ਹਰਿਆਣਾ : ਇਸ ਰਫਤਾਰ ਨਾਲ ਕਿੱਥੇ ਪਹੁੰਚ ਜਾਵੇਗੀ ਕਾਂਗਰਸ!
Friday, Oct 03, 2025 - 05:27 PM (IST)

ਕਾਂਗਰਸ ਚਾਹੇ ਤਾਂ ਆਪਣੀ ਪਿੱਠ ਨੂੰ ਖੁਦ ਹੀ ਥਾਪੜਾ ਦੇ ਸਕਦੀ ਹੈ ਕਿ ਹਰਿਆਣਾ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਅਤੇ ਵਿਧਾਇਕ ਦਲ ਦੇ ਨੇਤਾ ਦਾ ਫੈਸਲਾ ਇਕੋ ਸਮੇਂ ਕਰ ਕੇ ਦਿਖਾਇਆ ਜਾਵੇ ਪਰ ਇਸ ’ਚ ਲੱਗੇ ਲੱਗਭਗ ਇਕ ਸਾਲ ਦੇ ਸਮੇਂ ਤੋਂ ਪਾਰਟੀ ਅੰਦਰ ਦੇ ਮਤਭੇਦ ਪਤਾ ਲੱਗਦੇ ਹਨ।
ਭੁਪਿੰਦਰ ਸਿੰਘ ਹੁੱਡਾ ਕਾਂਗਰਸ ਵਿਧਾਇਕ ਦਲ ਦੇ ਨੇਤਾ ਭਾਵ ਵਿਰੋਧੀ ਧਿਰ ਦੇ ਆਗੂ ਵੀ ਹੋਣਗੇ ਜਦੋਂ ਕਿ ਰਾਓ ਨਰਿੰਦਰ ਸਿੰਘ ਨਵੇਂ ਸੂਬਾਈ ਕਾਂਗਰਸ ਪ੍ਰਧਾਨ ਹੋਣਗੇ। ਹਰਿਆਣਾ ’ਚ ਪਿਛਲੇ ਸਾਲ 5 ਅਕਤੂਬਰ ਨੂੰ ਵਿਧਾਨ ਸਭਾ ਦੀਆਂ ਚੋਣਾਂ ਹੋਈਆਂ ਸਨ। ਕੁਝ ਮਹੀਨੇ ਪਹਿਲਾਂ ਲੋਕ ਸਭਾ ਦੀਆਂ ਚੋਣਾਂ ’ਤੇ 10 ’ਚੋਂ 5 ਸੀਟਾਂ ਜਿੱਤਣ ’ਤੇ ਇਹ ਮੰਨਿਆ ਜਾ ਰਿਹਾ ਸੀ ਕਿ ਕਾਂਗਰਸ 10 ਸਾਲ ਬਾਅਦ ਹਰਿਆਣਾ ਦੀ ਸੱਤਾ ’ਚ ਵਾਪਸੀ ਕਰ ਸਕਦੀ ਹੈ ਪਰ ਇਕ ਫੀਸਦੀ ਤੋਂ ਵੀ ਘੱਟ ਵੋਟਾਂ ਦੇ ਫਰਕ ਨਾਲ ਉਹ ਭਾਜਪਾ ਤੋਂ ਹਾਰ ਗਈ।
ਭਾਜਪਾ ਨੇ ਲਗਾਤਾਰ ਤੀਜੀ ਵਾਰ ਸਰਕਾਰ ਬਣਾਉਣ ਦਾ ਕਰਿਸ਼ਮਾ ਦਿਖਾਇਆ। ਭਾਜਪਾ ਨੇ 48 ਸੀਟਾਂ ਜਿੱਤੀਆਂ ਜਦੋਂ ਕਿ ਕਾਂਗਰਸ 37 ’ਤੇ ਅਟਕ ਗਈ। ਇਕ ਵਾਰ ਮੁੜ ਸੱਤਾ ਤੋਂ ਖਿਸਕ ਜਾਣ ਪਿੱਛੇ ਕਾਂਗਰਸ ਦਾ ਅੰਦਰੂਨੀ ਕਲੇਸ਼ ਹੀ ਮੁੱਖ ਕਾਰਨ ਰਿਹਾ। ਚੋਣਾਂ ਦੌਰਾਨ ਹੀ ਕਾਂਗਰਸ ਸਾਬਕਾ ਮੁੱਖ ਮੰਤਰੀ ਭੁਪਿੰਦਰ ਸਿੰਘ ਹੁੱਡਾ ਦੇ ਹਮਾਇਤੀਆਂ ਅਤੇ ਵਿਰੋਧੀਆਂ ’ਚ ਵੰਡੀ ਨਜ਼ਰ ਆਈ।
ਹੁੱਡਾ ਦੇ ਇਕ ਹਮਾਇਤੀ ਦੀ ਟਿੱਪਣੀ ਤੋਂ ਨਾਰਾਜ਼ ਹੋ ਕੇ ਕਾਂਗਰਸ ਦੀ ਵੱਡੀ ਆਗੂ ਸ਼ੈਲਜਾ ਤਾਂ ਕਈ ਦਿਨਾਂ ਤੱਕ ਚੋਣ ਪ੍ਰਚਾਰ ਤੋਂ ਵੀ ਦੂਰ ਰਹੀ। ਇਸ ਨਾਲ ਭਾਜਪਾ ਨੂੰ ਕਾਂਗਰਸ ’ਚ ਦਲਿਤਾਂ ਦੇ ਅਪਮਾਨ ਨੂੰ ਮੁੱਦਾ ਬਣਾਉਣ ਦਾ ਮੌਕਾ ਵੀ ਮਿਲ ਗਿਆ। ਬੇਸ਼ੱਕ ਕੁਝ ਯੋਗਦਾਨ ‘ਇੰਡੀਆ’ ਗੱਠਜੋੜ ’ਚ ਸਹਿਯੋਗੀ ਆਮ ਆਦਮੀ ਪਾਰਟੀ ਦਾ ਵੀ ਰਿਹਾ, ਜੋ ਸੀਟਾਂ ਦੀ ਵੰਡ ’ਤੇ ਗੱਲ ਨਾ ਬਣਨ ਕਾਰਨ ਵੱਖ ਚੋਣ ਲੜੀ।
ਮੰਨਿਆ ਜਾ ਰਿਹਾ ਸੀ ਕਿ ਇਸ ਵਾਰ ਵੀ ਭੁਪਿੰਦਰ ਸਿੰਘ ਹੁੱਡਾ ਹੀ ਕਾਂਗਰਸ ਵਿਧਾਇਕ ਦਲ ਦੇ ਨੇਤਾ ਹੋਣਗੇ। ਆਖਿਰ ਵਿਧਾਇਕ ਦਲ ’ਚ ਉਨ੍ਹਾਂ ਦੇ ਹਮਾਇਤੀ ਸਭ ਤੋਂ ਵੱਧ ਜਿੱਤੇ ਸਨ। ਬੇਸ਼ੱਕ ਵਿਧਾਨ ਸਭਾ ਦੀਆਂ ਚੋਣਾਂ ਤੱਕ ਕਾਂਗਰਸ ਹਾਈਕਮਾਨ ਨੇ ਹੁੱਡਾ ਨੂੰ ਟਿਕਟਾਂ ਦੀ ਵੰਡ ਸਮੇਤ ਹਰ ਮਾਮਲੇ ’ਚ ‘ਫ੍ਰੀ ਹੈਂਡ’ ਵੀ ਦਿੱਤਾ ਹੋਇਆ ਸੀ।
ਵਿਧਾਨ ਸਭਾ ਦੀਆਂ ਚੋਣਾਂ ਦੇ ਨਤੀਜਿਆਂ ਤੋਂ ਇਕ ਹਫਤੇ ਬਾਅਦ ਹੀ ਕਾਂਗਰਸ ਵਿਧਾਇਕ ਦਲ ਦੀ ਬੈਠਕ ’ਚ ਦਰਸ਼ਕਾਂ ਨੇ ਜਦੋਂ ਇਕ-ਇਕ ਕਰ ਕੇ ਵਿਧਾਇਕਾਂ ਨਾਲ ਗੱਲ ਕੀਤੀ ਤਾਂ ਲਗਭਗ ਢਾਈ ਦਰਜਨ ਵਿਧਾਇਕ ਹੁੱਡਾ ਦੇ ਹੱਕ ’ਚ ਆ ਗਏ।
ਇਸ ਦੇ ਨਾਲ ਹੀ ਅੰਦਰੂਨੀ ਕਲੇਸ਼ ਕਾਰਨ ਸੱਤਾ ਮੁੜ ਤੋਂ ਹੱਥੋਂ ਨਿਕਲ ਜਾਣ ਕਾਰਨ ਨਾਰਾਜ਼ ਹਾਈਕਮਾਨ ਨੇ ਨੇਤਾ ਦੀ ਚੋਣ ਦਾ ਫੈਸਲਾ ਟਾਲ ਦਿੱਤਾ। ਇਸ ਦੌਰਾਨ ਚੋਣਾਂ ’ਚ ਹਾਰ ਕਾਰਨ ਸੂਬਾਈ ਕਾਂਗਰਸ ਦੇ ਪ੍ਰਧਾਨ ਉਦੈਯ ਭਾਨ ’ਤੇ ਵੀ ਅਸਤੀਫੇ ਲਈ ਦਬਾਅ ਵਧਣ ਲੱਗਾ, ਜਿਨ੍ਹਾਂ ਦੀ ਹੁੱਡਾ ਦੀ ਪਸੰਦ ਕਾਰਨ ਤਾਜਪੋਸ਼ੀ ਹੋਈ ਸੀ।
ਮੰਨਿਆ ਜਾਂਦਾ ਹੈ ਕਿ ਹੁਣ ਹਾਈਕਮਾਨ ਕਿਸੇ ਇਕ ਨੇਤਾ ਨੂੰ ‘ਫ੍ਰੀ ਹੈਂਡ’ ਦੇਣ ਦੀ ਬਜਾਏ ਸਭ ਗੁੱਟਾਂ ’ਚ ਸੰਤੁਲਨ ਨਾਲ ਅੱਗੇ ਵਧੇਗੀ ਪਰ ਨਵੇਂ ਸੂਬਾਈ ਪ੍ਰਧਾਨ ਅਤੇ ਵਿਧਾਇਕ ਦਲ ਦੇ ਨੇਤਾ ਦੇ ਨਾਵਾਂ ਤੋਂ ਸਪੱਸ਼ਟ ਹੋ ਗਿਆ ਹੈ ਕਿ ਜਾਟ ਭਾਈਚਾਰੇ ’ਤੇ ਖਾਸ ਕਰ ਕੇ ਮਜ਼ਬੂਤ ਪਕੜ ਹੋਣ ਕਾਰਨ ਹੁੱਡਾ ਨੂੰ ਨਜ਼ਰਅੰਦਾਜ਼ ਨਹੀਂ ਕੀਤਾ ਜਾ ਸਕਿਆ।
ਕਾਂਗਰਸ ਨਾਲ ਜਾਟ ਭਾਈਚਾਰੇ ਦੀ ਹਮਾਇਤ ਅਤੇ ਉਨ੍ਹਾਂ ’ਤੇ ਹੁੱਡਾ ਦੀ ਪਕੜ ਨੂੰ ਧਿਆਨ ’ਚ ਰੱਖਦਿਆਂ ਇਹ ਫੈਸਲਾ ਤਾਂ ਪਹਿਲਾਂ ਹੀ ਲਿਆ ਜਾ ਸਕਦਾ ਸੀ। ਇਕ ਸੁਭਾਵਿਕ ਫੈਸਲੇ ’ਚ ਸਾਲ ਦਾ ਸਮਾਂ ਲੱਗ ਗਿਆ। ਇੰਨਾ ਸਮਾਂ ਲਾ ਕੇ ਹਾਈਕਮਾਨ ਨੇ ਨਾ ਸਿਰਫ ਸੂਬੇ ’ਚ ਕਾਂਗਰਸ ਦੀ ਫਜ਼ੀਅਤ ਕਰਵਾਈ ਸਗੋਂ ਆਪਣੇ ਆਪ ਦੀ ਫੈਸਲਾ ਲੈਣ ਦੀ ਸਮਰੱਥਾ ’ਤੇ ਸਵਾਲ ਉਠਾਉਣ ਦਾ ਮੌਕਾ ਦਿੱਤਾ।
ਰਾਓ ਨਰਿੰਦਰ ਸਿੰਘ ਦੀ ਨਿਯੁਕਤੀ ਦਾ ਸੰਕੇਤ ਇਹ ਜ਼ਰੂਰ ਹੈ ਕਿ ਸੂਬਾਈ ਪ੍ਰਧਾਨ ਦੇ ਮਾਮਲੇ ’ਚ ਸਿਰਫ ਹੁੱਡਾ ਦੀ ਨਹੀਂ ਚੱਲੀ। ਪੁਰਾਣੇ ਕਾਂਗਰਸੀ ਰਹੇ ਨਰਿੰਦਰ ਸਿੰਘ ਲੱਗਭਗ 2 ਦਹਾਕੇ ਪਹਿਲਾਂ ਉਸ ਵੇਲੇ ਦੇ ਮੁੱਖ ਮੰਤਰੀ ਭਜਨ ਲਾਲ ਦੇ ਨਾਲ ਜਨਹਿੱਤ ਕਾਂਗਰਸ ’ਚ ਚਲੇ ਗਏ ਸਨ। 2009 ’ਚ ਜਨਹਿੱਤ ਕਾਂਗਰਸ ਦੀ ਟਿਕਟ ’ਤੇ ਨਾਰਨੌਲ ਤੋਂ ਵਿਧਾਇਕ ਵੀ ਬਣੇ ਪਰ ਜਦੋਂ ਕਾਂਗਰਸ ਬਹੁਮਤ ਤੋਂ ਖੁੰਝ ਗਈ ਤਾਂ ਹੁੱਡਾ ਦੇ ਇਸ਼ਾਰੇ ’ਤੇ ਆਪਣੀ ਪਾਰਟੀ ਤੋੜ ਕੇ ਉਹ ਚਾਰ ਹੋਰਨਾਂ ਵਿਧਾਇਕਾਂ ਨਾਲ ਪਰਤ ਆੲੇ।
ਹੁੱਡਾ ਨੇ ਉਨ੍ਹਾਂ ਨੂੰ ਮੰਤਰੀ ਵੀ ਬਣਾਇਆ। ਇਸ ਲਈ ਮੰਨਣਾ ਚਾਹੀਦਾ ਹੈ ਕਿ ਹੁੱਡਾ ਨੇ ਉਨ੍ਹਾਂ ਦੇ ਨਾਂ ਦਾ ਵਿਰੋਧ ਤਾਂ ਨਹੀਂ ਕੀਤਾ ਹੋਵੇਗਾ ਪਰ ਰਾਓ ਨਰਿੰਦਰ ਸਿੰਘ ਦੇ ਹੱਕ ’ਚ ਧੜੇਬੰਦੀ ਤੋਂ ਦੂਰ ਰਹੇ। ਇਸ ਲਈ ਉਨ੍ਹਾਂ ਦਾ ਵਿਰੋਧ ਸ਼ਾਇਦ ਸ਼ੈਲਜਾ ਅਤੇ ਰਣਦੀਪ ਸਿੰਘ ਸੁਰਜੇਵਾਲਾ ਵਰਗੇ ਆਗੂਆਂ ਨੇ ਵੀ ਨਹੀਂ ਕੀਤਾ ਹੋਵੇਗਾ।
ਰਣਨੀਤਿਕ ਪੱਖੋਂ ਦੱਖਣੀ ਹਰਿਆਣਾ ਦੇ ਅਹੀਰਵਾਲ ਖੇਤਰ ਤੋਂ ਸੂਬਾਈ ਪ੍ਰਧਾਨ ਬਣਾਉਣਾ ਸਹੀ ਦਾਅ ਮੰਨਿਆ ਜਾ ਸਕਦਾ ਹੈ। ਕਈ ਦਹਾਕਿਆਂ ਪਿੱਛੋਂ ਅਹੀਰਵਾਲ ਦੇ ਕਿਸੇ ਨੇਤਾ ਨੂੰ ਕਾਂਗਰਸ ਨੇ ਸੂਬਾਈ ਪ੍ਰਧਾਨ ਬਣਾਇਆ ਹੈ। ਕਾਂਗਰਸ ਨੂੰ ਉਮੀਦ ਪੈ ਕਿ ਇਸ ਨਾਲ ਓ. ਬੀ. ਸੀ. ਵਰਗ ’ਚ ਉਸ ਦੀ ਪ੍ਰਵਾਨਗੀ ਵਧੇਗੀ ਜੋ ਨਾਇਬ ਸਿੰਘ ਸੈਣੀ ਨੂੰ ਮੁੱਖ ਮੰਤਰੀ ਬਣਾਏ ਜਾਣ ਨਾਲ ਭਾਜਪਾ ਦੇ ਨਾਲ ਹੋਰ ਵੀ ਵੱਧ ਇਕਮੁੱਠ ਹੋ ਗਿਆ ਹੈ। ਉਂਝ ਰਾਓ ਇੰਦਰਜੀਤ ਸਿੰਘ ਦੇ ਭਾਜਪਾ ’ਚ ਸ਼ਾਮਲ ਹੋਣ ਪਿੱਛੋਂ ਕਾਂਗਰਸ ਦੱਖਣੀ ਹਰਿਆਣਾ ’ਚ ਹਾਸ਼ੀਏ ’ਤੇ ਨਜ਼ਰ ਆ ਰਹੀ ਹੈ।
ਇਸ ਦੇ ਨਾਲ ਹੀ ਇਕ ਵਾਰ ਕਾਂਗਰਸ ਛੱਡ ਚੁੱਕੇ ਨੇਤਾ ਨੂੰ ਸੂਬਾਈ ਕਾਂਗਰਸ ਦੀ ਪ੍ਰਧਾਨਗੀ ਵਰਗੀ ਵੱਡੀ ਜ਼ਿੰਮੇਵਾਰੀ ਦੇਣੀ ਹੈਰਾਨ ਕਰਨ ਵਾਲੀ ਹੈ। ਅਹੀਰਵਾਲ ਦੇ ਯਾਦਵ ਭਾਈਚਾਰੇ ਨਾਲ ਹੀ ਕੈਪਟਨ ਅਜੈ ਸਿੰਘ ਯਾਦਵ ਅਤੇ ਰਾਓ ਖਾਨ ਸਿੰਘ ਵੀ ਆਉਂਦੇ ਹਨ ਪਰ ਉਨ੍ਹਾਂ ਦੀ ਪਛਾਣ ਕ੍ਰਮਵਾਰ ਹੁੱਡਾ ਵਿਰੋਧੀ ਅਤੇ ਹੁੱਡਾ ਹਮਾਇਤੀ ਵਿਰੁੱਧ ਗਰੁੱਪ ਨਾਲ ਜੁੜੀ ਹੋਈ ਹੈ।
ਲੱਗਭਗ ਦੋ ਦਹਾਕਿਆਂ ਬਾਅਦ ਕਾਂਗਰਸ ਨੇ ਹਰਿਆਣਾ ’ਚ ਗੈਰ-ਦਲਿਤ ਨੇਤਾ ਨੂੰ ਸੂਬਾਈ ਕਾਂਗਰਸ ਦਾ ਪ੍ਰਧਾਨ ਬਣਾਇਆ ਹੈ। ਪਹਿਲਾਂ ਫੂਲ ਚੰਦ ਮੌਲਾਨਾ, ਫਿਰ ਅਸ਼ੋਕ ਕੰਵਰ, ਸ਼ੈਲਜਾ ਅਤੇ ਉਦੈਯ ਭਾਨ ਸੂਬਾਈ ਕਾਂਗਰਸ ਦੇ ਪ੍ਰਧਾਨ ਰਹੇ। ਇਸ ਦੌਰਾਨ ਕਾਂਗਰਸ ਜਾਤ ਅਤੇ ਦਲਿਤਾਂ ਦੇ ਸਮੀਕਰਨ ਨਾਲ ਸਿਆਸਤ ਕਰਦੀ ਰਹੀ ਜਦੋਂ ਕਿ ਘੱਟਗਿਣਤੀ ਅਤੇ ਓ. ਬੀ. ਸੀ. ਵੋਟਾਂ ਵੀ ਉਸ ਨੂੰ ਮਿਲਦੀਆਂ ਰਹੀਆਂ।
ਹਰਿਆਣਾ ’ਚ ਦਲਿਤ ਕਾਂਗਰਸ ਦੇ ਰਵਾਇਤੀ ਵੋਟਰ ਮੰਨੇ ਜਾਂਦੇ ਹਨ। ਹਾਲਾਂਕਿ ਕਾਂਗਰਸ ਦੇ ਕੌਮੀ ਪ੍ਰਧਾਨ ਮਲਿਕਾਰਜੁਨ ਖੜਗੇ ਵੀ ਦਲਿਤ ਭਾਈਚਾਰੇ ’ਚੋਂ ਆਉਂਦੇ ਹਨ ਪਰ ਹਰਿਆਣਾ ਦੇ ਦਲਿਤਾਂ ਨੂੰ ਆਪਣੇ ਨਾਲ ਜੋੜ ਕੇ ਰੱਖਣ ਲਈ ਪਾਰਟੀ ਨੂੰ ਕੁਝ ਹੋਰ ਸਪੱਸ਼ਟ ਸੰਦੇਸ਼ ਦੇਣਾ ਹੋਵੇਗਾ, ਨਹੀਂ ਤਾਂ ਭਾਜਪਾ ਦੀ ਸੰਨ੍ਹ ਤੋਂ ਉਹ ਬਚ ਨਹੀਂ ਸਕੇਗੀ।
ਉਂਝ ਨਵੇਂ ਸੂਬਾਈ ਪ੍ਰਧਾਨ ਰਾਓ ਨਰਿੰਦਰ ਸਿੰਘ ਲਈ ਸੂਬਾਈ ਸੰਗਠਨ ਬਣਾਈ ਰੱਖਣਾ ਸੌਖਾ ਨਹੀਂ ਹੋਵੇਗਾ। ਇਕ ਦਹਾਕੇ ਤੋਂ ਵੀ ਵੱਧ ਸਮੇਂ ਤੋਂ ਕਾਂਗਰਸ ਹਰਿਆਣਾ ’ਚ ਸੂਬਾਈ ਸੰਗਠਨ ਨਹੀਂ ਬਣਾ ਸਕੀ। ਹਾਲਾਂਕਿ ਸੂਬਾਈ ਕਾਂਗਰਸ ਦੇ ਪ੍ਰਧਾਨ ਬਦਲਦੇ ਰਹੇ ਪਰ ਅੰਦਰੂਨੀ ਕਲੇਸ਼ ਨਹੀਂ ਰੋਕ ਸਕੀ। ਸਿੱਟੇ ਵਜੋਂ ਐਡਹਾਕ ’ਤੇ ਆਧਾਰਿਤ ਦੇਸ਼ ਦੀ ਸਭ ਤੋਂ ਪੁਰਾਣੀ ਸਿਆਸੀ ਪਾਰਟੀ ਵਿਧਾਨ ਸਭਾ ਤੋਂ ਲੈ ਕੇ ਲੋਕ ਸਭਾ ਦੀਆਂ ਚੋਣਾਂ ਲੜਦੀ ਰਹੀ। ਹੁੱਡਾ ਦੇ ਮੁੜ ਵਿਰੋਧੀ ਧਿਰ ਦਾ ਨੇਤਾ ਬਣਨ ਦੇ ਬਾਵਜੂਦ ਇਹ ਅੰਦਰੂਨੀ ਕਲੇਸ਼ ਰੁਕਣ ਵਾਲਾ ਨਹੀਂ ਹੈ।
ਹਰਿਆਣਾ ’ਚ ਸੂਬੇ ਤੋਂ ਲੈ ਕੇ ਫਿਰ ਜ਼ਿਲਾ ਪੱਧਰ ਤੱਕ ਸੰਗਠਨ ਬਣਾਉਣਾ ਅਸਲ ’ਚ ਰਾਹੁਲ ਗਾਂਧੀ ਦੀ ਫੈਸਲਾ ਲੈਣ ਦੀ ਸਮਰੱਥਾ ਦੀ ਵੀ ਪ੍ਰੀਖਿਆ ਹੋਵੇਗੀ ਜੋ ਆਪਣੇ ਨੇੜਲੇ ਸਮਝੇ ਜਾਣ ਵਾਲੇ ਚੋਟੀ ਦੇ ਆਗੂਆਂ ਨੂੰ ਵੀ ਭਾਜਪਾ ’ਚ ਜਾਣ ਤੋਂ ਨਹੀਂ ਰੋਕ ਸਕੇ ਅਤੇ ਪੁਰਾਣੇ ਵਿਧਾਇਕ ਦਲ ਦੇ ਨੇਤਾ ਦੀ ਹੀ ਮੁੜ ਤੋਂ ਤਾਜਪੋਸ਼ੀ ਕਰਨ ’ਚ ਵੀ ਉਨ੍ਹਾਂ ਨੂੰ ਇਕ ਸਾਲ ਦਾ ਸਮਾਂ ਲੱਗ ਗਿਆ। ਇਹ ਰਫਤਾਰ ਸੱਤਾ ਦੀ ਦੌੜ ’ਚ ਕਾਂਗਰਸ ਦੀਆਂ ਚੰਗੀਆਂ ਸੰਭਾਵਨਾਵਾਂ ਦਾ ਸੰਕੇਤ ਤਾਂ ਬਿਲਕੁਲ ਨਹੀਂ ਦਿੰਦੀ।
–ਰਾਜ ਕੁਮਾਰ ਸਿੰਘ