ਅਰਵਿੰਦ ਕੇਜਰੀਵਾਲ ਦੇ ਨਾਂ ਖੁੱਲ੍ਹਾ ਪੱਤਰ ਨਾ ‘ਸੱਜੇ’ ਦੀ, ਨਾ ‘ਖੱਬੇ’ ਦੀ ਸਿਆਸਤ ਹੋਵੇ

02/07/2020 1:56:03 AM

ਜੀ. ਆਰ. ਗੋਪੀਨਾਥ

ਹਾਲ ਹੀ ਦੇ ਤੁਹਾਡੇ ਵੀਡੀਓ, ਜਿਨ੍ਹਾਂ ਵਿਚ ਤੁਸੀਂ ਕੇਂਦਰ ਸਰਕਾਰ ਤੋਂ ਨਾਗਰਿਕਤਾ ਸੋਧ ਕਾਨੂੰਨ (ਸੀ. ਏ. ਏ.) ਅਤੇ ਨਿਰਾਧਾਰ ਰਾਸ਼ਟਰੀ ਨਾਗਰਿਕ ਰਜਿਸਟਰ (ਐੱਨ. ਆਰ. ਸੀ.) ਦੀ ਪ੍ਰਕਿਰਿਆ ਨੂੰ ਤਿਆਗਣ ਲਈ ਬੇਨਤੀ ਕੀਤੀ ਹੈ, ਨੇ ਹੀ ਮੈਨੂੰ ਇਸ ਪੱਤਰ ਲਈ ਲਿਖਣ ਲਈ ਪ੍ਰੇਰਿਤ ਕੀਤਾ ਹੈ। ਵੀਡੀਓ ਵਿਚ ਤੁਸੀਂ ਸਪੱਸ਼ਟ ਤੌਰ ’ਤੇ ਵਰਣਨ ਕੀਤਾ ਹੈ ਕਿ ਕਿਵੇਂ ਸੀ. ਏ. ਏ. ਅਤੇ ਐੱਨ. ਆਰ. ਸੀ. ਭਾਰਤ ਦੇ ਨਾਗਰਿਕਾਂ ਨੂੰ ਗੈਰ-ਸਹੂਲਤਜਨਕ ਹਾਲਤ ਵਿਚ ਪਾ ਦੇਵੇਗਾ ਅਤੇ ਇਸ ਨਾਲ ਸਮਾਜਿਕ ਸੁਹਿਰਦਤਾ ਵਿਗੜ ਜਾਵੇਗੀ। ਤੁਸੀਂ ਕਿਹਾ ਕਿ ਸਰਕਾਰ ਨੇ ਨੌਕਰੀਆਂ ਪੈਦਾ ਕਰਨ ਅਤੇ ਅਰਥ ਵਿਵਸਥਾ ਨੂੰ ਸਥਿਰ ਕਰਨ ਵਰਗੇ ਮਹੱਤਵਪੂਰਨ ਮਾਮਲਿਆਂ ਵਲੋਂ ਲੋਕਾਂ ਦਾ ਧਿਆਨ ਭਟਕਾਇਆ ਹੈ। ਸਭ ਤੋਂ ਮਹੱਤਵਪੂਰਨ ਸੰਦੇਸ਼ ਇਹ ਦਿੱਤਾ ਗਿਆ ਹੈ ਕਿ ਭਾਰਤ ਸਰਕਾਰ ਆਪਣੇ ਆਲੋਚਕਾਂ ਨਾਲ ਕੋਈ ਗੱਲਬਾਤ ਕਰੇ ਅਤੇ ਉਨ੍ਹਾਂ ਨਾਲ ਸਲਾਹ-ਮਸ਼ਵਰਾ ਕਰੇ। ਪਰ ਇਥੇ ਮੈਂ ਥੋੜ੍ਹਾ ਰੁਕਣਾ ਚਾਹੁੰਦਾ ਹਾਂ ਅਤੇ ਤੁਹਾਡੀ ਯਾਦਦਾਸ਼ਤ ਨੂੰ ਝੰਜੋੜਨਾ ਚਾਹੁੰਦਾ ਹਾਂ। ਮੈਂ ਤੁਹਾਡੀ ਦਿੱਲੀ ਸਰਕਾਰ ਦੇ ਰਿਕਾਰਡ ਦੀ ਚਰਚਾ ਨਹੀਂ ਕਰ ਰਿਹਾ, ਜਿਸ ਨੇ ਕਿ ਤੁਹਾਨੂੰ ਦਿੱਲੀ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਪਹਿਲੀ ਕਤਾਰ ਵਿਚ ਲਿਆ ਕੇ ਖੜ੍ਹਾ ਕਰ ਦਿੱਤਾ ਹੈ।

ਸਿਆਸਤਦਾਨਾਂ ਦੀ ਯਾਦਦਾਸ਼ਤ ਲੋਕਾਂ ਤੋਂ ਵੀ ਛੋਟੀ

ਲੋਕਾਂ ਦੀ ਯਾਦਦਾਸ਼ਤ ਛੋਟੀ ਹੁੰਦੀ ਹੈ ਅਤੇ ਸਿਆਸਤਦਾਨਾਂ ਦੀ ਯਾਦਦਾਸ਼ਤ ਉਸ ਤੋਂ ਵੀ ਛੋਟੀ। 2011-12 ਵਿਚ ਸਮਾਜਿਕ ਵਰਕਰ ਅੰਨਾ ਹਜ਼ਾਰੇ ਨੇ ਭ੍ਰਿਸ਼ਟਾਚਾਰ ਅੰਦੋਲਨ ਦੀ ਅਗਵਾਈ ਕਰਕੇ ਲੋਕਾਂ ਦੇ ਮਨਾਂ ਨੂੰ ਜਾਗ੍ਰਿਤ ਕੀਤਾ। ਉਸ ਦੌਰਾਨ ਤੁਸੀਂ ਮੁੱਖ ਸੂਤਰਧਾਰ ਸੀ। ਤੁਸੀਂ ਸਿਰਫ ਸਿਆਸਤਦਾਨਾਂ ਅਤੇ ਚੁਣੇ ਹੋਏ ਪ੍ਰਤੀਨਿਧੀਆਂ ਬਾਰੇ ਤਬਦੀਲੀ ਲਈ ਜ਼ੋਰ ਹੀ ਨਹੀਂ ਦਿੱਤਾ, ਸਗੋਂ ਤੁਸੀਂ ਸਮਾਜ ਨੂੰ ਬਦਲਣ ਦੀ ਵੀ ਠਾਣੀ। ਭ੍ਰਿਸ਼ਟਾਚਾਰ ਵਿਰੁੱਧ ਭਾਰਤ ਨੇ ‘ਆਮ ਆਦਮੀ ਪਾਰਟੀ’ (ਆਪ) ਨੂੰ ਜਨਮ ਦਿੱਤਾ। ਹਜ਼ਾਰੇ ਦੇ ਨਾਲ ਵਖਰੇਵੇਂ ਤੋਂ ਬਾਅਦ ਤੁਸੀਂ ਕਿਹਾ ਕਿ ‘ਆਪ’ ਸਮੇਂ ਦੀ ਲੋੜ ਬਣ ਚੁੱਕੀ ਹੈ। ‘ਆਪ’ ਨੇ ਪੂਰੇ ਭਾਰਤ ਵਿਚ ਹਲਚਲ ਮਚਾ ਦਿੱਤੀ ਅਤੇ ਲੋਕਾਂ ਵਿਚ ਇਕ ਉਮੀਦ ਦੀ ਕਿਰਨ ਜਾਗੀ। ਲੋਕਾਂ ਨੇ ਇਕ ਅਜਿਹੀ ਸਿਆਸਤ ਦੀ ਕਲਪਨਾ ਕੀਤੀ, ਜੋ ਜਾਤੀ, ਧਰਮ, ਜਾਤੀਅਤਾ ਦੀ ਪਛਾਣ ਅਤੇ ਪੈਸੇ ਦੇ ਸਹਾਰੇ ਦੇ ਬਿਨਾਂ ਸੀ।

ਇਕ ਬਾਹਰੀ (ਆਊਟਸਾਈਡਰ) ਹੋਣ ਦੇ ਬਾਵਜੂਦ ਤੁਸੀਂ ਦਿੱਲੀ ਵਿਧਾਨ ਸਭਾ ਚੋਣ ਜਿੱਤੀ ਅਤੇ ਪਹਿਲੀ ਵਾਰ ਦਸੰਬਰ 2013 ਵਿਚ ਮੁੱਖ ਮੰਤਰੀ ਬਣੇ। ਇਹ ਸਿਰਫ ਤੁਹਾਡੀ ਜਿੱਤ ਨਹੀਂ ਸੀ, ਸਗੋਂ ਤੁਹਾਡੇ ਅਤੇ ਸਹਿਯੋਗੀਆਂ ਦੇ ਵਿਚਾਰਾਂ ਦੀ ਜਿੱਤ ਸੀ। ਤੁਸੀਂ 48 ਘੰਟਿਆਂ ਬਾਅਦ ਸੀ. ਐੱਮ. ਦੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਪਰ ਉਸ ਤੋਂ ਬਾਅਦ ਤੁਸੀਂ ਪੂਰੀ ਜੱਦੋ-ਜਹਿਦ ਨਾਲ ਲੜੇ ਅਤੇ ‘ਆਪ’ ਨੇ 2015 ਵਿਚ 70 ’ਚੋਂ 67 ਸੀਟਾਂ ’ਤੇ ਜਿੱਤ ਹਾਸਿਲ ਕੀਤੀ। ਕਾਂਗਰਸ ਦਾ ਸੂਪੜਾ ਸਾਫ ਹੋਇਆ ਅਤੇ ਭਾਜਪਾ 3 ਸੀਟਾਂ ’ਤੇ ਸਿਮਟ ਕੇ ਰਹਿ ਗਈ। ਪਰ ਇਸ ਸ਼ਾਨਦਾਰ ਜਿੱਤ ਦੇ ਤੁਰੰਤ ਬਾਅਦ ਤੁਸੀਂ ਆਪਣੇ ਵਿਚਾਰਾਂ, ਪਾਰਦਰਸ਼ਿਤਾ ਦੇ ਸਿਧਾਂਤਾਂ, ਨਿਮਰਤਾ ਅਤੇ ਪਾਰਟੀ ਦੇ ਅੰਦਰੂਨੀ ਲੋਕਤੰਤਰ ਨੂੰ ਤਿਆਗ ਦਿੱਤਾ। ਕਈ ਵਾਰ ਅਜਿਹੇ ਵੀ ਮੌਕੇ ਆਏ, ਜਦੋਂ ਵਿਰੋਧੀ ਪਾਰਟੀਆਂ ਦੇ ਕਥਿਤ ਬੇਕਾਬੂ ਸ਼ਾਸਕਾਂ ਤੋਂ ਵੀ ਤੁਸੀਂ ਜ਼ਿਆਦਾ ਬੁਰੇ ਦਿਸੇ। ਦੇਸ਼ ਹੁਣ ਪਹਿਲਾਂ ਦੇ ਮੁਕਾਬਲੇ ਤੁਹਾਡੀ ਜ਼ਿਆਦਾ ਲੋੜ ਮਹਿਸੂਸ ਕਰਦਾ ਹੈ ਕਿਉਂਕਿ ਧਰੁਵੀਕਰਨ ਹੋ ਚੁੱਕਾ ਹੈ। ਦੇਸ਼ ਦੇ ਵੱਖ-ਵੱਖ ਹਿੱਸਿਆਂ ਵਿਚ ਰੋਸ ਵਿਖਾਵੇ ਹੋ ਰਹੇ ਹਨ। ਕਾਂਗਰਸ ਲਗਾਤਾਰ ਹੀ ਚਿੱਕੜ ਵਿਚ ਫੜਫੜਾ ਰਹੀ ਹੈ ਅਤੇ ਹੋਰ ਵਿਰੋਧੀ ਪਾਰਟੀਆਂ ਲੋਕਾਂ ਨੂੰ ਪ੍ਰੇਰਿਤ ਕਰਨ ਵਿਚ ਅਸਫਲ ਹੋ ਰਹੀਆਂ ਹਨ। ਇਕ ਜ਼ਿੰਮੇਵਾਰ ਸਿਆਸੀ ਵਿਰੋਧੀ ਧਿਰ ਵਲੋਂ ਖਾਲੀ ਸਥਾਨ ਭਰਿਆ ਜਾਣਾ ਚਾਹੀਦਾ ਹੈ, ਜੋ ਕਿ ਇਕ ਸ਼ਾਨਦਾਰ ਲੋਕਤੰਤਰ ਦਾ ਆਧਾਰ ਹੋਣਾ ਚਾਹੀਦਾ ਹੈ।

ਨਾ ‘ਸੱਜੇ’, ਨਾ ‘ਖੱਬੇ’ ਦੀ ਸਿਆਸਤ ਹੋਵੇ, ਹੋਵੇ ਤਾਂ ਬਸ ਇਕ ਸੰਤੁਲਿਤ, ਸਾਂਝੀ ਅਤੇ ਮੱਧਮਾਰਗੀ ਹੋਵੇ, ਜੋ ਗੱਲਬਾਤ, ਬਹਿਸ, ਦਲੀਲਪੂਰਨ ਸੁਭਾਅ ਨੂੰ ਪ੍ਰੇਰਿਤ ਕਰੇ। ਲੋਕਾਂ ਦੇ ਮੁੱਦਿਆਂ ਨੂੰ ਉਠਾਉਣ ਵਾਲੀ ਸਿਆਸਤ ਹੋਵੇ, ਨਾਗਰਿਕਤਾ ਨਾਲੋਂ ਜ਼ਿਆਦਾ ਨਾਗਰਿਕ ਨਾਲ ਸਬੰਧਿਤ ਮੁੱਦੇ, ਜਿਵੇਂ ਸਕੂਲ, ਸੜਕ, ਹਸਪਤਾਲ, ਲੋਕ ਉਪਯੋਗਤਾ, ਰਿਹਾਇਸ਼ੀ, ਰੋਜ਼ੀ-ਰੋਟੀ ਅਤੇ ਜੀਵਨ ਦਾ ਪੱਧਰ ਚੁੱਕਣ ਵਾਲੀ ਸਿਆਸਤ ਹੋਵੇ। ਇਸ ਪੱਤਰ ਦੇ ਰਾਹੀਂ ਤੁਹਾਨੂੰ ਜਗਾਉਣ ਦੀ ਕੋਸ਼ਿਸ਼ ਹੈ ਕਿ ਤੁਸੀਂ ਆਪਣੀ ਪਾਰਟੀ ਦੇ ਪੂਰੇ ਦੇਸ਼ ਵਿਚ ਪੁਨਰ ਨਿਰਮਾਣ ਲਈ ਨੌਜਵਾਨਾਂ ਦਾ ਇਕ ਵਾਰ ਮੁੜ ਤੋਂ ਸਵਾਗਤ ਕਰੋ। ਇਸ ਦਾ ਮਤਲਬ ਇਹ ਹੈ ਕਿ ਜੇਕਰ ਫਰਵਰੀ ਵਿਚ ਦਿੱਲੀ ’ਚ ‘ਆਪ’ ਸੱਤਾ ਵਿਚ ਪਰਤੀ ਤਾਂ ਤੁਸੀਂ ਮੁੱਖ ਮੰਤਰੀ ਦਾ ਅਹੁਦਾ ਕਿਸੇ ਯੋਗ ਪਾਰਟੀ ਨੇਤਾ ਨੂੰ ਸੌਂਪ ਕੇ ਭਾਰਤ ਦੇ ਹਰੇਕ ਸੂਬੇ ਵਿਚ ਆਪਣੀ ਪਾਰਟੀ ਦੀ ਇਕ-ਇਕ ਇੱਟ ਨੂੰ ਜੋੜ ਕੇ ਇਸ ਦੀ ਨਵੀਂ ਉਸਾਰੀ ਕਰੋ। ਇਕ ਗੱਲ ਯਾਦ ਰੱਖਿਓ ਕਿ ਇਹ ਮੌਕਾ ਹਥਿਆਉਣ ਦਾ ਸਮਾਂ ਹੈ। ਭਾਜਪਾ ਨੇ 2 ਸੰਸਦ ਮੈਂਬਰਾਂ ਦੇ ਨਾਲ ਆਪਣੀ ਸ਼ੁਰੂਆਤ ਕੀਤੀ ਸੀ ਪਰ ਅੱਜ 36 ਸਾਲਾਂ ਬਾਅਦ ਉਸ ਦੇ ਕੋਲ ਲੋਕ ਸਭਾ ਵਿਚ 303 ਮੈਂਬਰ ਹਨ। ਉਸ ਨੇ ਹਰੇਕ ਚੁਣੌਤੀ ਨੂੰ ਪਾਰ ਕੀਤਾ। ਤੁਸੀਂ ਜੋ ਲੋਕਾਂ ਨਾਲ ਵਾਅਦਾ ਕੀਤਾ ਸੀ, ਉਸ ਨੂੰ ਸਿਰਫ ਦਿੱਲੀ ਵਿਚ ਹੀ ਨਹੀਂ, ਪੂਰੇ ਦੇਸ਼ ਵਿਚ ਨਿਭਾਉਣ ਦਾ ਸਮਾਂ ਆ ਗਿਆ ਹੈ। (ਇਟਾ.)


Bharat Thapa

Content Editor

Related News