ਜਾਪਾਨ ’ਚ ਚਲ ਰਹੇ ਚੀਨ ਦੇ ਖੁਫੀਆ ਪੁਲਸ ਸਟੇਸ਼ਨ

Wednesday, Dec 28, 2022 - 12:35 PM (IST)

ਜਾਪਾਨ ’ਚ ਚਲ ਰਹੇ ਚੀਨ ਦੇ ਖੁਫੀਆ ਪੁਲਸ ਸਟੇਸ਼ਨ

ਜਾਪਾਨ ਸਰਕਾਰ ਨੇ ਟੋਕੀਓ ’ਚ ਇਕ ਰਿਪੋਰਟ ’ਤੇ ਕੰਮ ਕਰਦੇ ਹੋਏ ਇਹ ਪਤਾ ਲਗਾਉਣ ਦੀ ਕੋਸ਼ਿਸ਼ ਕੀਤੀ ਕਿ ਕੀ ਚੀਨ ਜਾਪਾਨ ’ਚ ਖੁਫੀਆ ਪੁਲਸ ਸਟੇਸ਼ਨ ਚਲਾ ਰਿਹਾ ਹੈ? ਜਾਪਾਨ ਇਸ ਖਬਰ ’ਤੇ ਵੱਧ ਗੰਭੀਰਤਾ ਇਸ ਲਈ ਵੀ ਦਿਖਾ ਰਿਹਾ ਹੈ ਕਿਉਂਕਿ ਇਸ ਤੋਂ ਪਹਿਲਾਂ ਵੀ ਚੀਨ ’ਤੇ ਯੂਰਪ, ਅਮਰੀਕਾ ਅਤੇ ਕੈਨੇਡਾ ’ਚ ਖੁਫੀਆ ਪੁਲਸ ਸਟੇਸ਼ਨ ਚਲਾਉਣ ਦੇ ਦੋਸ਼ ਲੱਗੇ ਸਨ। ਸਪੇਨ ’ਚ ਸਥਿਤ ਸੇਫਗਾਰਡ ਡਿਫੈਂਡਰਜ਼ ਗਰੁੱਪ, ਜੋ ਏਸ਼ੀਆ ’ਚ ਮਨੁੱਖੀ ਅਧਿਕਾਰਾਂ ’ਤੇ ਖੋਜ ਕਰਦਾ ਹੈ, ਨੇ ਸਤੰਬਰ ’ਚ ਇਸ ਗੱਲ ਦਾ ਖੁਲਾਸਾ ਕੀਤਾ ਕਿ ਚੀਨੀ ਪ੍ਰਸ਼ਾਸਨ ਨੇ ਦੁਨੀਆ ਭਰ ’ਚ 102 ਖੁਫੀਆ ਪੁਲਸ ਸਟੇਸ਼ਨ 53 ਦੇਸ਼ਾਂ ’ਚ ਬਣਾ ਲਏ ਹਨ।

ਇਹ ਪੁਲਸ ਸਟੇਸ਼ਨ ਅਕਸਰ ਚੀਨ ਤੋਂ ਭੱਜੇ ਹੋਏ ਜਾਂ ਲੋਕਤੰਤਰਿਕ ਪੱਖ ’ਚ ਆਵਾਜ਼ ਉਠਾਉਣ ਵਾਲੇ ਉਹ ਲੋਕ ਹੁੰਦੇ ਹਨ ਜਿਨ੍ਹਾਂ ਤੋਂ ਚੀਨ ਦੀ ਕਮਿਊਨਿਸਟ ਸਰਕਾਰ ਨੂੰ ਆਪਣੀ ਹੋਂਦ ’ਤੇ ਖਤਰਾ ਮਹਿਸੂਸ ਹੁੰਦਾ ਹੈ। ਉਨ੍ਹਾਂ ਨੂੰ ਗੈਰ-ਕਾਨੂੰਨੀ ਢੰਗ ਨਾਲ ਫੜ ਕੇ ਵਾਪਸ ਚੀਨ ਭੇਜਿਆ ਜਾਂਦਾ ਹੈ। ਕਈ ਮਾਮਲਿਆਂ ’ਚ ਉਨ੍ਹਾਂ ’ਤੇ ਦਬਾਅ ਬਣਾਇਆ ਜਾਂਦਾ ਹੈ ਕਿ ਜੇਕਰ ਉਹ ਚੀਨ ਵਾਪਸ ਆਪਣੀ ਮਰਜ਼ੀ ਨਾਲ ਨਹੀਂ ਗਏ ਤਾਂ ਚੀਨ ’ਚ ਰਹਿਣ ਵਾਲੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ’ਤੇ ਕਮਿਊਨਿਸਟ ਸਰਕਾਰ ਸਖਤ ਜ਼ੁਲਮ ਕਰੇਗੀ।

ਜਿੱਥੇ ਇਕ ਪਾਸੇ ਇਹ ਖਬਰ ਜਾਪਾਨ ’ਚ ਭਖਣ ਲੱਗੀ ਤਾਂ ਉੱਥੇ ਹੀ ਚੀਨ ਵੱਲੋਂ ਤੁਰੰਤ ਇਸ ਖਬਰ ਨੂੰ ਖਾਰਿਜ ਕਰਨ ਵਾਲਾ ਸਰਕਾਰੀ ਬਿਆਨ ਸਾਹਮਣੇ ਆ ਗਿਆ। ਚੀਨ ਦੇ ਵਿਦੇਸ਼ ਮੰਤਰਾਲਾ ਨੇ ਆਪਣੇ ਬੁਲਾਰੇ ਵੱਲੋਂ ਜਾਪਾਨ ’ਚ ਫੈਲੀ ਇਸ ਖਬਰ ਨੂੰ ਤੁਰੰਤ ਝੁਠਲਾ ਦਿੱਤਾ। ਬੁਲਾਰੇ ਨੇ ਦੱਸਿਆ ਕਿ ਚੀਨ ਇਸ ਤਰ੍ਹਾਂ ਦੇ ਕੋਈ ਪੁਲਸ ਸਟੇਸ਼ਨ ਦੂਜੇ ਦੇਸ਼ਾਂ ’ਚ ਨਹੀਂ ਚਲਾਉਂਦਾ, ਅਜਿਹਾ ਕੋਈ ਵੀ ਪੁਲਸ ਸਟੇਸ਼ਨ ਹੋਂਦ ’ਚ ਹੈ ਹੀ ਨਹੀਂ।

ਜਾਪਾਨ ਨੇ ਇਸ ਬਾਰੇ ਇਕ ਪ੍ਰੈੱਸ ਕਾਨਫਰੰਸ ਦਾ ਆਯੋਜਨ ਕਰਵਾਇਆ ਜਿਸ ’ਚ ਮੁੱਖ ਕੈਬਨਿਟ ਸਕੱਤਰ ਹਿਰੋਕਾਜੂ ਮਾਤਸੁਨੋ ਨੇ ਦੱਸਿਆ ਕਿ ਅਸੀਂ ਇਸ ਬਾਰੇ ਸਾਰੇ ਜ਼ਰੂਰੀ ਕਦਮ ਚੁੱਕ ਕੇ ਮਾਮਲੇ ਨੂੰ ਸੁਲਝਾਉਣ ਦੀ ਕੋਸ਼ਿਸ਼ ਕਰਾਂਗੇ। ਮਾਤਸੁਨੋ ਨੇ ਕਿਹਾ ਕਿ ਜਾਪਾਨ ਨੇ ਚੀਨੀ ਪ੍ਰਸ਼ਾਸਨ ਨੂੰ ਸਾਫ ਸ਼ਬਦਾਂ ’ਚ ਬੋਲ ਦਿੱਤਾ ਹੈ ਕਿ ਇਸ ਤਰ੍ਹਾਂ ਦੀ ਕੋਈ ਵੀ ਸਰਗਰਮੀ ਜਾਪਾਨ ਦੀ ਏਕਤਾ-ਅਖੰਡਤਾ ਦੀ ਉਲੰਘਣਾ ਕਰਦੀ ਹੈ ਤਾਂ ਜਾਪਾਨ ਇਸ ਨੂੰ ਕਦੀ ਵੀ ਸਹਿਣ ਨਹੀਂ ਕਰੇਗਾ। ਸਪੇਨ ਦੀ ਸੰਸਥਾ ਦਿ ਸੇਫਗਾਰਡ ਡਿਫੈਂਡਰਜ਼ ਦੀ ਰਿਪੋਰਟ ਦੇ ਅਨੁਸਾਰ ਚੀਨ ਵੱਲੋਂ ਇੰਗਲੈਂਡ ’ਚ ਵੀ ਇਸ ਤਰ੍ਹਾਂ ਦੇ ਖੁਫੀਆ ਪੁਲਸ ਸਟੇਸ਼ਨ ਚਲਾਉਣ ਦਾ ਮਾਮਲਾ ਸਾਹਮਣੇ ਆ ਚੁੱਕਾ ਹੈ। ਉੱਥੇ ਦੀ ਸੰਸਦ ’ਚ ਵੀ ਇਸ ਮਾਮਲੇ ਨੂੰ ਚੁੱਕਿਆ ਗਿਆ ਸੀ ਜਿਸ ’ਤੇ ਬ੍ਰਿਟਿਸ਼ ਸੰਸਦ ਮੈਂਬਰਾਂ ਨੇ ਆਪਣੀ ਨਾਰਾਜ਼ਗੀ ਪ੍ਰਗਟਾਈ ਸੀ।

ਜਾਣਕਾਰਾਂ ਦੇ ਅਨੁਸਾਰ ਚੀਨ ’ਚ ਤਾਨਾਸ਼ਾਹੀ ਸੱਤਾ ਤੋਂ ਖਹਿੜਾ ਛੁਡਾ ਕੇ ਬਹੁਤ ਸਾਰੇ ਚੀਨੀ ਕਿਸੇ ਨਾ ਕਿਸੇ ਬਹਾਨੇ ਆਪਣਾ ਦੇਸ਼ ਛੱਡ ਕੇ ਵਿਦੇਸ਼ਾਂ ’ਚ ਭੱਜ ਰਹੇ ਹਨ। ਕਮਿਊਨਿਸਟ ਪਾਰਟੀ ਆਫ ਚਾਈਨਾ ਦੇ ਕਾਮਰੇਡਾਂ ਨੂੰ ਜਾਪਦਾ ਹੈ ਕਿ ਜੋ ਚੀਨੀ ਚੀਨ ਛੱਡ ਕੇ ਭੱਜ ਗਿਆ ਹੈ, ਜੇਕਰ ਉਸ ਨੇ ਦੇਸ਼ ਦੀ ਕੋਈ ਖੁਫੀਆ ਜਾਣਕਾਰੀ ਵਿਦੇਸ਼ ’ਚ ਲੀਕ ਕਰ ਦਿੱਤੀ ਤਾਂ ਇਸ ਨਾਲ ਦੁਨੀਆ ਨੂੰ ਚੀਨ ਦੀ ਅਸਲੀਅਤ ਬਾਰੇ ਪਤਾ ਲੱਗ ਜਾਵੇਗਾ, ਅਜਿਹੇ ਕਈ ਲੋਕਤੰਤਰ ਦੇ ਸਮਰਥਕ ਅਤੇ ਫੇਲੁਗਾਂਗ ਸੰਗਠਨ ਦੇ ਲੋਕਾਂ ਦੇ ਨਾਲ ਕਮਿਊਨਿਸਟ ਪਾਰਟੀ ਆਪਣੇ ਵਿਰੋਧੀਆਂ ਜੋ ਦੇਸ਼ ਛੱਡ ਕੇ ਭੱਜ ਰਹੇ ਹਨ, ਉਨ੍ਹਾਂ ਨੂੰ ਵਾਪਸ ਚੀਨ ਲਿਆਉਣ ਲਈ ਉਨ੍ਹਾਂ ’ਤੇ ਦਬਾਅ ਪਾਉਂਦੀ ਹੈ।

ਕਈ ਵਾਰ ਵਿਦੇਸ਼ਾਂ ’ਚ ਚੀਨੀ ਖੁਫੀਆ ਪੁਲਸ ਉਨ੍ਹਾਂ ਲੋਕਾਂ ’ਤੇ ਜ਼ੁਲਮ ਕਰਦੀ ਹੈ ਜਿਸ ਨਾਲ ਉਹ ਲੋਕ ਦਬਾਅ ’ਚ ਆ ਕੇ ਚੀਨ ਪਰਤ ਆਉਂਦੇ ਹਨ ਪਰ ਅਜਿਹੇ ਲੋਕਾਂ ਦਾ ਅੰਜਾਮ ਕਈ ਵਾਰ ਮੌਤ ਵੀ ਹੁੰਦਾ ਹੈ। ਅਜਿਹੇ ਵਧੇਰੇ ਲੋਕਾਂ ਨੂੰ ਕਮਿਊਨਿਸਟ ਪਾਰਟੀ ਗਾਇਬ ਕਰਵਾ ਦਿੰਦੀ ਹੈ।

ਸੇਫਗਾਰਡ ਡਿਫੈਂਡਰਜ਼ ਨੇ ਆਪਣੀ ਸਤੰਬਰ ਦੀ ਰਿਪੋਰਟ ਦੇ ਹਵਾਲੇ ਨਾਲ ਕਿਹਾ ਕਿ ਚੀਨ ਦੇ ਫੂਚੌ ਸਰਵਿਸ ਸਟੇਸ਼ਨ ਤੋਂ ਚੀਨੀ ਪੁਲਸ ਨੇ ਜਾਪਾਨ ਦੀ ਰਾਜਧਾਨੀ ਟੋਕੀਓ ’ਚ ਆਪਣਾ ਇਕ ਖੁਫੀਆ ਅੱਡਾ ਖੋਲ੍ਹਿਆ ਹੋਇਆ ਹੈ, ਉੱਥੇ ਹੀ ਇਸ ਰਿਪੋਰਟ ਨੇ ਇਕ ਹੋਰ ਖੁਲਾਸਾ ਕੀਤਾ ਕਿ ਚੀਨ ਦੇ ਨਾਨਤੁੰਗ ਦੀ ਪੁਲਸ ਨੇ ਜਾਪਾਨ ਦੇ ਕਿਸੇ ਦੂਜੇ ਸ਼ਹਿਰ ’ਚ ਆਪਣਾ ਅੱਡਾ ਬਣਾਇਆ ਹੋਇਆ ਹੈ ਜਿੱਥੋਂ ਇਹੋ ਲੋਕ ਚੀਨੀ ਨਾਗਰਿਕਾਂ ਨੂੰ ਲੋੜੀਂਦਾ ਦੱਸ ਕੇ ਚੀਨ ਭੇਜਣ ਦਾ ਕੰਮ ਖੁਫੀਆ ਢੰਗ ਨਾਲ ਕਰਦੇ ਹਨ।

ਉੱਥੇ ਹੀ ਦੱਖਣੀ ਕੋਰੀਆ ਦੀ ਰਾਜਧਾਨੀ ਸਿਓਲ ’ਚ ਇਕ ਕੋਰੀਆਈ ਅਧਿਕਾਰੀ ਨੇ ਦੱਸਿਆ ਕਿ ਉਹ ਲੋਕ ਆਪਣੇ ਦੇਸ਼ ’ਚ ਵਿਦੇਸ਼ੀ ਖੁਫੀਆ ਪੁਲਸ ਸਟੇਸ਼ਨਾਂ ਦਾ ਪਤਾ ਲਗਾ ਰਹੇ ਹਨ ਅਤੇ ਉਨ੍ਹਾਂ ਲੋਕਾਂ ਨੂੰ ਕੋਰੀਆਈ ਕਾਨੂੰਨਾਂ ਦਾ ਸਨਮਾਨ ਕਰਨ ਦੀ ਬੇਨਤੀ ਕਰ ਰਹੇ ਹਨ। ਇਸ ਅਧਿਕਾਰੀ ਨੇ ਆਪਣਾ ਨਾਂ ਗੁਪਤ ਰੱਖਣ ਦੀ ਸ਼ਰਤ ’ਤੇ ਸਿਰਫ ਇੰਨੀ ਹੀ ਜਾਣਕਾਰੀ ਦਿੱਤੀ। ਇਸ ਦਾ ਇਸ਼ਾਰਾ ਚੀਨੀ ਖੁਫੀਆ ਪੁਲਸ ਸਟੇਸ਼ਨ ਵੱਲ ਹੀ ਸੀ।

ਦੁਨੀਆ ਦੇ ਕਈ ਦੇਸ਼ਾਂ ਤੋਂ ਇਸ ਤਰ੍ਹਾਂ ਦੀਆਂ ਆਵਾਜ਼ਾਂ ਉੱਠਣ ਲੱਗੀਆਂ ਹਨ ਕਿ ਚੀਨ ਉਨ੍ਹਾਂ ਦੇ ਦੇਸ਼ ’ਚ ਖੁਫੀਆ ਪੁਲਸ ਸਟੇਸ਼ਨ ਚਲਾ ਰਿਹਾ ਹੈ। ਚੀਨ ਦਿਖਾਵੇ ਲਈ ਇਹ ਕਹਿੰਦਾ ਹੈ ਕਿ ਉਹ ਦੂਜੇ ਦੇਸ਼ਾਂ ਦੀਆਂ ਅੰਦਰੂਨੀ ਗੱਲਾਂ ’ਚ ਦਖਲਅੰਦਾਜ਼ੀ ਨਹੀਂ ਕਰਦਾ ਪਰ ਇਹ ਅਸੀਂ ਸ਼੍ਰੀਲੰਕਾ, ਕੰਬੋਡੀਆ, ਲਾਓਸ, ਕਿਰਗਿਸਤਾਨ, ਪਾਕਿਸਤਾਨ, ਮੋਜੰਬੀਕ, ਜਿਬੂਤੀ ਤੇ ਨੇਪਾਲ ਦੇ ਮਾਮਲੇ ’ਚ ਖੁੱਲ੍ਹੇ ਤੌਰ ’ਤੇ ਦੇਖਿਆ ਹੈ ਕਿ ਚੀਨ ਕਿਸ ਤਰ੍ਹਾਂ ਆਪਣੇ ਲਾਭ ਲਈ ਦੂਜੇ ਦੇਸ਼ਾਂ ਦੀ ਸਿਆਸਤ ਤੱਕ ਨੂੰ ਪ੍ਰਭਾਵਿਤ ਕਰਦਾ ਹੈ।


author

Rakesh

Content Editor

Related News