ਮਨੁੱਖੀ ਅੰਗਾਂ ਦੇ ਵਪਾਰੀ ਡਾਕਟਰ ਤੇ ਦਲਾਲ ਗਰੀਬਾਂ ਦੇ ਅੰਗ ਵੇਚ-ਕਰ ਰਹੇ ਮੋਟੀ ਕਮਾਈ

Sunday, Jul 21, 2024 - 03:52 AM (IST)

ਮਨੁੱਖੀ ਅੰਗਾਂ ਦੇ ਵਪਾਰੀ ਡਾਕਟਰ ਤੇ ਦਲਾਲ ਗਰੀਬਾਂ ਦੇ ਅੰਗ ਵੇਚ-ਕਰ ਰਹੇ ਮੋਟੀ ਕਮਾਈ

ਭਾਰਤ ਵਿਚ ‘ਮਨੁੱਖੀ ਅੰਗ ਬਦਲਣ ਸਬੰਧੀ ਕਾਨੂੰਨ-1994’ ਦੇ ਕਾਰੋਬਾਰੀ ਲੈਣ-ਦੇਣ ਨੂੰ ਸਜ਼ਾਯੋਗ ਅਪਰਾਧ ਐਲਾਨੇ ਜਾਣ ਦੇ ਬਾਵਜੂਦ ਇਸ ਕਾਰੋਬਾਰ ਵਿਚ ਸ਼ਾਮਲ ਡਾਕਟਰਾਂ, ਅਧਿਕਾਰੀਆਂ ਤੇ ਦਲਾਲਾਂ ਦੇ ਗਿਰੋਹਾਂ ਨੇ ਇਸ ਨੂੰ ਧਨ ਕਮਾਉਣ ਦਾ ਜ਼ਰੀਆ ਬਣਾ ਲਿਆ ਹੈ।

ਇਹ ਗਿਰੋਹ ਬੜੇ ਹੀ ਗਿਣੇ-ਮਿੱਥੇ ਢੰਗ ਨਾਲ ਗਰੀਬ ਅਤੇ ਲੋੜਵੰਦ ਲੋਕਾਂ ਨੂੰ ਬੜੀ ਮਾਮੂਲੀ ਰਕਮ ’ਤੇ ਆਪਣੇ ਅੰਗ ਵੇਚਣ ਲਈ ਤਿਆਰ ਕਰ ਲੈਂਦੇ ਹਨ ਅਤੇ ਲੋੜਵੰਦਾਂ ਨੂੰ ਭਾਰੀ ਰਕਮਾਂ ’ਤੇ ਵੇਚਦੇ ਹਨ। ਇਸੇ ਸਾਲ ਕੁਝ ਅਜਿਹੇ ਹੀ ਗਿਰੋਹਾਂ ਦਾ ਪਤਾ ਲੱਗਾ ਹੈ।

ਇਨ੍ਹਾਂ ਵਿਚੋਂ ਇਕ ਗਿਰੋਹ ਬੰਗਲਾਦੇਸ਼ ਦੇ ਗਰੀਬ ਲੋਕਾਂ ਨੂੰ ਗੁਰਦਾ ਵੇਚਣ ਲਈ ਤਿਆਰ ਕਰ ਕੇ ਗੁਰੂਗ੍ਰਾਮ ਲਿਆਉਂਦਾ ਅਤੇ ਉਨ੍ਹਾਂ ਨੂੰ ਕੁਝ ਦਿਨ ਉਥੇ ਠਹਿਰਾਉਣ ਦੇ ਬਾਅਦ ਕਿਡਨੀ ਬਦਲਣ ਲਈ ਜੈਪੁਰ ਲੈ ਜਾਂਦਾ ਅਤੇ ਉਥੋਂ ਦੇ 2 ਵੱਡੇ ਹਸਪਤਾਲਾਂ ਵਿਚ ਉਨ੍ਹਾਂ ਦੇ ਤੰਦਰੁਸਤ ਅੰਗ ਕੱਢ ਕੇ ਅਮੀਰ ਵਿਅਕਤੀਆਂ ਦੇ ਸਰੀਰ ਵਿਚ ਲਗਾ ਦਿੱਤੇ ਜਾਂਦੇ।

1 ਅਪ੍ਰੈਲ ਨੂੰ ‘ਭ੍ਰਿਸ਼ਟਾਚਾਰ ਰੋਕੂ ਬਿਊਰੋ’ ਨੇ ਅੰਗ ਟ੍ਰਾਂਸਪਲਾਂਟ ਦੇ ਲਈ ਫਰਜ਼ੀ ਨੋ ਆਬਜੈਕਸ਼ਨ ਸਰਟੀਫਿਕੇਟ (ਐੱਨ. ਓ. ਸੀ.) ਜਾਰੀ ਕਰਨ ਦੀ ਇਵਜ਼ ਵਿਚ ਰਿਸ਼ਵਤ ਲੈਣ ਦੇ ਦੋਸ਼ ਵਿਚ ਰਾਜਸਥਾਨ ਵਿਚ ਜੈਪੁਰ ਸਥਿਤ ‘ਸੂਬਾਈ ਮਾਧੋ ਸਿੰਘ ਹਸਪਤਾਲ’ (ਐੱਸ. ਐੱਮ. ਐੱਸ.) ਦੇ ਇਕ ਅਧਿਕਾਰੀ ਕੋਲੋਂ ਐੱਨ. ਓ. ਸੀ. ਲੈਣ ਦੇ ਬਦਲੇ ਵਿਚ ਉਕਤ ਅਧਿਕਾਰੀ ਅਤੇ ਉਸਨੂੰ 70-70 ਹਜ਼ਾਰ ਰੁਪਏ ਰਿਸ਼ਵਤ ਦੇਣ ਦੇ ਦੋਸ਼ ਵਿਚ 2 ਨਿੱਜੀ ਹਸਪਤਾਲਾਂ ਵਿਚ ਅੰਗ ਟ੍ਰਾਂਸਪਲਾਂਟ ਕੋਆਰਡੀਨੇਟਰਾਂ ਨੂੰ ਗ੍ਰਿਫ਼ਤਾਰ ਕੀਤਾ।

ਇਸ ਘਪਲੇ ਦੀਆਂ ਤਾਰਾਂ ਦੂਜੇ ਦੇਸ਼ਾਂ ਨਾਲ ਵੀ ਜੁੜੀਆਂ ਹੋਣ ਅਤੇ ਸੂਬਾਈ ਮਾਧੋ ਸਿੰਘ ਹਸਪਤਾਲ ਵਿਚ ਬਣੀ ਕਮੇਟੀ ਦੇ ਨਾਂ ਨਾਲ ਪਿਛਲੇ 3 ਸਾਲਾਂ ਵਿਚ ਨੇਪਾਲ, ਬੰਗਲਾਦੇਸ਼ ਅਤੇ ਕੰਬੋਡੀਆ ਸਮੇਤ ਵੱਖ-ਵੱਖ ਦੇਸ਼ਾਂ ਦੇ 800 ਤੋਂ ਵੱਧ ਨਾਗਰਿਕਾਂ ਦੇ ਨਾਂ ਨਾਲ ਵੱਖ-ਵੱਖ ਹਸਪਤਾਲਾਂ ਨੂੰ ਨੋ ਆਬਜੈਕਸ਼ਨ ਸਰਟੀਫਿਕੇਟ (ਐੱਨ. ਓ. ਸੀ.) ਜਾਰੀ ਕਰਨ ਦਾ ਖੁਲਾਸਾ ਹੋਇਆ ਹੈ।

ਇਸੇ ਸਾਲ ਮਈ ਵਿਚ ਪੁਲਸ ਨੇ ਕੇਰਲ ਨਾਲ ਜੁੜੇ ਇਕ ਕੌਮਾਂਤਰੀ ਅੰਗ ਸਮੱਗਲਿੰਗ ਰੈਕੇਟ ਦਾ ਪਰਦਾਫਾਸ਼ ਕੀਤਾ ਸੀ। ਗ੍ਰਿਫ਼ਤਾਰੀਆਂ ਅਤੇ ਜਾਂਚ ਦੇ ਦੌਰਾਨ ਪਤਾ ਲੱਗਾ ਕਿ ਇਹ ਗਿਰੋਹ ਹੈਦਰਾਬਾਦ ਅਤੇ ਬੈਂਗਲੁਰੂ ਦੇ ਆਰਥਿਕ ਤੌਰ ’ਤੇ ਕਮਜ਼ੋਰ ਲੋਕਾਂ ਨੂੰ ਮੋਟੀ ਰਕਮ ਦਾ ਲਾਲਚ ਦੇ ਕੇ ਅੰਗਦਾਨ ਕਰਨ ਲਈ ਵਿਦੇਸ਼ ਲੈ ਕੇ ਜਾਂਦਾ ਸੀ।

ਇਸ ਅੰਗ ਸਮੱਗਲਿੰਗ ਰੈਕੇਟ ਦੇ ਇਕ ਸ਼ੱਕੀ ਮੈਂਬਰ ‘ਸਬਿਥ ਨਸਰ’ ਨੂੰ 19 ਮਈ ਨੂੰ ਕੋਚੀ ਹਵਾਈ ਅੱਡੇ ਤੋਂ ਇਕ ਹੋਰ ਵਿਅਕਤੀ ਦੇ ਨਾਲ ਗ੍ਰਿਫਤਾਰ ਕੀਤਾ ਗਿਆ। ਦੋਸ਼ ਹੈ ਕਿ ‘ਸਬਿਥ ਨਸਰ’ ਅੰਗ ਕੱਢਣ ਲਈ 20 ਵਿਅਕਤੀਆਂ ਨੂੰ ਭਾਰਤ ਤੋਂ ਈਰਾਨ ਲੈ ਕੇ ਗਿਆ, ਜਿਨ੍ਹਾਂ ਦੀਆਂ ਉਥੋਂ ਦੇ ਇਕ ਪ੍ਰਾਈਵੇਟ ਹਸਪਤਾਲ ਵਿਚ ਕਿਡਨੀਆਂ ਕੱਢੀਆਂ ਗਈਆਂ। ਦੱਸਿਆ ਜਾਂਦਾ ਹੈ ਕਿ ਈਰਾਨ ਲਿਜਾਏ ਗਏ ਕੁਝ ਵਿਅਕਤੀਆਂ ਦੀ ਉਥੇ ਮੌਤ ਵੀ ਹੋ ਗਈ।

ਅਤੇ ਹੁਣ ਕਈ ਥਾਵਾਂ ’ਤੇ ਛਾਪੇਮਾਰੀ ਦੇ ਬਾਅਦ ਪੁਲਸ ਨੇ ਦਿੱਲੀ ਅਤੇ ਇਸਦੇ ਨੇੜੇ-ਤੇੜੇ ਦੇ ਇਲਾਕਿਆਂ (ਐੱਨ. ਸੀ. ਆਰ.), ਪੰਜਾਬ, ਹਰਿਆਣਾ, ਮੱਧ ਪ੍ਰਦੇਸ਼ ਅਤੇ ਗੁਜਰਾਤ ਦੇ ਕਈ ਹਸਪਤਾਲਾਂ ਵਿਚ ਜਾਅਲੀ ਦਸਤਾਵੇਜ਼ਾਂ ਦੇ ਆਧਾਰ ’ਤੇ ਇਕ ਕੌਮਾਂਤਰੀ ਕਿਡਨੀ ਬਦਲਣ ਵਾਲੇ ਗਿਰੋਹ ਦਾ ਪਰਦਾਫਾਸ਼ ਕਰ ਕੇ ਦਿੱਲੀ ਅਪੋਲੋ ਹਸਪਤਾਲ ਦੀ ਇਕ ਡਾਕਟਰ ਸਮੇਤ 15 ਵਿਅਕਤੀਆਂ ਨੂੰ ਫੜਿਆ ਹੈ, ਜਿਨ੍ਹਾਂ ਵਿਚ ਕਿਡਨੀ ਦਾਨ ਕਰਨ ਅਤੇ ਪ੍ਰਾਪਤ ਕਰਨ ਵਾਲੇ ਵੀ ਸ਼ਾਮਲ ਹਨ।

ਪੁਲਸ ਉਪਾਯੁਕਤ (ਅਪਰਾਧ) ਅਮਿਤ ਗੋਇਲ ਦੇ ਅਨੁਸਾਰ ਗਿਰੋਹਾਂ ਦੇ ਮੈਂਬਰਾਂ ਨੇ ਕਿਡਨੀ ਦਾਨ ਕਰਨ ਵਾਲਿਆਂ ਨੂੰ 5 ਲੱਖ ਤੋਂ 6 ਲੱਖ ਰੁਪਏ ਦੇ ਦਰਮਿਆਨ ਭੁਗਤਾਨ ਕਰਨ ਦਾ ਵਾਅਦਾ ਕੀਤਾ ਪਰ ਉਨ੍ਹਾਂ ਨੇ ਕਿਡਨੀ ਪ੍ਰਾਪਤ ਕਰਨ ਵਾਲਿਆਂ ਤੋਂ 35 ਤੋਂ 40 ਲੱਖ ਰੁਪਏ ਤਕ ਵਸੂਲ ਕੀਤੇ।

ਇਸ ਗਿਰੋਹ ਨੇ ਵੱਖ-ਵੱਖ ਸੂਬਿਆਂ ਦੇ 11 ਹਸਪਤਾਲਾਂ ਵਿਚ ਕਿਡਨੀਆਂ ਬਦਲਵਾਈਆਂ ਹਨ। ਪੁਲਸ ਨੇ ਇਨ੍ਹਾਂ ਦੇ ਕਬਜ਼ੇ ਵਿਚੋਂ 34 ਫਰਜ਼ੀ ਸਟੈਂਪ, 17 ਮੋਬਾਈਲ ਫੋਨ, 2 ਲੈਪਟਾਪ, 9 ਸਿਮ, ਇਕ ਲਗਜ਼ਰੀ ਕਾਰ, 1.50 ਲੱਖ ਰੁਪਏ ਨਕਦ, ਜਾਅਲੀ ਦਸਤਾਵੇਜ਼ ਅਤੇ ਮਰੀਜ਼ਾਂ, ਪ੍ਰਾਪਤਕਰਤਾਵਾਂ ਅਤੇ ਦਾਨਕਰਤਾਵਾਂ ਦੀਆਂ ਫਾਈਲਾਂ ਵੀ ਬਰਾਮਦ ਕੀਤੀਆਂ ਹਨ।

ਉਕਤ ਉਦਾਹਰਣਾਂ ਤੋਂ ਸਪੱਸ਼ਟ ਹੈ ਕਿ ਅੱਜ ਦੇਸ਼ ਵਿਚ ਮਨੁੱਖੀ ਅੰਗਾਂ ਦਾ ਨਾਜਾਇਜ਼ ਤੌਰ ’ਤੇ ਵਪਾਰ ਕਰਨ ਵਾਲੇ ਤੱਤ ਕਿਸ ਕਦਰ ਸਰਗਰਮ ਹਨ। ਉਹ ਨਾ ਸਿਰਫ ਸਰਕਾਰ ਵੱਲੋਂ ਤੈਅ ਕੀਤੇ ਗਏ ਅੰਗਾਂ ਦਾ ਵਪਾਰ ਨਾ ਕਰਨ ਦੇ ਕਾਨੂੰਨ ਦੀ ਉਲੰਘਣਾ ਕਰ ਰਹੇ ਹਨ, ਸਗੋਂ ਉਨ੍ਹਾਂ ਦੀਆਂ ਕਰਤੂਤਾਂ ਦੇ ਕਾਰਨ ਆਰਥਿਕ ਤੌਰ ’ਤੇ ਕਮਜ਼ੋਰ ਲੋਕਾਂ ਦਾ ਸ਼ੋਸ਼ਣ ਅਤੇ ਉਨ੍ਹਾਂ ਦੀਆਂ ਮੌਤਾਂ ਵੀ ਹੋ ਰਹੀਆਂ ਹਨ। ਇਸ ਲਈ ਅਜਿਹੇ ਲੋਕਾਂ ਦੇ ਵਿਰੁੱਧ ਸਖ਼ਤ ਸਜ਼ਾ ਵਾਲੀ ਕਾਰਵਾਈ ਕਰਨ ਦੀ ਲੋੜ ਹੈ ਤਾਂ ਕਿ ਇਸਨੂੰ ਰੋਕਿਆ ਜਾ ਸਕੇ। 

-ਵਿਜੇ ਕੁਮਾਰ


author

Harpreet SIngh

Content Editor

Related News