‘ਦਾਦਾਮੁਨੀ’ ਅਸ਼ੋਕ ਕੁਮਾਰ : ਇਕ ਨਿੱਜੀ ਸ਼ਰਧਾਂਜਲੀ

Friday, Nov 15, 2024 - 11:41 AM (IST)

ਉੱਗਦੇ ਸੂਰਜ ਦੀ ਰੋਸ਼ਨੀ ਮੇਰੇ ਹਿਮਾਲਿਆਈ ਘਰ ’ਚ ਮੱਧ ਪਰਬਤਮਾਲਾ ’ਤੇ ਉੱਚੇ ਖੜ੍ਹੇ ਸਰਕਾਰੀ ਦੇਵਦਾਰ ਦੇ ਰੁੱਖਾਂ ਦੇ ਵਿਚਾਲਿਓਂ ਛਣ ਕੇ ਆਉਂਦੀ ਹੈ ਅਤੇ ਉਨ੍ਹਾਂ ਦੀ ਖੁਸ਼ਬੋ ਦਾ ਆਨੰਦ ਲੈਂਦੇ ਹੋਏ ਮੈਂ ਉਨ੍ਹਾਂ ਅਨਮੋਲ ਯਾਦਾਂ ਨੂੰ ਫਰੋਲਦਾ ਹਾਂ, ਜਿਨ੍ਹਾਂ ਨੇ ਕਈ ਅਰਥਾਂ ’ਚ ਮੇਰੀ ਜ਼ਿੰਦਗੀ ਨੂੰ ਪਰਿਭਾਸ਼ਿਤ ਕੀਤਾ ਹੈ। ਅਜਿਹੀ ਹੀ ਇਕ ਯਾਦ ਇਕ ਬੜੇ ਹੀ ਖਾਸ ਵਿਅਕਤੀ ਦੀ ਹੈ, ਜੋ ਨਾ ਸਿਰਫ ਭਾਰਤੀ ਸਿਨੇਮਾ ਦਾ ਪਹਿਲਾ ਸੁਪਰਸਟਾਰ ਸੀ, ਸਗੋਂ ਮਨੁੱਖੀ ਕਦਰਾਂ-ਕੀਮਤਾਂ ਦੀ ਸ਼ਾਨਦਾਰ ਉਦਾਹਰਣ ਸੀ, ਜਿਸ ਦੀ ਸ਼ਾਂਤ ਸ਼ਾਨ ਅਤੇ ਨਿਮਰਤਾ ਅੱਜ ਵੀ ਉਨ੍ਹਾਂ ਨੂੰ ਵੱਕਾਰੀ ਦਰਜਾ ਦਿੰਦੀ ਹੈ। ਆਪਣੇ ਮਾਤਾ-ਪਿਤਾ ਵਲੋਂ ਕੁਮੁਦਲਾਲ ਨਾਂ ਦਿੱਤੇ ਗਏ ਅਸ਼ੋਕ ਕੁਮਾਰ ਦੀ 60 ਸਾਲ ਤੋਂ ਵੱਧ ਦੇ ਕਰੀਅਰ ’ਚ, ਜਿਸ ਦੌਰਾਨ ਉਨ੍ਹਾਂ ਨੇ 350 ਤੋਂ ਵੱਧ ਫਿਲਮਾਂ ’ਚ ਅਭਿਨੈ ਕੀਤਾ, ਇਕ ਅਭਿਨੇਤਾ ਦੇ ਰੂਪ ’ਚ ਵਿਆਪਕ ਅਪੀਲ ਘੱਟ ਨਹੀਂ ਹੋਈ।

ਇਕ ਅਭਿਨੇਤਾ ਦੇ ਰੂਪ ’ਚ ਉਨ੍ਹਾਂ ਦੀ ਬਹੁਮੁਖੀ ਪ੍ਰਤਿਭਾ ‘ਕਾਨੂੰਨ’ (1960) ’ਚ ਪੂਰੀ ਤਰ੍ਹਾਂ ਸਾਹਮਣੇ ਆਈ। ਇਕ ਅਜਿਹੀ ਫਿਲਮ ਜਿਸ ਨੇ ਮੌਤ ਦੀ ਸਜ਼ਾ ਅਤੇ ਉਸ ਦੀ ਅਨੁਪਾਤਿਕਤਾ ਦੇ ਔਖੇ ਦਾਰਸ਼ਨਿਕ ਸਵਾਲ ’ਤੇ ਕਾਨੂੰਨ ਅਤੇ ਨਿਆਂ ਦੇ ਦਰਮਿਆਨ ਦਵੰਦ ਨੂੰ ਦਰਸਾਇਆ ਹੈ। ਸਟਾਰ ਕਲਾਕਾਰਾਂ ਰਜਿੰਦਰ ਕੁਮਾਰ ਅਤੇ ਅਸ਼ੋਕ ਕੁਮਾਰ ਵਲੋਂ ਇਕ ਸੰਮੋਹਿਕ ਕੋਰਟ ਰੂਮ ਡਰਾਮੇ ਦਾ ਪ੍ਰਭਾਵ ਮੇਰੇ ਭਵਿੱਖ ਦੇ ਪੇਸ਼ੇ ਦੇ ਰੂਪ ’ਚ ਕਾਨੂੰਨ ਦੀ ਚੋਣ ’ਚ ਫੈਸਲਾਕੁੰਨ ਸੀ ਜਿਸ ਨੇ ਮੇਰੀ ਜ਼ਿੰਦਗੀ ਦੀ ਦਿਸ਼ਾ ਨਿਰਧਾਰਿਤ ਕੀਤੀ।

ਜਦੋਂ ਮੈਂ ਉਨ੍ਹਾਂ ਨਾਲ 1983 ’ਚ ਜਾਂ ਉਸ ਦੇ ਨੇੜੇ-ਤੇੜੇ ਮੁੰਬਈ ’ਚ ਅਨੁਭਵੀ ਅਭਿਨੇਤਾ ਸੁਨੀਲ ਦੱਤ ਦੇ ਘਰ ਇਕ ਪੂਰੀ ਤਰ੍ਹਾ ਅਣਕਿਆਸੀ ਮੁਲਾਕਾਤ ’ਚ ਮਿਲਿਆ, ਉਦੋਂ ਤਕ ਦਾਦਾਮੁਨੀ ਨੇ ਮੇਰੇ ਦਿਲ ’ਚ ਇਕ ਖਾਸ ਥਾਂ ਬਣਾ ਲਈ ਸੀ। ਦੱਤ ਸਾਹਿਬ ਪੰਜਾਬੀ ਸਮਾਜ ਦੇ ਮੈਂਬਰਾਂ ਲਈ ਰਾਤਰੀ ਭੋਜ ਦਾ ਆਯੋਜਨ ਕਰ ਰਹੇ ਸਨ। ਇਕ ਵਾਰ ਜਦੋਂ ਮੈਂ ਮੁੱਖ ਮੰਤਰੀ ਵਸੰਤ ਦਾਦਾ ਪਾਟਿਲ ਦੇ ਨਾਲ ਸੀ, ਉਦੋਂ ਮਹਾਰਾਸ਼ਟਰ ’ਚ ਕਾਂਗਰਸ ਪਾਰਟੀ ਦੇ ਤੱਤਕਾਲੀਨ ਵਿਧਾਇਕ ਓ. ਪੀ. ਬਹਿਲ ਦੀ ਅਗਵਾਈ ’ਚ ਇਕ ਵਫਦ ਵਸੰਤ ਦਾਦਾ ਨੂੰ ਮਿਲਣ ਆਇਆ ਅਤੇ ਉਨ੍ਹਾਂ ਨੂੰ ਬੇਨਤੀ ਕੀਤੀ ਕਿ ਉਹ ਸੁਨੀਲ ਦੱਤ ਵਲੋਂ ਆਯੋਜਿਤ ਰਾਤਰੀ ਭੋਜ ’ਚ ਮੁੱਖ ਮਹਿਮਾਨ ਬਣਨ।

ਪੰਜਾਬ ਦੇ ਪਿੰਡ ਵਰਗਾ ਮਾਹੌਲ ਬਣਾਇਆ ਗਿਆ ਸੀ ਅਤੇ ਨਾਲ ਹੀ ਸ਼ਾਨਦਾਰ ਪੰਜਾਬੀ ਪਕਵਾਨ ਪਰੋਸੇ ਗਏ ਸਨ ਅਤੇ ਫਿਰ ਉਹ ਪਲ ਆਇਆ, ਜਿਸ ਨੂੰ ਮੈਂ ਕਦੀ ਨਹੀਂ ਭੁਲਾਇਆ। ਮੈਂ ਦਾਦਾਮੁਨੀ ਨੂੰ ਬਗੀਚੇ ਦੇ ਇਕ ਸ਼ਾਂਤ ਕੋਨੇ ’ਚ ਇਕ ਛੋਟੇ ਸਮੂਹ ਨਾਲ ਗੱਲਬਾਤ ਕਰਦੇ ਦੇਖਿਆ। ਧੜਕਦੇ ਦਿਲ ਨਾਲ, ਮੈਂ ਸਮੂਹ ਦੇ ਨੇੜੇ ਗਿਆ ਪਰ ਉਸ ਇਕ ਮਾਤਰ ਸਟਾਰ ਨਾਲ ਆਪਣੀ ਪਛਾਣ ਦੱਸਣ ਤੋਂ ਝਿਜਕ ਰਿਹਾ ਸੀ, ਜਿਨ੍ਹਾਂ ਨੂੰ ਮੈਂ ਮਿਲਣਾ ਚਾਹੁੰਦਾ ਸੀ।

ਅਖੀਰ ’ਚ ਹਿੰਮਤ ਕਰਦੇ ਹੋਏ, ਮੈਂ ਉਨ੍ਹਾਂ ਨੂੰ ਕਿਹਾ ਕਿ ਮੈਂ ਉਨ੍ਹਾਂ ਦਾ ਪ੍ਰਸ਼ੰਸਕ ਹਾਂ ਅਤੇ ਪੁੱਛਿਆ ਕਿ ਕੀ ਮੈਂ ਉਨ੍ਹਾਂ ਨਾਲ ਇਕੱਲਿਆਂ 2 ਮਿੰਟ ਬਿਤਾ ਸਕਦਾ ਹਾਂ। ਮੈਂ ਉਨ੍ਹਾਂ ਨੂੰ ਕਿਹਾ ਕਿ ‘ਕਾਨੂੰਨ’ ਫਿਲਮ ’ਚ ਉਨ੍ਹਾਂ ਦੇ ਪ੍ਰਦਰਸ਼ਨ ਕਾਰਨ ਹੀ ਮੈਂ ਜ਼ਿੰਦਗੀ ’ਚ ਵਕਾਲਤ ਨੂੰ ਆਪਣਾ ਪੇਸ਼ਾ ਚੁਣਿਆ ਹੈ। ਉਹ ਸਪੱਸ਼ਟ ਤੌਰ ’ਤੇ ਖੁਸ਼ ਸਨ ਪਰ ਹੈਰਾਨ ਵੀ ਸਨ ਅਤੇ ਉਨ੍ਹਾਂ ਨੇ ਮੈਨੂੰ ਦੱਸਿਆ ਕਿ ਉਨ੍ਹਾਂ ਦੇ ਅਭਿਨੈ ਦੇ ਕਾਰਨ ਕਿਸੇ ਹੋਰ ਪ੍ਰਸ਼ੰਸਕ ਨੇ ਆਪਣੀ ਜ਼ਿੰਦਗੀ ਦਾ ਮਾਰਗ ਨਹੀਂ ਚੁਣਿਆ।

ਇਕ ਨਿੱਜੀ ਭਾਵ ’ਚ, ਉਨ੍ਹਾਂ ਨੇ ਬਾਅਦ ’ਚ ਮੈਨੂੰ ਕਾਨੂੰਨ ਦੀ ਇਕ ਦਸਤਖਤਾਂ ਵਾਲੀ ਇਕ ਵੀਡੀਓ ਭੇਜੀ। ਇਸ ਤਰ੍ਹਾਂ ਇਕ ਅਜਿਹਾ ਰਿਸ਼ਤਾ ਸ਼ੁਰੂ ਹੋਇਆ ਜੋ ਉਨ੍ਹਾਂ ਦੇ ਆਖਰੀ ਦਿਨਾਂ ਤਕ ਕਾਇਮ ਰਿਹਾ। ਸੰਜੋਈਆਂ ਹੋਈਆਂ ਯਾਦਾਂ ਅਤੇ ਇਕ ਵਿਸ਼ੇਸ਼ ਬੰਧਨ ਨੇ ਉਨ੍ਹਾਂ ਨੂੰ ਉਦੋਂ ਤੋਂ ਮੇਰੇ ਦਿਲ ’ਚ ਜ਼ਿੰਦਾ ਰੱਖਿਆ ਹੈ। ਸਮਾਂ ਬੀਤਦਾ ਗਿਆ ਅਤੇ ਸ਼ਹਿਰ ’ਚ ਮੇਰੇ ਵਧਦੇ ਕਾਰੋਬਾਰੀ ਰੁਝੇਵਿਆਂ ਕਾਰਨ ਮੁੰਬਈ (ਉਦੋਂ ਬਾਂਬੇ) ਦੀਆਂ ਮੇਰੀਆਂ ਯਾਤਰਾਵਾਂ ਵੱਧ ਵਾਰ ਹੋਣ ਲੱਗੀਆਂ। ਇਨ੍ਹਾਂ ’ਚੋਂ ਕਈ ਮੌਕਿਆਂ ’ਤੇ ਮੈਂ ਦਾਦਾਮੁਨੀ ਨੂੰ ਮਿਲਣ ਉਨ੍ਹਾਂ ਦੇ ਘਰ ਜਾਂਦਾ ਸੀ।

ਉਨ੍ਹਾਂ ਦਾ ਸਾਰੀ ਉਮਰ ਦਾ ਸਾਥ ਪਰਿਵਾਰ ’ਚ ਮੁਖੀ ਲਈ ਸ਼ਕਤੀ ਦਾ ਸਰੋਤ ਸੀ, ਜਿੱਥੇ ਉਨ੍ਹਾਂ ਦੀ ਇੱਛਾ ਹੀ ਕਾਨੂੰਨ ਸੀ। ਮੁੰਬਈ ਦੀ ਮੇਰੀ ਇਕ ਯਾਤਰਾ ਦੌਰਾਨ ਦਾਦਾਮੁਨੀ ਨੇ ਆਪਣੇ ਪਰਿਵਾਰ ਦੇ ਮੈਂਬਰਾਂ ਨਾਲ ਮਿਲਵਾਉਣ ਲਈ ਇਕ ਰਾਤਰੀ ਭੋਜ ਦਾ ਆਯੋਜਨ ਕੀਤਾ। ਬਿਨਾਂ ਕਿਸੇ ਰੌਲੇ-ਰੱਪੇ ਦੇ, ਇਕ ਰਾਸ਼ਟਰੀ ਹਸਤੀ ਨੇ ਆਪਸੀ ਮਿੱਤਰਤਾ ਦੇ ਇਕ ਜ਼ਬਰਦਸਤ ਕੰਮ ’ਚ ਇਕ ਗੁੰਮਨਾਮ ਸੰਘਰਸ਼ ਕਰ ਰਹੇ ਵਕੀਲ ਲਈ ਆਪਣਾ ਦਿਲ ਅਤੇ ਘਰ ਖੋਲ੍ਹ ਦਿੱਤਾ ਸੀ। 1989 ’ਚ, ਸਰਕਾਰ ਨੇ ਉਨ੍ਹਾਂ ਨੂੰ ਵੱਕਾਰੀ ‘ਦਾਦਾ ਸਾਹਿਬ ਫਾਲਕੇ’ ਪੁਰਸਕਾਰ ਲਈ ਨਵੀਂ ਦਿੱਲੀ ਦੇ ਸਿਰੀ ਕੋਰਟ ਆਡੀਟੋਰੀਅਮ ’ਚ ਸਨਮਾਨਿਤ ਕੀਤਾ।

ਇਸ ਮੌਕੇ ’ਤੇ ਉਨ੍ਹਾਂ ਨੇ ਮੈਨੂੰ ਸਮਾਗਮ ’ਚ ਆਉਣ ਲਈ ਸੱਦਾ ਦਿੱਤਾ, ਜਿਸ ’ਚ ਮੈਂ ਸ਼ਾਮਲ ਹੋਇਆ ਅਤੇ ਮੈਂ ਉਨ੍ਹਾਂ ਦੇ ਅਤੇ ਉਸ ਸਮੇਂ ਦੇ ਥੋੜ੍ਹੇ ਜਿਹੇ ਜਾਣੂ ਆਮਿਰ ਖਾਨ ਦੇ ਵਿਚਾਲੇ ਬੈਠਾ ਸੀ, ਜਿਨ੍ਹਾਂ ਨੂੰ ਵੀ ਆਪਣਾ ਪਹਿਲਾ ਪੁਰਸਕਾਰ ਮਿਲਿਆ ਸੀ। ਜਦੋਂ ਅਸ਼ੋਕ ਕੁਮਾਰ ਖਿੱਚ ਦਾ ਕੇਂਦਰ ਸਨ, ਆਮਿਰ ਚੁੱਪਚਾਪ ਆਪਣੀ ਸੀਟ ’ਤੇ ਬੈਠੇ ਸਨ ਅਤੇ ਕਿਸੇ ਦਾ ਧਿਆਨ ਨਹੀਂ ਗਿਆ। ਆਪਣੀ ਜ਼ਿੰਦਗੀ ਦੇ ਆਖਰੀ ਸਾਲਾਂ ’ਚ, ਖਾਸ ਕਰ ਕੇ ਆਪਣੀ ਪਿਆਰੀ ਪਤਨੀ ਦੇ ਦਿਹਾਂਤ ਦੇ ਬਾਅਦ, ਉਨ੍ਹਾਂ ਨੇ ‘ਇਕੱਲੇਪਨ’ ਨੂੰ ਸਹਿਣ ਕੀਤਾ, ਜਿਸ ਦੀ ਹਲਚਲ ਅਤੇ ਖਾਮੋਸ਼ੀ ਉਨ੍ਹਾਂ ਦੇ ਕਮਰੇ ’ਚ ਪੇਂਟਿੰਗ ਕੈਨਵਸ ’ਚ ਬਦਲ ਗਈ। ਅਸਲ ’ਚ, ‘ਪਿਆਰ ਕਰਨ ਵਾਲੇ ਮਰ ਨਹੀਂ ਸਕਦੇ...’। ਉਨ੍ਹਾਂ ਦੇ ਪ੍ਰਸ਼ੰਸਕ ਮਾਣ ਨਾਲ ਐਲਾਨ ਕਰ ਸਕਦੇ ਹਨ ਕਿ ਉਨ੍ਹਾਂ ਦੀ ਜ਼ਿੰਦਗੀ ਇਕ ਆਸ਼ੀਰਵਾਦ ਸੀ, ਉਨ੍ਹਾਂ ਦੀਆਂ ਯਾਦਾਂ ਇਕ ਖਜ਼ਾਨਾ ਸਨ ਅਤੇ ਉਨ੍ਹਾਂ ਨੂੰ ਅਥਾਹ ਪਿਆਰ ਕੀਤਾ ਗਿਆ ਸੀ।

-ਅਸ਼ਵਨੀ ਕੁਮਾਰ
ਸਾਬਕਾ ਕੇਂਦਰੀ ਕਾਨੂੰਨ ਅਤੇ ਨਿਆਂ ਮੰਤਰੀ


Tanu

Content Editor

Related News