਹਾਡੇ ਤੋਂ ਇਹੀ ਆਸ ਕਰਦੀ ਹੈ। ਇਹ ਲੋਕ ਮੋਦੀ ਅਤੇ ਯੋਗੀ ਦੇ ਸਹਾਰੇ ਚੋਣ ਜਿੱਤਣ ਦੀਆਂ ਆਸਾਂ ਲਾਈ ਬੈਠੇ ਸਨ, ਇਸ ਲਈ ਆਪਣੇ ਹਲਕਿਆਂ ’ਚ ਜਨਤਾ ਨਾਲ ਸੰਪਰਕ ਕਰਨ ਦੀ ਲੋੜ ਨਹੀਂ ਸਮਝੀ।

ਇਹ ਲੋਕ ਆਪਣੇ ਘਰ ’ਚ ਹੀ ਠੇਕਾ-ਪੱਟਾ ਹਾਸਲ ਕਰਨ ਵਾਲਿਆਂ ਦਾ ਦਰਬਾਰ ਲਾਉਂਦੇ ਰਹੇ। ਅਜਿਹੇ ਲੋਕਾਂ ਨੂੰ ਦੁਬਾਰਾ ਟਿਕਟ ਦੇਣ ਵਾਲੇ ਨੇਤਾ ਵੀ ਆਪਣੀ ਜ਼ਿੰਮੇਵਾਰੀ ਤੋਂ ਬਚ ਨਹੀਂ ਸਕਦੇ ਹਨ। ਦੂਜਾ ਵੱਡਾ ਕਾਰਨ ਭਾਜਪਾ ਸੂਬਾ ਅਤੇ ਜ਼ਿਲਾ ਸੰਗਠਨ ਵੀ ਜਨਤਾ ਤੋਂ ਦੂਰ ਹੋ ਗਿਆ ਹੈ।

ਭਾਜਪਾ ਸੂਬਾ ਪ੍ਰਧਾਨ ਨੇ ਕਿੰਨੇ ਜ਼ਿਲਿਆਂ ’ਚ ਸੰਗਠਨ ਨੂੰ ਮਜ਼ਬੂਤ ਕਰਨ ਲਈ ਕਿੰਨੀ ਵਾਰ ਦੌਰਾ ਕੀਤਾ, ਇਸ ਦਾ ਕੋਈ ਵੇਰਵਾ ਪਾਰਟੀ ਸੰਗਠਨ ਕੋਲ ਨਹੀਂ ਹੈ। ਸੂਬਾ ਪਾਰਟੀ ਦਾ ਆਈ. ਟੀ. ਸੈੱਲ ਪੂਰੀ ਤਰ੍ਹਾਂ ਢਹਿ-ਢੇਰੀ ਹੋ ਚੁੱਕਾ ਹੈ।

ਬ੍ਰਾਹਮਣਾਂ-ਠਾਕੁਰਾਂ ਨੂੰ ਲੜਾਇਆ ਗਿਆ, ਦਲਿਤਾਂ ਤੇ ਪੱਛੜਿਆਂ ਨੂੰ ਭਰਮਾਇਆ ਗਿਆ। ਇਨ੍ਹਾਂ ਰਾਹੀਂ ਰਿਜ਼ਰਵੇਸ਼ਨ ਖਤਮ ਕਰਨ ਤੋਂ ਲੈ ਕੇ ਸੰਵਿਧਾਨ ਬਦਲਣ ਤੱਕ ਦੀਆਂ ਗੱਲਾਂ ਕਹੀਆਂ ਗਈਆਂ ਜਿਸ ਦਾ ਸੂਬਾ ਭਾਜਪਾ ਦਾ ਆਈ. ਟੀ. ਸੈੱਲ ਕੋਈ ਜਵਾਬ ਨਹੀਂ ਦੇ ਸਕਿਆ।

ਹਰ ਲੋਕ ਸਭਾ ਅਤੇ ਵਿਧਾਨ ਸਭਾ ਚੋਣਾਂ ਦੇ 6 ਮਹੀਨੇ ਪਹਿਲਾਂ ਹੀ ਵੋਟਰ ਸੂਚੀਆਂ ’ਚ ਪੋਲਿੰਗ, ਬੂਥ ਪੱਧਰ ’ਤੇ ਸੋਧ ਅਤੇ ਤਬਦੀਲੀ ਹੁੰਦੀ ਹੈ। ਜੇਕਰ ਭਾਜਪਾ ਸੰਗਠਨ ਦੇ ਵਰਕਰ ਆਪਣੇ-ਆਪਣੇ ਪੋਲਿੰਗ ਬੂਥਾਂ ’ਤੇ ਸਰਗਰਮ ਰਹਿੰਦੇ ਤਾਂ ਹਜ਼ਾਰਾਂ ਭਾਜਪਾ ਸਮਰਥਕਾਂ ਦੇ ਨਾਂ ਵੋਟਰ ਸੂਚੀ ’ਤੋਂ ਨਾ ਕੱਟੇ ਜਾਂਦੇ।

ਕਾਂਗਰਸ ਪਾਰਟੀ ਦੇ ਨੇਤਾ ਰਾਹੁਲ ਗਾਂਧੀ ਦਾ ਗਾਰੰਟੀ ਕਾਰਡ ਦਾ ਫਾਰਮ ਖਾਸ ਤੌਰ ’ਤੇ ਘੱਟਗਿਣਤੀਆਂ, ਅਨਪੜ੍ਹ ਅਤੇ ਗਰੀਬ ਔਰਤਾਂ ਕੋਲੋਂ ਭਰਵਾਇਆ ਗਿਆ। ਉਨ੍ਹਾਂ ਨੂੰ ਡਰ ਸੀ ਕਿ 3 ਤਲਾਕ ਦੇ ਮਾਮਲੇ ਖਤਮ ਕਰਨ ਕਾਰਨ ਇਹ ਔਰਤਾਂ ਭਾਜਪਾ ਨੂੰ ਵੋਟਾਂ ਪਾ ਸਕਦੀਆਂ ਹਨ। ਕਾਟ ਲਈ ਪਾਰਟੀ ਪੱਧਰ ’ਤੇ ਕੋਈ ਯਤਨ ਨਹੀਂ ਕੀਤਾ ਗਿਆ। ਮੁਖੀਆਂ ਦੀ ਸਾਰੇ ਜ਼ਿਲਿਆਂ ’ਚ ਫਰਜ਼ੀ ਸੂਚੀ ਬਣਾਈ ਗਈ ਜੋ ਅਸਲ ’ਚ ਕਿਤੇ ਸਨ ਹੀ ਨਹੀਂ।

ਫਿਲਹਾਲ ਪਾਰਟੀ ਸੰਗਠਨ ਇਸ ਹਾਰ ਦੀ ਸਮੀਖਿਆ ਲਈ ਬਣਾਈ ਗਈ ਟਾਸਕ ਫੋਰਸ ਦੀਆਂ ਸੂਚਨਾਵਾਂ ਦੀ ਉਡੀਕ ਕਰ ਰਿਹਾ ਹੈ ਪਰ ਇੱਥੇ ਸਵਾਲ ਇਹ ਉੱਠਦਾ ਹੈ ਕਿ ਕੀ ਕੋਈ ਸੰਗਠਨ ਖੁਦ ਆਪਣੀਆਂ ਕਮੀਆਂ ਨੂੰ ਪ੍ਰਵਾਨ ਕਰੇਗਾ? ਇਸ ਟਾਸਕ ਫੋਰਸ ਦੇ ਕੰਮ ਲਈ ਦੂਜੇ ਸੂਬਿਆਂ ਦੇ ਲੋਕਾਂ ਨੂੰ ਲਾਇਆ ਗਿਆ ਹੁੰਦਾ ਤਾਂ ਸ਼ਾਇਦ ਸਹੀ ਜਾਣਕਾਰੀ ਸਾਹਮਣੇ ਆਉਂਦੀ।

ਲੋਕ ਸਭਾ ਚੋਣਾਂ ’ਚ ਭਾਜਪਾ ਨੂੰ ਉੱਤਰ ਪ੍ਰਦੇਸ਼ ’ਚ 2019 ’ਚ ਜਿੱਥੇ 62 ਸੀਟਾਂ ਮਿਲੀਆਂ ਸਨ, ਉੱਥੇ 2024 ਦੀਆਂ ਆਮ ਚੋਣਾਂ ’ਚ 33 ’ਤੇ ਸਬਰ ਕਰਨਾ ਪਿਆ। ਭਾਜਪਾ ਨੂੰ ਉੱਤਰ ਪ੍ਰਦੇਸ਼ ਵਰਗੇ ਸੂਬੇ ’ਚ 29 ਸੀਟਾਂ ਘੱਟ ਮਿਲਣ ਦੀ ਪੂਰੇ ਦੇਸ਼ ’ਚ ਚਰਚਾ ਹੈ। ਹੁਣ ਪਾਰਟੀ ਵੀ ਇਸ ’ਤੇ ਮੰਥਨ ’ਚ ਲੱਗੀ ਹੈ ਤੇ ਪੂਰਾ ਫੀਡਬੈਕ ਲੈਣ ਦੇ ਬਾਅਦ ਕੁਝ ਐਕਸ਼ਨ ਹੋ ਸਕਦਾ ਹੈ।

ਭਾਜਪਾ ਨੂੰ ਸਭ ਤੋਂ ਵੱਧ ਹੈਰਾਨੀ ਅਮੇਠੀ, ਫੈਜ਼ਾਬਾਦ (ਅਯੁੱਧਿਆ ਵਾਲੀ ਸੀਟ), ਬਲੀਆ ਤੇ ਸੁਲਤਾਨਪੁਰ ਵਰਗੀਆਂ ਸੀਟਾਂ ’ਤੇ ਹਾਰ ਤੋਂ ਹੈ। ਇਨ੍ਹਾਂ ਸੀਟਾਂ ਨੂੰ ਭਾਜਪਾ ਲਈ ਮਜ਼ਬੂਤ ਮੰਨਿਆ ਜਾਂਦਾ ਸੀ। ਅਮੇਠੀ ’ਚ ਸਮ੍ਰਿਤੀ ਇਰਾਨੀ ਦੀ ਕਾਂਗਰਸ ਦੇ ਇਕ ਆਮ ਵਰਕਰ ਤੋਂ ਹਾਰ ਨੇ ਪੂਰੇ ਨੈਰੇਟਿਵ ਨੂੰ ਸੱਟ ਮਾਰੀ ਹੈ।

ਇਸ ਦੇ ਇਲਾਵਾ ਅਯੁੱਧਿਆ ਦੀ ਹਾਰ ਵੀ ਕੰਨ ਖੜ੍ਹੇ ਕਰਨ ਵਾਲੀ ਹੈ। ਸੁਲਤਾਨਪੁਰ ਤੋਂ ਮੇਨਕਾ ਗਾਂਧੀ ਵੀ ਚੋਣ ਹਾਰ ਗਈ ਜੋ ਲਗਾਤਾਰ ਜਿੱਤਦੀ ਰਹੀ ਹੈ। ਫਿਰ ਅਯੁੱਧਿਆ ਦੀ ਹਾਰ ਨੇ ਤਾਂ ਪੂਰੇ ਨੈਰੇਟਿਵ ਨੂੰ ਹੀ ਸੱਟ ਮਾਰੀ ਹੈ। ਭਾਜਪਾ ਨੂੰ ਉਸ ਸੀਟ ’ਤੇ ਹਾਰਨਾ ਪੈ ਗਿਆ, ਜਿੱਥੇ ਇਤਿਹਾਸਕ ਰਾਮ ਮੰਦਰ ਬਣਿਆ ਹੈ।

500 ਸਾਲਾਂ ਦੇ ਇਤਿਹਾਸ ਦਾ ਚੱਕਰ ਜਿਸ ਅਯੁੱਧਿਆ ’ਚ ਘੁੰਮਿਆ, ਉੱਥੇ ਅਜਿਹੀ ਹਾਰ ਨੇ ਭਾਜਪਾ ਨੂੰ ਹੈਰਾਨ ਕਰ ਦਿੱਤਾ। ਹੁਣ ਪਾਰਟੀ ਪੂਰੇ ਨੈਰੇਟਿਵ ਨੂੰ ਕਿਵੇਂ ਸੈੱਟ ਕਰੇ ਅਤੇ ਆਪਣੀ ਹਾਰ ਨੂੰ ਕਿਵੇਂ ਪਚਾ ਸਕੇ, ਇਸ ਦੀ ਤਿਆਰੀ ’ਚ ਲੱਗੀ ਹੈ। ਸੂਤਰਾਂ ਦਾ ਕਹਿਣਾ ਹੈ ਕਿ ਭਾਜਪਾ ਨੂੰ ਆਰ. ਐੱਸ. ਐੱਸ. ਅਤੇ ਉਸ ਦੇ ਵੰਸ਼ਵਾਸੀ ਸੰਗਠਨਾਂ ਤੋਂ ਵੀ ਫੀਡਬੈਕ ਮਿਲੇਗੀ। ਸੰਘ ਦੇ ਲੋਕਾਂ ਨੂੰ ਵੀ ਕਿਹਾ ਗਿਆ ਹੈ ਕਿ ਸਮੀਖਿਆ ਕਰ ਕੇ ਦੱਸਣ ਕਿ ਹਾਰ ਦੇ ਕੀ ਕਾਰਨ ਰਹੇ।

ਉੱਤਰ ਪ੍ਰਦੇਸ਼ ’ਚ ਭਾਰਤੀ ਜਨਤਾ ਪਾਰਟੀ (ਭਾਜਪਾ) ਦੀ ਮੁਕੰਮਲ ਬਹੁਮਤ ਦੀ ਸਰਕਾਰ ਬਣਨ ਦੀਆਂ ਆਸਾਂ ਨੂੰ ਕਰਾਰਾ ਝਟਕਾ ਲੱਗਾ ਹੈ। ਇਹ ਚੋਣ ਨਤੀਜੇ ਸੂਬਾ ਸਰਕਾਰ ਦੇ ਮੰਤਰੀਆਂ ਲਈ ਸਬਕ ਹੈ। ਮੰਤਰੀਆਂ ਨੂੰ ਭਾਜਪਾ ਦੇ ਵਰਕਰਾਂ ਅਤੇ ਜਨਤਾ ਦੇ ਸੰਪਰਕ ’ਚ ਰਹਿਣਾ ਚਾਹੀਦਾ ਹੈ ਤੇ ਉਨ੍ਹਾਂ ਦੀਆਂ ਲੋਕਹਿੱਤ ਦੀਆਂ ਸਮੱਸਿਆਵਾਂ ਦਾ ਹੱਲ ਕਰਦੇ ਰਹਿਣਾ ਚਾਹੀਦਾ ਹੈ। ਜੇਕਰ ਉਹ ਅਜਿਹਾ ਨਹੀਂ ਕਰਨਗੇ ਤਾਂ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ’ਚ ਉਨ੍ਹਾਂ ਦਾ ਅਤੇ ਪਾਰਟੀ ਦਾ ਚੋਣ ਜਿੱਤਣਾ ਔਖਾ ਹੋ ਜਾਵੇਗਾ।

ਨਿਰੰਕਾਰ ਸਿੰਘ


Rakesh

Content Editor

Related News