ਇਕ ਫਾਰਮੂਲੇ ਨਾਲ ਪੂਰੀ ਬਿਸਾਤ ਬਦਲਣ ਦੇ ਆਸਾਰ
Sunday, Nov 29, 2026 - 04:57 PM (IST)
ਕੇਂਦਰ ਸਰਕਾਰ ਹੱਦਬੰਦੀ ਲਈ ਜੋ ਸੋਧਿਆ ਹੋਇਆ ਫਾਰਮੂਲਾ ਲਿਆਈ ਹੈ, ਉਸ ਨੂੰ ਦੱਖਣੀ ਭਾਰਤ ਦੀਆਂ ਕੁੱਲ 8 ਸਿਆਸੀ ਪਾਰਟੀਆਂ ਨੇ ਆਪਣਾ ਸਮਰਥਨ ਦੇ ਦਿੱਤਾ ਹੈ। ਇਨ੍ਹਾਂ ’ਚ 5 ਪਾਰਟੀਆਂ ਤਾਂ ਐੱਨ. ਡੀ. ਏ. ਦੀਆਂ ਸਹਿਯੋਗੀ ਹਨ, ਜਦਕਿ 3 ਗ਼ੈਰ-ਐੱਨ. ਡੀ. ਏ. ਪਾਰਟੀਆਂ ਹਨ। ਇਨ੍ਹਾਂ ’ਚ ਐੱਮ. ਕੇ. ਸਟਾਲਿਨ ਦੀ ਪਾਰਟੀ ਦ੍ਰਮੁਕ (22 ਲੋਕ ਸਭਾ ਦੇ, 8 ਰਾਜ ਸਭਾ ਦੇ), ਜਗਨਮੋਹਨ ਰੈੱਡੀ ਦੀ ਵਾਈ. ਐੱਸ. ਆਰ. ਸੀ. ਪੀ. (4-4 ਲੋਕ ਸਭਾ ਅਤੇ ਰਾਜ ਸਭਾ ਦੇ) ਅਤੇ ਕੇ. ਚੰਦਰਸ਼ੇਖਰ ਰਾਓ ਦੀ ਬੀ. ਆਰ. ਐੱਸ. (ਰਾਜ ਸਭਾ ਦੇ 3) ਸ਼ਾਮਲ ਹਨ। ਅਪ੍ਰੈਲ ’ਚ ਹੱਦਬੰਦੀ ਬਿੱਲ ਇਨ੍ਹਾਂ ਪਾਰਟੀਆਂ ਦੇ ਸਖ਼ਤ ਰੁਖ਼ ਕਾਰਨ ਅਟਕ ਗਿਆ ਸੀ। ਇਸ ਤੋਂ ਇਲਾਵਾ ਪਹਿਲਾਂ ਥੋੜ੍ਹਾ-ਬਹੁਤ ਹਿਚਕ ਰਹੇ ਐੱਨ. ਡੀ. ਏ. ਦੇ ਸਹਿਯੋਗੀ ਦਲ ਵੀ ਨਵੇਂ ਫਾਰਮੂਲੇ ਨਾਲ ਸਹਿਜ ਹਨ। ਇਨ੍ਹਾਂ ’ਚ ਚੰਦਰਬਾਬੂ ਨਾਇਡੂ ਦੀ ਤੇਲਗੂਦੇਸ਼ਮ ਪਾਰਟੀ, ਪਵਨ ਕਲਿਆਣ ਦੀ ਜਨਸੈਨਾ ਪਾਰਟੀ, ਦੇਵੇਗੌੜਾ ਦਾ ਜਨਤਾ ਦਲ (ਸੈਕੂਲਰ), ਅੰਨਾਦ੍ਰਮੁਕ ਅਤੇ ਪੀ. ਐੱਮ. ਕੇ. ਸ਼ਾਮਲ ਹਨ।
ਦੱਖਣ ਦੀਆਂ ਸਿਆਸੀ ਪਾਰਟੀਆਂ ਖ਼ਾਸ ਕਰ ਕੇ ਦ੍ਰਮੁਕ, ਵਾਈ. ਐੱਸ. ਆਰ. ਸੀ. ਪੀ. ਤੇ ਬੀ. ਆਰ. ਐੱਸ. ਜੋ ਚਾਹੁੰਦੀਆਂ ਸਨ, ਹੱਦਬੰਦੀ ਦਾ ਨਵਾਂ ਫਾਰਮੂਲਾ ਬਿਲਕੁਲ ਓਹੋ ਜਿਹਾ ਹੈ। ਇਸ ਸਾਲ ਜਦੋਂ ਅਪ੍ਰੈਲ ’ਚ ਸਰਕਾਰ ਹੱਦਬੰਦੀ ਬਿੱਲ ਲਿਆਈ ਸੀ ਤਾਂ ਉਸ ਨੇ 50 ਫੀਸਦੀ ਅਨੁਪਾਤਕ ਵਾਧੇ ਦਾ ਸਿਰਫ਼ ਜ਼ੁਬਾਨੀ ਭਰੋਸਾ ਦਿੱਤਾ ਸੀ ਪਰ ਬਿੱਲ ਦੇ ਖਰੜੇ ’ਚ ਇਹ ਗੱਲ ਸਪੱਸ਼ਟ ਨਹੀਂ ਸੀ। ਇਸ ਲਈ ਦੱਖਣ ਦੀਆਂ ਪਾਰਟੀਆਂ ਦੇ ਵਿਰੋਧ ਕਾਰਨ ਇਹ ਬਿੱਲ ਅਟਕ ਗਿਆ ਸੀ ਪਰ ਹੁਣ ਉਸ ਜ਼ੁਬਾਨੀ ਭਰੋਸੇ ਨੂੰ ਨਵੇਂ ਖਰੜੇ ’ਚ ਲਿਖਤੀ ਰੂਪ ਦੇ ਕੇ ਕਾਨੂੰਨੀ ਗਾਰੰਟੀ ਦੇ ਦਿੱਤੀ ਗਈ ਹੈ।
ਦ੍ਰਮੁਕ ਸਮੇਤ ਕਈ ਦੱਖਣੀ ਪਾਰਟੀਆਂ ਦੀ ਮੁੱਖ ਮੰਗ ਸੀ ਕਿ 1971 ਦੀ ਜਨਗਣਨਾ ਦੇ ਆਧਾਰ ’ਤੇ ਤੈਅ ਕੀਤੇ ਗਏ ਸੂਬਿਆਂ ਦੇ ਮੌਜੂਦਾ ਪ੍ਰਤੀਨਿਧਤਾ ਅਨੁਪਾਤ ਨਾਲ ਛੇੜਛਾੜ ਨਾ ਹੋਵੇ। ਸਰਕਾਰ ਨੇ ਨਵੇਂ ਫਾਰਮੂਲਾ ਖਰੜੇ ’ਚ ਇਸ ਨੂੰ ਪੂਰੀ ਤਰ੍ਹਾਂ ਮੰਨਦੇ ਹੋਏ ਨਾ ਸਿਰਫ਼ ਉਨ੍ਹਾਂ ਦੇ ਸੂਬੇ ਦੀ ਅਨੁਪਾਤਕ ਹਿੱਸੇਦਾਰੀ ਨੂੰ ਸੁਰੱਖਿਅਤ ਰੱਖਿਆ ਹੈ, ਸਗੋਂ ਇਸ ਨੂੰ 2051 ਤੱਕ ਫ੍ਰੀਜ਼ ਵੀ ਕਰ ਰਹੀ ਹੈ।
ਦੱਖਣੀ ਸੂਬਿਆਂ ਨੂੰ ਸਭ ਤੋਂ ਵੱਡਾ ਡਰ ਇਹ ਸੀ ਕਿ ਜੇਕਰ ਨਵੀਂ ਜਨਗਣਨਾ ਦੇ ਆਧਾਰ ’ਤੇ ਹੱਦਬੰਦੀ ਹੋਈ ਤਾਂ ਆਬਾਦੀ ਕੰਟਰੋਲ ’ਚ ਸਫਲ ਰਹਿਣ ਕਾਰਨ ਉਨ੍ਹਾਂ ਦੀਆਂ ਸੀਟਾਂ ਘਟ ਜਾਣਗੀਆਂ ਅਤੇ ਉੱਤਰੀ ਸੂਬਿਆਂ ਦਾ ਦਬਦਬਾ ਹੋਰ ਵਧ ਜਾਵੇਗਾ। ਨਵੇਂ ਫਾਰਮੂਲੇ ’ਚ ਦੱਖਣੀ ਭਾਰਤ ਦੀ ਲੋਕ ਸਭਾ ’ਚ ਕੁੱਲ 24 ਫੀਸਦੀ ਹਿੱਸੇਦਾਰੀ ਬਰਕਰਾਰ ਰਹੇਗੀ। ਉੱਥੇ ਹੀ ਕਾਂਗਰਸ ਅਤੇ ਉਸ ਦੀਆਂ ਕਈ ਸਹਿਯੋਗੀ ਪਾਰਟੀਆਂ ਸੰਵਿਧਾਨ ਦੀ 132ਵੀਂ ਸੋਧ ਦੇ ਰੂਪ ’ਚ ਲਿਆਂਦੇ ਜਾ ਰਹੇ ਹੱਦਬੰਦੀ ਬਿੱਲ ਦਾ ਵਿਰੋਧ ਇਹ ਕਹਿ ਕੇ ਕਰ ਰਹੀਆਂ ਹਨ ਕਿ ਇਹ ਸੰਵਿਧਾਨਕ ਪ੍ਰਕਿਰਿਆਵਾਂ ਨੂੰ ਦਰਕਿਨਾਰ ਕਰਨ ਦੀ ਕੋਸ਼ਿਸ਼ ਹੈ। ਮਹਿਲਾ ਰਾਖਵਾਂਕਰਨ ਨੂੰ ਹੱਦਬੰਦੀ ਨਾਲ ਜੋੜਨਾ ਗਲਤ ਹੈ ਅਤੇ ਚੋਣ ਲਾਭ ਲਈ ਸੀਟਾਂ ਦੇ ਮਨਮਾਨੇ ਮੁੜ-ਨਿਰਧਾਰਨ ਦਾ ਖਦਸ਼ਾ ਹੈ।
ਵੈਸੇ ਤਾਂ ਸੰਵਿਧਾਨ ਦੀ ਧਾਰਾ 81-82 ਦੇ ਤਹਿਤ ਹਰੇਕ ਜਨਗਣਨਾ ਤੋਂ ਬਾਅਦ ਲੋਕ ਸਭਾ ਸੀਟਾਂ ਦੀ ਹੱਦਬੰਦੀ ਅਤੇ ਸਮਾਯੋਜਨ ਕੀਤਾ ਜਾਣਾ ਚਾਹੀਦਾ ਹੈ ਪਰ ਦੱਖਣੀ ਸੂਬਿਆਂ ਦੇ ਦਬਾਅ ਹੇਠ ਆਬਾਦੀ ਆਧਾਰਿਤ ਹੱਦਬੰਦੀ ਲਗਾਤਾਰ ਟਾਲੀ ਜਾਂਦੀ ਰਹੀ ਹੈ। ਇਸ ਦੇ ਲਈ ਬਾਕਾਇਦਾ ਸੰਵਿਧਾਨ ਸੋਧ ਲਿਆਂਦੀ ਜਾਂਦੀ ਹੈ। ਪਿਛਲੀ ਵਾਰ ਅਟਲ ਸਰਕਾਰ ਦੀ 2002 ਦੀ 84ਵੀਂ ਸੰਵਿਧਾਨ ਸੋਧ ਰਾਹੀਂ ਸੂਬਿਆਂ ਵਿਚਕਾਰ ਸੀਟਾਂ ਦੀ ਮੁੜ-ਵੰਡ ’ਤੇ ਰੋਕ 2026 ਤੋਂ ਬਾਅਦ ਹੋਣ ਵਾਲੀ ਪਹਿਲੀ ਜਨਗਣਨਾ ਤੱਕ ਵਧਾਈ ਗਈ ਸੀ।
1971 ਅਤੇ ਉਸ ਤੋਂ ਬਾਅਦ ਦੀ ਜਨਗਣਨਾ ਨੇ ਦਿਖਾਇਆ ਕਿ ਦੇਸ਼ ’ਚ ਉੱਤਰੀ ਸੂਬਿਆਂ ਅਤੇ ਖ਼ਾਸ ਕਰ ਕੇ ਹਿੰਦੀ ਪੱਟੀ ’ਚ ਆਬਾਦੀ ਵਧਣ ਦੀ ਰਫ਼ਤਾਰ ਬੇਹੱਦ ਤੇਜ਼ ਹੈ ਅਤੇ ਦੱਖਣੀ ਸੂਬੇ ਪਰਿਵਾਰ ਨਿਯੋਜਨ ’ਤੇ ਜ਼ਿਆਦਾ ਸਫਲਤਾ ਨਾਲ ਅਮਲ ਕਰ ਰਹੇ ਹਨ। ਆਬਾਦੀ ਆਧਾਰਿਤ ਹੱਦਬੰਦੀ ਨਾਲ ਵਧਣ ਵਾਲੀਆਂ ਸੀਟਾਂ ਕਾਰਨ ਦੇਸ਼ ਦੀ ਸੰਸਦ ’ਚ ਦੱਖਣ ਦੀ ਭਾਈਵਾਲੀ ਦਾ ਅਨੁਪਾਤ ਤੇਜ਼ੀ ਨਾਲ ਘਟਦਾ, ਇਸ ਲਈ 1971 ’ਚ ਆਬਾਦੀ ਨੂੰ ਆਧਾਰ ਮੰਨਦੇ ਹੋਏ ਅਗਲੇ 25 ਸਾਲਾਂ ਤੱਕ ਆਬਾਦੀ ਦੇ ਆਧਾਰ ’ਤੇ ਕਿਸੇ ਸੂਬੇ ਦੀਆਂ ਸੀਟਾਂ ਵਧਾਉਣ ’ਤੇ ਰੋਕ ਲਾ ਦਿੱਤੀ ਗਈ। ਦੱਖਣੀ ਸੂਬਿਆਂ ਦੇ ਦਬਾਅ ’ਚ ਇਸ ਰੋਕ ਨੂੰ 2025 ’ਚ ਵੀ ਜਾਰੀ ਰੱਖਿਆ ਗਿਆ।
ਦਰਅਸਲ ਸਾਲ 1971 ਦੇ ਆਧਾਰ ਨੂੰ ਛੇੜਨ ਦਾ ਹੌਸਲਾ ਕਿਸੇ ’ਚ ਨਹੀਂ ਹੈ। ਇਸ ਲਈ ਮੋਦੀ ਸਰਕਾਰ ਨੇ ਇਹ ਫਾਰਮੂਲਾ ਕੱਢਿਆ ਕਿ ਸਾਰੇ ਸੂਬਿਆਂ ਦੀਆਂ ਸੀਟਾਂ 50 ਫੀਸਦੀ ਵਧਾ ਦਿੱਤੀਆਂ ਜਾਣ। ਇਸ ਨਾਲ 1971 ਦਾ ਆਧਾਰ ਵੀ ਕਾਇਮ ਰਹੇਗਾ ਅਤੇ ਦੱਖਣੀ ਸੂਬਿਆਂ ਨੂੰ ਵੀ ਇਤਰਾਜ਼ ਨਹੀਂ ਹੋਵੇਗਾ। ਇਹੀ ਮਾਸਟਰ ਸਟ੍ਰੋਕ ਸਾਬਤ ਹੋਇਆ। ਇਸੇ ਲਈ ਹੱਦਬੰਦੀ ਬਿੱਲ ਦੇ ਮੋਦੀ ਸਰਕਾਰ ਦੇ ਫਾਰਮੂਲੇ ’ਤੇ ਕਿਸੇ ਦੱਖਣੀ ਸੂਬੇ ਨੂੰ ਜਾਂ ਉੱਥੋਂ ਦੀਆਂ ਪ੍ਰਮੁੱਖ ਸਿਆਸੀ ਪਾਰਟੀਆਂ ਨੂੰ ਕੋਈ ਇਤਰਾਜ਼ ਨਹੀਂ ਹੈ ਕਿਉਂਕਿ ਉਹ ਹਮੇਸ਼ਾ ਤੋਂ ਇਹੀ ਚਾਹੁੰਦੀਆਂ ਰਹੀਆਂ ਹਨ ਕਿ ਲੋਕ ਸਭਾ ’ਚ ਉਨ੍ਹਾਂ ਦੇ ਸੂਬੇ ਦੀ ਪ੍ਰਤੀਨਿਧਤਾ ਹਿੱਸੇਦਾਰੀ ਘੱਟ ਨਾ ਹੋਵੇ।
ਅਪ੍ਰੈਲ ’ਚ ਬਿੱਲ ਦੇ ਅਸਫਲ ਹੋ ਜਾਣ ਤੋਂ ਬਾਅਦ ਐੱਨ. ਡੀ. ਏ. ਦੀ ਨਜ਼ਰ ਦ੍ਰਮੁਕ ’ਤੇ ਰਹੀ ਸੀ, ਜਿਸ ਦੀ ਸ਼ਰਤ ਇਹ ਸੀ ਕਿ ਲੋਕ ਸਭਾ ਸੀਟਾਂ ਦੀ ਭਾਈਵਾਲੀ ’ਚ ਤਾਮਿਲਨਾਡੂ ਦਾ ਹਿੱਸਾ 7.18 ਫੀਸਦੀ ਤੋਂ ਘੱਟ ਨਾ ਹੋਵੇ। ਲੋਕ ਸਭਾ ਦੀਆਂ ਮੌਜੂਦਾ 543 ਸੀਟਾਂ ’ਚ ਤਾਮਿਲਨਾਡੂ ਦੀਆਂ 39 ਸੀਟਾਂ ਹਨ। ਨਵੇਂ ਫਾਰਮੂਲੇ ਦੇ ਹਿਸਾਬ ਨਾਲ ਜੇਕਰ ਲੋਕ ਸਭਾ ’ਚ ਕੁੱਲ 814 ਸੀਟਾਂ ਹੁੰਦੀਆਂ ਹਨ ਅਤੇ ਤਾਮਿਲਨਾਡੂ ਦੀਆਂ 50 ਫੀਸਦੀ (20 ਸੀਟਾਂ) ਵਧ ਜਾਂਦੀਆਂ ਹਨ ਤਾਂ ਉਸ ਦੀ ਭਾਈਵਾਲੀ ਘੱਟ ਨਹੀਂ ਹੋਵੇਗੀ, ਸਗੋਂ ਮਾਮੂਲੀ ਜਿਹੀ ਵਧ ਕੇ 7.23 ਫੀਸਦੀ ਹੋ ਜਾਵੇਗੀ।
ਹੁਣ ਉਹ, ਤਾਮਿਲਨਾਡੂ ’ਚ ਜਦੋਂ ਵੀ ਅਗਲੀ ਚੋਣ ਹੋਵੇਗੀ (ਕਦੋਂ ਹੋਵੇਗੀ ਕਿਹਾ ਨਹੀਂ ਜਾ ਸਕਦਾ ਕਿਉਂਕਿ ਵਿਜੇ ਥਲਪਤੀ ਦੀ ਪਾਰਟੀ ਨੂੰ 234 ’ਚੋਂ 107 ਸੀਟਾਂ ਮਿਲੀਆਂ ਹਨ ਅਤੇ ਉਨ੍ਹਾਂ ਦੇ ਪੋਸਟ-ਪੋਲ ਗੱਠਜੋੜ ਤੋਂ ਬਾਅਦ ਸਹਿਯੋਗੀ ਪਾਰਟੀਆਂ ’ਚ ਕਾਂਗਰਸ ਦੇ ਪੰਜ ਤੋਂ ਇਲਾਵਾ ਹੋਰ ਛੋਟੀਆਂ ਪਾਰਟੀਆਂ ਹਨ। ਵਿਜੇ ਸਰਕਾਰ ਦੀ ਸਰਕਾਰ ਚਲਾਉਣ ’ਚ ਯੋਗਤਾ ਦਾ ਵੱਡਾ ਹਿੱਸਾ ਸਰਕਾਰ ਚਲਾਈ ਰੱਖਣ ’ਚ ਵੀ ਜਾ ਰਿਹਾ ਹੈ), ’ਚ ਲੋਕਾਂ ਦੇ ਵਿਚਕਾਰ ਜਾ ਕੇ ਕਹਿ ਸਕਦੀ ਹੈ ਕਿ ਭਾਵੇਂ ਹੀ ਕੇਂਦਰ ’ਚ ਸਾਡੀ ਵਿਰੋਧੀ ਸਰਕਾਰ ਸੀ ਪਰ ਅਸੀਂ ਆਪਣੇ ਹਿੱਤਾਂ ਲਈ ਲੜੇ ਅਤੇ ਕੇਂਦਰ ਨੂੰ ਸੋਧਿਆ ਹੋਇਆ ਫਾਰਮੂਲਾ ਲਿਆਉਣ ਲਈ ਮਜਬੂਰ ਕੀਤਾ। ਉੱਥੇ ਹੀ ਭਾਜਪਾ ਵੀ ਦੱਖਣ ’ਚ ਇਹ ਕਹਿ ਕੇ ਨਵਾਂ ਸਮਰਥਨ ਜੁਟਾਉਣ ਦੀ ਕੋਸ਼ਿਸ਼ ਕਰ ਸਕਦੀ ਹੈ ਕਿ ਅਸੀਂ ਤੁਹਾਡੇ ਹਿੱਤਾਂ ਨੂੰ ਕਮਜ਼ੋਰ ਨਹੀਂ ਪੈਣ ਦਿੱਤਾ।
ਭਾਵ ਆਉਣ ਵਾਲੇ ਦਿਨਾਂ ’ਚ ਗੱਲ ਹੱਦਬੰਦੀ ਬਿੱਲ ਤੱਕ ਹੀ ਨਹੀਂ ਰਹੇਗੀ, ਉਸ ਤੋਂ ਬਾਅਦ ਵੀ ਸਿਆਸੀ ਹੰਗਾਮਾ ਜਾਰੀ ਰਹੇਗਾ ਅਤੇ ਉਸ ਦੀ ਧਮਕ 2029 ਦੀਆਂ ਲੋਕ ਸਭਾ ਚੋਣਾਂ ਤੱਕ ਰਹੇਗੀ। ਉਦੋਂ ਤੱਕ ਗੰਗਾ, ਜਮੁਨਾ, ਸਤਲੁਜ, ਗੋਦਾਵਰੀ, ਕ੍ਰਿਸ਼ਨਾ ’ਚ ਪਾਣੀ ਕਾਫ਼ੀ ਕੁਝ ਉੱਪਰ-ਹੇਠਾਂ ਹੁੰਦਾ ਰਹੇਗਾ।
- ਅਕੂ ਸ਼੍ਰੀਵਾਸਤਵ
