ਕੇਜਰੀਵਾਲ ਕੋਲ ਬਦਲ ਕੀ-ਕੀ ਹਨ
Monday, Feb 10, 2025 - 04:53 PM (IST)
![ਕੇਜਰੀਵਾਲ ਕੋਲ ਬਦਲ ਕੀ-ਕੀ ਹਨ](https://static.jagbani.com/multimedia/2025_2image_16_52_596356236arvind.jpg)
ਦਿੱਲੀ ਵਿਧਾਨ ਸਭਾ ਚੋਣਾਂ ’ਚ ਹਾਰ ਤੋਂ ਬਾਅਦ ਹੁਣ ਅਰਵਿੰਦ ਕੇਜਰੀਵਾਲ ਕੀ ਕਰਨਗੇ, ਕਹਿਣ ਨੂੰ ਤਾਂ ਕਿਹਾ ਜਾ ਸਕਦਾ ਹੈ ਕਿ ‘ਆਪ’ ਕੋਲ ਅਜੇ ਵੀ 43 ਫੀਸਦੀ ਵੋਟਾਂ ਹਨ ਜੋ ਵਿਰੋਧੀ ਧਿਰ ’ਚ ਰਹਿੰਦੇ ਹੋਏ ਭਾਜਪਾ ਕੋਲ ਕਦੇ ਨਹੀਂ ਰਹੀਆਂ। ‘ਆਪ’ ਕੋਲ 22 ਵਿਧਾਇਕ ਹਨ ਭਾਵ 10 ਸਾਲਾਂ ’ਚ ਪਹਿਲੀ ਵਾਰ ਮਜ਼ਬੂਤ ਵਿਰੋਧੀ ਧਿਰ ਹੈ। ‘ਆਪ’ ਦਾ ਐੱਮ. ਸੀ. ਡੀ. ’ਤੇ ਕਬਜ਼ਾ ਬਣਿਆ ਹੋਇਆ ਹੈ। ‘ਆਪ’ ਕੋਲ ਪੰਜਾਬ ’ਚ ਤਿੰਨ ਚੌਥਾਈ ਵੋਟਾਂ ਨਾਲ ਜਿੱਤੀ ਹੋਈ ਸਰਕਾਰ ਹੈ।
ਕਹਿਣ ਨੂੰ ਤਾਂ ਇਹ ਵੀ ਕਿਹਾ ਜਾ ਸਕਦਾ ਹੈ ਕਿ ਕੇਜਰੀਵਾਲ ਹੌਸਲੇ ਦਾ ਨਾਂ ਹੈ ਜੋ 11 ਸਾਲ ਪਹਿਲਾਂ ਧੁੰਦ ’ਚੋਂ ਖੜ੍ਹਾ ਹੋ ਕੇ ਮੁੱਖ ਮੰਤਰੀ ਅਹੁਦੇ ਤੱਕ ਪਹੁੰਚ ਸਕਦਾ ਹੈ ਤਾਂ ਇਹ ਕਹਾਣੀ ਫਿਰ ਕਿਉਂ ਦੁਹਰਾਈ ਨਹੀਂ ਜਾ ਸਕਦੀ। ਸਾਰੇ ਤਰਕ ਆਪਣੀ ਥਾਂ ਸਹੀ ਹਨ ਪਰ ਸਭ ਤੋਂ ਵੱਡੀ ਗੱਲ ਇਹ ਹੈ ਕਿ ਚੋਣਾਂ ’ਚ ਬੇਸ਼ੱਕ ‘ਆਪ’ ਹਾਰੀ ਹੈ, ਸੁੰਗੜੀ ਜ਼ਰੂਰ ਹੈ ਪਰ ਕੇਜਰੀਵਾਲ ਹਾਰੇ ਹਨ।
ਇਸ ਦੇ ਲਈ ਉਹ ਖੁਦ ਜ਼ਿੰਮੇਵਾਰ ਹਨ ਅਤੇ ਖੁਦ ਦੀ ਜਵਾਬਦੇਹੀ ਵੀ ਉਨ੍ਹਾਂ ਨੇ ਹੀ ਤੈਅ ਕਰਨੀ ਹੈ। ਸਪੱਸ਼ਟ ਗੱਲ ਹੈ ਕਿ ਕੇਜਰੀਵਾਲ ਇਹ ਕਹਿੰਦੇ ਹੋਏ ਚੋਣਾਂ ਦੀ ਜੰਗ ’ਚ ਉਤਰੇ ਸਨ ਕਿ ਜੇਕਰ ਤੁਹਾਨੂੰ ਜਾਪੇ ਕਿ ਕੇਜਰੀਵਾਲ ਈਮਾਨਦਾਰ ਹੈ ਤਾਂ ਵੋਟ ਦਿਓ। ਵੋਟ ਨਾ ਦਿੱਤੀ ਤਾਂ ਕੀ ਸਮਝਿਆ ਜਾਵੇ, ਕਹਿਣ ਦੀ ਲੋੜ ਨਹੀਂ ਹੈ।
ਸਿਆਸਤ ’ਚ ਨਾ ਤਾਂ ਬੜਬੋਲਾਪਨ ਚੱਲਦਾ ਹੈ ਅਤੇ ਨਾ ਹੀ ਹੰਕਾਰ ਅਤੇ ਨਾ ਹੀ ਅਰਸ਼ ’ਤੇ ਪਹੁੰਚ ਕੇ ਫਰਸ਼ ’ਤੇ ਚੱਲਣ ਵਾਲਿਆਂ ਦੀ ਅਣਦੇਖੀ ਕਰਨੀ। ਰਾਜਸਥਾਨ ਦੇ ਕਾਂਗਰਸੀ ਆਗੂ ਅਸ਼ੋਕ ਗਹਿਲੋਤ ਸ਼ੀਲਾ ਦੀਕਸ਼ਿਤ ਦੇ ਸਮੇਂ ਦਿੱਲੀ ਦੇ ਇੰਚਾਰਜ ਜਨਰਲ ਸਕੱਤਰ ਬਣਾਏ ਗਏ ਸਨ। ਉਦੋਂ ਸ਼ੀਲਾ ਦੀਕਸ਼ਿਤ ਦੀ ਕਾਰਜਸ਼ੈਲੀ ਤੋਂ ਦਿੱਲੀ ਕਾਂਗਰਸ ਦੇ ਕੁਝ ਵੱਡੇ ਨੇਤਾ ਨਾਰਾਜ਼ ਦੱਸੇ ਗਏ ਸਨ। ਤਦ ਇੰਚਾਰਜ ਜਨਰਲ ਸਕੱਤਰ ਗਹਿਲੋਤ ਨੇ ਕਹਾਵਤ ਰਾਹੀਂ ਸ਼ੀਲਾ ਦੀਕਸ਼ਿਤ ਤਕ ਸੰਦੇਸ਼ ਪਹੁੰਚਾਇਆ ਸੀ।
ਮੀਆਂ ਜੀ ਘੋੜੀ ਚੜ੍ਹੇ ਤਾਂ ਚੜ੍ਹਨ ਪਰ ਹੇਠਲਿਆਂ ਦੀ ਸਲਾਮ ਤਾਂ ਕਬੂਲ ਕਰਨ। ਗਹਿਲੋਤ ਨੇ ਲਗਭਗ 20 ਸਾਲ ਪਹਿਲਾਂ ਜਿਹੜੀ ਕਹਾਵਤ ਕਹੀ ਸੀ ਉਹ ਅੱਜ ਕੇਜਰੀਵਾਲ ’ਤੇ ਪੂਰੀ ਤਰ੍ਹਾਂ ਲਾਗੂ ਹੁੰਦੀ ਹੈ। ਤਾਂ ਸਵਾਲ ਉੱਠਦਾ ਹੈ ਕਿ ਕੇਜਰੀਵਾਲ ਹੁਣ ਅੱਗੇ ਕੀ ਕਰਨਗੇ। ਉਨ੍ਹਾਂ ਕੋਲ ਹੁਣ ਕੀ ਬਦਲ ਬਚਦੇ ਹਨ। ਘਰ ’ਚ ਸਿਆਸੀ ਚੋਰੀ ਹੋਈ ਹੈ।
ਭਾਜਪਾ ਵਾਲੇ ਖਿੜਕੀ ਪੁੱਟ ਕੇ ਅੰਦਰ ਵੜੇ ਤਾਂ ਕਾਂਗਰਸ ਨੇ ਰੌਸ਼ਨਦਾਨ ਦਾ ਸਹਾਰਾ ਲਿਆ ਤੇ ਸਿਆਸੀ ਡਾਕਾ ਪੈ ਚੁੱਕਾ ਹੈ। ਹੁਣ ਕੇਜਰੀਵਾਲ (1) ਕੀ-ਕੀ ਚੋਰੀ ਹੋਇਆ, ਦਾ ਹਿਸਾਬ-ਕਿਤਾਬ ਕਰਨ, (2) ਚੋਰੀ ਹੋਣ ਤੋਂ ਜੋ ਬਚ ਗਿਆ ਉਸ ਨੂੰ ਸੰਭਾਲਣ ਦੀ ਕੋਸ਼ਿਸ਼ ਕਰਨ, (3) ਸੀ. ਸੀ. ਟੀ. ਵੀ. ਕੈਮਰਿਆਂ ’ਚ ਚੋਰਾਂ ਦੀ ਪਛਾਣ ਕਰਨ, (4) ਹਾਏ ਚੋਰੀ ਹੋ ਗਈ, ਚੋਰੀ ਦਾ ਰੌਲਾ ਪਾਉਣ। ਸਪੱਸ਼ਟ ਹੈ ਕਿ ਕੇਜਰੀਵਾਲ ਵੀ ਜਾਣਦੇ ਹਨ ਕਿ ਕੀ-ਕੀ ਚੋਰੀ ਹੋ ਚੁੱਕਾ ਹੈ। ਉਹ ਇਹ ਵੀ ਜਾਣਦੇ ਹਨ ਕਿ ਚੋਰੀ ਕਿਸ ਨੇ ਕੀਤੀ। ਰੌਲਾ ਪਾਉਣ ਦੀ ਕੋਈ ਲੋੜ ਨਹੀਂ ਕਿਉਂਕਿ ਇਸ ’ਚ ਜਨਤਾ ਸ਼ਾਮਲ ਹੋਣ ਵਾਲੀ ਨਹੀਂ ਹੈ ਤਾਂ ਇਕੋ-ਇਕ ਬਦਲ ਇਹੀ ਬਚਦਾ ਹੈ ਕਿ ਬਚਿਆ-ਖੁਚਿਆ ਘਰ ਸੰਭਾਲਿਆ ਜਾਵੇ।
22 ਵਿਧਾਇਕਾਂ ਨੂੰ ਭਾਜਪਾ ਦੇ ਸੰਭਾਵਿਤ ਆਪ੍ਰੇਸ਼ਨ ਲੋਟਸ ਤੋਂ ਬਚਾਉਣਾ ਹੈ। ਐੱਮ. ਸੀ. ਡੀ. ਦੇ ਮੇਅਰ ’ਤੇ ਭਾਜਪਾ ਦੀ ਨਜ਼ਰ ਹੈ ਅਤੇ ਉਸ ਨੂੰ ਜਿੱਤਣ ਦੇ ਬਾਅਦ ਐੱਮ. ਸੀ. ਡੀ. ’ਤੇ ਹੀ ਸਿਆਸੀ ਡਾਕਾ ਮਾਰਿਆ ਜਾ ਸਕਦਾ ਹੈ। ਕਿਉਂਕਿ ਸਥਾਨਕ ਸਰਕਾਰਾਂ ਦੀਆਂ ਚੋਣਾਂ ’ਚ ਦਲ ਬਦਲ ਕਾਨੂੰਨ ਲਾਗੂ ਨਹੀਂ ਹੁੰਦਾ, ਇਸ ਲਈ ਇਸ ਮੋਰਚੇ ’ਤੇ ਕੇਜਰੀਵਾਲ ਨੂੰ ਲੱਗਣਾ ਹੋਵੇਗਾ।
ਉਂਝ ਤਾਂ ਚੰਗਾ ਹੁੰਦਾ ਜੇਕਰ ਕੇਜਰੀਵਾਲ ਖੁਦ ਦੀ ਚੋਣ ਜਿੱਤ ਜਾਂਦੇ, ਅਜਿਹੇ ’ਚ ਉਹ ਵਿਧਾਨ ਸਭਾ ’ਚ ਵਿਰੋਧੀ ਧਿਰ ਦੇ ਨੇਤਾ ਬਣਦੇ ਅਤੇ ਨਵੀਂ ਭਾਜਪਾ ਸਰਕਾਰ ਦੀ ਰੋਜ਼ ਘੇਰਾਬੰਦੀ ਕਰਦੇ ਪਰ ਹੁਣ ਅਜਿਹਾ ਹੋਣ ਨਹੀਂ ਜਾ ਰਿਹਾ ਹੈ। ਭਾਜਪਾ ਸਰਕਾਰ ਕੇਜਰੀਵਾਲ ਸਰਕਾਰ ਦੇ ਸਮੇਂ ਲਏ ਗਏ ਫੈਸਲਿਆਂ ਦੀ ਸਮੀਖਿਆ ਕਰੇਗੀ।
ਮੁਹੱਲਾ ਕਲੀਨਿਕ ’ਚ ਦਵਾਈਆਂ ਦੀ ਖਰੀਦ ’ਚ ਘਪਲੇ ਦਾ ਦੋਸ਼ ਪਹਿਲਾਂ ਹੀ ਲਗਾਇਆ ਜਾ ਚੁੱਕਾ ਹੈ। ਭਾਜਪਾ ਆਯੁਸ਼ਮਾਨ ਯੋਜਨਾ ਲਾਗੂ ਕਰੇਗੀ ਅਤੇ ਮੁਹੱਲਾ ਕਲੀਨਿਕ ਦੇ ਮੌਜੂਦਾ ਢਾਂਚੇ ’ਚ ਤਬਦੀਲੀ ਹੋਣੀ ਤੈਅ ਹੈ। ਇਥੇ ਕੇਜਰੀਵਾਲ ਨੂੰ ਜਨਤਾ ਦਰਮਿਆਨ ਉਤਰਨ ਦਾ ਮੌਕਾ ਮਿਲ ਸਕਦਾ ਹੈ। ਸਰਕਾਰੀ ਸਕੂਲਾਂ ’ਚ ਮਨੀਸ਼ ਸਿਸੋਦੀਆ ਦੀ ਜ਼ਬਰਦਸਤ ਛਾਪ ਹੈ। ਜ਼ਾਹਿਰ ਹੈ ਕਿ ਭਾਜਪਾ ਇਸ ਛਾਪ ਨੂੰ ਧੁੰਦਲਾ ਕਰਨਾ ਚਾਹੇਗੀ। ਜੇਕਰ ਅਜਿਹਾ ਹੁੰਦਾ ਹੈ ਤਾਂ ਮਨੀਸ਼ ਸਿਸੋਦੀਆ ਕੋਲ ਮੌਕਾ ਹੋਵੇਗਾ।
ਭਾਜਪਾ ਜ਼ਰੂਰ ਚਾਹੇਗੀ ਕਿ ਅੱਧਮਰੀ ‘ਆਪ’ ਦੇ ਤਾਬੂਤ ’ਚ ਆਖਰੀ ਕਿੱਲ ਠੋਕ ਦਿੱਤਾ ਜਾਵੇ। ਇਸ ਦੇ ਲਈ ਜਾਂਚ ਏਜੰਸੀਆਂ ਨੂੰ ਸਰਗਰਮ ਕੀਤਾ ਜਾਣਾ ਵੀ ਤੈਅ ਹੈ। ਸ਼ਰਾਬ ਕਾਂਡ ’ਤੇ ਦੋਸ਼ ਤੈਅ ਕਰਨ ਅਤੇ ਮੁਕੱਦਮਾ ਸ਼ੁਰੂ ਕਰਨ ’ਚ ਤੇਜ਼ੀ ਦੇਖੀ ਜਾ ਸਕਦੀ ਹੈ। ਨਵਾਂ ਮੁੱਖ ਮੰਤਰੀ ਕੀ ਸ਼ੀਸ਼ ਮਹਿਲ ’ਚ ਰਹਿਣ ਲੱਗੇਗਾ ਜਾਂ ਭਾਜਪਾ ਇਸ ਮਸਲੇ ਨੂੰ ਅੱਗੇ ਵੀ ਭਖਾਈ ਰੱਖੇਗੀ। ਇਹ ਵੀ ਦੇਖਣਾ ਦਿਲਚਸਪ ਰਹੇਗਾ। ਭਾਵ ਕੁਲ ਮਿਲਾ ਕੇ ਕੇਜਰੀਵਾਲ ਨੂੰ ਦੋ ਮੋਰਚਿਆਂ ’ਤੇ ਇਕੱਠਿਆਂ ਲੜਨਾ ਹੋਵੇਗਾ। ਵਿਧਾਇਕਾਂ ਅਤੇ ਕੌਂਸਲਰਾਂ ਨੂੰ ਬਚਾਉਣਾ, ਅਦਾਲਤੀ ਦਾਅ-ਪੇਚਾਂ ਤੋਂ ਖੁਦ ਨੂੰ ਬਚਾਉਣਾ। ਇਸ ਦੇ ਲਈ ਵਰਕਰਾਂ ਦਾ ਸਾਥ ਜ਼ਰੂਰੀ ਹੋਵੇਗਾ ਜਿਨ੍ਹਾਂ ਦੇ ਸਮਰਪਣ ’ਚ ਪਿਛਲੇ 10 ਸਾਲਾਂ ’ਚ ਰਿਸਾਅ ਹੀ ਦੇਖਿਆ ਗਿਆ ਹੈ।
ਕੇਜਰੀਵਾਲ ਦੇ ਜੇਲ ਜਾਣ ’ਤੇ ਜਿੰਨੀ ਗਿਣਤੀ ’ਚ ‘ਆਪ’ ਦੇ ਸਮਰਥਕ ਸੜਕਾਂ ’ਤੇ ਉਤਰੇ, ਉਹ ਖਤਰੇ ਦੀ ਪਹਿਲੀ ਘੰਟੀ ਦਾ ਸੰਕੇਤ ਦੇ ਗਿਆ ਸੀ ਪਰ ਉਦੋਂ ਕੇਜਰੀਵਾਲ ਨੇ ਸ਼ਤੁਰਮੁਰਗ ਵਾਂਗ ਸਿਰ ਰੇਤ ’ਚ ਲੁਕੋ ਲਿਆ ਸੀ ਅਤੇ ਤੂਫਾਨ ਲੰਘ ਜਾਣ ਦੀ ਉਡੀਕ ਕਰਨ ਲੱਗੇ ਸਨ ਤਾਂ ਕੇਜਰੀਵਾਲ ਕੀ ਕਰਨਗੇ ਜਾਂ ਕੀ ਕਰ ਸਕਦੇ ਹਨ।
(1). ਖੁਦ ਨੂੰ ਦਿੱਲੀ ਦੀ ਸਿਆਸਤ ’ਚ ਸੀਮਤ ਕਰ ਸਕਦੇ ਹਨ। ਜਿਥੇ ਬੀਜ ਬੀਜਿਆ ਗਿਆ ਅਤੇ ਜਿਥੇ ਬੂਟੇ ਨੂੰ ਪਾਣੀ ਪਾਇਆ ਗਿਆ ਸੀ, ਉਹੀ ਬੂਟਾ ਮੁਰਝਾ ਗਿਆ ਤਾਂ ਦੇਸ਼ ’ਚ ਕੀ ਸਵਾਹ ਸਿਆਸਤ ਕਰਨਗੇ।
(2). ਕੇਜਰੀਵਾਲ ਚਾਹੁਣ ਤਾਂ ਦੇਸ਼ ਭਰ ’ਚ ਮੋਦੀ ਅਤੇ ਰਾਹੁਲ ਗਾਂਧੀ ਨੂੰ ਸੋਚੀਂ ਪਾ ਸਕਦੇ ਹਨ। ਇਸ ਨੂੰ ਖਿਸਿਆਨੀ ਬਿੱਲੀ ਦਾ ਖੰਭਾ ਨੋਚਣਾ ਹੀ ਕਿਹਾ ਜਾਵੇਗਾ।
(3). ਕੇਜਰੀਵਾਲ ਕਾਂਗਰਸ ਦੇ ‘ਇੰਡੀਆ’ ਗੱਠਜੋੜ ਦੀ ਧੁੱਪ-ਛਾਂ ’ਚ ਅਗਲੇ ਕੁਝ ਮਹੀਨੇ ਚੁੱਪਚਾਪ ਸਮਾਂ ਕੱਟਣ ਅਤੇ ਸਹੀ ਸਮੇਂ ਦੀ ਉਡੀਕ ਦੀ ਰਣਨੀਤੀ ਅਪਣਾ ਸਕਦੇ ਹਨ।
(4). ਕੇਜਰੀਵਾਲ ਪੰਜਾਬ ਦੇ ਰਸਤੇ ਰਾਜ ਸਭਾ ਪਹੁੰਚ ਕੇ ‘ਆਪ’ ਦੇ ਸੰਸਦੀ ਦਲ ਦੇ ਨੇਤਾ ਬਣ ਕੇ ਆਪਣੇ ਵਜੂਦ ਨੂੰ ਚਮਕਾਉਣ ਦੀ ਕੋਸ਼ਿਸ਼ ਕਰ ਸਕਦੇ ਹਨ।