ਅਰਥਵਿਵਸਥਾ ਨੂੰ ਵੱਡਾ ਝਟਕਾ ਲਾਏਗਾ ਕੋਵਿਡ-19

04/06/2020 1:54:38 AM

ਆਕਾਰ ਪਟੇਲ

ਪਿਛਲੇ ਦਿਨ ਮੈਂ ਆਪਣੇ ਬੈਂਗਲੁਰੂ ਦੇ ਇਕ ਦੋਸਤ ਨਾਲ ਗੱਲ ਰਿਹਾ ਸੀ, ਜਿਸ ਨੇ ਆਪਣੀ ਜ਼ਿੰਦਗੀ ਦਾ ਵਧੇਰੇ ਸਮਾਂ ਅਮਰੀਕਾ ’ਚ ਗੁਜ਼ਾਰਿਆ ਹੈ। ਉਹ ਇਕ ਸਾਫਟਵੇਅਰ ਕੰਪਨੀ ’ਚ ਕੰਮ ਕਰਦਾ ਹੈ ਅਤੇ ਉਸ ਨੂੰ ਸਾਲ ’ਚ ਤਿੰਨ ਵਾਰ ਕੰਮ ਦੇ ਸਬੰਧ ’ਚ ਭਾਰਤ ਆਉਣਾ ਪੈਂਦਾ ਹੈ। ਮੈਂ ਉਸ ਨੂੰ ਲੰਬੇ ਸਮੇਂ ਤੋਂ ਜਾਣਦਾ ਹਾਂ ਅਤੇ ਉਹ ਨਿਯਮਿਤ ਤੌਰ ’ਤੇ ਇਥੇ ਆਉਂਦਾ ਰਿਹਾ ਹੈ। ਉਹ ਕੰਮ ਦੇ ਮਾਮਲੇ ’ਚ ਹਰ ਸਾਲ ਘੱਟ ਤੋੋਂ ਘੱਟ 60 ਦਿਨ ਭਾਰਤ ’ਚ ਗੁਜ਼ਾਰਦਾ ਹੈ। ਹਾਲਾਂਕਿ ਅਗਲੇ ਮਹੀਨੇ ਉਹ ਬੈਂਗਲੁਰੂ ਨਹੀਂ ਆ ਸਕੇਗਾ ਅਤੇ ਉਸ ਨੂੰ ਇਹ ਵੀ ਨਹੀਂ ਪਤਾ ਕਿ ਅਗਲੀ ਵਾਰ ਉਸ ਨੂੰ ਕਦੋਂ ਭੇਜਿਆ ਜਾਵੇਗਾ। ਕੰਪਨੀਆਂ ਅਤੇ ਕਾਰੋਬਾਰੀ ਜਲਦੀ ਕਿਤੇ ਆਪਣੇ ਕਰਮਚਾਰੀਆਂ ਨੂੰ ਕਿਸੇ ਖਤਰੇ ’ਚ ਨਹੀਂ ਪਾਉਣਗੇ, ਖਾਸ ਕਰਕੇ ਅਮਰੀਕਾ ਅਤੇ ਯੂਰਪ ’ਚ ਸਥਾਪਿਤ ਫਰਮਾਂ। ਉਨ੍ਹਾਂ ਦੇ ਅਜਿਹੇ ਕਾਨੂੰਨ ਹਨ, ਜਿਨ੍ਹਾਂ ਨੂੰ ਲੋਕ ਨਿੱਜੀ ਤੌਰ ’ਤੇ ਇਸਤੇਮਾਲ ਕਰ ਸਕਦੇ ਹਨ, ਜੇਕਰ ਉਨ੍ਹਾਂ ਨੂੰ ਜਾਪਦਾ ਹੈ ਕਿ ਨਿਜੋਕਤਾ ਵਲੋਂ ਉਨ੍ਹਾਂ ਦੀ ਸੁਰੱਖਿਆ ਨੂੰ ਖਤਰੇ ’ਚ ਪਾਇਆ ਜਾ ਰਿਹਾ ਹੈ। ਜਦੋਂ ਤਕ ਕੋਵਿਡ-19 ਦੀ ਵੈਕਸੀਨ ਦੀ ਖੋਜ ਨਹੀਂ ਹੋ ਜਾਂਦੀ, ਉਦੋਂ ਤਕ ਅਨਿਸ਼ਚਿਤਤਾ ਦੀ ਸਥਿਤੀ ਬਣੀ ਰਹੇਗੀ। ਬੇਸ਼ੱਕ ਏਅਰਲਾਈਨਜ਼ ’ਤੇ ਇਸ ਦਾ ਪ੍ਰਭਾਵ ਪਵੇਗਾ। ਲੱਗਭਗ ਸਾਰੀ ਦੁਨੀਆ ’ਚ ਅੰਤਰਰਾਸ਼ਟਰੀ ਯਾਤਰਾਵਾਂ ’ਤੇ ਪਾਬੰਦੀ ਲੱਗ ਚੁੱਕੀ ਹੈ। ਯੂਰਪੀਅਨ ਲੋਕ ਅਮਰੀਕਾ ਨਹੀਂ ਜਾ ਸਕਦੇ ਅਤੇ ਅਮਰੀਕੀ ਯੂਰਪ ਨਹੀਂ ਜਾ ਸਕਦੇ। ਭਾਰਤ ’ਚ ਯਾਤਰੀ ਉਡਾਣਾਂ ਦਾ ਸੰਚਾਲਨ ਬੰਦ ਹੈ। ਅਪ੍ਰੈਲ ਦੇ ਮੱਧ ’ਚ ਲਾਕਡਾਊਨ ਸਮਾਪਤ ਹੋਣ ਤੋਂ ਬਾਅਦ ਵੀ ਕੰਮ ਦੇ ਸਿਲਸਿਲੇ ’ਚ ਘਰੇਲੂ ਉਡਾਣਾਂ ਦੀ ਸੁਵਿਧਾ ਲੈਣ ਵਾਲੇ ਯਾਤਰੀਆਂ ਦੀ ਸੰਖਿਆ ਕਾਫੀ ਘੱਟ ਰਹੇਗੀ ਅਤੇ ਪਿਛਲੇ ਸਾਲ ਦੇ ਮੁਕਾਬਲੇ ਇਸ ਸਾਲ ਹਰ ਮਹੀਨੇ ਆਵਾਜਾਈ ਘੱਟ ਹੀ ਰਹੇਗੀ।

ਏਅਰਲਾਈਨਜ਼ ਦਾ ਕੀ ਹੋਵੇਗਾ

ਇਸ ਦਰਮਿਆਨ ਵੱਡਾ ਸਵਾਲ ਇਹ ਹੈ ਕਿ ਬਹੁਤ ਘੱਟ ਲਾਭ ’ਤੇ ਅਤੇ ਹੋਰ ਕਈ ਵਾਰ ਘਾਟਾ ਉਠਾ ਕੇ ਸੰਚਾਲਨ ਕਰਨ ਵਾਲੀਆਂ ਏਅਰਲਾਈਨਜ਼ ਇਸ ਸਥਿਤੀ ’ਚ ਖੁਦ ਨੂੰ ਕਿਵੇਂ ਸੰਭਾਲ ਸਕਣਗੀਆਂ? ਉਹ ਅਜਿਹਾ ਕਰਨ ’ਚ ਸਮਰੱਥ ਨਹੀਂ ਹੋਣਗੀਆਂ ਅਤੇ ਸਰਕਾਰ ਨੂੰ ਵੀ ਫੈਸਲਾ ਲੈਣਾ ਹੋਵੇਗਾ ਕਿ ਉਨ੍ਹਾਂ ਨੂੰ ਇਸ ਸਥਿਤੀ ’ਚੋਂ ਬਾਹਰ ਕੱਢੇ (ਭਾਵ ਏਅਰ ਪਲਾਨ ਲੀਜ਼ ਅਤੇ ਪਾਇਲਟ ਅਤੇ ਚਾਲਕ ਦਲ ਦੀ ਤਨਖਾਹ ’ਤੇ ਟੈਕਸਦਾਤਾ ਦਾ ਪੈਸਾ ਖਰਚ ਕੀਤਾ ਜਾਵੇ) ਉਨ੍ਹਾਂ ਨੂੰ ਬਰਬਾਦ ਹੋਣ ਲਈ ਛੱਡ ਦਿੱਤਾ ਜਾਵੇ। ਕੁਝ ਸਮਾਂ ਪਹਿਲਾਂ ਤਕ ਜਿਥੇ ਇਹ ਸਥਿਤੀ ਸੀ ਕਿ ਭਾਰਤ ਜਨਤਕ ਖੇਤਰ ਦੀ ਕੰਪਨੀ ਏਅਰ ਇੰਡੀਆ ਨੂੰ ਵੇਚਣ ’ਤੇ ਵਿਚਾਰ ਕਰ ਰਿਹਾ ਸੀ, ਉਥੇ ਹੁਣ ਸਥਿਤੀ ਅਜਿਹੀ ਬਣ ਗਈ ਹੈ ਕਿ ਸਰਕਾਰ ਨੂੰ ਕੁਝ ਤਾਂ ਕੀ ਸਾਰੀਆਂ ਏਅਰਲਾਈਨਜ਼ ’ਚ ਹਿੱਸੇਦਾਰੀ ਖਰੀਦਣੀ ਪੈ ਸਕਦੀ ਹੈ। ਸੈਰ-ਸਪਾਟਾ ਦੇ ਖੇਤਰ ’ਚ ਦੁਨੀਆ ਦੀ 10 ਫੀਸਦੀ ਆਬਾਦੀ ਨੂੰ ਰੋਜ਼ਗਾਰ ਮਿਲਦਾ ਹੈ। ਮੇਰਾ ਦੋਸਤ ਬੈਂਗਲੁਰੂ ’ਚ ਇਕ ਹੋਟਲ ’ਚ ਰੁਕਦਾ ਹੈ ਅਤੇ ਆਉਣ ਵਾਲੇ ਭਵਿੱਖ ਵਿਚ ਉਸ ਹੋਟਲ ਨੂੰ ਕਾਰੋਬਾਰੀ ਮੁਸਾਫਿਰਾਂ ਤੋਂ ਹੋਣ ਵਾਲੀ ਆਮਦਨ ਨਹੀਂ ਹੋ ਸਕੇਗੀ। ਆਉਣ ਵਾਲੇ ਮਹੀਨਿਆਂ ’ਚ ਰੈਸਟੋਰੈਂਟਸ ਨੂੰ ਭਾਰੀ ਨੁਕਸਾਨ ਦਾ ਸਾਹਮਣਾ ਕਰਨਾ ਪਵੇਗਾ ਕਿਉਂਕਿ ਲੋਕ ਜ਼ਿਆਦਾਤਰ ਸਮਾਂ ਘਰ ’ਚ ਹੀ ਰਹਿਣਗੇ ਅਤੇ ਉਹ ਬਹੁਤ ਜ਼ਰੂਰੀ ਹੋਣ ’ਤੇ ਹੀ ਬਾਹਰ ਨਿਕਲਣਗੇ। ਇਸ ਤਰ੍ਹਾਂ ਮਾਲਜ਼ ਅਤੇ ਸਿਨੇਮਾ ਹਾਲਜ਼ ਅਤੇ ਉਨ੍ਹਾਂ ਸਾਰੇ ਖੇਤਰਾਂ ਨੂੰ ਆਰਥਿਕ ਤੌਰ ’ਤੇ ਭਾਰੀ ਨੁਕਸਾਨ ਝੱਲਣਾ ਪਵੇਗਾ, ਜਿਥੇ ਲੋਕਾਂ ਦੀ ਭੀੜ ਜੁਟਣ ਨਾਲ ਮਾਲੀਆ ਆਉਂਦਾ ਸੀ। ਇਨ੍ਹਾਂ ਹਾਲਾਤ ਦਾ ਸਾਹਮਣਾ ਅਸੀਂ ਕਿਵੇਂ ਕਰਾਂਗੇ ਅਤੇ ਸਾਡੀ ਅਰਥਵਿਵਸਥਾ ਦੀ ਤਸਵੀਰ ਕਿਹੋ ਜਿਹੀ ਹੋਣ ਵਾਲੀ ਹੈ, ਇਸ ਗੱਲ ਦਾ ਪਤਾ ਆਉਣ ਵਾਲੇ ਸਮੇਂ ’ਚ ਹੀ ਲੱਗੇਗਾ।

7.5 ਲੱਖ ਕਰੋੜ ਦੇ ਨੁਕਸਾਨ ਦਾ ਖਦਸ਼ਾ

ਐੱਚ. ਡੀ. ਐੱਫ. ਸੀ. ਬੈਂਕ ਦੇ ਮੁੱਖ ਅਰਥ ਸ਼ਾਸਤਰੀ ਨੇ ਇਸ ਹਫਤੇ ਲਿਖਿਆ ਹੈ ਕਿ ਕੋਵਿਡ-19 ਨਾਲ ਭਾਰਤੀ ਅਰਥਵਿਵਸਥਾ ਨੂੰ 7.5 ਲੱਖ ਕਰੋੜ ਰੁਪਏ ਦਾ ਨੁਕਸਾਨ ਹੋਵੇਗਾ। ਇਹ ਭਾਰਤ ਵਲੋਂ ਰੱਖਿਆ ਗਿਆ ਸਾਰੀਆਂ ਕੇਂਦਰੀ ਯੋਜਨਾਵਾਂ (ਮਨਰੇਗਾ, ਸਿੱਖਿਆ, ਸਿਹਤ, ਪੀ. ਐੱਮ. ਆਵਾਸ, ਸਮਾਰਟ ਸਿਟੀਜ਼, ਸਵੱਛ ਭਾਰਤ, ਮਿਡ-ਡੇ ਮੀਲ, ਪੀਣ ਵਾਲਾ ਪਾਣੀ, ਸਿੰਚਾਈ ਆਦਿ) ’ਤੇ ਕੀਤੇ ਜਾਣ ਵਾਲੇ ਖਰਚ ਦੇ ਬਰਾਬਰ ਹੋਵੇਗਾ। ਇਸ ਦਾ ਅਰਥ ਇਹ ਹੈ ਕਿ ਜਾਂ ਤਾਂ ਅਸੀਂ ਇਨ੍ਹਾਂ ਸਾਰੀਆਂ ਚੀਜ਼ਾਂ ’ਤੇ ਕੋਈ ਖਰਚ ਨਾ ਕਰੀਏ (ਜੋ ਮੁਮਕਿਨ ਨਹੀਂ ਹੈ) ਜਾਂ ਸਾਨੂੰ ਵਾਧੂ ਕਰੰਸੀ ਛਾਪਣੀ ਹੋਵੇਗੀ ਤਾਂ ਕਿ ਇਹ ਸਭ ਖਰਚ ਕੀਤਾ ਜਾ ਸਕੇ।

ਹਰ ਖੇਤਰ ’ਤੇ ਅਸਰ

ਅਜਿਹੇ ਕਿਸੇ ਵੀ ਖੇਤਰ ਦੀ ਕਲਪਨਾ ਕਰਨਾ ਮੁਸ਼ਕਿਲ ਹੈ, ਜਿਸ ’ਤੇ ਇਸ ਸਿਹਤ ਸੰਕਟ, ਲਾਕਡਾਊਨ ਅਤੇ ਇਸ ਤੋਂ ਬਾਅਦ ਦੀ ਸਥਿਤੀ ’ਤੇ ਅਸਰ ਨਹੀਂ ਪਵੇਗਾ। ਮਾਰਚ ਮਹੀਨੇ ’ਚ ਮਾਰਚ 2019 ਦੇ ਮੁਕਾਬਲੇ ਕਾਰਾਂ ਅਤੇ ਆਟੋਮੋਬਾਇਲ ਦੀ ਵਿਕਰੀ ’ਚ 50 ਫੀਸਦੀ ਕਮੀ ਆਈ ਹੈ। ਹਾਲਾਂਕਿ ਇਸ ਮਹੀਨੇ ਜੋ ਸਿਰਫ 8 ਦਿਨ ਹੀ ਰਿਹਾ । ਅਪ੍ਰੈਲ ’ਚ ਸਥਿਤੀ ਹੋਰ ਵੀ ਖਰਾਬ ਹੋ ਗਈ ਸੀ ਕਿਉਂਕਿ ਅੱਧਾ ਮਹੀਨਾ ਲਾਕਡਾਊਨ ’ਚ ਬੀਤੇਗਾ। ਅਪ੍ਰੈਲ 2019 ਦੇ ਮੁਕਾਬਲੇ ਇਸ ਮਹੀਨੇ ਊਰਜਾ ਖਪਤ 25 ਫੀਸਦੀ ਘੱਟ ਰਹੀ, ਅਜਿਹਾ ਫੈਕਟਰੀਆਂ ਦੇ ਬੰਦ ਹੋਣ ਕਾਰਣ ਹੋਇਆ ਹੈ ਅਤੇ ਉਨ੍ਹਾਂ ’ਚ 3 ਹਫਤੇ ਤਕ ਆਊਟਪੁੱਟ ਨਹੀਂ ਹੋਵੇਗੀ। ਉਸ ਤੋਂ ਬਾਅਦ ਉਹ ਉਮੀਦ ਕਰ ਸਕਦੇ ਹਨ ਕਿ ਉਨ੍ਹਾਂ ਦੀ ਲੇਬਰ ਪਿੰਡਾਂ ’ਚੋਂ ਪਰਤ ਆਵੇਗੀ, ਜੋ ਜਲਦੀ ਹੋਣ ਵਾਲਾ ਨਹੀਂ ਹੈ।

ਜੀ. ਡੀ. ਪੀ. ਨੂੰ ਕਿੰਨਾ ਨੁਕਸਾਨ

ਇਨ੍ਹਾਂ ਹਾਲਾਤ ਨਾਲ ਭਾਰਤੀ ਜੀ. ਡੀ. ਪੀ. ਨੂੰ ਹੋਣ ਵਾਲੇ ਨੁਕਸਾਨ ਬਾਰੇ 3 ਤਰ੍ਹਾਂ ਦੇ ਅਨੁਮਾਨ ਹਨ। ਇਸ ਅਨੁਸਾਰ ਜੀ. ਡੀ. ਪੀ. ਵਿਕਾਸ ਦਰ ਨੂੰ 2 ਤੋਂ 4 ਅੰਕਾਂ ਦੇ ਨੁਕਸਾਨ ਦਾ ਖਦਸ਼ਾ ਹੈ। ਸੱਚਾਈ ਇਹ ਹੈ ਕਿ ਇਸ ਸਮੇਂ ਕੋਈ ਨਹੀਂ ਜਾਣਦਾ ਕਿ ਅਪ੍ਰੈਲ ਅਤੇ ਮਈ ’ਚ ਕੀ ਹੋਣ ਵਾਲਾ ਹੈ। ਠੀਕ ਉਸੇ ਤਰ੍ਹਾਂ, ਜਿਵੇਂ ਕੋਰੋਨਾ ਬਾਰੇ ਖਬਰਾਂ ਆਉਣ ਦੇ ਬਾਵਜੂਦ ਫਰਵਰੀ ’ਚ ਇਸ ਗੱਲ ਦਾ ਕੋਈ ਅੰਦਾਜ਼ਾ ਨਹੀਂ ਸੀ ਕਿ ਮਾਰਚ ’ਚ ਕੀ ਵਾਪਰਨ ਵਾਲਾ ਹੈ। 2020 ਦੇ ਪੂਰੇ ਸਾਲ ’ਤੇ ਅਤੇ ਸ਼ਾਇਦ ਉਸ ਤੋਂ ਬਾਅਦ ਵੀ ਕੋਵਿਡ-19 ਦਾ ਅਸਰ ਬਰਕਰਾਰ ਰਹੇਗਾ ਅਤੇ ਇਸ ਦੇ ਥੋੜ੍ਹਚਿਰੇ ਅਤੇ ਲੰਬੇ ਨਤੀਜੇ ਹੋਣਗੇ। ਥੋੜ੍ਹਚਿਰੇ ਦੇ ਪ੍ਰਭਾਵ, ਜਿਨ੍ਹਾਂ ਦਾ ਅਸੀਂ ਉੱਪਰ ਵਰਣਨ ਕੀਤਾ ਹੈ, ਤੁਰੰਤ ਅਤੇ ਸਪੱਸ਼ਟ ਹੋਣਗੇ ਪਰ ਇਸ ਤੋਂ ਇਲਾਵਾ ਹੋਰ ਵੀ ਪ੍ਰਭਾਵ ਹੋਣਗੇ, ਜੋ ਵਿਸ਼ੇਸ਼ ਤੌਰ ’ਤੇ ਗਲੋਬਲ ਅਰਥਵਿਵਸਥਾ ’ਤੇ ਹੋਣਗੇ। ਉਨ੍ਹਾਂ ਦਾ ਅਸਰ ਪੀੜ੍ਹੀਆਂ ਤਕ ਰਹਿ ਸਕਦਾ ਹੈ ਕਿਉਂਕਿ ਇਸ ਸਮੇਂ ਅਸੀਂ ਸਿਹਤ ਸੰਕਟ ਨਾਲ ਜੂਝ ਰਹੇ ਹਾਂ, ਇਸ ਲਈ ਫਿਲਹਾਲ ਇਸ ਦੀ ਚਰਚਾ ਨਹੀਂ ਹੋਵੇਗ ਪਰ ਇਹ ਜਲਦ ਹੀ ਸ਼ੁਰੂ ਹੋ ਜਾਵੇਗੀ। ਲਾਕਡਾਊਨ ਖਤਮ ਹੋਣ ਤੋਂ ਬਾਅਦ ਵੀ ਪ੍ਰਧਾਨ ਮੰਤਰੀ ਅਤੇ ਦੇਸ਼ ਲਈ ਬਹੁਤ ਮੁਸ਼ਕਿਲ ਕੰਮ ਹੋਵੇਗਾ।


Bharat Thapa

Content Editor

Related News