ਚੀਨ ਦੀ ਬੇਨਤੀ ਦੇ ਬਾਵਜੂਦ ਅਮਰੀਕਾ ਚੀਨੀ ਦਰਾਮਦ ਤੋਂ ਨਹੀਂ ਹਟਾ ਰਿਹਾ ਟੈਰਿਫ
Wednesday, Oct 04, 2023 - 03:53 PM (IST)
ਅਮਰੀਕਾ ’ਚ ਬੇਸ਼ੱਕ ਹੀ ਸੱਤਾ ਰਿਪਬਲਿਕਨ ਤੋਂ ਡੈਮੋਕ੍ਰੇਟਸ ਦੇ ਹੱਥਾਂ ’ਚ ਆ ਗਈ ਹੈ ਅਤੇ ਡੋਨਾਲਡ ਟ੍ਰੰਪ ਦੀ ਥਾਂ ਜੋਅ ਬਾਈਡੇਨ ਅਮਰੀਕਾ ਦੇ ਰਾਸ਼ਟਰਪਤੀ ਬਣ ਗਏ ਹਨ ਪਰ ਅਮਰੀਕੀ ਹਿੱਤਾਂ ਨੂੰ ਨੁਕਸਾਨ ਨਹੀਂ ਹੋਣ ਦਿੱਤਾ ਜਾ ਰਿਹਾ।
ਚੀਨ ਨੂੰ ਲੈ ਕੇ ਦੋਵਾਂ ਦੀਆਂ ਨੀਤੀਆਂ ’ਚ ਕੋਈ ਖਾਸ ਤਬਦੀਲੀ ਨਹੀਂ ਆਈ। ਜੋਅ ਬਾਈਡੇਨ ਚੀਨ ਦੇ ਉਤਪਾਦਾਂ ’ਤੇ ਲੱਗੇ ਵਾਧੂ ਟੈਰਿਫ ਨੂੰ ਨਹੀਂ ਹਟਾਉਣਾ ਚਾਹੁੰਦੇ। ਹਾਲਾਂਕਿ ਚੀਨ ਨੇ ਅਮਰੀਕਾ ਨੂੰ ਬੇਨਤੀ ਕੀਤੀ ਹੈ ਕਿ ਚੀਨ ਦੀਆਂ ਵਸਤਾਂ ’ਤੇ ਅਮਰੀਕਾ ’ਚ ਵਧੇ ਹੋਏ ਟੈਰਿਫ ਨੂੰ ਘਟਾ ਦਿੱਤਾ ਜਾਵੇ ਪਰ ਅਮਰੀਕਾ ਅਜਿਹਾ ਨਹੀਂ ਕਰਨ ਜਾ ਰਿਹਾ।
ਅਮਰੀਕੀ ਵਪਾਰ ਮੰਤਰੀ ਜਿਨਾ ਰਾਇਮੋਂਡੋ ਜੋ ਅਮਰੀਕੀ ਵਪਾਰਕ ਪ੍ਰਤੀਨਿਧੀ ਵੀ ਹਨ ਤੇ ਜਿਨ੍ਹਾਂ ਡੋਨਾਲਡ ਟ੍ਰੰਪ ਵੱਲੋਂ ਚੀਨ ਤੋਂ ਦਰਾਮਦਸ਼ੁਦਾ ਵਸਤਾਂ ’ਤੇ ਧਾਰਾ-301 ਟੈਰਿਫ ਲਾਏ ਜਾਣ ’ਤੇ 4 ਸਾਲਾਂ ਤੱਕ ਸਮੀਖਿਆ ਵੀ ਕੀਤੀ ਹੈ, ਨੇ ਕਿਹਾ ਕਿ ਟੈਰਿਫ ਨੂੰ ਰਣਨੀਤਕ ਹੋਣਾ ਚਾਹੀਦਾ ਸੀ। ਇਸ ਨੂੰ ਲਾਉਣ ਦਾ ਕੋਈ ਮਤਲਬ ਵੀ ਨਹੀਂ ਹੈ ਪਰ ਬਾਈਡੇਨ ਪ੍ਰਸ਼ਾਸਨ ਇਸ ’ਚ ਉਦੋਂ ਤੱਕ ਕੋਈ ਢਿੱਲ ਨਹੀਂ ਦੇਣ ਜਾ ਰਹੀ ਜਦੋਂ ਤੱਕ ਕਿ ਇਨ੍ਹਾਂ ਦੀ ਸਮੀਖਿਆ ਪੂਰੀ ਨਹੀਂ ਹੋ ਜਾਂਦੀ। ਰਾਇਮੋਂਡੋ ਨੇ ਇਸ਼ਾਰਿਆਂ ’ਚ ਇਹ ਗੱਲ ਕਹਿ ਦਿੱਤੀ ਕਿ ਚੀਨ ਨੂੰ ਅਮਰੀਕਾ ਤੋਂ ਜਲਦੀ ਰਾਹਤ ਨਹੀਂ ਮਿਲਣ ਵਾਲੀ।
ਓਧਰ ਅਮਰੀਕਾ ਦੀ ਉਪ ਵਪਾਰ ਮੰਤਰੀ ਸਾਰਾ ਬਿਆਂਸੀ ਨੇ ਇਸ ਸਾਲ ਮਈ ’ਚ ਕਿਹਾ ਸੀ, ਚੀਨ ਨੂੰ ਲੈ ਕੇ ਅਮਰੀਕੀ ਧਾਰਾ-301 ਦੀ ਸਮੀਖਿਆ ਦਾ ਕੰਮ ਇਸ ਸਾਲ ਦੇ ਅੰਤ ਤੱਕ ਪੂਰਾ ਹੋਣ ਦੀ ਉਮੀਦ ਹੈ। ਇਸ ਕੰਮ ’ਚ ਜਿੰਨੀ ਦੇਰ ਹੋ ਰਹੀ ਹੈ, ਉਸ ਕਾਰਨ ਚੀਨ ਓਨਾ ਵੱਧ ਪ੍ਰੇਸ਼ਾਨ ਹੋ ਰਿਹਾ ਹੈ ਕਿਉਂਕਿ ਚੀਨ ਨੂੰ ਲਗਾਤਾਰ ਘਾਟਾ ਪੈ ਰਿਹਾ ਹੈ।
ਚੀਨ ਦੇ ਵਪਾਰ ਮੰਤਰੀ ਵਾਂਗ ਨੇਤਾਓਂ ਨੇ ਅਮਰੀਕੀ ਵਪਾਰ ਮੰਤਰੀ ਰਾਇਮੋਂਡੋ ਨਾਲ ਬੀਜਿੰਗ ’ਚ ਹੋਈ ਇਕ ਬੈਠਕ ’ਚ ਧਾਰਾ-301 ’ਤੇ ਚਿੰਤਾ ਪ੍ਰਗਟਾਉਂਦੇ ਹੋਏ ਕਿਹਾ ਸੀ ਕਿ ਚੀਨ ਦੇ ਿਵਰੁੱਧ ਇਹ ਧਾਰਾ ਪਿਛਲੇ 5 ਸਾਲਾਂ ਤੋਂ ਲਾਗੂ ਹੈ, ਇਸ ਨਾਲ ਚੀਨ ਨੂੰ ਬਹੁਤ ਨੁਕਸਾਨ ਹੋ ਰਿਹਾ ਹੈ। ਇਸ ਨਾਲ ਚੀਨ ਅਤੇ ਅਮਰੀਕਾ ਵਪਾਰ ਬਹੁਤ ਮੱਠਾ ਪੈਂਦਾ ਜਾ ਰਿਹਾ ਹੈ ਅਤੇ ਇਸ ਨਾਲ ਦੋਹਾਂ ਦੇਸ਼ਾਂ ਨੂੰ ਨੁਕਸਾਨ ਪਹੁੰਚ ਰਿਹਾ ਹੈ।
ਸਾਲ 2018-19 ’ਚ ਟ੍ਰੰਪ ਪ੍ਰਸ਼ਾਸਨ ਨੇ ਚੀਨ ਨੂੰ ਅਮਰੀਕਾ ਤੋਂ ਦਰਾਮਦ ਹੋਣ ਵਾਲੀਆਂ ਹਜ਼ਾਰਾਂ ਵਸਤਾਂ ’ਤੇ ਟੈਰਿਫ ਲਾ ਦਿੱਤਾ ਸੀ, ਜਿਨ੍ਹਾਂ ਦੀ ਕੀਮਤ 370 ਅਰਬ ਅਮਰੀਕੀ ਡਾਲਰ ਸੀ। ਇਸ ਦੇ ਪਿੱਛੇ ਜੋ ਕਾਰਨ ਦੱਸੇ ਗਏ ਸਨ, ਉਹ ਹੈਰਾਨ ਕਰਨ ਵਾਲੇ ਸਨ। ਅਸਲ ’ਚ ਚੀਨ ਅਮਰੀਕੀ ਕੰਪਨੀਆਂ ਦੇ ਬੌਧਿਕ ਜਾਇਦਾਦ ਕਾਨੂੰਨ ਦਾ ਉਲੰਘਣ ਕਰ ਰਿਹਾ ਸੀ ਅਤੇ ਬਹੁਤ ਸਾਰੀਆਂ ਨਾਜ਼ੁਕ ਜਾਣਕਾਰੀਆਂ ਲੈ ਰਿਹਾ ਸੀ, ਜਿਸ ਕਾਰਨ ਚੀਨ ਨਾਲ ਵਪਾਰ ’ਚ ਅਮਰੀਕਾ ਨੂੰ ਬਹੁਤ ਨੁਕਸਾਨ ਹੋ ਰਿਹਾ ਸੀ। ਆਮ ਤੌਰ ’ਤੇ ਚੀਨ ਹਰ ਉਸ ਦੇਸ਼ ਨਾਲ ਅਜਿਹਾ ਕਰਦਾ ਹੈ ਜੋ ਤਕਨੀਕੀ ਜਾਣਕਾਰੀ ’ਚ ਚੀਨ ਤੋਂ ਅੱਗੇ ਹਨ।
ਚੀਨ ਉਸ ਦੀ ਸੰਵੇਦਨਸ਼ੀਲਤਾ ਦੀਆਂ ਜਾਣਕਾਰੀਆਂ ਚੋਰੀ ਕਰਨ ਲਈ ਚੀਨੀ ਲੋਕਾਂ ਨੂੰ ਉਸ ਦੇਸ਼ ’ਚ ਵਿਦਿਆਰਥੀ, ਖੋਜਕਰਤਾ, ਵਪਾਰੀ ਬਣਾ ਕੇ ਭੇਜਦਾ ਹੈ ਅਤੇ ਉਨ੍ਹਾਂ ਦੀ ਉਸ ਦੇਸ਼ ਦੇ ਸਬੰਧਤ ਵਿਭਾਗ ’ਚ ਪਹੁੰਚ ਬਣਾਉਣ ’ਚ ਮਦਦ ਵੀ ਕਰਦਾ ਹੈ ਪਰ ਇਸ ਮਾਮਲੇ ’ਚ ਟ੍ਰੰਪ ਪ੍ਰਸ਼ਾਸਨ ਨੇ ਇਕ ਝਟਕੇ ’ਚ ਚੀਨ ਦੀ ਸਾਰੀ ਆਕੜ ਕੱਢ ਦਿੱਤੀ।
ਅਮਰੀਕਾ ਵੱਲੋਂ ਧਾਰਾ-301 ਲਾਗੂ ਕਰਨ ਨਾਲ ਚੀਨ ਨੂੰ ਭਾਰੀ ਆਰਥਿਕ ਨੁਕਸਾਨ ਹੋਣ ਲੱਗਾ। ਇਸ ਪਿੱਛੋਂ ਚੀਨ ਅਮਰੀਕਾ ਦੇ ਸਾਹਮਣੇ ਧਾਰਾ-301 ਹਟਾਉਣ ਲਈ ਤਰਲੇ ਕਰਨ ਲੱਗਾ। ਆਰਥਿਕ ਲਾਭ ਲਈ ਚੀਨ ਜਿੱਥੇ ਹਰ ਹੀਲੇ ਵਿਤਕਰੇ ਦੀਆਂ ਨੀਤੀਆਂ ਦੀ ਵਰਤੋਂ ਕਰ ਕੇ ਅਰਬਾਂ ਡਾਲਰ ਕਮਾ ਰਿਹਾ ਹੈ, ਉੱਥੇ ਆਪਣਾ ਨੁਕਸਾਨ ਹੋਣ ’ਤੇ ਚੀਨ ਪੈਂਤੜੇ ਬਦਲਣ ’ਚ ਵੀ ਦੇਰ ਨਹੀਂ ਕਰਦਾ। ਹਮਲਾਵਰ ਢੰਗ ਤੋਂ ਸਿੱਧਾ ਯਾਚਕ ਵਾਲੇ ਅੰਦਾਜ਼ ’ਚ ਆ ਜਾਂਦਾ ਹੈ।
3 ਸਤੰਬਰ ਨੂੰ ਅਮਰੀਕੀ ਵਪਾਰ ਮੰਤਰੀ ਜਿਨਾ ਰਾਇਮੋਂਡੋ ਨੇ ਅਮਰੀਕੀ ਮੀਡੀਆ ਨੂੰ ਦੱਸਿਆ ਕਿ ਅਮਰੀਕਾ ਹਰ ਸਾਲ ਅਰਬਾਂ ਡਾਲਰ ਦੇ ਮਾਈਕ੍ਰੋਚਿਪਸ ਚੀਨ ਨੂੰ ਵੇਚਦਾ ਹੈ ਪਰ ਕਿਸੇ ਵੀ ਕੀਮਤ ’ਤੇ ਅਮਰੀਕਾ ਚੀਨ ਨੂੰ ਚੋਟੀ ਦੀ ਤਕਨੀਕ ਨਾਲ ਲੈਸ ਮਾਈਕ੍ਰੋਚਿਪ ਨਹੀਂ ਵੇਚੇਗਾ, ਜਿਸ ਦੀ ਵਰਤੋਂ ਚੀਨ ਆਪਣੇ ਫੌਜੀ ਯੰਤਰਾਂ ’ਚ ਕਰਨ ਵਾਲਾ ਹੈ। ਉੱਥੇ ਹੀ ਹੁਪੇ ਦੇ ਇਕ ਹੇਨਾਨ ਬ੍ਰਾਡਕਾਸਟਿੰਗ ਸਿਸਟਮ ਦੇ ਸੋਸ਼ਲ ਮੀਡੀਆ ਅਕਾਊਂਟ ’ਤੇ ਇਕ ਵਿਸ਼ਲੇਸ਼ਕ ਨੇ ਲਿਖਿਆ ਕਿ ਰਾਇਮੋਂਡੋ ਦੀਆਂ ਗੱਲਾਂ ਤੋਂ ਲੱਗਦਾ ਹੈ ਕਿ ਅਮਰੀਕਾ ਅਤੇ ਚੀਨ ’ਚ ਗੱਲਬਾਤ ਲਈ ਕੁਝ ਥਾਂ ਬਚੀ ਹੋਈ ਹੈ ਪਰ ਉਸ ਲੇਖਕ ਨੇ ਨਾਲ ਇਹ ਵੀ ਕਿਹਾ ਕਿ ਰਾਇਮੋਂਡੋ ਲਈ ਅਮਰੀਕਾ ’ਚ ਚੀਨ ਵਿਰੋਧੀ ਸਿਆਸਤਦਾਨਾਂ ਦੇ ਅਸਰ ਤੋਂ ਬਚਣਾ ਮੁਸ਼ਕਲ ਹੈ।
ਚੀਨ ’ਚ ਛਪੇ ਇਸ ਬਿਆਨ ’ਚ ਇੰਨਾ ਸਾਫ ਹੈ ਕਿ ਚੀਨ ਹੁਣ ਵੀ ਆਸਵੰਦ ਹੈ ਕਿ ਅਮਰੀਕਾ ਚੀਨ ਤੋਂ ਵਪਾਰ ਲਈ ਧਾਰਾ-301 ਨੂੰ ਹਟਾ ਸਕਦਾ ਹੈ। ਇਸ ਦੇ ਨਾਲ ਹੀ ਅਮਰੀਕਾ ’ਤੇ ਚੀਨ ਵੱਲੋਂ ਵਪਾਰ ਦੇ ਫੈਸਲੇ ਲੈਣ ’ਚ ਸਮਰੱਥਾ ਦੀ ਕਮੀ ਦਾ ਦੋਸ਼ ਲਾਉਂਦੇ ਹੋਏ ਲੇਖਕ ਨੇ ਕਿਹਾ ਕਿ ਲੰਬੇ ਸਮੇਂ ਤੋਂ ਜਿਹੜੇ ਅਮਰੀਕੀ ਅਧਿਕਾਰੀ ਵਪਾਰਕ ਗੱਲਬਾਤ ਲਈ ਚੀਨ ਆਉਂਦੇ ਹਨ, ਉਹ ਨਿਯਮਾਂ ਨੂੰ ਲੈ ਕੇ ਅਚਾਨਕ ਸਖਤ ਹੋ ਜਾਂਦੇ ਹਨ। ਇਸ ਲਈ ਲੇਖਕ ਨੇ ਅਮਰੀਕਾ ’ਚ ਚੀਨ ਵਿਰੋਧੀ ਸਿਆਸਤਦਾਨਾਂ ’ਤੇ ਦੋਸ਼ ਲਾਉਂਦੇ ਹੋਏ ਇਹ ਵੀ ਕਿਹਾ ਹੈ ਕਿ ਇਹੀ ਕਾਰਨ ਹੈ ਕਿ ਅਮਰੀਕਾ ’ਚ ਚੀਨ ਵਿਰੋਧੀ ਲੋਕਾਂ ਦੀਆਂ ਭਾਵਨਾਵਾਂ ਫੈਲਦੀਆਂ ਜਾ ਰਹੀਆਂ ਹਨ।
ਤਕਨੀਕੀ ਤਬਦੀਲੀ ਅਤੇ ਤਕਨੀਕੀ ਖੋਜ ਨੂੰ ਲੈ ਕੇ ਅਮਰੀਕਾ ਅਤੇ ਚੀਨ ਦੇ ਵਪਾਰ ’ਚ ਅਜੇ ਵੀ ਘੁੰਢੀ ਫਸੀ ਹੋਈ ਹੈ, ਜਿਸ ਦਾ ਨਿਪਟਾਰਾ ਜਲਦੀ ਹੋਵੇਗਾ, ਅਜਿਹਾ ਨਹੀਂ ਲੱਗਦਾ। ਚੀਨ ਦਾ ਟ੍ਰੈਕ ਰਿਕਾਰਡ ਇੰਨਾ ਖਰਾਬ ਹੈ ਕਿ ਅਮਰੀਕਾ ਆਪਣਾ ਹਰ ਅਗਲਾ ਕਦਮ ਸੰਭਲ-ਸੰਭਲ ਕੇ ਚੱਲ ਰਿਹਾ ਹੈ। ਚੀਨ ਨੂੰ ਇਸ ਸਮੇਂ ਸਿਰਫ ਆਪਣੇ ਵਪਾਰਕ ਘਾਟੇ ਦੀ ਚਿੰਤਾ ਹੈ ਪਰ ਅਮਰੀਕਾ ਰੱਖਿਆ ਮੰਤਰੀ ਜੈਕ ਸੁਲੀਵਾਨ ਨੇ ਹਾਲ ਦੇ ਬਿਆਨਾਂ ’ਚ ਕਿਹਾ ਸੀ ਕਿ ਅਮਰੀਕਾ ਨੂੰ ਚੀਨ ਨਾਲ ਵਪਾਰ ’ਚ ਸਿਰਫ ਕੌਮੀ ਸੁਰੱਖਿਆ ਦੀ ਚਿੰਤਾ ਹੈ ਅਤੇ ਵਪਾਰ ਨੂੰ ਲੈ ਕੇ ਅਮਰੀਕਾ ਚੀਨ ਨਾਲ ਸਬੰਧਾਂ ਨੂੰ ਖਤਮ ਨਹੀਂ ਕਰੇਗਾ।
ਚੀਨ ਨੂੰ ਇਹ ਗੱਲ ਪਤਾ ਹੈ ਕਿ ਅਮਰੀਕਾ ਭਾਵੇਂ ਜਿੰਨੀਆਂ ਵੀ ਦਲੀਲਾਂ ਦੇ ਰਿਹਾ ਹੈ, ਚੀਨ ਨਾਲ ਵਪਾਰ ’ਚ ਰਾਸ਼ਟਰੀ ਸੁਰੱਖਿਆ ਦੇ ਨਾਂ ’ਤੇ ਚੀਨ ਦੀਆਂ ਵਸਤਾਂ ’ਤੇ ਲੱਗਾ ਟੈਰਿਫ ਜਲਦੀ ਹੀ ਹਟਾਉਣ ਵਾਲਾ ਹੈ।