ਤੂ ਇਧਰ-ਉਧਰ ਕੀ ਨਾ ਬਾਤ ਕਰ

Friday, Sep 06, 2024 - 05:13 PM (IST)

ਪਿਛਲੇ ਹਫਤੇ ਨੈੱਟਫਲਿਕਸ ’ਤੇ ਸੱਚੀਆਂ ਘਟਨਾਵਾਂ ’ਤੇ ਆਧਾਰਿਤ ਇਕ ਵੈੱਬ ਸੀਰੀਜ਼ ਰਿਲੀਜ਼ ਹੋਈ ਸੀ, ਜਿਸ ਨੂੰ ਲੈ ਕੇ ਕਾਫੀ ਹੰਗਾਮਾ ਹੋਇਆ। ਜਿਵੇਂ ਹੀ ਮੁੱਦਾ ਵਧਿਆ, ਨੈੱਟਫਲਿਕਸ ਨੇ ਬਿਨਾਂ ਕਿਸੇ ਦੇਰੀ ਦੇ ਸਪੱਸ਼ਟੀਕਰਨ ਵੀ ਦੇ ਦਿੱਤਾ ਪਰ ਜਿਸ ਤਰ੍ਹਾਂ ਸੱਤਾਧਾਰੀ ਧਿਰ ਅਤੇ ਵਿਰੋਧੀ ਧਿਰ ਇਕ-ਦੂਜੇ ’ਤੇ ਦੋਸ਼ ਲਗਾ ਰਹੀਆਂ ਹਨ, ਉਸ ਸਥਿਤੀ ’ਤੇ ਪ੍ਰਸਿੱਧ ਸ਼ਾਇਰ ਸ਼ਹਾਬ ਜਾਫਰੀ ਦਾ ਇਹ ਸ਼ੇਅਰ ਬਿਲਕੁਲ ਢੁੱਕਦਾ ਹੈ, ‘ਤੂ ਇਧਰ-ਉਧਰ ਕੀ ਨਾ ਬਾਤ ਕਰ, ਯੇ ਬਤਾ ਕਿ ਕਾਫਿਲਾ ਕਿਉਂ ਲੁਟਾ? ਮੁਝੇ ਰਹਿਜ਼ਨੋਂ ਸੇ ਗਿਲਾ ਨਹੀਂ ਤੇਰੀ ਰਹਿਬਰੀ ਕਾ ਸਵਾਲ ਹੈ।’

ਅੱਜ ਅਸੀਂ ਦੇਸ਼ ਦੇ ਇਤਿਹਾਸ ਵਿਚ ਸਭ ਤੋਂ ਭਿਆਨਕ ਹਵਾਈ ਹਾਈਜੈਕਿੰਗ ਬਾਰੇ ਗੱਲ ਕਰਾਂਗੇ। ਇਸ ਹਾਈਜੈਕ ’ਤੇ ਬਣੀ ਵੈੱਬ ਸੀਰੀਜ਼ ਨੂੰ ਲੈ ਕੇ ਇਨ੍ਹੀਂ ਦਿਨੀਂ ਕਾਫੀ ਹੰਗਾਮਾ ਹੋ ਰਿਹਾ ਹੈ ਪਰ ਸਵਾਲ ਇਹ ਪੈਦਾ ਹੁੰਦਾ ਹੈ ਕਿ ਜੇਕਰ ਓ. ਟੀ. ਟੀ. ਪਲੇਟਫਾਰਮ ਨੇ ਗਲਤੀ ਨੂੰ ਸੁਧਾਰ ਹੀ ਲਿਆ ਹੈ ਤਾਂ ਫਿਰ ਰੌਲਾ ਕਿਸ ਗੱਲ ਦਾ ਹੈ? ਜੇਕਰ ਕੋਈ ਹੰਗਾਮਾ ਜਾਂ ਵਿਵਾਦ ਹੋਣਾ ਹੀ ਹੈ, ਤਾਂ ਉਸ ਸਮੇਂ ਦੇ ਹਾਲਾਤ ਨੂੰ ਲੈ ਕੇ ਹੋਵੇ ਤਾਂ ਸ਼ਾਇਦ ਸੱਚਾਈ ਲੋਕਾਂ ਦੇ ਸਾਹਮਣੇ ਆ ਜਾਵੇ।

ਜੇਕਰ ਤੁਹਾਡੀ ਰੇਲਗੱਡੀ ਜਾਂ ਫਲਾਈਟ ਕੁਝ ਘੰਟਿਆਂ ਲਈ ਲੇਟ ਹੋ ਜਾਂਦੀ ਹੈ ਤਾਂ ਆਸਾਨੀ ਨਾਲ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਤੁਸੀਂ ਕਿੰਨੇ ਪਰੇਸ਼ਾਨ ਹੁੰਦੇ ਹੋ ਪਰ ਜੇ ਤੁਸੀਂ ਆਪਣੀ ਮੰਜ਼ਿਲ ਵੱਲ ਜਾ ਰਹੇ ਹੋ ਅਤੇ ਅਚਾਨਕ ਤੁਹਾਡਾ ਜਹਾਜ਼ ਹਾਈਜੈਕ ਹੋ ਜਾਂਦਾ ਹੈ ਤਾਂ ਇਹ ਅੰਦਾਜ਼ਾ ਲਗਾਉਣਾ ਮੁਸ਼ਕਲ ਹੈ ਕਿ ਤੁਹਾਡੇ ਮਨ ਦੀ ਸਥਿਤੀ ਕੀ ਹੋਵੇਗੀ।

ਹਾਈਜੈਕਿੰਗ ਵਰਗੀਆਂ ਘਟਨਾਵਾਂ ਨਾ ਸਿਰਫ਼ ਮੁਸਾਫ਼ਰਾਂ ਲਈ ਸਗੋਂ ਮੁਸਾਫ਼ਰਾਂ ਦੇ ਪਰਿਵਾਰਾਂ ਅਤੇ ਸਰਕਾਰ ਲਈ ਵੀ ਪ੍ਰੇਸ਼ਾਨੀ ਦਾ ਸਬੱਬ ਬਣ ਜਾਂਦੀਆਂ ਹਨ ਕਿਉਂਕਿ ਨਾ ਤਾਂ ਕੋਈ ਸਰਕਾਰ ਅਤੇ ਨਾ ਹੀ ਕੋਈ ਯਾਤਰੀ ਇਨ੍ਹਾਂ ਹਾਲਾਤ ਲਈ ਤਿਆਰ ਹੁੰਦਾ ਹੈ। 1999 ਵਿਚ ਆਈ. ਸੀ.-814 ਦੀ ਹਾਈਜੈਕਿੰਗ ਭਾਰਤੀ ਇਤਿਹਾਸ ਵਿਚ ਸਭ ਤੋਂ ਲੰਬਾ ਸਮਾਂ ਚੱਲਣ ਵਾਲੀ ਹਾਈਜੈਕਿੰਗ ਹੈ।

ਇਸ ਅਗਵਾ ਕਾਂਡ ਸਬੰਧੀ ਤਤਕਾਲੀ ਸਰਕਾਰ ਵੱਲੋਂ ‘ਲਏ ਗਏ’ ਅਤੇ ‘ਨਾ ਲਏ ਗਏ’ ਫੈਸਲਿਆਂ ਨੂੰ ਲੈ ਕੇ ਵਿਵਾਦ ਇਕ ਵਾਰ ਫਿਰ ਗਰਮਾ ਗਿਆ ਹੈ। ਸੱਤਾਧਾਰੀ ਪਾਰਟੀ ਦਾ ਕਹਿਣਾ ਹੈ ਕਿ ਨੈੱਟਫਲਿਕਸ ’ਤੇ ਦਿਖਾਈ ਗਈ ਵੈੱਬ ਸੀਰੀਜ਼ ਨੇ ਤੱਥਾਂ ਨੂੰ ਤੋੜ-ਮਰੋੜ ਕੇ ਪੇਸ਼ ਕੀਤਾ ਹੈ। ਜੇਕਰ ਅਜਿਹਾ ਹੈ ਤਾਂ ਨਿਰਮਾਤਾਵਾਂ ਵਲੋਂ ਅਜਿਹਾ ਕਰਨਾ ਬਿਲਕੁਲ ਗਲਤ ਹੈ। ਇਸ ਦੇ ਨਾਲ ਹੀ ਇਸ ਜਹਾਜ਼ ’ਚ ਮੌਜੂਦ ਇਕ ਮਹਿਲਾ ਯਾਤਰੀ ਦਾ ਵੀਡੀਓ ਵੀ ਸੋਸ਼ਲ ਮੀਡੀਆ ’ਤੇ ਜਾਰੀ ਕੀਤਾ ਗਿਆ ਹੈ, ਜਿਸ ਨੇ ਖੁੱਲ੍ਹ ਕੇ ਕਿਹਾ ਹੈ ਕਿ ਵੈੱਬ ਸੀਰੀਜ਼ ’ਚ ਦਿਖਾਈਆਂ ਗਈਆਂ ਸਾਰੀਆਂ ਘਟਨਾਵਾਂ ਸੱਚ ਹਨ।

ਵਿਵਾਦ ਦੀ ਗੱਲ ਕਰੀਏ ਤਾਂ ਸੱਤਾਧਾਰੀ ਪਾਰਟੀ ਨੂੰ ਇਤਰਾਜ਼ ਸੀ ਕਿ ਵੈੱਬ ਸੀਰੀਜ਼ ਦੇ ਨਿਰਮਾਤਾਵਾਂ ਨੇ ਪਾਕਿਸਤਾਨੀ ਮੂਲ ਦੇ ਅਗਵਾਕਾਰਾਂ ਦੇ ਅਸਲੀ ਨਾਂ ਨਹੀਂ ਦੱਸੇ। ਸਿਰਫ਼ ਉਨ੍ਹਾਂ ਦੇ ਕੋਡ ਨਾਵਾਂ ਦਾ ਹੀ ਪ੍ਰਚਾਰ ਕੀਤਾ ਗਿਆ ਹੈ।

ਕਿਉਂਕਿ ਮੈਂ ਇਸ ਵੈੱਬ ਸੀਰੀਜ਼ ਨੂੰ ਪੂਰੀ ਤਰ੍ਹਾਂ ਦੇਖ ਲਿਆ ਹੈ, ਇਸ ਲਈ ਮੈਂ ਅਤੇ ਮੇਰੇ ਵਰਗੇ ਸਾਰੇ ਦਰਸ਼ਕ ਇਸ ਗੱਲ ਦੀ ਪੁਸ਼ਟੀ ਕਰ ਸਕਦੇ ਹਨ ਕਿ ਇਸ ਵੈੱਬ ਸੀਰੀਜ਼ ਵਿਚ ਭਾਰਤ ਦੀਆਂ ਖੁਫੀਆ ਏਜੰਸੀਆਂ ਦੇ ਜਿਨ੍ਹਾਂ ਅਧਿਕਾਰੀਆਂ ਨੂੰ ਦਿਖਾਇਆ ਗਿਆ ਹੈ, ਉਨ੍ਹਾਂ ’ਚੋਂ ਕਈ ਅਫਸਰਾਂ ਨੇ ਇਨ੍ਹਾਂ ਅੱਤਵਾਦੀ ਅਗਵਾਕਾਰਾਂ ਦੇ ਅਸਲੀ ਨਾਂ ਵੀ ਲਏ ਹਨ।

ਪਰ ਇਸ ਤੱਥ ਨੂੰ ਵੀ ਨਹੀਂ ਝੁਠਲਾਇਆ ਜਾ ਸਕਦਾ ਕਿ ਹਾਈਜੈਕਿੰਗ (ਅਗਵਾ) ਦੌਰਾਨ ਆਈ. ਸੀ.-814 ’ਚ ਸਵਾਰ ਯਾਤਰੀਆਂ ਨੇ ਪੁੱਛਗਿੱਛ ’ਚ ਦੱਸਿਆ ਸੀ ਕਿ ਅਗਵਾਕਾਰ ਇਕ-ਦੂਜੇ ਨੂੰ ਬੁਲਾਉਣ ਲਈ ਕੋਡਨੇਮ ਦੀ ਵਰਤੋਂ ਕਰ ਰਹੇ ਸਨ। ਇਹ ਕੋਡਨੇਮ ਚੀਫ, ਡਾਕਟਰ, ਬਰਗਰ, ਭੋਲਾ ਅਤੇ ਸ਼ੰਕਰ ਸਨ।

ਇਹ ਗੱਲ ਵੀ ਸਹੀ ਹੈ ਕਿ ਇਨ੍ਹਾਂ ਦੇ ਅਸਲੀ ਨਾਂ ਇਬ੍ਰਾਹਿਮ ਅਤਹਰ, ਸ਼ਾਹਿਦ ਅਖਤਰ ਸਈਦ, ਸ਼ਨੀ ਅਹਿਮਦ ਕਾਜ਼ੀ, ਮਿਸਤਰੀ ਜ਼ਹੂਰ ਇਬ੍ਰਾਹਿਮ ਅਤੇ ਸ਼ਾਕਿਰ ਸਨ। ਇਨ੍ਹਾਂ ਨਾਵਾਂ ਦਾ ਖੁਲਾਸਾ 6 ਜਨਵਰੀ, 2000 ਨੂੰ ਕੇਂਦਰੀ ਗ੍ਰਹਿ ਮੰਤਰਾਲਾ ਵਲੋਂ ਜਾਰੀ ਇਕ ਬਿਆਨ ’ਚ ਕੀਤਾ ਗਿਆ ਸੀ।

ਜਿਸ ਗੱਲ ਨੂੰ ਲੈ ਕੇ ਇਸ ਵੈੱਬ ਸੀਰੀਜ਼ ਨੂੰ ਲੈ ਕੇ ਹੰਗਾਮਾ ਹੋਇਆ ਹੈ ਉਹ ਇਹ ਹੈ ਕਿ ਅਜਿਹੇ ਅੱਤਵਾਦੀਆਂ ਨੂੰ ਹਿੰਦੂ ਕੋਡਨੇਮ ਨਾਲ ਕਿਉਂ ਬੁਲਾਇਆ ਗਿਆ ਹੈ? ਧਿਆਨ ਯੋਗ ਹੈ ਕਿ ਜਿਸ ਕਿਸੇ ਨੇ ਵੀ ਇਸ ਵੈੱਬ ਸੀਰੀਜ਼ ਨੂੰ ਦੇਖਿਆ ਹੈ, ਉਹ ਆਸਾਨੀ ਨਾਲ ਇਸ ਗੱਲ ਦੀ ਪੁਸ਼ਟੀ ਕਰ ਸਕਦਾ ਹੈ ਕਿ ਨੇਪਾਲ ਸਥਿਤ ਪਾਕਿਸਤਾਨੀ ਹਾਈ ਕਮਿਸ਼ਨ ਦੇ ਅਧਿਕਾਰੀ ਕਿਸ ਤਰ੍ਹਾਂ ਉਨ੍ਹਾਂ ਨਾਲ ਸਹਿਯੋਗ ਕਰ ਰਹੇ ਸਨ।

ਜਹਾਜ਼ ’ਚ ਸਫਰ ਕਰਨ ਤੋਂ ਪਹਿਲਾਂ ਇਨ੍ਹਾਂ ਅੱਤਵਾਦੀਆਂ ਦੇ ਪਹਿਰਾਵੇ ਤੋਂ ਵੀ ਸਪੱਸ਼ਟ ਹੋ ਜਾਂਦਾ ਹੈ ਕਿ ਉਹ ਹਿੰਦੂ ਨਹੀਂ ਸਨ। ਤਾਂ ਫਿਰ ਬਿਨਾਂ ਕਿਸੇ ਕਾਰਨ ਦੇ ਹੰਗਾਮਾ ਕਿਉਂ? ਇਸ ਦੇ ਨਾਲ ਹੀ ਉਸ ਸਮੇਂ ਦੇ ਸੀਨੀਅਰ ਪੁਲਸ ਅਧਿਕਾਰੀ, ਜੋ ਹੁਣ ਸੇਵਾਮੁਕਤ ਹੋ ਚੁੱਕੇ ਹਨ, ਦਾ ਮੰਨਣਾ ਹੈ ਕਿ ਆਈ. ਸੀ.-814 ਦੀ ਹਾਈਜੈਕਿੰਗ ਨੂੰ ਭਾਰਤ ਸਰਕਾਰ ਵੱਲੋਂ ਸਹੀ ਢੰਗ ਨਾਲ ‘ਮੈਨੇਜ’ ਨਹੀਂ ਕੀਤਾ ਗਿਆ ਸੀ।

ਕਿਵੇਂ ਇਕ ਸਰਕਾਰੀ ਵਿਭਾਗ ਦੂਜੇ ਵਿਭਾਗ ’ਤੇ ਜ਼ਿੰਮੇਵਾਰੀ ਪਾਉਂਦਾ ਰਿਹਾ। ਇਕ ਟੀ. ਵੀ. ਚੈਨਲ ਨੂੰ ਇੰਟਰਵਿਊ ਦਿੰਦੇ ਹੋਏ ਜੰਮੂ-ਕਸ਼ਮੀਰ ਦੇ ਸਾਬਕਾ ਡੀ. ਜੀ. ਪੀ. ਡਾ. ਐੱਸ. ਪੀ. ਵੈਦ ਅਨੁਸਾਰ, “ਉਸ ਸਮੇਂ ਦੀ ਸਰਕਾਰ ਦੇ ਸੰਕਟ ਪ੍ਰਬੰਧਨ ਸਮੂਹ ਨੇ ਫੈਸਲੇ ਲੈਣ ਵਿਚ ਬਹੁਤ ਦੇਰ ਕਰ ਦਿੱਤੀ।

ਜੇਕਰ ਉਸ ਜਹਾਜ਼ ਨੂੰ ਅੰਮ੍ਰਿਤਸਰ ਹਵਾਈ ਅੱਡੇ ਤੋਂ ਉੱਡਣ ਨਾ ਦਿੱਤਾ ਜਾਂਦਾ ਤਾਂ ਤਸਵੀਰ ਪੂਰੀ ਤਰ੍ਹਾਂ ਬਦਲ ਜਾਂਦੀ। ਅੰਮ੍ਰਿਤਸਰ ਵਿਚ ਤਾਇਨਾਤ ਸਥਾਨਕ ਅਧਿਕਾਰੀਆਂ ਨੂੰ ਵੀ ਬਿਨਾਂ ਕਿਸੇ ਰਸਮੀ ਹੁਕਮ ਦੇ ਕੌਮੀ ਹਿੱਤ ਵਿਚ ਇਹ ਫੈਸਲਾ ਲੈਣਾ ਚਾਹੀਦਾ ਸੀ ਕਿ ਜਹਾਜ਼ ਨੂੰ ਕਿਸੇ ਵੀ ਹਾਲਤ ਵਿਚ ਉੱਡਣ ਨਾ ਦਿੱਤਾ ਜਾਵੇ।’’

ਆਈ. ਸੀ.-814 ਨੂੰ ਹਾਈਜੈਕ ਕਰਨ ਦੇ ਬਦਲੇ ਛੱਡੇ ਗਏ ਖੌਫਨਾਕ ਅੱਤਵਾਦੀਆਂ ਬਾਰੇ ਡਾਕਟਰ ਵੈਦ ਕਹਿੰਦੇ ਹਨ, ‘‘ਅਜਿਹੇ ਖਤਰਨਾਕ ਅੱਤਵਾਦੀਆਂ ਨੂੰ ਜਿਊਂਦੇ ਫੜਨਾ ਹੀ ਗਲਤ ਹੈ।’’ ਇੱਥੇ ਮੈਨੂੰ ਇਕ ਦਿਲਚਸਪ ਘਟਨਾ ਯਾਦ ਆ ਰਹੀ ਹੈ। ਕਈ ਸਾਲ ਪਹਿਲਾਂ ਮੈਂ ਮੁਰਾਦਾਬਾਦ ਵਿਚ ਇਕ ਪ੍ਰੋਗਰਾਮ ਵਿਚ ਗਿਆ ਸੀ, ਜਿੱਥੇ ਪੰਜਾਬ ਦੇ ਸਾਬਕਾ ਡੀ. ਜੀ. ਪੀ. ਕੇ. ਪੀ. ਐੱਸ. ਗਿੱਲ ਕੋਲੋਂ ਇਕ ਔਰਤ ਨੇ ਸਵਾਲ ਪੁੱਛਿਆ, “ਗਿੱਲ ਸਾਹਿਬ, ਜਦੋਂ ਤੁਸੀਂ ਪੰਜਾਬ ਵਿਚ ਖ਼ਤਰਨਾਕ ਦਹਿਸ਼ਤਗਰਦਾਂ ਨੂੰ ਫੜਦੇ ਸੀ ਤਾਂ ਤੁਹਾਨੂੰ ਕਿਵੇਂ ਮਹਿਸੂਸ ਹੁੰਦਾ ਸੀ?’’

ਗਿੱਲ ਸਾਹਿਬ ਦਾ ਜਵਾਬ ਸੁਣ ਕੇ ਸਾਰਾ ਹਾਲ ਹੱਸ ਪਿਆ। ਉਨ੍ਹਾਂ ਦਾ ਜਵਾਬ ਸੀ, ‘‘ਮੈਡਮ, ਕਿਰਪਾ ਕਰ ਕੇ ਆਪਣੇ ਤੱਥਾਂ ਨੂੰ ਸਹੀ ਕਰ ਲਓ, ਮੈਂ ਕਦੇ ਵੀ ਕਿਸੇ ਅੱਤਵਾਦੀ ਨੂੰ ਜ਼ਿੰਦਾ ਨਹੀਂ ਫੜਿਆ।’’ ਜੇਕਰ ਕਿਸੇ ਅਧਿਕਾਰੀ ਨੇ ਉਸ ਸੰਕਟ ਦੀ ਘੜੀ ਵਿਚ ਅਜਿਹੇ ਸਖ਼ਤ ਫੈਸਲੇ ਲਏ ਹੁੰਦੇ ਤਾਂ ਅੱਜ ਇਹ ਵੈੱਬ ਸੀਰੀਜ਼ ਭਾਰਤ ਦੇ ਸਰਕਾਰੀ ਸਿਸਟਮ ਦੀ ਤਾਰੀਫ਼ ਵਿਚ ਬਣਦੀ ਪਰ ਅਫਸੋਸ ਅਜਿਹਾ ਨਹੀਂ ਹੋ ਸਕਿਆ।

ਇਸ ਲਈ ਜੇਕਰ ਕੋਈ ਸਿਆਸੀ ਪਾਰਟੀ ਵੈੱਬ ਸੀਰੀਜ਼ ਦੇ ਨਿਰਮਾਤਾਵਾਂ ’ਤੇ ਤੱਥਾਂ ਨੂੰ ਤੋੜ-ਮਰੋੜ ਕੇ ਪੇਸ਼ ਕਰਨ ਦਾ ਦੋਸ਼ ਲਗਾ ਰਹੀ ਹੈ ਤਾਂ ਉਸ ਨੂੰ ਇਹ ਵੀ ਜਾਣਨ ਲਈ ਤਿਆਰ ਰਹਿਣਾ ਚਾਹੀਦਾ ਹੈ ਕਿ ਸਰਕਾਰ ਵੱਲੋਂ ਫੈਸਲਾ ਲੈਣ ’ਚ ਇੰਨੀ ਦੇਰੀ ਕਿਉਂ ਕੀਤੀ ਗਈ, ਜਿਸ ਕਾਰਨ ਸਾਨੂੰ ਅੱਜ ਤੱਕ ਸ਼ਰਮਿੰਦਾ ਹੋਣਾ ਪੈ ਰਿਹਾ ਹੈ? ਤੂ ਇਧਰ-ਉਧਰ ਕੀ ਬਾਤ ਨਾ ਕਰ, ਯੇ ਬਤਾ ਕਿ ਕਾਫਿਲਾ ਕਿਉਂ ਲੁਟਾ?

ਰਜਨੀਸ਼ ਕਪੂਰ


Rakesh

Content Editor

Related News