‘ਹਿਰਦੇ ਪਰਿਵਰਤਨ’ ਯਕੀਨੀ ਤੌਰ ’ਤੇ ਸਵਾਗਤਯੋਗ

Thursday, May 16, 2024 - 03:07 PM (IST)

‘ਹਿਰਦੇ ਪਰਿਵਰਤਨ’ ਯਕੀਨੀ ਤੌਰ ’ਤੇ ਸਵਾਗਤਯੋਗ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਤਾਜ਼ਾ ਬਿਆਨ ਕਿ ‘‘ਮੈਂ ਜਿਸ ਦਿਨ ਹਿੰਦੂ-ਮੁਸਲਮਾਨ ਕਰਾਂਗਾ ਨਾ, ਉਸ ਦਿਨ ਮੈਂ ਜਨਤਕ ਜੀਵਨ ’ਚ ਰਹਿਣ ਯੋਗ ਨਹੀਂ ਰਹਾਂਗਾ ਅਤੇ ਮੈਂ ਹਿੰਦੂ-ਮੁਸਲਮਾਨ ਨਹੀਂ ਕਰਾਂਗਾ, ਇਹ ਮੇਰਾ ਸੰਕਲਪ ਹੈ’’। ਕਈ ਲੋਕਾਂ ਲਈ ਇਕ ਵੱਡੀ ਸੁਖਦਾਇਕ ਹੈਰਾਨੀ ਅਤੇ ਉਨ੍ਹਾਂ ਦੇ ਅੰਨ੍ਹ-ਭਗਤਾਂ ਲਈ ਇਕ ਵੱਡਾ ਝਟਕਾ ਹੈ ਜੋ ਇੰਨੇ ਸਮੇਂ ਤੋਂ ਫਿਰਕੂ ਬਿਆਨਾਂ ਦਾ ਸਹਾਰਾ ਲੈ ਰਹੇ ਸਨ।

ਇਕ ਟੀ.ਵੀ. ਚੈਨਲ ਨਾਲ ਇੰਟਰਵਿਊ ਦੌਰਾਨ ਮੋਦੀ ਨੂੰ ਯੂ-ਟਰਨ ਲੈਣ ਲਈ ਕਿਸ ਗੱਲ ਨੇ ਪ੍ਰੇਰਿਤ ਕੀਤਾ, ਇਸ ’ਤੇ ਲੰਬੇ ਸਮੇਂ ਤੱਕ ਬਹਿਸ ਹੋਵੇਗੀ ਪਰ ਇਸ ’ਚ ਕੋਈ ਸ਼ੱਕ ਨਹੀਂ ਕਿ ਉਨ੍ਹਾਂ ਦੇ ਚੇਲਿਆਂ ਸਮੇਤ ਜ਼ਿਆਦਾਤਰ ਲੋਕਾਂ ਨੂੰ ਇਸ ਬਿਆਨ ’ਤੇ ਯਕੀਨ ਨਹੀਂ ਹੋਵੇਗਾ। ਸ਼ਾਇਦ ਹੀ ਖਦਸ਼ਾ ਸੀ ਕਿ ਲਗਾਤਾਰ ਫਿਰਕੂ ਮੁਹਿੰਮ ਗੈਰ-ਉਤਪਾਦਕ ਸਾਬਤ ਹੋ ਰਹੀ ਸੀ ਜਾਂ ਸ਼ਾਇਦ ਇਹ ਅਹਿਸਾਸ ਸੀ ਕਿ ਇਸ ਮੁਹਿੰਮ ਨਾਲ ‘ਦਾਲ ਨਹੀਂ ਗਲ਼ ਰਹੀ। ਇਹ ਵੀ ਹੋ ਸਕਦਾ ਹੈ ਕਿ ਕਹਾਣੀ ਬਦਲਣ ਦੀ ਲੋੜ ਹੋਵੇ।

ਮੌਜੂਦਾ ਚੋਣਾਂ ਨੂੰ ਇਤਿਹਾਸ ’ਚ ਕਿਸੇ ਵੀ ਹੋਰਨਾਂ ਤੋਂ ਵੱਧ, ਭਾਰਤੀ ਜਨਤਾ ਪਾਰਟੀ ਦੀ ਮੁਹਿੰਮ ਵੱਲੋਂ ਨਕਸਲਵਾਦ ਦੇ ਖੁੱਲ੍ਹੇ ਪ੍ਰਦਰਸ਼ਨ ਦੇ ਨਾਲ ਫਿਰਕੂ ਬਣਾਉਣ ਦੀਆਂ ਕੋਸ਼ਿਸ਼ਾਂ ਲਈ ਯਾਦ ਕੀਤਾ ਜਾਵੇਗਾ।

ਕੁਝ ਹੀ ਦਿਨ ਪਹਿਲਾਂ ਪ੍ਰਧਾਨ ਮੰਤਰੀ ਨੇ ਰਾਜਸਥਾਨ ਦੇ ਬਾਂਸਵਾੜਾ ’ਚ ਇਕ ਭਾਸ਼ਣ ਦੌਰਾਨ ਕਿਹਾ ਸੀ, ‘‘ਪਹਿਲਾਂ ਜਦ ਉਨ੍ਹਾਂ ਦੀ ਸਰਕਾਰ ਸੀ, ਉਨ੍ਹਾਂ ਕਿਹਾ ਸੀ ਕਿ ਦੇਸ਼ ਦੀ ਜਾਇਦਾਦ ’ਤੇ ਪਹਿਲਾ ਹੱਕ ਮੁਸਲਮਾਨਾਂ ਦਾ ਹੈ। ਇਸ ਦਾ ਮਤਲਬ ਇਹ ਜਾਇਦਾਦ ਇਕੱਠੀ ਕਰ ਕੇ ਕਿਸ ਨੂੰ ਵੰਡਣਗੇ। ਜਿਨ੍ਹਾਂ ਦੇ ਜ਼ਿਆਦਾ ਬੱਚੇ ਹਨ ਉਨ੍ਹਾਂ ਨੂੰ ਵੰਡਣਗੇ, ਘੁੱਸਪੈਠੀਆਂ ਨੂੰ ਵੰਡਣਗੇ।’’ ਇਕ ਬੱਚੇ ਲਈ ਵੀ ਇਹ ਸਪੱਸ਼ਟ ਹੈ ਕਿ ਇਸ਼ਾਰਾ ਮੁਸਲਮਾਨਾਂ ਵੱਲ ਸੀ।

ਇਕ ਹੋਰ ਭਾਸ਼ਣ ’ਚ ਉਨ੍ਹਾਂ ਦਾਅਵਾ ਕੀਤਾ ਸੀ ਕਿ ਕਾਂਗਰਸ ਦੇ ਮੈਨੀਫੈਸਟੋ ’ਚ ਕਿਹਾ ਗਿਆ ਹੈ ਕਿ ਮਾਵਾਂ ਤੇ ਬੇਟੀਆਂ ਦੇ ਸੋਨੇ ਦਾ ਹਿਸਾਬ ਲੈਣਗੇ ਅਤੇ ਫਿਰ ਉਨ੍ਹਾਂ ਦੀ ਜਾਇਦਾਦ ਵੰਡਣਗੇ। ਉਹ ਮੇਰੀਆਂ ਮਾਵਾਂ ਤੇ ਭੈਣਾਂ ਦੇ ਮੰਗਲਸੂਤਰ ਵੀ ਨਹੀਂ ਛੱਡਣਗੇ। ਇਕ ਹੋਰ ਭਾਸ਼ਣ ’ਚ ਉਨ੍ਹਾਂ ਕਿਹਾ ਕਿ ਕਾਂਗਰਸ ਦਾ ਮੈਨੀਫੈਸਟੋ ਮੁਸਲਿਮ ਲੀਗ ਦੀ ਛਾਪ ਰੱਖਦਾ ਹੈ।’’

ਕਾਂਗਰਸ ਨੇ ਦੋਸ਼ਾਂ ਦਾ ਖੰਡਨ ਕੀਤਾ ਅਤੇ ਕਿਹਾ ਹੈ ਕਿ ਪਾਰਟੀ ਦੇ ਮੈਨੀਫੈਸਟੋ ’ਚ ਕਿਤੇ ਵੀ ਜਾਇਦਾਦ ਦੇ ਮੁੜ ਵੰਡਣ ਜਾਂ ਸੋਨਾ ਖੋਹਣ ਦਾ ਕੋਈ ਜ਼ਿਕਰ ਨਹੀਂ ਹੈ।

ਹਾਲਾਂਕਿ, ਭਾਜਪਾ ਨੇਤਾਵਾਂ ਅਤੇ ਉਮੀਦਵਾਰਾਂ ਵੱਲੋਂ ਦਿੱਤੇ ਗਏ ਭਾਸ਼ਣ ਜ਼ਹਿਰ ਉਗਲ ਰਹੇ ਸਨ ਅਤੇ ਸੱਤਾਧਾਰੀ ਦਲ ਦੀ ਸੋਸ਼ਲ ਮੀਡੀਆ ਫੌਜ ਇਸ ਗੱਲ ਨੂੰ ਫੈਲਾਅ ਰਹੀ ਸੀ। ਕਿਸੇ ਵੀ ਆਲੋਚਨਾ ਜਾਂ ਕਿਸੇ ਵੱਖ ਨਜ਼ਰੀਏ ਦਾ ਮੀਡੀਆ ਵਰਕਰਾਂ ਵੱਲੋਂ ਤੇਜ਼ ਹਮਲਾਵਰਤਾ ਅਤੇ ਇੱਥੋਂ ਤੱਕ ਕਿ ਸਮਾਜਿਕ ਤੌਰ ’ਤੇ ਗਲਤ ਵਿਵਹਾਰ ਦਾ ਸਾਹਮਣਾ ਕਰਨਾ ਪਿਆ ਜੋ ਜਾਂ ਤਾਂ ਭੁਗਤਾਨ ਪ੍ਰਾਪਤ ਕਰਦੇ ਹਨ ਜਾਂ ਪਾਰਟੀ ਦੀ ਕਹਾਣੀ ’ਚ ਭਰੋਸਾ ਕਰਦੇ ਹਨ।

ਹਾਲਾਂਕਿ ਭਾਰਤੀ ਜਨਤਾ ਪਾਰਟੀ ਹਿੰਦੂ-ਮੁਸਲਿਮ ’ਤੇ ਆਪਣੇ ਰਵੱਈਏ ਨੂੰ ਲੈ ਕੇ ਕਦੀ ਵੀ ਮਾਫੀ ਮੰਗਣ ਵਾਲੀ ਜਾਂ ਸ਼ਰਮਿੰਦਾ ਨਹੀਂ ਰਹੀ। ਅਜਿਹੇ ਕਈ ਮੌਕੇ ਆਏ ਜਦ ਉਸ ਨੇ ਆਪਣਾ ਰੁਖ ਸਪੱਸ਼ਟ ਕੀਤਾ। ਜਾਣ ਵਾਲੀ ਸਰਕਾਰ ਦੇ ਮੰਤਰੀ ਪ੍ਰੀਸ਼ਦ ’ਚ ਕੋਈ ਮੁਸਲਮਾਨ ਨਹੀਂ ਸੀ। ਨਾ ਹੀ ਕਿਸੇ ਨੇ ਇਸੇ ਮੁਸਲਿਮ ਉਮੀਦਵਾਰ ਨੂੰ ਪਾਰਟੀ ਦਾ ਟਿਕਟ ਦਿੱਤਾ ਜਾਂ ਕਿਸੇ ਉੱਚ ਅਹੁਦੇ ’ਤੇ ਇਸ ਧਰਮ ਦੇ ਕਿਸੇ ਮੈਂਬਰ ਨੂੰ ਨਿਯੁਕਤ ਕੀਤਾ। ਜਿੱਥੇ ਮੋਦੀ ਨੇ ਸਿਰ ’ਤੇ ਪੱਗੜੀ ਜਾਂ ਕੋਈ ਹੋਰ ਚੀਜ਼ ਬੰਨ੍ਹਣ ’ਚ ਕੋਈ ਝਿਜਕ ਨਹੀਂ ਦਿਖਾਈ। ਇਕਲੌਤੀ ਟੋਪੀ ਜਿਸ ਨੂੰ ਉਨ੍ਹਾਂ ਨੇ ਪਹਿਨਣ ਤੋਂ ਇਨਕਾਰ ਕੀਤਾ ਉਹ ਮੁਸਲਮਾਨਾਂ ਦੀ ਟੋਪੀ ਹੈ।

ਮੌਜੂਦਾ ਚੋਣਾਂ ਦੌਰਾਨ ਭਾਜਪਾ ਨੇਤਾਵਾਂ ਦੇ ਲਗਭਗ ਸਾਰੇ ਭਾਸ਼ਣਾਂ ’ਚ ਫਿਰਕੂਪੁਣੇ ਦੀ ਬੂ ਆ ਰਹੀ ਹੈ। ਫਿਰ ਵੀ, ਪਾਰਟੀ ਨੇ ਭਾਰਤੀ ਚੋਣ ਕਮਿਸ਼ਨ ਵੱਲੋਂ ਭੇਜੇ ਗਏ ਨੋਟਿਸ ਦੇ ਜਵਾਬ ’ਚ ਨਾ ਸਿਰਫ ਪ੍ਰਧਾਨ ਮੰਤਰੀ ਦੇ ਭਾਸ਼ਣਾਂ ਨੂੰ ਸਹੀ ਠਹਿਰਾਇਆ ਸਗੋਂ ਕਾਂਗਰਸ ’ਤੇ ਹਿੰਦੂ ਧਰਮ ਨੂੰ ਬਦਨਾਮ ਕਰਨ ਦਾ ਦੋਸ਼ ਲਾਇਆ ਹੈ। ਇੱਥੋਂ ਤੱਕ ਕਿ ਅਯੁੱਧਿਆ ’ਚ ਰਾਮ ਮੰਦਰ ਦੇ ਪ੍ਰਾਣ–ਪ੍ਰਤਿਸ਼ਠਾ ਸਮਾਰੋਹ ’ਚ ਸ਼ਾਮਲ ਨਾ ਹੋ ਕੇ ਕਾਂਗਰਸ ਨੇ ਪਾਪ ਕੀਤਾ ਹੈ।

ਭਾਰਤੀ ਜਨਤਾ ਪਾਰਟੀ ਦੇ ਪਿਛੋਕੜ ਵਾਲੀਆਂ ਟੀਮਾਂ ਵੀ ਮੁਸਲਮਾਨਾਂ ਤੋਂ ‘ਖਤਰੇ’ ਦਾ ਦਾਅਵਾ ਕਰਨ ਲਈ ਪੁਰਾਣੀ ਜਾਂ ਪੱਖਪਾਤੀ ਰਿਪੋਰਟਾਂ ਲੱਭ ਕੇ ਅੱਗ ’ਚ ਘਿਓ ਪਾਉਣ ਦਾ ਕੰਮ ਕਰ ਰਹੀਆਂ ਸਨ। ਇਕ ਪੁਰਾਣੀ ਰਿਪੋਰਟ ਨੂੰ ਠੀਕ ਸਮੇਂ ’ਤੇ ਜਾਰੀ ਕਰਨ ’ਚ, ਅਸਲ ’ਚ ਇਹ ਇਕ ਰਿਪੋਰਟ ਵੀ ਨਹੀਂ ਹੈ, ਸਗੋਂ ਪ੍ਰਧਾਨ ਮੰਤਰੀ ਦੀ ਆਰਥਿਕ ਸਲਾਹ ਪ੍ਰੀਸ਼ਦ ਤੋਂ ਇਲਾਵਾ ਕਿਸੇ ਹੋਰ ਵੱਲੋਂ ਤਿਆਰ ਕੀਤਾ ਗਿਆ ਇਕ ਵਰਕਿੰਗ ਪੇਪਰ ਹੈ ਜਿਸ ’ਚ ਕਿਹਾ ਗਿਆ ਕਿ ਭਾਰਤ ’ਚ 1950 ਅਤੇ 2015 ਦੇ ਵਿਚਾਲੇ ਹਿੰਦੂ ਆਬਾਦੀ ਦਾ ਹਿੱਸਾ 7.82 ਫੀਸਦੀ ਘੱਟ ਹੋ ਗਿਆ ਜਦਕਿ ਮੁਸਲਮਾਨਾਂ ਦੀ ਗਿਣਤੀ ’ਚ 43.15 ਫੀਸਦੀ ਦਾ ਵਾਧਾ ਹੋਇਆ।

‘ਵਰਕਿੰਗ ਪੇਪਰ’ ਨੇ ਦਾਅਵੇ ਦੇ ਸਰੋਤ ਨੂੰ ਨਹੀਂ ਦੱਸਿਆ, ਜਿਸ ਨਾਲ ਦੋ ਪ੍ਰਮੁੱਖ ਬਿੰਦੂ ਆਸਾਨੀ ਨਾਲ ਛੁੱਟ ਗਏ। ਇਕ ਇਹ ਕਿ ਵਿਕਾਸ ਪ੍ਰਤੀਸ਼ਤ ਇਕ ਮਿੱਥਕ ਨਾਂ ਹੈ ਕਿਉਂਕਿ 1950 ’ਚ ਹਿੰਦੂ ਆਬਾਦੀ ਲਗਭਗ 84.68 ਫੀਸਦੀ ਸੀ ਜਦਕਿ ਮੁਸਲਿਮ ਆਬਾਦੀ 9.84 ਫੀਸਦੀ।

2011 ਦੀ ਮਰਦਮਸ਼ੁਮਾਰੀ ਅਨੁਸਾਰ ਮੁਹੱਈਆ ਆਖਰੀ ਅੰਕੜਿਆਂ ਅਨੁਸਾਰ, ਮਰਦਮਸ਼ੁਮਾਰੀ 2021 ’ਚ ਕੋਵਿਡ ਦੇ ਕਾਰਨ ਨਹੀਂ ਕਰਵਾਈ ਗਈ ਸੀ ਅਤੇ ਬਿਨਾਂ ਕਿਸੇ ਜਾਇਜ਼ ਕਾਰਨ ਦੇ ਹੁਣ ਤੱਕ ਮੁਲਤਵੀ ਕਰ ਦਿੱਤੀ ਗਈ ਹੈ, ਹਿੰਦੂ ਆਬਾਦੀ ਦਾ 79.8 ਫੀਸਦੀ ਜਦਕਿ ਮੁਸਲਿਮ 14.2 ਫੀਸਦੀ ਹਨ। ਮੁਸਲਮਾਨਾਂ ਦੀ ਆਬਾਦੀ ’ਚ ਮੁਕਾਬਲਤਨ ਤੇਜ਼ ਵਾਧੇ ਦੇ ਕਈ ਕਾਰਨ ਹਨ ਜਿਨ੍ਹਾਂ ’ਚ ਗਰੀਬੀ ਅਤੇ ਸਾਖਰਤਾ ਦੀ ਕਮੀ ਵੀ ਸ਼ਾਮਲ ਹੈ।

ਦੂਜਾ ਤੇ ਇਸ ਤੋਂ ਵੀ ਵੱਧ ਮਹੱਤਵਪੂਰਨ ਤੱਥ ਜਿਸ ਨੂੰ ਭਾਜਪਾ ਨੇਤਾ ਤੇ ਸਮਰਥਕ ਨਜ਼ਰਅੰਦਾਜ਼ ਕਰ ਦਿੰਦੇ ਹਨ ਉਹ ਹੈ ਹਿੰਦੂ ਤੇ ਮੁਸਲਮਾਨਾਂ ਔਰਤਾਂ ਵਿਚਾਲੇ ਮੌਜੂਦਾ ਜਣੇਪਾ ਦਰ। ਇਹ ਕ੍ਰਮਵਾਰ 2.1 ਅਤੇ 2.2 ਹੈ। ਇਸ ਦਾ ਮਤਲਬ ਇਹ ਹੋਵੇਗਾ ਕਿ ਮੁਸਲਮਾਨ ਔਰਤਾਂ ’ਚ ਜਣੇਪਾ ਦਰ 1 ਫੀਸਦੀ ਵੱਧ ਹੈ ਅਤੇ ਦੋਵਾਂ ਭਾਈਚਾਰਿਆਂ ਵਿਚਾਲੇ ਆਬਾਦੀ ਦੇ ਵਾਧੇ ਦੀ ਮੌਜੂਦਾ ਦਰ ਨੂੰ ਦੇਖਦੇ ਹੋਏ, ਮੁਸਲਿਮ ਆਬਾਦੀ ਨੂੰ ਹਿੰਦੂ ਆਬਾਦੀ ਦੇ ਨੇੜੇ ਆਉਣ ’ਚ ਹਜ਼ਾਰਾਂ ਸਾਲ ਲੱਗਣਗੇ।

ਹਾਲਾਂਕਿ ‘ਵਰਕਿੰਗ ਪੇਪਰ’ ਦੀ ਰਿਪੋਰਟ ਦੇ ਕਾਰਨ ਅਖਬਾਰਾਂ ਤੋਂ ਇਲਾਵਾ ਸੋਸ਼ਲ ਮੀਡੀਆ ਅਤੇ ਇਲੈਕਟ੍ਰਾਨਿਕ ਮੀਡੀਆ ’ਤੇ ਵੀ ਮੁਹਿੰਮਾਂ ਦਾ ਹੜ੍ਹ ਆ ਗਿਆ, ਜਿਸ ’ਚ ਨੇੜਲੇ ਭਵਿੱਖ ’ਚ ਮੁਸਲਿਮ ਆਬਾਦੀ ਦੇ ਹਿੰਦੂਆਂ ’ਤੇ ਹਾਵੀ ਹੋਣ ਦੇ ਗੰਭੀਰ ਖਤਰੇ ਦੇ ਬਾਰੇ ’ਚ ਪ੍ਰਚਾਰ ਕੀਤਾ ਗਿਆ।

ਹਾਲਾਂਕਿ ਇਸ ਮੁੱਦੇ ’ਤੇ ਪ੍ਰਧਾਨ ਮੰਤਰੀ ਦੇ ਯੂ-ਟਰਨ ਨੂੰ ਮੰਨਣ ਵਾਲੇ ਘੱਟ ਹੀ ਲੋਕ ਹੋਣਗੇ ਪਰ ‘ਹਿਰਦੇ ਪਰਿਵਰਤਨ’ ਯਕੀਨੀ ਤੌਰ ’ਤੇ ਸਵਾਗਤਯੋਗ ਹੈ। ਇਹ ਹੋਰ ਵੀ ਬਿਹਤਰ ਹੋਵੇਗਾ ਜੋ ਉਨ੍ਹਾਂ ਦੇ ਅੰਧ-ਭਗਤ ਅਤੇ ਸਮਰਥਕ ਵੀ ਸਿਖ ਲੈਣ ਅਤੇ ਜ਼ਹਿਰ ਫੈਲਾਉਣ ਤੋਂ ਬਚਣ ਤੇ ਬੇਰੋਜ਼ਗਾਰੀ, ਮਹਿੰਗਾਈ ਅਤੇ ਭ੍ਰਿਸ਼ਟਾਚਾਰ ਵਰਗੇ ਆਮ ਆਦਮੀ ਨੂੰ ਪ੍ਰਭਾਵਿਤ ਕਰਨ ਵਾਲੇ ਅਸਲ ਮੁੱਦਿਆਂ ’ਤੇ ਗੱਲ ਕਰਨਾ ਸ਼ੁਰੂ ਕਰਨ।

ਵਿਪਿਨ ਪੱਬੀ


author

Rakesh

Content Editor

Related News