ਭਾਜਪਾ ਲਈ ਗੰਭੀਰ ਖਤਰਾ ਬਣਨ ਤੋਂ ਕਾਂਗਰਸ ਅਜੇ ਕੋਹਾਂ ਦੂਰ
Thursday, Aug 24, 2023 - 01:54 PM (IST)

ਇਕ ਪ੍ਰਸਿੱਧ ਕਹਾਵਤ ਹੈ ‘ਸੱਤਾ ਭ੍ਰਿਸ਼ਟ ਕਰਦੀ ਹੈ ਅਤੇ ਮੁਕੰਮਲ ਸੱਤਾ ਪੂਰੀ ਤਰ੍ਹਾਂ ਭ੍ਰਿਸ਼ਟ ਕਰ ਦਿੰਦੀ ਹੈ।’ ਭ੍ਰਿਸ਼ਟਾਚਾਰ ਦਾ ਮਤਲਬ ਸਿਰਫ ਗੈਰ-ਕਾਨੂੰਨੀ ਢੰਗ ਨਾਲ ਪੈਸੇ ਦਾ ਲੈਣ-ਦੇਣ ਕਰਨਾ, ਠੇਕਾ ਅਤੇ ਸੌਦਾ ਕਰਨਾ ਨਹੀਂ ਹੈ। ਇਸ ’ਚ ਸਰਕਾਰ ਦੇ ਆਲੋਚਕਾਂ ਅਤੇ ਵਿਰੋਧੀ ਧਿਰ ਦੇ ਮੈਂਬਰਾਂ ਦਾ ਸ਼ਿਕਾਰ ਕਰਨ ਜਾਂ ਉਨ੍ਹਾਂ ਨੂੰ ਧਮਕਾਉਣ ਲਈ ਸ਼ਕਤੀ ਦੀ ਵਰਤੋਂ ਕਰਨੀ ਵੀ ਸ਼ਾਮਲ ਹੈ।
ਭਾਰਤ ਖੁਦ ਨੂੰ ਸਭ ਤੋਂ ਵੱਡੇ ਲੋਕਤੰਤਰ ਵਜੋਂ ਮਾਣ ਮਹਿਸੂਸ ਕਰਦਾ ਹੈ ਅਤੇ ਇਹ ਸਹੀ ਵੀ ਹੈ ਪਰ ਜੋ ਵੀ ਸੱਤਾ ’ਚ ਹੈ ਉਸ ਵੱਲੋਂ ਲੋਕਤੰਤਰੀ ਆਦਰਸ਼ਾਂ ਨੂੰ ਲਗਾਤਾਰ ਖਤਰਾ ਬਣਿਆ ਹੋਇਆ ਹੈ। ਵਰਤਮਾਨ ਸਰਕਾਰ ਕੋਈ ਅਪਵਾਦ ਨਹੀਂ ਹੈ ਅਤੇ ਸ਼ਾਇਦ ਉਹ ਆਪਣੇ ਤੋਂ ਪਹਿਲੀਆਂ ਦੀ ਤੁਲਨਾ ’ਚ ਆਪਣੀਆਂ ਸ਼ਕਤੀਆਂ ਦੀ ਕਿਤੇ ਵੱਧ ਦੁਰਵਰਤੋਂ ਕਰ ਰਹੀ ਹੈ। ਈ. ਡੀ. ਇਨਕਮ ਟੈਕਸ ਅਤੇ ਸੀ. ਬੀ. ਆਈ. ਵਰਗੀਆਂ ਜਾਂਚ ਏਜੰਸੀਆਂ ਨੂੰ ਪਹਿਲਾਂ ਵਾਂਗ ਹਥਿਆਰ ਬਣਾਇਆ ਗਿਆ ਹੈ। ਜਨਤਾ ’ਤੇ ਮਨਮਰਜ਼ੀ ਦੇ ਫੈਸਲੇ ਥੋਪੇ ਜਾਂਦੇ ਹਨ ਅਤੇ ਸੰਸਦ ਅਤੇ ਬਾਹਰ ਲੋੜੀਂਦੀ ਬਹਿਸ ਦੇ ਬਿਨਾਂ ਬਿੱਲ ਪਾਸ ਕਰ ਦਿੱਤੇ ਜਾਂਦੇ ਹਨ।
ਲੋਕਤੰਤਰ ’ਤੇ ਅਜਿਹੇ ਖਤਰਿਆਂ ਦਾ ਮੁਕਾਬਲਾ ਕਰਨ ਲਈ ਰਾਸ਼ਟਰ ਨੂੰ ਇਕ ਮਜ਼ਬੂਤ ਅਤੇ ਰਚਨਾਤਮਕ ਵਿਰੋਧੀ ਧਿਰ ਦੀ ਲੋੜ ਹੈ। ਮੰਦੇਭਾਗੀਂ ਪਿਛਲੇ ਲਗਭਗ 10 ਸਾਲਾਂ ’ਚ ਵਿਰੋਧੀ ਧਿਰ ਨਿਰਬਲ ਹੋ ਗਈ ਹੈ ਅਤੇ ਦੁਖਦਾਈ ਸਥਿਤੀ ਲਈ ਮੁੱਢਲਾ ਦੋਸ਼ ਭਾਰਤੀ ਰਾਸ਼ਟਰੀ ਕਾਂਗਰਸ ਦਾ ਹੈ ਜੋ ਅਖਿਲ ਭਾਰਤੀ ਹਾਜ਼ਰੀ ਦੇ ਨਾਲ ਮੁੱਖ ਵਿਰੋਧੀ ਧਿਰ ਪਾਰਟੀ ਬਣੀ ਹੋਈ ਹੈ।
ਆਮ ਆਦਮੀ ਪਾਰਟੀ (ਆਪ) ਸਮੇਤ ਹੋਰ ਸਾਰੀਆਂ ਸਿਆਸੀ ਪਾਰਟੀਆਂ ਦੀ ਪਹੁੰਚ ਸੀਮਤ ਹੈ। ਹਾਲਾਂਕਿ ਇਕ ਖੁਸ਼ਹਾਲ ਲੋਕਤੰਤਰ ਲਈ ਅਜਿਹੇ ਸਾਰੇ ਦਲਾਂ ਦੀ ਵੀ ਬਹੁਤ ਲੋੜ ਹੈ। ਹਾਲ ਹੀ ’ਚ ਕਾਂਗਰਸ ਮੁੜ ਉਭਾਰ ਦੇ ਕੁਝ ਸੰਕੇਤ ਦਿਖਾ ਰਹੀ ਹੈ ਅਤੇ ਇਕ ਵਿਹਾਰਕ ਅਤੇ ਭਰੋਸੇਮੰਦ ਵਿਰੋਧੀ ਧਿਰ ਬਣਨ ਲਈ ਵੀ ਉਸ ਨੇ ਬਹੁਤ ਲੰਬੀ ਦੂਰੀ ਤੈਅ ਕਰਨੀ ਹੈ। ਹਾਲ ਦੇ ਘਟਨਾਕ੍ਰਮ ਤੋਂ ਉਸ ਨੇ ਰਾਸ਼ਟਰੀ ਪੱਧਰ ’ਤੇ ਇਕ ਪ੍ਰਭਾਵਸ਼ਾਲੀ ਵਿਰੋਧੀ ਧਿਰ ਪ੍ਰਦਾਨ ਕਰਨ ਅਤੇ ਆਪਣੀ ਤਾਕਤ ਨੂੰ ਮਜ਼ਬੂਤ ਕਰਨ ਦੀਆਂ ਕੁਝ ਉਮੀਦਾਂ ਜਗਾਈਆਂ ਹਨ।
ਸਾਬਕਾ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਵੱਲੋਂ ਕੀਤੀ ਗਈ ‘ਭਾਰਤ ਜੋੜੋ ਯਾਤਰਾ’ ਨੇ ਪਾਰਟੀ ਦੇ ਉਨ੍ਹਾਂ ਮੈਂਬਰਾਂ ਨੂੰ ਜਗਾਉਣ ’ਚ ਮਦਦ ਕੀਤੀ ਹੈ ਜੋ ਗੂੜ੍ਹੀ ਨੀਂਦ ਸੁੱਤੇ ਹੋਏ ਸਨ। ਇਸ ਨਾਲ ਉਨ੍ਹਾਂ ਦਾ ਆਪਣਾ ਅਕਸ ਸੁਧਾਰਨ ’ਚ ਵੀ ਮਦਦ ਮਿਲੀ ਅਤੇ ਉਹ ਸਿਆਸਤ ਨੂੰ ਲੈ ਕੇ ਗੰਭੀਰ ਨਜ਼ਰ ਆਏ ਅਤੇ ਹੁਣ ਇਸ ਦੀ ਸਰਵਉੱਚ ਸੰਸਥਾ-ਕਾਂਗਰਸ ਵਰਕਿੰਗ ਕਮੇਟੀ ਜਾਂ ਸੀ.ਡਬਲਿਊ.ਸੀ. ਦਾ ਲੰਬੇ ਸਮੇਂ ਤੋਂ ਉਡੀਕਿਆ ਜਾ ਰਿਹਾ ਗਠਨ ਆਖਿਰਕਾਰ ਹੋ ਗਿਆ।
ਇਹ ਨੌਜਵਾਨ ਆਗੂਆਂ ਦੇ ਦਾਖਲੇ, ਔਰਤਾਂ, ਆਦਿਵਾਸੀਆਂ ਤੇ ਵੱਖ-ਵੱਖ ਹੋਰ ਫਿਰਕਿਆਂ ਦੇ ਮੈਂਬਰਾਂ ਦੀ ਪ੍ਰਤੀਨਿੱਧਤਾ ਅਤੇ ਇੱਥੋਂ ਤੱਕ ਕਿ ਬਾਗੀਆਂ ਅਤੇ ਉਨ੍ਹਾਂ ਲੋਕਾਂ ਨੂੰ ਦਿੱਤੇ ਗਏ ਅਹੁਦਿਆਂ ਨੂੰ ਸੰਤੁਲਿਤ ਕਰਨ ਸਮੇਤ ਵੱਖ-ਵੱਖ ਕਾਰਕਾਂ ਨੂੰ ਸੰਤੁਲਿਤ ਕਰਨ ਦੀ ਇਕ ਕਵਾਇਦ ਹੈ ਜਿਨ੍ਹਾਂ ਨੇ ਅਤੀਤ ’ਚ ਬਗਾਵਤ ਦੀ ਧਮਕੀ ਦਿੱਤੀ ਸੀ। ਇਸ ’ਚ ਪੂਰਵਵਰਤੀ ਜੀ-23 ਦੇ ਮੈਂਬਰ ਸ਼ਾਮਲ ਹਨ ਜੋ ਆਗੂਆਂ ਦਾ ਇਕ ਸਮੂਹ ਹੈ ਜਿਨ੍ਹਾਂ ਨੇ ਗਾਂਧੀ ਪਰਿਵਾਰ ਵਿਰੁੱਧ ਝੰਡਾ ਉਠਾਇਆ ਸੀ ਜਾਂ ਬਗਾਵਤ ਕੀਤੀ ਸੀ।
ਕਪਿਲ ਸਿੱਬਲ ਅਤੇ ਗੁਲਾਮ ਨਬੀ ਆਜ਼ਾਦ ਵਰਗੇ ਮਹਾਰਥੀਆਂ ਦੇ ਪਾਰਟੀ ਤੋਂ ਅਸਤੀਫੇ ਪਿੱਛੋਂ ਇਹ ਸਮੂਹ ਅਕਿਰਿਆਸ਼ੀਲ ਹੋ ਗਿਆ ਹੈ। ਹੁਣ ਕੁਝ ਬਚੇ ਮੈਂਬਰਾਂ ਜਾਂ ਮਨੀਸ਼ ਤਿਵਾੜੀ ਅਤੇ ਅਨੰਤ ਸ਼ਰਮਾ ਵਰਗੇ ਆਗੂਆਂ ਨੂੰ ਪਾਰਟੀ ਦੀ ਸਰਵਉੱਚ ਫੈਸਲਾ ਲੈਣ ਵਾਲੀ ਸੰਸਥਾ ’ਚ ਮੌਕਾ ਦਿੱਤਾ ਗਿਆ।
ਪੁਰਾਣੇ ਆਗੂਆਂ ਅਤੇ ਨਵੇਂ ਚਿਹਰਿਆਂ ਨੂੰ ਸ਼ਾਮਲ ਕਰ ਕੇ ਵੀ ਚੰਗਾ ਸੰਤੁਲਨ ਬਣਾਇਆ ਗਿਆ ਹੈ। ਪੀ. ਚਿਦਾਂਬਰਮ, ਦਿਗਵਿਜੇ ਸਿੰਘ ਅਤੇ ਏ.ਕੇ. ਐਂਟਨੀ ਵਰਗੇ ਵਧੇਰੇ ਸੀਨੀਅਰ ਆਗੂਆਂ ਨੂੰ ਕਾਇਮ ਰੱਖਦਿਆਂ ਖੜਗੇ ਨੇ ਤਰੁਣ ਗੋਗੋਈ,ਅਲਕਾ ਲਾਂਬਾ ਅਤੇ ਕਨ੍ਹੱਈਆ ਕੁਮਾਰ ਵਰਗੇ ਨੌਜਵਾਨ ਆਗੂਆਂ ਨੂੰ ਸ਼ਾਮਲ ਕੀਤਾ ਹੈ।
ਇੱਥੋਂ ਤੱਕ ਕਿ ਖੜਗੇ ਵਿਰੁੱਧ ਪਾਰਟੀ ਪ੍ਰਧਾਨ ਦੀ ਚੋਣ ਲੜਨ ਵਾਲੇ ਸ਼ਸ਼ੀ ਥਰੂਰ ਦਾ ਸ਼ਾਮਲ ਹੋਣਾ ਵੀ ਇਕ ਅਹਿਮ ਸੰਕੇਤ ਦਿੰਦਾ ਹੈ। ਫਿਰ ਸਚਿਨ ਪਾਇਲਟ ਅਤੇ ਕੁਮਾਰੀ ਸ਼ੈਲਜਾ ਵਰਗੇ ਨੌਜਵਾਨ ਆਗੂਆਂ ਨੂੰ ਸ਼ਾਮਲ ਕਰਨ ਦੇ ਫੈਸਲੇ ਦਾ ਮਕਸਦ ਅਸੰਤੁਸ਼ਟਾ ਜਾਂ ਪਾਰਟੀ ਦੀ ਕੇਂਦਰੀ ਲੀਡਰਸ਼ਿਪ ਨਾਲ ਨਾਰਾਜ਼ਗੀ ਰੱਖਣ ਵਾਲਿਆਂ ਤਕ ਪਹੁੰਚਾਇਆ ਹੈ।
ਸਾਲ ਦੇ ਅੰਤ ਤੋਂ ਪਹਿਲਾਂ 5 ਸੂਬਿਆਂ ’ਚ ਵਿਧਾਨ ਸਭਾ ਚੋਣਾਂ ਹੋਣੀਆਂ ਹਨ ਤੇ ਆਮ ਚੋਣਾਂ 10 ਮਹੀਨੇ ਤੋਂ ਵੀ ਘੱਟ ਸਮੇਂ ਲਈ ਦੂਰ ਹਨ। ਇਹੀ ਸਮਾਂ ਸਹੀ ਹੈ ਕਿ ਪਾਰਟੀ ਨੂੰ ਮਿਲ ਕੇ ਕੰਮ ਕਰਨਾ ਚਾਹੀਦਾ ਹੈ। ਇਸ ਨੂੰ ਬਿਨਾਂ ਕਿਸੇ ਜਾਲ ’ਚ ਫਸੇ ਜਾਂ ਹਰ ਕਿਸੇ ਨੂੰ ਖੁਸ਼ ਕਰਨ ਦੀ ਕੋਸ਼ਿਸ਼ ਕੀਤੇ ਬਿਨਾਂ ਸੰਤੁਲਿਤ ਕਰਨ ਦਾ ਕੰਮ ਕਰਦੇ ਰਹਿਣਾ ਹੋਵੇਗਾ।
ਪਾਰਟੀ ਸੱਤਾਧਾਰੀ ਭਾਜਪਾ ਲਈ ਗੰਭੀਰ ਖਤਰਾ ਬਣਨ ਤੋਂ ਅਜੇ ਕਾਫੀ ਦੂਰ ਹੈ ਜਿਸ ਨੇ ਵਾਰ-ਵਾਰ ਖੁਦ ਨੂੰ ਇਕ ਚੰਗੀ ਚੋਣ ਮਸ਼ੀਨ ਸਾਬਤ ਕੀਤਾ ਹੈ ਪਰ ਸਾਡੇ ਲੋਕਤੰਤਰ ਦੀ ਸਿਆਸੀ ਵਿਵਸਥਾ ’ਚ ਮੁੱਢਲੀ ਜਾਂਚ ਅਤੇ ਸੰਤੁਲਨ ਦੇ ਮੁੜ ਵਾਪਰਨ ਦੇ ਉਸ ਦੇ ਯਤਨਾਂ ਦਾ ਸਵਾਗਤ ਕੀਤਾ ਜਾਣਾ ਚਾਹੀਦਾ ਹੈ।