ਦੇਸ਼ ਤੋੋਂ ਲੈ ਕੇ ਪ੍ਰਦੇਸ਼ ਤੱਕ ਆਪਣਿਆਂ ਦੀ ਚਿੰਤਾ

05/12/2021 3:43:17 AM

ਆਲੋਕ ਮਹਿਤਾ

ਦਿੱਲੀ, ਮੁੰਬਈ ਹੀ ਨਹੀਂ, ਦੂਰ-ਦਰਾਜ ਦੇ ਪਿੰਡਾਂ ਤੱਕ ਕੋਰੋਨਾ ਮਹਾਮਾਰੀ ਦੇ ਸੰਕਟ ਕਾਰਨ ਹਾਹਾਕਾਰ ਮਚੀ ਹੋਈ ਹੈ। ਮੇਰੇ ਪਰਿਵਾਰਕ ਮਿੱਤਰਾਂ ਦੇ ਸੰਦੇਸ਼ ਦੇਸ਼ ਦੇ ਦੂਰ-ਦਰਾਜ ਦੇ ਹਿੱਸਿਆਂ ਦੇ ਨਾਲ ਹੀ ਬਰਤਾਨੀਆ, ਜਰਮਨ ਅਤੇ ਅਮਰੀਕਾ ਆਦਿ ਤੋਂ ਵੀ ਦਿਨ-ਰਾਤ ਆ ਰਹੇ ਹਨ। ਵਿਦੇਸ਼ਾਂ ’ਚ ਬੈਠੇ ਪਰਿਵਾਰਕ ਮੈਂਬਰ ਤਾਂ ਹੋਰ ਵੀ ਵਧੇਰੇ ਪ੍ਰੇਸ਼ਾਨ ਹਨ ਕਿਉਂਕਿ ਉਨ੍ਹਾਂ ਨੂੰ ਸਿਰਫ ਭਿਆਨਕ ਸੂਚਨਾਵਾਂ, ਖਬਰਾਂ ਆਦਿ ਹੀ ਮਿਲ ਰਹੀਆਂ ਹਨ। ਕੋਈ ਬਚਾਅ ਬਾਰੇ ਸਪੱਸ਼ਟੀਕਰਨ ਨਹੀਂ ਸੁਣਿਆ ਜਾ ਸਕਦਾ। ਇਹ ਮਹਾਯੁੱਧ ਸਰਕਾਰ ਦੇ ਨਾਲ-ਨਾਲ ਪੂਰੇ ਭਾਰਤੀ ਸਮਾਜ ਲਈ ਵੀ ਹੈ।

ਹਫਤਿਆਂ ਤੋਂ ਘਰ ’ਚ ਬੰਦ ਹੋਣ ਕਾਰਨ ਪੁਰਾਣੀਆਂ ਗੱਲਾਂ ਵੀ ਯਾਦ ਆਉਂਦੀਆਂ ਹਨ। ਬਹੁਤ ਛੋਟੇ ਜਿਹੇ ਪਿੰਡ ’ਚ ਮੇਰਾ ਜਨਮ ਹੋਇਆ ਸੀ। ਫਿਰ ਟੀਚਰ ਪਿਤਾ ਜਿਨ੍ਹਾਂ ਪਿੰਡਾਂ ’ਚ ਰਹੇ, ਉੱਥੇ ਹਸਪਤਾਲ, ਡਾਕਟਰ ਤਾਂ ਦੂਰ, ਸੜਕ ਤੱਕ ਨਹੀਂ ਸੀ, ਇਸ ਲਈ 6-7 ਸਾਲ ਤੱਕ ਕੋਈ ਟੀਕਾ ਨਹੀਂ ਲੱਗਾ। ਚਿੰਤਾਮਨ ਜਵਾਸੀਆ (ਉੱਜੈਨ) ਪਿੰਡ ’ਚ ਸਕੂਲ ਦੇ ਨਾਂ ’ਤੇ ਜੋ ਡੇਢ ਕਮਰੇ ਸਨ, ਰਾਤ ਨੂੰ ਉੱਥੇ ਹੀ ਮੰਜੀ ਡਾਹ ਕੇ ਸੌਂਦੇ ਰਹੇ। ਨਾ ਟਾਇਲਟ ਸੀ ਤੇ ਨਾ ਹੀ ਗੁਸਲਖਾਨਾ।

ਲਾਲ ਦਵਾਈ ਪਾ ਕੇ ਖੂਹ ਦਾ ਪਾਣੀ ਪੀਂਦੇ ਸੀ ਅਤੇ ਬਾਲਟੀ ਤੇ ਮੱਗ ਨਾਲ ਨਹਾਉਂਦੇ ਸੀ। ਟੀਚਰ ਹੁੰਦੇ ਹੋਏ ਵੀ ਆਰ. ਐੱਮ. ਪੀ. (ਰਜਿਸਟਰਡ ਮੈਡੀਕਲ ਪ੍ਰੈਕਟੀਸ਼ਨਰ) ਦੀ ਪ੍ਰੀਖਿਆ ਦੇ ਕੇ ਅਤੇ ਸਿਖਲਾਈ ਲੈ ਕੇ ਪਿਤਾ ਜੀ ਛੋਟੀ-ਮੋਟੀ ਬੀਮਾਰੀ, ਬੁਖਾਰ ਆਦਿ ਦੀ ਦਵਾਈ ਅਤੇ ਇੰਜੈਕਸ਼ਨ ਲੋੜ ਪੈਣ ’ਤੇ ਉਸ ਜਾਂ ਆਸ-ਪਾਸ ਦੇ ਪਿੰਡਾਂ ਦੇ ਲੋਕਾਂ ਨੂੰ ਦੇ ਦਿੰਦੇ ਸਨ। 8 ਸਾਲ ਦੀ ਉਮਰ ਪਿੱਛੋਂ ਉਸ ਤੋਂ ਵੱਡੇ ਪਿੰਡ ਉਨਹੇਲ ’ਚ ਰਹੇ। 12 ਸਾਲ ਦੀ ਉਮਰ ’ਚ ਕਸਬੇ ਵਰਗੇ ਸ਼ਹਿਰ ਉੱਜੈਨ ’ਚ ਆਉਣਾ ਹੋ ਗਿਆ।

60 ਸਾਲ ਤੋਂ ਉਹ ਪਿੰਡ ਬਦਲ ਗਏ ਪਰ ਮੈਨੂੰ ਆਪਣੀਆਂ ਯਾਤਰਾਵਾਂ ਤੋਂ ਪਤਾ ਹੈ ਕਿ ਹੁਣ ਵੀ ਦੇਸ਼ ਦੇ ਕਈ ਪਿੰਡਾਂ ਦੀ ਹਾਲਤ ਲਗਭਗ ਉਹੋ ਜਿਹੀ ਹੈ। ਇਸ ਲਈ ਮੈਨੂੰ ਲੱਗਦਾ ਹੈ ਕਿ ਸੰਕਟ ਦੀ ਇਸ ਘੜੀ ’ਚ ਉਨ੍ਹਾਂ ਸੈਂਕੜੇ ਪਿੰਡਾਂ ਲਈ ਬਚਾਅ ਨੂੰ ਵੀ ਪਹਿਲ ਦੇਣ ਦੇ ਨਾਲ-ਨਾਲ ਇਕ ਵੱਖਰੀ ਕਿਸਮ ਦੀ ਮੁਹਿੰਮ ਚਲਾਉਣੀ ਵੀ ਜ਼ਰੂਰੀ ਹੈ।

ਮੈਨੂੰ ਮੁਆਫ ਕਰੋ ਇਸ ਵਾਰ ਕੁਝ ਨਿੱਜੀ ਗੱਲਾਂ ਦੀ ਚਰਚਾ ਕਰ ਕੇ ਸਮੱਸਿਆਵਾਂ ’ਤੇ ਲਿਖਣਾ ਪੈ ਰਿਹਾ ਹੈ। ਸਰਕਾਰਾਂ ਦੀਆਂ ਕਮੀਆਂ, ਗੜਬੜੀਆਂ, ਸਿਆਸਤਦਾਨਾਂ ਦੀ ਬਿਆਨਬਾਜ਼ੀ, ਦੋਸ਼ਾਂ-ਜਵਾਬੀ ਦੋਸ਼ਾਂ ਤੋਂ ਅਸੀਂ ਹੀ ਨਹੀਂ, ਆਮ ਲੋਕ ਵੀ ਬਹੁਤ ਦੁਖੀ ਹੁੰਦੇ ਹਨ। ਕੋਰੋਨਾ ਦੇ ਪ੍ਰੀਖਣ ਅਤੇ ਟੀਕਿਆਂ ਨੂੰ ਲੈ ਕੇ ਵੀ ਘਮਾਸਾਨ ਛਿੜ ਗਿਆ ਹੈ। ਭਾਰਤ ਵਰਗੇ ਵਿਸ਼ਾਲ ਦੇਸ਼ ’ਚ ਡੇਢ ਸੌ ਕਰੋੜ ਦੇ ਲਗਭਗ ਲੋਕਾਂ ਨੂੰ ਇਕ ਜਾਂ ਤਿੰਨ ਮਹੀਨਿਆਂ ’ਚ ਟੀਕੇ ਲਾਏ ਜਾ ਸਕਦੇ ਹਨ? ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ਲਗਾਤਾਰ ਬਿਆਨਬਾਜ਼ੀ ਕਰਦੇ ਰਹਿੰਦੇ ਹਨ, ਸਰਕਾਰ ਦੀ ਵਿਵਸਥਾ ਦੀ ਕਮੀ ’ਤੇ ਆਵਾਜ਼ ਉਠਾਉਂਦੇ ਹਨ।

ਇਸ ਬਾਰੇ ਕਿਸੇ ਨੂੰ ਇਤਰਾਜ਼ ਨਹੀਂ ਹੋ ਸਕਦਾ ਪਰ ਉਨ੍ਹਾਂ ਦੀਆਂ ਚਿੱਠੀਆਂ ਅਤੇ ਬਿਆਨਾਂ ’ਚ ਜਦੋਂ ਇਹ ਲਿਖਿਆ ਅਤੇ ਕਿਹਾ ਜਾਂਦਾ ਹੈ ਕਿ ਭਾਰਤ ਅਤੇ ਭਾਰਤੀਅਾਂ ਕੋਲੋਂ ਹੁਣ ਸਮੁੱਚੀ ਦੁਨੀਆ ’ਚ ਵਾਇਰਸ ਹੋਰ ਫੈਲ ਜਾਵੇਗਾ, ਅਜਿਹੀ ਭਿਆਨਕ ਨਿਰਾਸ਼ਾਜਨਕ ਗੱਲ ਤਾਂ ਗੁਆਂਢੀ ਦੇਸ਼ ਪਾਕਿਸਤਾਨ, ਵਾਇਰਸ ਦਾ ਉਤਪਾਦਕ ਦੇਸ਼ ਚੀਨ ਜਾਂ ਅਮਰੀਕਾ, ਯੂਰਪ ਅਤੇ ਵਿਸ਼ਵ ਸਿਹਤ ਸੰਗਠਨ ਵੀ ਨਹੀਂ ਕਰ ਰਿਹਾ।

ਇਸ ਚਿੱਠੀ ਅਤੇ ਭਾਰਤ ’ਚ ਸਿਰਫ ਬਰਬਾਦੀ ਦਿਖਾਉਣ ਵਾਲੇ ਪੱਛਮੀ ਮੀਡੀਆ ਦੀਆਂ ਰਿਪੋਰਟਾਂ ਵੇਖ ਕੇ ਲੰਡਨ ਤੋਂ ਬੇਟੀ, ਕੁਝ ਹੋਰਨਾਂ ਦੋਸਤਾਂ ਅਤੇ ਅਮਰੀਕਾ ਤੋਂ ਵੀ ਰਿਸ਼ਤੇਦਾਰਾਂ ਦੇ ਚਿੰਤਤ ਫੋਨ ਆਏ। ਉਨ੍ਹਾਂ ਦਾ ਸਵਾਲ ਸੀ ਕਿ ਉਂਝ ਵੀ ਦੋ ਸਾਲ ਤੋਂ ਭਾਰਤ ਨਹੀਂ ਆ ਸਕੇ ਅਤੇ ਨਾ ਹੀ ਤੁਸੀਂ ਆ ਸਕੇ, ਸਰਕਾਰਾਂ ਮਹਾਮਾਰੀ ਵਾਲਾ ਦੇਸ਼ ਦੱਸ ਕੇ ਸਖਤ ਪਾਬੰਦੀਆਂ ਕਈ ਸਾਲਾਂ ਤੱਕ ਲਾ ਦੇਣਗੀਆਂ ਤਾਂ ਫਿਰ ਅਸੀਂ ਕਦੇ ਮਿਲ ਸਕਾਂਗੇ? ਸੱਚਮੁੱਚ ਸੋਚ ਕੇ ਡਰ ਲੱਗਦਾ ਹੈ। ਮੈਂ ਉਨ੍ਹਾਂ ਨੂੰ ਅਤੇ ਆਪਣੇ ਮਨ ਨੂੰ ਸਮਝਾਇਆ ਕਿ ਨਹੀਂ, ਅਜਿਹਾ ਨਹੀਂ ਹੋਵੇਗਾ। ਇਹ ਤਾਂ ਸਮੁੱਚੀ ਦੁਨੀਆ ਦਾ ਸੰਕਟ ਹੈ। ਅਸੀਂ ਸਭ ਮਿਲ ਕੇ ਜਲਦੀ ਹੀ ਇਸ ’ਤੇ ਕਾਬੂ ਪਾ ਲਵਾਂਗੇ। ਅਜੇ ਤਾਂ ਭਾਰਤ ਹੀ ਨਹੀਂ, ਬਰਤਾਨੀਆ ਅਤੇ ਅਮਰੀਕਾ ’ਚ ਭਾਰਤੀ ਮੂਲ ਦੇ ਡਾਕਟਰ ਵੀ ਲੱਖਾਂ ਲੋਕਾਂ ਦੀ ਜਾਨ ਬਚਾ ਰਹੇ ਹਨ।

ਰਾਹੁਲ ਜੀ ਇਕੱਲੇ ਨਹੀਂ ਹਨ। ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਤਾਂ ਲਗਭਗ ਹਰ ਰੋਜ਼ ਖੁਦ ਆਕਸੀਜਨ ਖਤਮ ਹੋਣ ਦਾ ਇੰਨਾ ਪ੍ਰਚਾਰ ਕੀਤਾ ਕਿ ਹਰ ਆਦਮੀ ਨੂੰ ਆਪਣਾ ਸਾਹ ਫੁੱਲਣ ਦਾ ਡਰ ਹੋਣ ਲੱਗਾ। ਕੇਂਦਰ ਨਾਲ ਉਨ੍ਹਾਂ ਦੀ ਲੜਾਈ ਆਪਣੀ ਥਾਂ ਹੈ ਪਰ ਮੁੰਬਈ ਦੇ ਦੋਸਤਾਂ, ਅਧਿਕਾਰੀਆਂ ਨਾਲ ਸਿਆਸੀ ਵਿਚਾਰ-ਵਟਾਂਦਰੇ ਨਾਲ ਮਹਾਮਾਰੀ ’ਚ ਲੋਕਾਂ ਦੀ ਰਾਖੀ ਲਈ ਸਲਾਹ ਜੇ ਉਹ ਲੈ ਲੈਂਦੇ ਤਾਂ ਬਿਨਾਂ ਕੋਈ ਸਮਾਂ ਗੁਆਏ ਕਈ ਪ੍ਰਬੰਧ ਭਲਾ ਨਹੀਂ ਹੋ ਸਕਦੇ ਸਨ?

ਮਤਭੇਦ, ਵਿਰੋਧ ਰਾਜਸਥਾਨ, ਕੇਰਲ, ਤਾਮਿਲਨਾਡੂ ਦੇ ਮੁੱਖ ਮੰਤਰੀਆਂ ਦਾ ਵੀ ਹੈ ਪਰ ਕੀ ਉਨ੍ਹਾਂ ਕਦੇ ਦੇਸ਼-ਵਿਦੇਸ਼ ’ਚ ਇਸ ਤਰ੍ਹਾਂ ਦਾ ਪ੍ਰਚਾਰ ਕਰਵਾਇਆ ਹੈ? ਪੱਛਮੀ ਬੰਗਾਲ ਦੀਆਂ ਚੋਣਾਂ ਸਮੇਂ ਪ੍ਰਚਾਰ ਅਤੇ ਨਤੀਜਿਆਂ ਤੋਂ ਬਾਅਦ ਵਿਰੋਧੀ ਧਿਰ ਨੂੰ ਆਪਣਾ ਪੱਲੜਾ ਭਾਰੀ ਨਜ਼ਰ ਆ ਰਿਹਾ ਹੈ ਪਰ ਕੀ ਕੇਂਦਰ ’ਚ ਤਬਦੀਲੀ ਲਈ ਇਸ ਮਹਾਮਾਰੀ ਦਰਮਿਆਨ ਮੱਧਕਾਲੀ ਚੋਣਾਂ ਕਰਵਾਈਆਂ ਜਾ ਸਕਦੀਆਂ ਹਨ? ਲੋਕ ਨਾਰਾਜ਼ ਅਤੇ ਦੁਖੀ ਹਨ, ਉਹ ਰਹਿਣਗੇ ਵੀ ਤਾਂ ਕੀ ਖੁਦ ਵੋਟਾਂ ਨਾਲ ਸੱਤਾ ਨੂੰ ਬਦਲ ਸਕਣਗੇ? ਕੀ ਪ੍ਰਧਾਨ ਮੰਤਰੀ, ਗ੍ਰਹਿ ਮੰਤਰੀ ਜਾਂ ਭਾਜਪਾ ਸ਼ਾਸਿਤ ਸੂਬਿਆਂ ਦੇ ਮੁੱਖ ਮੰਤਰੀਆਂ ਵਾਂਗ ਕਾਂਗਰਸ ਅਤੇ ਹੋਰਨਾਂ ਪਾਰਟੀਆਂ ਦੇ ਮੁੱਖ ਮੰਤਰੀ ਚੋਣ ਪ੍ਰਚਾਰ ਲਈ ਬੰਗਾਲ, ਅਸਾਮ, ਕੇਰਲ ਆਉਂਦੇ-ਜਾਂਦੇ ਨਹੀਂ ਰਹੇ। ਗਲਤੀ ਸਭ ਨੂੰ ਪ੍ਰਵਾਨ ਕਰਨੀ ਹੋਵੇਗੀ।

ਹਾਂ, ਜੇ ਪਹਿਲਾਂ ਤੋਂ ਅੰਦਾਜ਼ਾ ਸੀ ਤਾਂ ਗੈਰ-ਭਾਜਪਾ ਸਿਆਸੀ ਪਾਰਟੀਆਂ ਚੋਣਾਂ ’ਚ ਹਿੱਸਾ ਨਾ ਲੈਣ ਦਾ ਫੈਸਲਾ ਕਰ ਲੈਂਦੀਆਂ ਤਾਂ ਭਾਜਪਾ ਜਾਂ ਉਸ ਦੀਆਂ ਛੋਟੀਆਂ-ਮੋਟੀਆਂ ਸਹਿਯੋਗੀ ਪਾਰਟੀਆਂ ਇਕੱਲਿਆਂ ਚੋਣ ਲੜ ਕੇ ਜਿੱਤ ਹਾਸਲ ਕਰ ਸਕਦੀਆਂ? ਚੋਣ ਕਮਿਸ਼ਨ ਕੀ ਖੁਦ ਚੋਣਾਂ ਕਰਵਾ ਸਕਦਾ ਸੀ? ਖੈਰ ਹੁਣ ਵੀ ਪਹਿਲ ਸਿਰਫ ਮਹਾਮਾਰੀ ਨਾਲ ਮਿਲ ਕੇ ਨਜਿੱਠਣ ਦੀ ਕਿਉਂ ਨਹੀਂ ਹੋ ਸਕਦੀ।

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਇਸ ਸਮੇਂ ਸਭ ਸੂਬਿਆਂ ਦੇ ਮੁੱਖ ਮੰਤਰੀਆਂ ਨਾਲ ਲਗਾਤਾਰ ਗੱਲਬਾਤ ਕਰ ਰਹੇ ਹਨ। ਇਨ੍ਹਾਂ ’ਚ ਕਈ ਮੁੱਖ ਮੰਤਰੀ ਗੈਰ-ਭਾਜਪਾ ਪਾਰਟੀਅਾਂ ਨਾਲ ਸਬੰਧਤ ਹਨ। ਉਹ ਤਜਰਬੇਕਾਰ ਹਨ। ਬੇਨਤੀ ਕਰ ਕੇ ਅਜਿਹੇ ਮੁੱਖ ਮੰਤਰੀਆਂ ਦੀ ਵਰਚੁਅਲ ਮੀਟਿੰਗ ’ਚ ਪਾਰਟੀ ਦੇ ਆਗੂਆਂ ਨੂੰ ਵੀ ਜੋੜ ਲੈਣਾ ਚਾਹੀਦਾ ਹੈ। ਜੇ ਮੋਦੀ ਜੀ ਪੁਤਿਨ, ਬਾਈਡੇਨ, ਬੋਰਿਸ ਅਤੇ ਹੋਰਨਾਂ ਨਾਲ ਗੱਲਬਾਤ ਕਰ ਸਕਦੇ ਹਨ ਤਾਂ ਸ਼ਰਦ ਪਵਾਰ, ਅਖਿਲੇਸ਼ ਯਾਦਵ, ਸੋਨੀਆ ਗਾਂਧੀ, ਸੁਖਬੀਰ ਸਿੰਘ ਬਾਦਲ ਅਤੇ ਸੀਤਾਰਾਮ ਯੇਚੁਰੀ ਨਾਲ ਗੱਲਬਾਤ ਕਰਨ ਤੋਂ ਕੀ ਉਹ ਇਨਕਾਰ ਕਰ ਦੇਣਗੇ। ਅਦਾਲਤਾਂ ਨੇ ਵੀ ਕੇਂਦਰ ਅਤੇ ਦਿੱਲੀ ਸਰਕਾਰ ਵਿਰੁੱਧ ਬਹੁਤ ਤਿੱਖੀਆਂ ਟਿੱਪਣੀਆਂ ਕੀਤੀਆਂ ਹਨ। ਨਵੀਂ ਟਾਸਕ ਫੋਰਸ ਬਣਾ ਦਿੱਤੀ ਗਈ। ਲੋਕ ਰਾਜ ’ਚ ਇਹੀ ਤਾਂ ਸੰਤੁਲਨ ਹੈ ਪਰ ਅਦਾਲਤਾਂ ਦੇ ਹੁਕਮਾਂ ਦੀ ਪਾਲਣਾ ਤਾਂ ਸਰਕਾਰੀ ਮਸ਼ੀਨਰੀ ਨੇ ਹੀ ਕਰਨੀ ਹੈ। ਚਿੰਤਾ ਮਹਾਨਗਰਾਂ ਤੋਂ ਵੱਧ ਪਹਾੜੀ ਅਤੇ ਆਦੀਵਾਸੀ ਪਿੰਡਾਂ ਦੀ ਵੱਧ ਹੋਣੀ ਚਾਹੀਦੀ ਹੈ।

ਮੈਂ ਕਿਸੇ ਨੂੰ ਦੋਸ਼ ਨਹੀਂ ਦੇ ਰਿਹਾ ਪਰ ਸੰਕਟ ’ਚ ਸਭ ਨੂੰ ਮਿਲ ਕੇ ਚੱਲਣ ਅਤੇ ਆਪਣੇ ਵਰਗੇ ਲੱਖਾਂ ਲੋਕਾਂ ਨੂੰ ਸਿਰਫ ਡਰ ਤੇ ਦਹਿਸ਼ਤ ਨਾਲ ਮਾਨਸਿਕ ਤਕਲੀਫ ਨਾ ਦੇਣ ਦੀ ਬੇਨਤੀ ਕਰ ਰਿਹਾ ਹਾਂ।

(ਲੇਖਕ ਦੇਸ਼ ਦੀਆਂ ਵੱਖ-ਵੱਖ ਅਖਬਾਰਾਂ ਅਤੇ ਰਸਾਲਿਆਂ ਦੇ ਸੰਪਾਦਕ ਰਹੇ ਹਨ।)


Bharat Thapa

Content Editor

Related News