ਕੋਰੋਨਾ : ਨੇਤਾ ਜ਼ਰਾ ਧਿਆਨ ਦੇਣ
Sunday, Apr 12, 2020 - 02:26 AM (IST)

ਡਾ. ਵੇਦਪ੍ਰਤਾਪ ਵੈਦਿਕ
ਪ੍ਰਧਾਨ ਮੰਤਰੀ ਨੇ ਦੇਸ਼ ਦੇ ਮੁੱਖ ਮੰਤਰੀਆਂ ਨਾਲ ਜੋ ਗੱਲਬਾਤ ਕੀਤੀ ਹੈ, ਉਸ ਤੋਂ ਇਹੀ ਅੰਦਾਜ਼ਾ ਲੱਗ ਰਿਹਾ ਹੈ ਕਿ ਤਾਲਾਬੰਦੀ ਅਜੇ ਦੋ ਹਫਤੇ ਤਕ ਹੋਰ ਵਧ ਸਕਦੀ ਹੈ। ਇਸ ਨਵੀਂ ਤਾਲਾਬੰਦੀ ’ਚ ਕਿੱਥੇ ਕਿੰਨੀ ਸਖਤੀ ਵਰਤੀ ਜਾਵੇ ਅਤੇ ਕਿੰਨੀ ਛੋਟ ਦਿੱਤੀ ਜਾਵੇ, ਇਹ ਵੀ ਸਰਕਾਰਾਂ ਨੂੰ ਹੁਣ ਤੋਂ ਸੋਚ ਕੇ ਰੱਖਣਾ ਚਾਹੀਦਾ ਹੈ। ਮੈਨੂੰ ਖੁਸ਼ੀ ਹੈ ਕਿ ਇਸ ਤਾਲਾਬੰਦੀ ਦੇ ਮੌਕੇ ’ਤੇ ਵਰਤੇ ਜਾਣ ਵਾਲੇ ਅਟਪਟੇ ਅੰਗਰੇਜ਼ੀ ਸ਼ਬਦਾਂ ਦੀ ਜਗ੍ਹਾ ਮੈਂ ਜੋ ਹਿੰਦੀ ਸ਼ਬਦ ਪ੍ਰਚਾਰਿਤ ਕੀਤੇ ਸਨ, ਉਨ੍ਹਾਂ ਨੂੰ ਹੁਣ ਕੁਝ ਟੀ. ਵੀ. ਚੈਨਲ ਅਤੇ ਹਿੰਦੀ ਅਖਬਾਰ ਵੀ ਚਲਾਉਣ ਲੱਗੇ ਹਨ ਪਰ ਸਾਡੇ ਨੇਤਾ, ਜੋ ਜਨਤਾ ਦੇ ਸੇਵਕ ਹਨ ਅਤੇ ਜਨਤਾ ਦੀਆਂ ਵੋਟਾਂ ਨਾਲ ਆਪਣੀਆਂ ਕੁਰਸੀਆਂ ’ਤੇ ਬਿਰਾਜਮਾਨ ਹਨ, ਉਹ ਹੁਣ ਵੀ ਜਨਤਾ ਦੀ ਜ਼ੁਬਾਨ ਵਰਤਣ ’ਚ ਸੰਕੋਚ ਕਰ ਰਹੇ ਹਨ। ਜੇਕਰ ਉਹ ਕੋਰੋਨਾ ਨਾਲ ਜੁੜੇ ਸੌਖੇ ਸ਼ਬਦਾਂ ਦੀ ਵਰਤੋਂ ਕਰਨਗੇ ਤਾਂ ਕਰੋੜਾਂ ਲੋਕਾਂ ਨੂੰ ਸਹੂਲਤ ਹੋ ਜਾਵੇਗੀ। ਪਤਾ ਨਹੀਂ, ਕੋਰੋਨਾ ਦੀ ਪੁਖਤਾ ਕਾਟ ਸਾਡੇ ਐਲੋਪੈਥੀ ਡਾਕਟਰਾਂ ਦੇ ਹੱਥ ਕਦੋਂ ਲੱਗੇਗੀ ਪਰ ਹੈਰਾਨੀਜਨਕ ਹੈ ਕਿ ਦੋ-ਚਾਰ ਅਖਬਾਰਾਂ ਅਤੇ ਇਕ-ਅੱਧੇ ਟੀ. ਵੀ. ਚੈਨਲ ਤੋਂ ਇਲਾਵਾ ਸਾਰੇ ਪ੍ਰਚਾਰ ਦੇ ਵਸੀਲੇ ਸਾਡੇ ਆਯੁਰਵੈਦਿਕ ਘਰੇਲੂ ਨੁਸਖਿਆਂ ’ਤੇ ਚੁੱਪ ਧਾਰੀ ਬੈਠੇ ਹਨ। ਮੰਨ ਲਓ ਕਿ ਉਹ ਕੋਰੋਨਾ ਦੀ ਸਿੱਧੀ ਕਾਟ ਨਹੀਂ ਹਨ ਪਰ ਉਨ੍ਹਾਂ ਦੀ ਵਰਤੋਂ ਨਾਲ ਨੁਕਸਾਨ ਕੀ ਹੈ। ਉਹ ਹਰ ਮਨੁੱਖ ਦੀ ਪ੍ਰਤੀਰੋਧ ਸ਼ਕਤੀ ਵਧਾਉਣਗੇ। ਮੈਨੂੰ ਖੁਸ਼ੀ ਹੈ ਕਿ ਦਰਜਨਾਂ ਵੈੱਬਸਾਈਟਸ ਨੇ ਉਨ੍ਹਾਂ ਨੁਸਖਿਆਂ ਨੂੰ ਪ੍ਰਚਾਰਿਤ ਕਰਨਾ ਸ਼ੁਰੂ ਕਰ ਦਿੱਤਾ ਹੈ। ਮੈਨੂੰ ਦੱਸਿਆ ਹੈ ਕਿ ਲੱਖਾਂ ਲੋਕ ਇਨ੍ਹਾਂ ਦੀ ਵਰਤੋਂ ਕਰ ਰਹੇ ਹਨ। ਯੂਰਪ ਅਤੇ ਅਮਰੀਕਾ ਦੇ ਪ੍ਰਵਾਸੀ ਭਾਰਤੀਆਂ ’ਚ ਵੀ ਉਹ ਪ੍ਰਸਿੱਧ ਹੋ ਗਏ ਹਨ।
ਰਾਜਸਥਾਨ ਦੇ ਇਕ ਆਰੀਆ ਸੰਨਿਆਸੀ ਸਵਾਮੀ ਕ੍ਰਿਸ਼ਨਾ ਨੰਦ ਨੇ ਕਈ ਜੀਵਾਣੂਆਂ ਦੀ ਕਾਟ ਲਈ ਇਕ ਖਾਸ ਕਿਸਮ ਦੀ ਹਵਨ ਸਮੱਗਰੀ ਦਾ ਬਕਾਇਦਾ ਇਕ ਸਫਲ ਪ੍ਰੀਖਣ 2015 ’ਚ ਕਰਾਇਆ ਸੀ। ਇਹ ਪ੍ਰੀਖਣ ‘ਇੰਡੀਅਨ ਕੌਂਸਲ ਆਫ ਮੈਡੀਕਲ ਰਿਸਰਚ’ ਅਤੇ ਅਜਮੇਰ ਦੇ ਇਕ ਮੈਡੀਕਲ ਕਾਲਜ ਦੀ ਸਹਾਇਤਾ ਨਾਲ ਸੰਪੰਨ ਹੋਇਆ ਹੈ। ਕੌਂਸਲ ਨੇ ਇਸ ਪ੍ਰਯੋਗ ਲਈ 40 ਲੱਖ ਰੁਪਏ ਦੀ ਗ੍ਰਾਂਟ ਵੀ ਦਿੱਤੀ ਸੀ। ਸਰਕਾਰ ਕੋਲ ਉਸ ਦੇ ਪੇਟੈਂਟ ਦਾ ਮਾਮਲਾ ਪਿਆ ਹੈ। ਹੁਣ ਪੁਣੇ ਦਾ ‘ਨੈਸ਼ਨਲ ਇੰਸਟੀਚਿਊਟ ਆਫ ਵਾਇਰੋਲਾਜੀ’ ਇਸ ਦਾ ਤੱਤਕਾਲ ਪ੍ਰੀਖਣ ਕਿਉਂ ਨਹੀਂ ਕਰਵਾਉਂਦਾ। ਕਈ ਕਿਸਮ ਦੇ ਵਿਸ਼ਾਣੂਆਂ ਨੂੰ ਇਨ੍ਹਾਂ ਪ੍ਰਮੁੱਖ ਜੜ੍ਹੀਆਂ-ਬੂਟੀਆਂ ਦੇ ਧੂੰਏਂ ਨਾਲ ਨਸ਼ਟ ਕਰਨ ਦੇ ਸਫਲ ਪ੍ਰਯੋਗ ਹੋ ਚੁੱਕੇ ਹਨ। ਸਾਡੇ ਪ੍ਰਧਾਨ ਮੰਤਰੀ, ਸਿਹਤ ਮੰਤਰੀ ਅਤੇ ਮੁੱਖ ਮੰਤਰੀਆਂ ਨੂੰ ਮੇਰੀ ਬੇਨਤੀ ਹੈ ਕਿ ਇਸ ਆਯੁਰਵੈਦਿਕ ਖੋਜ ’ਤੇ ਉਹ ਤੱਤਕਾਲ ਧਿਆਨ ਦੇਣ। ਦੇਸ਼ ਦੇ ਕਈ ਵੈਦਾਂ ਨੇ ਮੇਰੇ ਨਾਲ ਸੰਪਰਕ ਕੀਤਾ ਹੈ। ਕੀ ਮੁੱਖ ਮੰਤਰੀ ਉਨ੍ਹਾਂ ਦਾ ਲਾਭ ਉਠਾਉਣਾ ਚਾਹੁੰਦੇ ਹਨ। ਕਰੋੜਾਂ ਦੇਸ਼ਵਾਸੀਆਂ ਤੋਂ ਇਹ ਆਸ ਹੈ ਕਿ ਉਹ ਆਪਣਾ ਮਨੋਬਲ ਉੱਚਾ ਰੱਖਣਗੇ। ਟੀ. ਵੀ. ਚੈਨਲਾਂ ’ਤੇ ਮਨੋਬਲ ਡੇਗਣ ਵਾਲੀਅਾਂ ਖਬਰਾਂ ਘੱਟ ਦੇਖਣਗੇ। ਉਹ ਆਸਣ-ਪ੍ਰਾਣਾਯਾਮ-ਕਸਰਤ ਕਰਨਗੇ ਅਤੇ ਸਰੀਰਕ ਦੂਰੀ ਬਣਾਈ ਰੱਖਣਗੇ। ਸਮਾਜਿਕ ਦੂਰੀ ਘਟਾਉਣਗੇ। ਫੋਨ ਅਤੇ ਇੰਟਰਨੈੱਟ ਦੀ ਵਰਤੋਂ ਉਹ ਸਮਾਜਿਕ ਦੋਸਤੀ ਵਧਾਉਣ ਲਈ ਕਰਨਗੇ। ਸੰਗੀਤ ਸੁਣਨਗੇ। ਪਲੈਟੋ ਦੇ ਅਨੁਸਾਰ ਸੰਗੀਤ ਆਤਮਾ ਦੀ ਸਿੱਖਿਆ ਹੈ। ਨਾਦਬ੍ਰਹਮ ਹੈ।