ਢੀਂਡਸਾ ਦੀ ਸਰਗਰਮੀ ਨਾਲ ਬਾਦਲ ਦਲ ਪ੍ਰੇਸ਼ਾਨ
Thursday, Jan 02, 2020 - 01:41 AM (IST)

ਜਸਵੰਤ ਸਿੰਘ ਅਜੀਤ
ਸੀਨੀਅਰ ਅਕਾਲੀ ਨੇਤਾ ਸੁਖਦੇਵ ਸਿੰਘ ਢੀਂਡਸਾ ਆਪਣੇ ਫੈਸਲੇ ਕਿ ਦਸੰਬਰ ਮਹੀਨੇ ਦਾ ਆਖਰੀ ਹਫਤਾ ਸ੍ਰੀ ਗੋਬਿੰਦ ਸਿੰਘ ਜੀ ਦੇ ਪਰਿਵਾਰ ਦੀਆਂ ਅਦੁੱਤੀਆਂ ਸ਼ਹਾਦਤਾਂ ਨੂੰ ਸਮਰਪਿਤ ਹੋਣ ਕਾਰਣ ਉਹ ਉਨ੍ਹਾਂ ਮਹਾਨ ਸ਼ਹਾਦਤਾਂ ਪ੍ਰਤੀ ਨਤਮਸਤਕ ਹਨ, ਜਿਨ੍ਹਾਂ ਕਾਰਣ ਉਹ ਆਪਣੀ ਸਿਆਸੀ ਸਰਗਰਮੀ ਉਸ ਤੋਂ ਬਾਅਦ ਭਾਵ ਨਵੇਂ ਸਾਲ ਦੇ ਸ਼ੁਰੂ ਤੋਂ ਹੀ ਸ਼ੁਰੂ ਕਰਨਗੇ, ਦੇ ਅਨੁਸਾਰ ਹੀ ਆਪਣੀ ਰਾਜਨੀਤਕ ਸਰਗਰਮੀ ਸ਼ੁਰੂ ਕਰਨ ਲਈ ਪੂਰੀ ਤਰ੍ਹਾਂ ਤਿਆਰ ਹਨ। ਉੱਧਰ ਟਕਸਾਲੀ ਅਕਾਲੀ ਆਗੂਅਾਂ ਦੇ ਸੰਮੇਲਨ ਦੀ ਸਫਲਤਾ ਤੋਂ ਬੌਖਲਾਏ ਸ਼੍ਰੋਮਣੀ ਅਕਾਲੀ ਦਲ (ਬਾਦਲ) ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਵਿਅੰਗ ਕਰਦੇ ਹੋਏ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਦੀ ਪਿੱਠ ’ਚ ਛੁਰਾ ਮਾਰਨ ਵਾਲੇ ਕਦੇ ਟਕਸਾਲੀ ਨਹੀਂ ਅਖਵਾ ਸਕਦੇ। ਉਨ੍ਹਾਂ ਦੇ ਇਸ ਵਿਅੰਗ ’ਤੇ ਪ੍ਰਤੀਕਿਰਿਆ ਦਿੰਦੇ ਹੋਏ ਜਿਥੇ ਟਕਸਾਲੀ ਅਕਾਲੀਆਂ ਨੇ ਕਿਹਾ ਕਿ ਉਨ੍ਹਾਂ ਨੂੰ ਆਪਣੇ ਟਕਸਾਲੀ ਹੋਣ ਲਈ ਸੁਖਬੀਰ ਸਿੰਘ ਬਾਦਲ ਦੇ ਪ੍ਰਮਾਣ-ਪੱਤਰ ਦੀ ਕੋਈ ਜ਼ਰੂਰਤ ਨਹੀਂ ਹੈ, ਉੱਥੇ ਹੀ ਨਵੀਂ ਗਠਿਤ ‘ਜਾਗੋ’ ਜਥੇਬੰਦੀ ਦੇ ਪ੍ਰਧਾਨ ਮਨਜੀਤ ਸਿੰਘ ਜੀ. ਕੇ. ਨੇ ਕਿਹਾ ਕਿ ‘ਅਕਾਲੀ’ ਹੋਣ ਦੀ ਪਰਿਭਾਸ਼ਾ, ਉਸ ਬਾਦਲ ਪਰਿਵਾਰ ਦਾ ਵਫਾਦਾਰ ਹੋਣਾ ਨਹੀਂ, ਜਿਸ ਦਾ ਉਦੇਸ਼ ਅਕਾਲੀ ਦਲ ਦੇ ਨਾਂ ’ਤੇ ਪੰਥਕ ਹਿੱਤਾਂ ਅਤੇ ਅਧਿਕਾਰਾਂ ਦੀ ਬਲੀ ਦੇਣਾ, ਕੇਂਦਰੀ ਮੰਤਰੀ ਮੰਡਲ ’ਚ ਆਪਣੇ ਪਰਿਵਾਰ ਲਈ ਇਕ ਕੁਰਸੀ ਸੁਰੱਖਿਅਤ ਕਰਵਾਉਣਾ ਹੀ ਹੋਵੇ। ਉਨ੍ਹਾਂ ਦੇ ਅਨੁਸਾਰ ਅਸਲੀ ਅਕਾਲੀ ਉਹ ਹੈ, ਜੋ ਪੰਥਕ ਹਿੱਤਾਂ ਅਤੇ ਅਧਿਕਾਰਾਂ ਲਈ ਸਮਰਪਿਤ ਹੋਵੇ ਅਤੇ ਸਥਾਪਿਤ ਧਾਰਮਿਕ ਮਰਿਆਦਾਵਾਂ, ਪ੍ਰੰਪਰਾਵਾਂ ਅਤੇ ਮਾਨਤਾਵਾਂ ਦੀ ਪਾਲਣਾ ਅਤੇ ਰੱਖਿਆ ਕਰਨ ਪ੍ਰਤੀ ਵਚਨਬੱਧ ਹੋਵੇ।
ਸ. ਢੀਂਡਸਾ ਦਾ ਸਨਮਾਨ
ਮੰਨਿਆ ਜਾਂਦਾ ਹੈ ਕਿ ਅਗਲੇ ਕੁਝ ਦਿਨਾਂ ’ਚ ਸੁਖਦੇਵ ਸਿੰਘ ਢੀਂਡਸਾ ਦਿੱਲੀ ਤੋਂ ਆਪਣੀ ਸਿਆਸੀ ਸਰਗਰਮੀ ਸ਼ੁਰੂ ਕਰਨ ਜਾ ਰਹੇ ਹਨ। ਮਿਲੀ ਜਾਣਕਾਰੀ ਅਨੁਸਾਰ ਇਸ ਉਦੇਸ਼ ਲਈ ਰਾਜਧਾਨੀ ’ਚ ਉਨ੍ਹਾਂ ਦੇ ਸਨਮਾਨ ਲਈ ਇਕ ਵਿਸ਼ੇਸ਼ ਸਵਾਗਤ ਸਮਾਰੋਹ ਦਾ ਆਯੋਜਨ ਕੀਤਾ ਜਾ ਰਿਹਾ ਹੈ, ਜਿਸ ’ਚ ਦਿੱਲੀ ਦੇ ਪ੍ਰਮੁੱਖ ਸਿੱਖ ਨਾਗਰਿਕਾਂ ਵਲੋਂ ਸ. ਢੀਂਡਸਾ ਦਾ ਸਵਾਗਤ-ਸਨਮਾਨ ਕੀਤਾ ਜਾਏਗਾ। ਦੱਸਿਆ ਜਾ ਰਿਹਾ ਹੈ ਕਿ ਦਿੱਲੀ ਤੋਂ ਬਾਅਦ ਹਰਿਆਣਾ ਅਤੇ ਪੰਜਾਬ ’ਚ ਵੀ ਅਜਿਹੇ ਹੀ ਸਮਾਰੋਹ ਆਯੋਜਿਤ ਕੀਤੇ ਜਾਣਗੇ। ਮੰਨਿਆ ਜਾਂਦਾ ਹੈ ਕਿ ਇਨ੍ਹਾਂ ਸਮਾਰੋਹਾਂ ’ਚ ਜਿਥੇ ਸ. ਢੀਂਡਸਾ ਆਪਣੀ ਭਵਿੱਖ ਦੀ ਰਣਨੀਤੀ ਦੀ ਵਿਸਥਾਰਪੂਰਵਕ ਜਾਣਕਾਰੀ ਦੇਣਗੇ, ਉੱਥੇ ਹੀ ਸ਼੍ਰੋਮਣੀ ਅਕਾਲੀ ਦਲ (ਬਾਦਲ) ਨਾਲ ਸਬੰਧਤ ਚੱਲੇ ਆ ਰਹੇ ਕਈ ਸੀਨੀਅਰ ਅਤੇ ਜੂਨੀਅਰ ਅਕਾਲੀ ਆਗੂ ਅਤੇ ਵਰਕਰ ਸ. ਢੀਂਡਸਾ ਦੀ ਅਗਵਾਈ ’ਚ ਇਕਜੁੱਟ ਹੋ ਕੇ ਪੰਥਕ ਹਿੱਤਾਂ-ਅਧਿਕਾਰਾਂ ਲਈ ਜੂਝਣ ਦਾ ਪ੍ਰਣ ਕਰਨਗੇ। ਇਨ੍ਹਾਂ ਸਮਾਰੋਹਾਂ ਦੇ ਆਯੋਜਨ ’ਚ ਜੁਟੇ ਅਕਾਲੀ ਆਗੂਆਂ ਦਾ ਮੰਨਣਾ ਹੈ ਕਿ ਇਨ੍ਹਾਂ ਸਮਾਰੋਹਾਂ ਦੀ ਸਫਲਤਾ ਬਾਦਲ ਪਰਿਵਾਰ ਦੇ ਸ਼੍ਰੋਮਣੀ ਅਕਾਲੀ ਦਲ ਦੀਆਂ ਚੂਲਾਂ ਹਿਲਾ ਕੇ ਰੱਖ ਦੇਵੇਗੀ।
ਜੀ. ਕੇ. ਭਾਰੀ ਪੈਣ ਜਾ ਰਿਹਾ ਹੈ
ਰਾਜਧਾਨੀ ਦਿੱਲੀ ਦੀ ਸਿੱਖ ਰਾਜਨੀਤੀ ਨਾਲ ਜੁੜੇ ਚੱਲੇ ਆ ਰਹੇ ਸਿਆਸਤਦਾਨਾਂ ਦਾ ਮੰਨਣਾ ਹੈ ਕਿ ਸੁਖਬੀਰ ਸਿੰਘ ਬਾਦਲ ਵਲੋਂ ਮਨਜੀਤ ਸਿੰਘ ਜੀ. ਕੇ. ਨੂੰ ਪਹਿਲਾਂ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਦੇ ਅਹੁਦੇ ਤੋਂ ਹਟਾਉਣਾ ਅਤੇ ਫਿਰ ਉਨ੍ਹਾਂ ਨੂੰ ਸ਼੍ਰੋਮਣੀ ਅਕਾਲੀ ਦਲ (ਬਾਦਲ) ’ਚੋਂ ਵੀ ਬਾਹਰ ਕਰ ਦੇਣਾ, ਉਨ੍ਹਾਂ ਦੀ ਨਾ ਸਿਰਫ ਇਕ ਬਹੁਤ ਵੱਡੀ ਸਿਆਸੀ ਭੁੱਲ ਸੀ ਸਗੋਂ ਇਕ ਤਰ੍ਹਾਂ ਨਾਲ ਉਨ੍ਹਾਂ ਪ੍ਰਤੀ ਅਹਿਸਾਨ-ਫਰਾਮੋਸ਼ੀ ਵੀ ਸੀ। ਉਨ੍ਹਾਂ ਦਾ ਕਹਿਣਾ ਹੈ ਕਿ ਅਜਿਹਾ ਕਰਦੇ ਹੋਏ ਸੁਖਬੀਰ ਭੁੱਲ ਗਏ ਕਿ ਮਨਜੀਤ ਸਿੰਘ ਜੀ. ਕੇ. ਹੀ ਸਨ, ਜਿਨ੍ਹਾਂ ਨੇ ਲੱਗਭਗ 13 ਸਾਲ ਬਾਅਦ 2013 ’ਚ ਦਿੱਲੀ ਗੁਰਦੁਆਰਾ ਕਮੇਟੀ ਦੀ ਸੱਤਾ ’ਤੇ ਸ਼੍ਰੋਮਣੀ ਅਕਾਲੀ ਦਲ (ਬਾਦਲ) ਦੀ ਵਾਪਸੀ ਕਰਵਾ ਕੇ ਉਸ ਦੇ ਲਈ ਦਿੱਲੀ ਤੋਂ ਉੱਖੜੇ ਆਪਣੇ ਪੈਰ ਫਿਰ ਤੋਂ ਜਮਾਉਣ ਦਾ ਮੌਕਾ ਪੈਦਾ ਕੀਤਾ। ਉਨ੍ਹਾਂ ਨੇ ਕਿਹਾ ਕਿ ਫਿਰ 2017 ’ਚ ਜਦੋਂ ਸ਼੍ਰੋਮਣੀ ਅਕਾਲੀ ਦਲ (ਬਾਦਲ) ਪੰਜਾਬ ਵਿਧਾਨ ਸਭਾ ਦੀਆਂ ਚੋਣਾਂ ’ਚ ਸ਼ਰਮਨਾਕ ਹਾਰ ਦਾ ਸ਼ਿਕਾਰ ਹੋ ਕੇ ਨਮੋਸ਼ੀ ਦਾ ਸਾਹਮਣਾ ਕਰਨ ’ਤੇ ਮਜਬੂਰ ਹੋ ਰਿਹਾ ਸੀ, ਉਸ ਸਮੇਂ ਵੀ ਜੀ. ਕੇ. ਨੇ ਹੀ ਆਪਣੇ ਅਤੇ ਆਪਣੇ ਪਿਤਾ ਜਥੇਦਾਰ ਸੰਤੋਖ ਸਿੰਘ ਦੇ ਕੀਤੇ ਕੰਮਾਂ ਦੇ ਸਹਾਰੇ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ’ਚ ਰਿਕਾਰਡ ਜਿੱਤ ਪ੍ਰਾਪਤ ਕਰ ਕੇ ਪਾਰਟੀ ਪ੍ਰਧਾਨ ਦੀ ਝੋਲੀ ’ਚ ਪਾ ਦਿੱਤੀ, ਉਸ ਨੂੰ ਨਮੋਸ਼ੀ ’ਚੋਂ ਬਾਹਰ ਕੱਢਿਆ ਸੀ। ਅਜਿਹੀ ਹਾਲਤ ’ਚ ਮਨਜੀਤ ਸਿੰਘ ਜੀ. ਕੇ. ਨੂੰ ਅਪਮਾਨਿਤ ਕਰ ਕੇ ਗੁਰਦੁਆਰਾ ਕਮੇਟੀ ਦੇ ਪ੍ਰਧਾਨਗੀ ਅਹੁਦੇ ਤੋਂ ਹਟਾਉਂਦੇ ਅਤੇ ਦਲ ’ਚੋਂ ਬਾਹਰ ਕਰਦੇ ਹੋਏ ਸੁਖਬੀਰ ਸਿੰਘ ਬਾਦਲ ਭੁੱਲ ਗਏ ਕਿ ਜੋ ਜੀ. ਕੇ. 13 ਸਾਲਾਂ ਬਾਅਦ ਦਿੱਲੀ ’ਚ ਉਨ੍ਹਾਂ ਦੇ ਦਲ ਦੇ ਪੈਰ ਜਮਾਉਣ ਲਈ ਅਾਧਾਰ ਬਣ ਸਕਦਾ ਹੈ, ਉਹ ਉਨ੍ਹਾਂ ਪੈਰਾਂ ਨੂੰ ਦਿੱਲੀ ’ਚੋਂ ਉਖਾੜ ਵੀ ਸਕਦਾ ਹੈ। ਇਸ ਗੱਲ ਦਾ ਅਨੁਮਾਨ ਇਸੇ ਗੱਲ ਤੋਂ ਲਾਇਆ ਜਾ ਸਕਦਾ ਹੈ ਕਿ ਬੀਤੇ ਲੱਗਭਗ ਇਕ ਸਾਲ ਤੋਂ ਭ੍ਰਿਸ਼ਟਾਚਾਰ ਦੇ ਨਾਂ ’ਤੇ ਜੀ. ਕੇ. ’ਤੇ ਲਗਾਤਾਰ ਹਮਲੇ ਕੀਤੇ ਅਤੇ ਕਰਵਾਏ ਜਾ ਰਹੇ ਹਨ, ਇਸ ਦੇ ਬਾਵਜੂਦ ਉਨ੍ਹਾਂ ਦੇ ਪੈਰਾਂ ’ਚ ਲੜਖੜਾਹਟ ਨਹੀਂ ਲਿਆਂਦੀ ਜਾ ਸਕੀ। ਇਸ ਦੇ ਵਿਰੁੱਧ ਉਹ ਲਗਾਤਾਰ ਦਲ ਅਤੇ ਗੁਰਦੁਆਰਾ ਕਮੇਟੀ ’ਤੇ ਉਨ੍ਹਾਂ ਦੀ ਸੱਤਾ ਲਈ ਚੁਣੌਤੀ ਬਣਦੇ ਜਾ ਰਹੇ ਹਨ।
‘ਸਿਰਮੌਰ’ ਸਿੱਖ ਇਤਿਹਾਸਕਾਰ
ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ, ਜੋ ਅੱਜਕਲ ਸਿੱਖ ਇਤਿਹਾਸ ਨਾਲ ਸਬੰਧਤ ਵਿਲੱਖਣ ਖੋਜਾਂ ਕਾਰਣ ਚਰਚਾ ’ਚ ਹਨ, ਉਨ੍ਹਾਂ ਦੀਆਂ ਨਿੱਤ ਨਵੀਆਂ ਖੋਜਾਂ ਦੇ ਸਾਹਮਣੇ ਆਉਣ ਤੋਂ ਉਤਸ਼ਾਹਿਤ ਹੋ ਕੇ ਸ਼੍ਰੋਮਣੀ ਅਕਾਲੀ ਦਲ ਦਿੱਲੀ ਦੇ ਜਨਰਲ ਸਕੱਤਰ ਹਰਵਿੰਦਰ ਸਿੰਘ ਸਰਨਾ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ ਤੋਂ ਮੰਗ ਕੀਤੀ ਹੈ ਕਿ ਉਹ ਅਕਾਲ ਤਖਤ ਦੇ ਜਥੇਦਾਰ ਤਕ ਪਹੁੰਚ ਕੇ ਸ. ਸਿਰਸਾ ਨੂੰ ਉਨ੍ਹਾਂ ਦੀਆਂ ਵਿਲੱਖਣ ਖੋਜਾਂ ਲਈ ‘ਪੰਥ ਰਤਨ’ ਦਾ ਸਨਮਾਨ ਦਿਵਾਉਣ। ਉਨ੍ਹਾਂ ਦਾ ਕਹਿਣਾ ਹੈ ਕਿ ਹਾਲ ਹੀ ’ਚ ਸ. ਸਿਰਸਾ ਨੇ ਆਪਣੀ ‘ਅਦੁੱਤੀ ਖੋਜ’ ਦੇ ਸਹਾਰੇ ਖੁਲਾਸਾ ਕੀਤਾ ਹੈ ਕਿ ਲੱਖੀ ਸ਼ਾਹ ਵਣਜਾਰਾ, ਜੋ ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਸ਼ਹਾਦਤ ਤੋਂ ਬਾਅਦ ਉਨ੍ਹਾਂ ਦਾ ਧੜ ਆਪਣੇ ਘਰ ਲੈ ਆਏ ਸਨ, ਨੇ ਗੁਰੂ ਸਾਹਿਬ ਦੇ ਧੜ ਦਾ ਦਹੀਂ ਨਾਲ ਲੇਪ ਕਰ ਕੇ ਉੱਥੇ ਸਥਿਤ ਇਕ ਹਜ਼ਾਰ ਸਾਲ ਪੁਰਾਣੇ ਖੂਹ ਦੇ ਜਲ ਨਾਲ ਇਸ਼ਨਾਨ ਕਰਾ ਕੇ ਅੰਤਿਮ ਸੰਸਕਾਰ ਕੀਤਾ ਸੀ, ਜਦਕਿ ਸਿੱਖ ਇਤਿਹਾਸਕਾਰਾਂ ਦੀ ਅਜੇ ਤਕ ਇਹੀ ਮਾਨਤਾ ਚੱਲੀ ਆ ਰਹੀ ਸੀ ਕਿ ਲੱਖੀ ਸ਼ਾਹ ਵਣਜਾਰਾ ਗੁਰੂ ਸਾਹਿਬ ਦੇ ਧੜ ਨੂੰ ਉਨ੍ਹਾਂ ਦੇ ਸ਼ਹੀਦੀ ਸਥਾਨ ਚਾਂਦਨੀ ਚੌਕ ਤੋਂ ਚੁੱਕ ਕੇ ਬਹੁਤ ਤੇਜ਼ੀ ਨਾਲ ਆਪਣੇ ਘਰ ਚੱਲ ਪਿਆ ਸੀ ਤਾਂ ਕਿ ਸਰਕਾਰੀ ਸੈਨਿਕਾਂ ਨੂੰ ਉਸ ਦਾ ਪਤਾ ਚੱਲਣ ਤੋਂ ਪਹਿਲਾਂ ਹੀ ਉਹ ਉਸ ਦਾ ਸਸਕਾਰ ਕਰ ਦੇਵੇ। ਆਪਣੇ ਘਰ ਪਹੁੰਚਦੇ ਹੀ ਉਸ ਨੇ ਸਾਮਾਨ ਇਕੱਠਾ ਕਰ ਕੇ ਉਸ ’ਤੇ ਗੁਰੂ ਸਾਹਿਬ ਦੇ ਧੜ ਨੂੰ ਸਜਾਇਆ ਅਤੇ ਅੱਗ ਲਾ ਦਿੱਤੀ। ਜਿਉਂ ਹੀ ਧੜ ਦਾ ਪੂਰੀ ਤਰ੍ਹਾਂ ਸਸਕਾਰ ਹੋ ਗਿਆ, ਫਿਰ ਜਾ ਕੇ ਉਸ ਨੇ ਅੱਗ-ਅੱਗ ਦਾ ਰੌਲਾ ਪਾਇਆ। ਸ. ਸਰਨਾ ਦਾ ਕਹਿਣਾ ਹੈ ਕਿ ਇਸੇ ਤਰ੍ਹਾਂ ਸ. ਸਿਰਸਾ ਨੇ ਸਿੱਖ ਇਤਿਹਾਸ ਨਾਲ ਸਬੰਧਤ ਹੋਰ ਵੀ ਕਈ ਮਹੱਤਵਪੂਰਨ ਖੁਲਾਸੇ ਕੀਤੇ ਹਨ, ਜਿਨ੍ਹਾਂ ਲਈ ਉਹ ਸਨਮਾਨ ਦੇ ਹੱਕਦਾਰ ਤਾਂ ਬਣਦੇ ਹੀ ਹਨ। ਸਿੱਖ ਇਤਿਹਾਸਕਾਰਾਂ ਦਾ ਕਹਿਣਾ ਹੈ ਕਿ ਇਤਿਹਾਸਕ ਖੋਜਾਂ ਲਈ ਪੰਥ ਰਤਨ ਦਾ ਤਾਂ ਨਹੀਂ ਪਰ ਸਿਰਮੌਰ ਸਿੱਖ ਇਤਿਹਾਸਕਾਰ ਦਾ ਸਨਮਾਨ ਤਾਂ ਉਨ੍ਹਾਂ ਨੂੰ ਮਿਲਣਾ ਹੀ ਚਾਹੀਦਾ ਹੈ।
...ਅਤੇ ਆਖਿਰ ’ਚ
ਬੀਤੇ ਐਤਵਾਰ ਦਿੱਲੀ ’ਚ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਨਗਰ ਕੀਰਤਨ ਦਾ ਆਯੋਜਨ ਕੀਤਾ ਗਿਆ। ਗੁਰਦੁਆਰਾ ਰਕਾਬਗੰਜ (ਆਰੰਭਤਾ) ਤੋਂ ਫਤਿਹ ਨਗਰ (ਸਮਾਪਤੀ) ਦੇ ਸਥਾਨ ਤਕ ਦੇ ਸਾਰੇ ਰਸਤੇ ’ਚ ਸ਼ਰਧਾਲੂਆਂ ਵਲੋਂ ਸਵਾਗਤੀ ਸਟਾਲ ਲਾਏ ਹੋਏ ਸਨ, ਜਿਨ੍ਹਾਂ ’ਤੇ ਨਗਰ ਕੀਰਤਨ ਦੇ ਨਾਲ ਹੀ ਸਿੱਖ ਆਗੂਆਂ ਦਾ ਵੀ ਸਵਾਗਤ ਕੀਤਾ ਜਾ ਰਿਹਾ ਸੀ। ਅਜਿਹੇ ਹੀ ਇਕ ਸਟਾਲ ਦਾ ਵੀਡੀਓ ਵਾਇਰਲ ਹੋਇਆ ਦੇਖਿਆ ਗਿਆ, ਜਿਸ ’ਚ ਸ਼੍ਰੋਮਣੀ ਅਕਾਲੀ ਦਲ ਦਿੱਲੀ ਦੇ ਪ੍ਰਧਾਨ ਪਰਮਜੀਤ ਸਿੰਘ ਸਰਨਾ ਨੂੰ ਸਿਰੋਪਾਓ ਦੀ ਬਖਸ਼ਿਸ਼ ਕਰ ਕੇ ਸਨਮਾਨਿਤ ਕੀਤਾ ਗਿਆ। ਉਸ ਤੋਂ ਕੁਝ ਦੇਰ ਬਾਅਦ ਹੀ ਸ. ਸਰਨਾ ਅਤੇ ਆਯੋਜਕਾਂ ਵਿਚਾਲੇ ਕੋਈ ਗੱਲਬਾਤ ਹੋਈ, ਜਿਸ ਤੋਂ ਬਾਅਦ ਸ. ਸਰਨਾ ਮੰਚ ਤੋਂ ਹੇਠਾਂ ਉੱਤਰਦੇ ਦਿਖਾਈ ਦਿੱਤੇ। ਇਸ ’ਤੇ ਸ. ਸਿਰਸਾ ਨੇ ਪ੍ਰਤੀਕਿਰਿਆ ਦਿੰਦੇ ਹੋਏ ਉਨ੍ਹਾਂ ਨੂੰ ਅਪਮਾਨਿਤ ਕਰ ਕੇ ਮੰਚ ਤੋਂ ਉਤਾਰਿਆ ਜਾਣਾ ਦੱਸਿਆ, ਜਦਕਿ ਸ. ਸਰਨਾ ਦੇ ਸਮਰਥਕਾਂ ਦਾ ਕਹਿਣਾ ਸੀ ਕਿ ਮੰਚ ’ਤੇ ਵਿਚਾਰ ਪ੍ਰਗਟ ਕਰਨ ਦੇ ਮੁੱਦੇ ’ਤੇ ਮਤਭੇਦ ਹੋਣ ਕਾਰਣ ਸ. ਸਰਨਾ ਖੁਦ ਹੀ ਮੰਚ ਤੋਂ ਹੇਠਾਂ ਉਤਰ ਆਏ।