ਸਾਵਧਾਨ! ਕੋਰੋਨਾ ਮਹਾਮਾਰੀ ਅਜੇ ਨਹੀਂ ਹਾਰੀ!!
Wednesday, Feb 24, 2021 - 03:51 AM (IST)
ਰਿਤੁਪਰਣ ਦਵੇ
ਜਿਸ ਗੱਲ ਦਾ ਖਦਸ਼ਾ ਸੀ ਉਹ ਸਾਹਮਣੇ ਹੈ। ਲੱਖ ਚਿਤਾਵਨੀਆਂ ਤੋਂ ਬਾਅਦ ਵੀ ਰੱਤੀ ਭਰ ਲਾਪਰਵਾਹੀ ’ਤੇ ਦੁਨੀਆ ਦੀ ਇਸ ਸਦੀ ਦੀ ਮਹਾਮਾਰੀ ਮੁੜ ਭਾਰੀ ਪੈਂਦੀ ਨਜ਼ਰ ਆ ਰਹੀ ਹੈ। ਦੁਨੀਆ ਦੇ ਕਈ ਦੇਸ਼ਾਂ ’ਚ ਪਹਿਲਾਂ ਹੀ ਕੋਰੋਨਾ ਦੀ ਦੂਜੀ ਅਤੇ ਕਿਤੇ-ਕਿਤੇ ਉਸ ਤੋਂ ਬਾਅਦ ਦੀ ਵੀ ਲਹਿਰ ਨਜ਼ਰ ਆਉਣ ਲੱਗੀ ਹੈ। ਭਾਰਤ ’ਚ ਵੀ ਮਾਹਿਰ ਲਗਾਤਾਰ ਚੌਕਸ ਕਰ ਰਹੇ ਸਨ ਪਰ ਅਸੀਂ ਹਾਂ ਕਿ ਮਨ ਨਹੀਂ ਰਹੇ ਸੀ।
ਹੁਣ ਮਹਾਰਾਸ਼ਟਰ ਅਤੇ ਦੱਖਣ ਦੇ ਰਸਤੇ ਤੇਜ਼ੀ ਨਾਲ ਫੈਲ ਰਹੇ ਨਵੇਂ ਰੂਪ ਦੇ ਕੋਰੋਨਾ ਵਾਇਰਸ ਨੇ ਚਿੰਤਾ ਵਧਾ ਦਿੱਤੀ ਹੈ। ਘੱਟੋ ਘੱਟ ਮਹਾਰਾਸ਼ਟਰ ’ਚ ਤਾਂ ਹਾਲਾਤ ਇਸ ਹੱਦ ਤੱਕ ਬੇਕਾਬੂ ਹੋਏ ਨਜ਼ਰ ਆ ਰਹੇ ਹਨ ਕਿ ਕਈ ਸ਼ਹਿਰਾਂ ਨੂੰ ਮੁੜ ਤੋਂ ਲਾਕਡਾਊਨ ਦੇ ਪਰਛਾਵੇਂ ਹੇਠ ਲਿਆਉਣ ਦੀ ਮਜਬੂਰੀ ਜਿਹੀ ਹੋ ਗਈ ਹੈ। ਇਹੀ ਸਥਿਤੀ ਦੱਖਣ ਦੇ ਕਈ ਸੂਬਿਆਂ ’ਚ ਵੀ ਹੈ। ਉਥੇ ਐੱਨ. 440 ਦੇ ਰੂਪ ਦਾ ਕੋਰੋਨਾ ਬਹੁਤ ਹੀ ਤੇਜ਼ੀ ਨਾਲ ਫੈਲ ਰਿਹਾ ਹੈ। ਸਭ ਤੋਂ ਵੱਡੀ ਚਿੰਤਾ ਵਾਲੀ ਗੱਲ ਇਹ ਹੈ ਕਿ ਕੋਰੋਨਾ ਦੇ ਨਵੇਂ ਰੂਪ ਨੂੰ ਵਧੇਰੇ ਖਤਰਨਾਕ ਅਤੇ ਤੇਜ਼ੀ ਨਾਲ ਫੈਲਣ ਵਾਲਾ ਦੱਸਿਆ ਜਾ ਰਿਹਾ ਹੈ। ਦੁਨੀਆ ਦੇ ਕਈ ਦੇਸ਼ਾਂ ’ਚ ਕਈ ਥਾਵਾਂ ’ਤੇ ਇਹ ਨਜ਼ਰ ਆ ਰਿਹਾ ਹੈ।
ਮਤਲਬ ਸਪੱਸ਼ਟ ਹੈ ਕਿ ਅਜੇ ਮਹਾਮਾਰੀ ਨਹੀਂ ਹਾਰੀ ਹੈ। ਅਸੀਂ ਹਾਂ ਕਿ ਇਹ ਮੰਨ ਕੇ ਬੈਠੇ ਸੀ ਕਿ ਕੋਰੋਨਾ ਦਾ ਰੋਣਾ ਖਤਮ ਹੋ ਗਿਆ ਹੈ। ਸਵਾਲ ਫਿਰ ਓਹੀ ਕਿ ਅਸੀਂ ਕਿਉਂ ਮੰਨਣ ਲਈ ਤਿਆਰ ਨਹੀਂ ਸੀ ਮਹਾਮਾਰੀ ਦੇ ਨਵੇਂ ਰੂਪ ਅਤੇ ਹਮਲੇ ਨੂੰ ਸਮਝਣ ਅਤੇ ਇਨਫੈਕਸ਼ਨ ਨੂੰ ਫੈਲਣ ਤੋਂ ਰੋਕਣ ਲਈ? ਇਸ ਦੇ ਜਵਾਬ ਲਈ ਸਰਕਾਰਾਂ ਨੂੰ ਦੋਸ਼ ਦੇਣ ਤੋਂ ਪਹਿਲਾਂ ਸ਼ਾਇਦ ਸਾਨੂੰ ਸਭ ਤੋਂ ਪਹਿਲਾਂ ਖੁਦ ਕੋਲੋਂ ਹੀ ਪੁੱਛਣਾ ਪਵੇਗਾ ਕਿ ਆਖਿਰ ਅਸੀਂ ਖੁਦ ਚਾਹੁੰਦੇ ਕੀ ਹਾਂ? ਕੋਰੋਨਾ ਨੂੰ ਹਾਂ ਜਾਂ ਨਾਂਹ। ਮੰਨ ਲਿਆ ਕਿ ਸਰਕਾਰ, ਸ਼ਾਸਨ- ਪ੍ਰਸ਼ਾਸਨ ਨੇ ਥੋੜ੍ਹੀ ਜਿਹੀ ਛੋਟ ਦਿੱਤੀ ਅਤੇ ਕਦੋਂ ਤੱਕ ਨਾ ਦਿੰਦੀ ਪਰ ਇਸ ਦਾ ਬਿਨਾਂ ਮਤਲਬ ਲਾਭ ਵੀ ਤਾਂ ਅਸੀਂ ਹੀ ਉਠਾਇਆ।
ਹਾਲਾਂਕਿ ਕੋਰੋਨਾ ਦੇ ਨਵੇਂ ਰੂਪ ਜਾਂ ਰੂਪਾਂ ਜੋ ਵੀ ਕਹਿ ਲਓ, ਨੂੰ ਲੈ ਕੇ ਭਾਰਤੀ ਵਿਗਿਆਨੀ ਵੀ ਬਹੁਤ ਚੌਕਸ ਹਨ। ਲਗਾਤਾਰ ਖੌਜ ਜਾਰੀ ਹੈ। ਹਾਂ, ਇਨ੍ਹਾਂ ਦਾ ਫੈਲਾਅ ਅਤੇ ਸਭ ਤੋਂ ਵੱਧ ਕੇਰਲ ਅਤੇ ਮਹਾਰਾਸ਼ਟਰ ’ਚ ਹੀ ਹੈ। ਉੱਥੇ ਦੇਸ਼ ਦੇ 74 ਫੀਸਦੀ ਤੋਂ ਵੱਧ ਐਕਟਿਵ ਮਾਮਲੇ ਹਨ ਪਰ ਜਿਸ ਤਰ੍ਹਾਂ ਛੱਤੀਸਗੜ੍ਹ, ਮੱਧ ਪ੍ਰਦੇਸ਼, ਪੰਜਾਬ ਅਤੇ ਜੰਮੂ-ਕਸ਼ਮੀਰ ’ਚ ਰੋਜ਼ਾਨਾ ਨਵੇਂ ਕੋਰੋਨਾ ਮਰੀਜ਼ ਸਾਹਮਣੇ ਆ ਰਹੇ ਹਨ, ਉਹ ਵੱਡੇ ਖਤਰੇ ਦੀ ਘੰਟੀ ਹੈ। ਕੋਰੋਨਾ ਦੀ ਨਵੀਂ ਰਫਤਾਰ ਪੇਂਡੂ ਇਲਾਕਿਆਂ ਨੂੰ ਵੀ ਆਪਣੀ ਜਕੜ ’ਚ ਲੈ ਰਹੀ ਹੈ। ਇਹ ਵੱਡੀ ਚਿੰਤਾ ਦਾ ਕਾਰਨ ਹੈ। ਕਈ ਮਹਾਨਗਰਾਂ ’ਚ ਪੂਰੇ ਦੇ ਪੂਰੇ ਅਪਾਰਟਮੈਂਟਸ ਹੀ ਬੁਰੀ ਤਰ੍ਹਾਂ ਲਪੇਟ ’ਚ ਆ ਰਹੇ ਹਨ। ਕਿਤੇ ਪੂਰਾ ਸਕੂਲ ਇਨਫੈਕਟਿਡ ਮਿਲ ਰਿਹਾ ਹੈ। ਭਾਵ ਇਹ ਕਿ ਕੁੱਲ ਮਿਲਾ ਕੇ ਸੰਕੇਤ ਚੰਗੇ ਨਹੀਂ ਹਨ। ਇਸ ਹਫਤੇ ਦੇ ਸ਼ੁਰੂ ’ਚ ਅਮਰੀਕਾ ’ਚ ਮੌਤਾਂ ਦੀ ਗਿਣਤੀ 5 ਲੱਖ ਦੇ ਪਾਰ ਜਾ ਪੁੱਜੀ। ਉਥੋਂ ਦੇ ਰਾਸ਼ਟਰਪਤੀ ਦੀ ਹਮਦਰਦੀ ਅਤੇ ਦੁੱਖ ਇਸ ਗੱਲ ਤੋਂ ਸਮਝ ’ਚ ਆਉਂਦਾ ਹੈ, ਜਿਸ ’ਚ ਉਨ੍ਹਾਂ ਕਿਹਾ ਸੀ ਕਿ ਇਕ ਦੇਸ਼ ਦੇ ਰੂਪ ’ਚ ਅਜਿਹੀ ਮਾੜੀ ਕਿਸਮਤ ਨੂੰ ਪ੍ਰਵਾਨ ਨਹੀਂ ਕੀਤਾ ਜਾ ਸਕਦਾ ਪਰ ਦੁਖ ਦੀ ਭਾਵਨਾ ਨੂੰ ਵੀ ਸੁੰਨ ਨਹੀਂ ਹੋਣ ਦੇਣਾ। ਮੋਮਬੱਤੀਆਂ ਬਾਲ ਕੇ ਕੋਰੋਨਾ ਕਾਰਨ ਮੌਤ ਦੇ ਮੂੰਹ ’ਚ ਗਏ ਲੋਕਾਂ ਨੂੰ ਰਾਸ਼ਟਰਪਤੀ ਅਤੇ ਉਪ ਰਾਸ਼ਟਰਪਤੀ ਨੇ ਸ਼ਰਧਾਂਜਲੀ ਦਿੱਤੀ।
ਇਸ ਹਫਤੇ ਦੇ ਸ਼ੁਰੂ ’ਚ ਸਮੁੱਚੀ ਦੁਨੀਆ ’ਚ ਕੋਰੋਨਾ ਕਾਰਨ ਪੀੜਤ ਲੋਕਾਂ ਦੀ ਕੁੱਲ ਗਿਣਤੀ 11 ਕਰੋੜ 22 ਲੱਖ 63 ਹਜ਼ਾਰ ਦੇ ਪਾਰ ਜਾ ਪੁੱਜੀ। ਇਸ ਵਾਇਰਸ ਕਾਰਨ ਹੁਣ ਤੱਕ 24 ਲੱਖ 85 ਹਜ਼ਾਰ ਤੋਂ ਵੱਧ ਲੋਕਾਂ ਦੀ ਮੌਤ ਹੋ ਚੁੱਕੀ ਹੈ। ਨਾਲ ਹੀ ਠੀਕ ਹੋਣ ਵਾਲੇ ਲੋਕਾਂ ਦੀ ਗਿਣਤੀ ਵੀ 8 ਕਰੋੜ 79 ਲੱਖ ਤੋਂ ਪਾਰ ਜਾ ਚੁੱਕੀ ਹੈ। ਅਮਰੀਕਾ, ਭਾਰਤ ਅਤੇ ਬ੍ਰਾਜ਼ੀਲ ’ਚ ਕੋਰੋਨਾ ਵਾਇਰਸ ਦੀ ਇਨਫੈਕਸ਼ਨ ਦੇ ਮਾਮਲੇ ਸਭ ਤੋਂ ਵੱਧ ਆਏ। ਅਮਰੀਕਾ ’ਚ ਇਨਫੈਕਸ਼ਨ ਦੇ ਕੁੱਲ ਮਾਮਲੇ ਲਗਭਗ 2.87 ਕਰੋੜ ਤੱਕ ਪਹੁੰਚ ਗਏ ਹਨ। ਹੁਣ ਤੱਕ 511133 ਲੋਕਾਂ ਦੀ ਜਾਨ ਜਾ ਚੁੱਕੀ ਹੈ।
ਦੁਨੀਆ ’ਚ ਇਸ ਸਮੇਂ ਕੋਰੋਨਾ ਦੇ ਐਕਟਿਵ ਕੇਸਾਂ ਦੀ ਗਿਣਤੀ 2 ਕਰੋੜ 21 ਲੱਖ 58 ਹਜ਼ਾਰ ਦੇ ਲਗਭਗ ਹੈ। ਜੇ ਦੇਸ਼ਾਂ ਦੇ ਹਿਸਾਬ ਨਾਲ ਦੇਖੀਏ ਤਾਂ ਇਸ ਹਫਤੇ ਦੇ ਸ਼ੁਰੂ ’ਚ ਸਭ ਤੋਂ ਵੱਧ ਕੁੱਲ ਮਾਮਲੇ ਅਮਰੀਕਾ ’ਚ ਦਰਜ ਹੋਏ। ਇਨ੍ਹਾਂ ਦੀ ਗਿਣਤੀ 28,765,423 ਸੀ। ਜਦਕਿ ਮੌਤਾਂ ਦਾ ਅੰਕੜਾ 5,11,133 ਪਹੁੰਚ ਗਿਆ, ਇਸ ਦੇ ਬਾਅਦ ਭਾਰਤ ਦਾ ਨੰਬਰ ਆਉਂਦਾ ਹੈ ਜਿੱਥੇ ਕੁਲ ਮਾਮਲੇ 11,005,850 ਸਨ। ਇੱਥੇ 1,56,418 ਲੋਕਾਂ ਦੀ ਮੌਤ ਹੋਈ ਹੈ। ਤੀਜਾ ਨੰਬਰ ਬ੍ਰਾਜ਼ੀਲ ਦਾ ਆਉਂਦਾ ਹੈ। ਉਥੇ ਕੁੱਲ ਦਰਜ ਮਾਮਲੇ 10,168,174 ਸਨ ਜਦੋਂਕਿ ਮੌਤਾਂ ਦੀ ਗਿਣਤੀ 2,46,560 ਸੀ। ਬਰਤਾਨੀਆ ’ਚ ਕੁੱਲ ਦਰਜ ਮਾਮਲੇ 41,05,675 ਸਨ ਅਤੇ ਇੱਥੇ ਮੌਤਾਂ 1,20,365 ਹੋਈਆਂ। ਰੂਸ ’ਚ ਦਰਜ ਮਾਮਲਿਆਂ ਦੀ ਗਿਣਤੀ 4,164,726 ਸੀ ਜਦਕਿ ਮਰਨ ਵਾਲਿਆਂ ਦੀ ਗਿਣਤੀ 83,293 ਰਹੀ।
ਇਸੇ ਤਰ੍ਹਾਂ ਫਰਾਂਸ ’ਚ ਦਰਜ ਮਾਮਲੇ 35,83,135 ਅਤੇ ਮ੍ਰਿਤਕਾਂ ਦੀ ਗਿਣਤੀ 84,147 ਸੀ। ਛੇਵੇਂ ਨੰਬਰ ’ਤੇ ਸਪੇਨ ਆਉਂਦਾ ਹੈ ਇੱਥੇ ਦਰਜ ਮਾਮਲੇ 31,33,122 ਸਨ ਅਤੇ ਮ੍ਰਿਤਕਾਂ ਦੀ ਗਿਣਤੀ 61,101 ਸੀ। ਇਟਲੀ ’ਚ ਕੁੱਲ ਮਾਮਲੇ 27,95,796 ਸਨ ਜਦਕਿ ਮੌਤਾਂ ਦੀ ਗਿਣਤੀ 95,486 ਸੀ। ਤੁਰਕੀ ’ਚ 26,31,876 ਮਾਮਲੇ ਦਰਜ ਹੋਏ। ਇੱਥੇ ਮੌਤਾਂ ਦਾ ਅੰਕੜਾ 27,983 ਹੈ। ਮੈਕਸੀਕੋ ’ਚ 20,38,276 ਮਰੀਜ਼ਾਂ ਨੂੰ ਹਸਪਤਾਲਾਂ ’ਚ ਦਾਖਲ ਕਰਵਾਇਆ ਗਿਆ। ਇੱਥੇ 1,79,797 ਮੌਤਾਂ ਹੋਈਆਂ। ਈਰਾਨ ’ਚ 15,66,081 ਮਾਮਲੇ ਦਰਜ ਹੋਏ ਅਤੇ 59,409 ਲੋਕਾਂ ਦੀ ਮੌਤ ਹੋਈ। ਪੀਰੂ ’ਚ ਕੁੱਲ ਦਰਜ ਮਾਮਲੇ 12,75,899 ਹਨ, ਇੱਥੇ ਮੌਤਾਂ ਦੀ ਗਿਣਤੀ 44,877 ਹੈ। ਇਸੇ ਤਰ੍ਹਾਂ ਚਿੱਲੀ ’ਚ ਕੁੱਲ ਦਰਜ ਮਾਮਲੇ 7,95,845 ਹਨ ਜਦਕਿ ਮੌਤਾਂ ਦੀ ਗਿਣਤੀ 19,974 ਹੈ। ਸਾਊਦੀ ਅਰਬ ’ਚ ਕੋਰੋਨਾ ਦੇ ਮਰੀਜ਼ਾਂ ਦੀ ਗਿਣਤੀ 3,74,691 ਸੀ ਅਤੇ ਮੌਤਾਂ ਦੀ ਗਿਣਤੀ 6457 ਸੀ।
ਇਕ ਗੱਲ ਤਾਂ ਸਮਝ ਆਉਂਦੀ ਹੈ ਕਿ ਵੈਕਸੀਨ ਦੇ ਆਉਣ ਪਿੱਛੋਂ ਮਹਾਰਾਸ਼ਟਰ ਅਤੇ ਹੋਰਨਾਂ ਸੂਬਿਆਂ ’ਚ ਕੋਰੋਨਾ ਦੇ ਨਵੇਂ ਰੂਪ ’ਚ ਮੁੜ ਤੋਂ ਵਧਣ ਨੂੰ ਵੱਡੀ ਚਿਤਾਵਨੀ ਹੀ ਸਮਝਿਆ ਜਾਣਾ ਚਾਹੀਦਾ ਹੈ। ਵੈਕਸੀਨ ਦੀ ਸਫਲਤਾ ’ਚ ਕੋਈ ਸ਼ੱਕ ਨਹੀਂ। ਦੇਸ਼ ਦੇ ਵੱਡੇ-ਵੱਡੇ ਡਾਕਟਰਾਂ ਨੇ ਇਸ ਨੂੰ ਸਭ ਤੋਂ ਪਹਿਲਾਂ ਲੁਆ ਕੇ ਭੁਲੇਖਾ ਦੂਰ ਕਰਨ ਦੀ ਕੋਸ਼ਿਸ਼ ਕੀਤੀ ਹੈ। ਬਾਵਜੂਦ ਇਸ ਸਭ ਦੇ ਵੈਕਸੀਨੇਸ਼ਨ ਦੀ ਰਫਤਾਰ ’ਚ ਤੇਜ਼ੀ ਨਜ਼ਰ ਆਉਣੀ ਕਿਤੇ ਨਾ ਕਿਤੇ ਨਿਰਾਸ਼ ਕਰਦੀ ਹੈ। ਇਹ ਵੀ ਵੱਡੀ ਵਿਡੰਬਨਾ ਹੈ ਕਿ ਪੂਰੇ ਦੇਸ਼ ’ਚੋਂ ਬੀਤੇ ਕਈ ਹਫਤਿਆਂ ਦੌਰਾਨ ਜੋ ਤਸਵੀਰਾਂ ਸਾਹਮਣੇ ਆ ਰਹੀਆਂ ਸਨ, ਉਹ ਸਭ ਦੀ ਮਿਲੀ ਜੁਲੀ ਲਾਪਰਵਾਹੀ ਦਾ ਨਤੀਜਾ ਹਨ। ਇਤਿਹਾਸ ਗਵਾਹ ਹੈ ਕਿ ਪਹਿਲਾਂ ਵੀ ਜਿੰਨੀਆ ਮਹਾਮਾਰੀਆਂ ਆਈਆਂ, ਉਨ੍ਹਾਂ ’ਤੇ ਕਾਬੂ ਪਾਉਣ ’ਚ ਕਾਫੀ ਸਮਾਂ ਲੱਗਾ ਪਰ ਕੋਰੋਨਾ ਨੂੰ ਲੈ ਕੇ ਬਹੁਤ ਵੱਡੀ ਸਕੂਨ ਵਾਲੀ ਗੱਲ ਇਹ ਹੈ ਕਿ ਦੁਨੀਆ ’ਚ ਸਭ ਕਾਰਗਰ ਟੀਕੇ ਬਹੁਤ ਜਲਦੀ ਇਜ਼ਾਦ ਹੋਏ। ਇਸ ਮਾਮਲੇ ’ਚ ਭਾਰਤ ਬਹੁਤ ਖੁਸ਼ਨਸੀਬ ਹੈ। ਇੱਥੇ ਟਿਕਿਆਂ ਨੂੰ ਲੈ ਕੇ ਜਾਗਰੂਕਤਾ ਵਧਾਉਣ ਦੀ ਲੋੜ ਹੈ। ਟੀਕਿਆਂ ਦੇ ਉਸਾਰੂ ਨਤੀਜਿਆਂ ਦੇ ਅੰਕੜਿਆਂ ’ਤੇ ਨਜ਼ਰ ਮਾਰਨ ਦੀ ਲੋੜ ਹੈ। ਸ਼ਾਇਦ ਇਸ ਬਾਰੇ ਕੇਂਦਰ ਅਤੇ ਸੂਬਾਈ ਸਰਕਾਰਾਂ ਨੂੰ ਲੋਕ ਜਾਗਰੂਕਤਾ ਵਧਾਉਣੀ ਹੋਵੇਗੀ।
ਪੂਰੇ ਦੇਸ਼ ’ਚ ਹਰ ਹਸਪਤਾਲ ਅਤੇ ਸਮਾਜਿਕ ਅਦਾਰਿਆਂ ਨੂੰ ਅੱਗੇ ਆ ਕੇ ਜਿੱਥੇ ਟੀਕੇ ’ਤੇ ਬਿਨਾਂ ਕਾਰਨ ਦੇ ਭੁਲੇਖੇ ਨੂੰ ਇਮਾਨਦਾਰ ਯਤਨਾਂ ਅਤੇ ਗੱਲਬਾਤ ਰਾਹੀਂ ਦੂਰ ਕਰਨ ਦੀ ਕੋਸ਼ਿਸ਼ ਕਰਨੀ ਹੋਵੇਗੀ, ਉਥੇ ਹੁਣ ਸਭ ਆਮ ਅਤੇ ਖਾਸ ਲੋਕਾਂ ਨੂੰ ਵੀ ਇਹ ਸਮਝਾਉਣਾ ਹੋਵੇਗਾ ਕਿ ਇਸ ਸਾਲ ਕਿਸੇ ਵੀ ਜਨਤਕ ਥਾਂ ਜਾਂ ਇਹ ਕਹਿ ਲਓ ਕਿ ਘਰ ਦੇ ਦਰਵਾਜ਼ੇ ਤੋਂ ਬਾਹਰ ਮਾਸਕ ਤੋਂ ਬਿਨਾਂ ਨਿਕਲਣਾ ਦੁਖਦਾਈ ਹੋਵੇਗਾ। ਸੂਬਾਈ ਸਰਕਾਰਾਂ ਨੂੰ ਵੀ ਚਾਹੀਦਾ ਹੈ ਕਿ ਕੋਰੋਨਾ ਦੇ ਰਤਾ ਕੂ ਵੀ ਖਤਰੇ ਦੀ ਦਸਤਕ ਹੁੰਦਿਆਂ ਹੀ ਸਕੂਲਾਂ ’ਤੇ ਪਾਬੰਦੀ ਜ਼ਰੂਰ ਲਾਉਣ। ਇਸ ਸਬੰਧੀ ਦੱਖਣੀ ਭਾਰਤ ਅਤੇ ਛੱਤੀਸਗੜ੍ਹ ਦੀਆਂ ਕਈ ਤਾਜ਼ਾ ਉਦਾਹਰਣਾਂ ਸਾਹਮਣੇ ਹਨ।