ਮਰਜ਼ੀ ਮੈਡਮ ਦੀ ਸਕੂਲ ''ਚ ਚੱਲਦੀ, ਹੈਂਕੜਬਾਜ਼ ਬੜੀ ਕਰਦੀ ਬੇਨਤੀ ਨਹੀਂ ਕਬੂਲ

Sunday, Jul 19, 2015 - 10:40 AM (IST)

 ਮਰਜ਼ੀ ਮੈਡਮ ਦੀ ਸਕੂਲ ''ਚ ਚੱਲਦੀ, ਹੈਂਕੜਬਾਜ਼ ਬੜੀ ਕਰਦੀ ਬੇਨਤੀ ਨਹੀਂ ਕਬੂਲ

ਬੇਸ਼ਕੀਮਤੀ ਧਾਤ ਹੋਣ ਕਰਕੇ ਮਨੁੱਖੀ (ਵਿਸ਼ੇਸ਼ ਕਰਕੇ ਇਸਤਰੀ) ਜੀਵਨ ਵਿਚ ਸੋਨੇ ਦਾ ਇਕ ਅਹਿਮਤਰੀਨ ਸਥਾਨ ਹੈ ਪਰ ਜਦੋਂ ਇਹ ਕੰਨਾਂ ਨੂੰ ਪਾੜ੍ਹਨ ਲੱਗ ਜਾਵੇ ਤਾਂ ਸਿਆਣੇ ਲੋਕ ਇਸ ਦੀ ਵਰਤੋਂ ਤੋਂ ਗੁਰੇਜ਼ ਕਰਨ ਲੱਗ ਪੈਂਦੇ ਹਨ।ਇਸ ਤਰ੍ਹਾਂ ਜੇਕਰ ਕਿਸੇ ਨਿਯਮ ਜਾਂ ਕਾਨੂੰਨ ''ਚੋਂ ਕਲਿਆਣਕਾਰੀ ਅੰਸ਼ ਖਤਮ ਹੋ ਜਾਣ ਤਾਂ ਉਨ੍ਹਾਂ ਦੀ ਵਰਤੋਂ ਵੀ ਬਹੁਤੀ ਲਾਹੇਵੰਦ ਨਹੀਂ ਰਹਿ ਜਾਂਦੀ। ਸਮੇਂ ਦੇ ਨਾਲ-ਨਾਲ ਪ੍ਰਚਲਿਤ ਕਾਨੂੰਨਾਂ ਜਾਂ ਨਿਯਮਾਂ ''ਚ ਲੋੜੀਂਦੀਆਂ ਸੋਧਾਂ ਹੁੰਦੀਆਂ ਰਹਿਣੀਆਂ ਚਾਹੀਦੀਆਂ ਹਨ ਨਹੀਂ ਤਾਂ ਕਈ ਹੈਂਕੜਬਾਜ਼ ਅਧਿਕਾਰੀ ਇਨ੍ਹਾਂ ਦਾ ਓਟ-ਆਸਰਾ ਲੈ ''ਚੰਮ ਦੀਆਂ ਵੀ ਚਲਾਉਣ ਲੱਗ ਪੈਂਦੇ ਹਨ।ਕਾਨੂੰਨ ਦੀ ਕਿਤਾਬੀ ਵਿਆਖਿਆ ਨੂੰ ਤਰਜ਼ੀਹ ਦੇਣ ਵਾਲੇ ਇਹ ਅਧਿਕਾਰੀ/ਕਰਮਚਾਰੀ ''ਲਕੀਰ ਦੇ ਫਕੀਰ'' ਬਣ ਕੇ ਕਈ ਵਾਰ ਇਨਸਾਨੀ ਕਦਰਾਂ ਨੂੰ ਵੀ ਅਣਡਿੱਠ ਕਰ ਦਿੰਦੇ ਹਨ।ਇਸ ਤਰ੍ਹਾਂ ਦਾ ਹੀ ਇਕ ਕੌੜਾ ਅਤੇ ਬੇਤਰਸੀਲਾ ਵਰਤਾਰਾ ਬੀਤੇ ਦਿਨੀਂ ਮੇਰੇ ਨਾਲ ਵੀ ਵਾਪਰਿਆ ਹੈ।    ਮਹਾਨਗਰ ''ਚ ਗੁਣੀ-ਗਿਆਨੀ ਬੱਚਿਆਂ ਲਈ ਖੋਲ੍ਹੇ ਗਏ ਨਵੀਨ ਮਹਾਂਦਰੇ ਵਾਲੇ ਰਿਹਾਇਸ਼ੀ ਸਕੂਲ ''ਚ ਮੇਰਾ ਵੱਡਾ ਫਰਜੰਦ ਬਾਰਵੀਂ (ਮੈਡੀਕਲ) ਦੀ ਪੜ੍ਹਾਈ ਕਰ ਰਿਹਾ ਹੈ। ਇਥੇ ਸਖਤ ਗਰਮੀ ਤੋਂ ਬੱਚਣ ਦੇ ਆਧੁਨਿਕ ਉਪਰਾਲੇ ਨਾ ਹੋਣ ਕਰਕੇ ਉਹ ਇਕ ਗੰਭੀਰ ਚਮੜੀ ਰੋਗ ਦੀ ਗ੍ਰਿਫਤ ''ਚ ਆ ਗਿਆ। ਇਸ ਗਲ ਦਾ ਉਦੋਂ ਪਤਾ ਤਾਂ ਲੱਗਿਆ ਜਦੋਂ ਉਹ ਗਰਮੀ ਦੀਆਂ ਛੁੱਟੀਆਂ ''ਚ ਘਰ ਰਹਿਣ ਲਈ ਆਇਆ। ਉਸ ਦੀ ਜਿਸਮਾਨੀ ਹਾਲਤ ਨੂੰ ਦੇਖ ਕੇ ਪਰਿਵਾਰ (ਵਿਸ਼ੇਸ਼ ਕਰਕੇ ਉਸ ਦੀ ਮਾਂ ਦੀ) ਦੀ ਚਿੰਤਾ ਵਧਣ ਲੱਗ ਪਈ। ਇਸ ਵਧੀ ਹੋਈ ਚਿੰਤਾ ਕਾਰਨ ਅਸੀਂ ਉਸ ਨੂੰ ਮਾਹਿਰ ਡਾਕਟਰ ਕੋਲ ਲੈ ਗਏ। ਡਾਕਟਰ ਸਾਹਿਬ ਵਲੋਂ ਉਸ ਦੀ ਤਸਖੀਸ਼ ਕਰਕੇ ਕੁਝ ਜ਼ਰੂਰੀ ਟੈਸਟ ਅਤੇ ਦਵਾਈਆਂ ਤਜਵੀਜ਼ ਕਰ ਦਿੱਤੀਆਂ ਗਈਆਂ। ਡਾਕਟਰੀ ਟੈਸਟ ਭਾਵੇਂ ਖਤਰੇ ਤੋਂ ਖਾਲੀ ਸਨ ਪਰ ਬੀਮਾਰੀ ਨਾਲ ਲੜਨ ਲਈ ਦਵਾਈ ਅਤੇ ਵਿਸ਼ੇਸ਼ ਉਪਚਾਰਿਕ ਢੰਗ-ਤਰੀਕਿਆਂ ਦੀ ਲੋੜ ਸੀ। 
ਡਾਕਟਰੀ ਮਸ਼ਵਰੇ ਨੂੰ ਮੰਨ ਕੇ ਉਹ ਸਾਰਾ ਕੁਝ ਕੀਤਾ ਗਿਆ ਜੋ ਲੋੜੀਂਦਾ ਸੀ ਪਰ ਥੋੜ੍ਹਚਿਰੀਆਂ ਛੁੱਟੀਆਂ ਹੋਣ ਕਰਕੇ ਇਲਾਜ ਸੰਪੂਰਨ ਨਹੀਂ ਹੋ ਸਕਿਆ।ਆਪਣੇ ਘਰ-ਪਰਿਵਾਰ ਤੋਂ ਬਾਹਰ ਜਾਣ ਅਤੇ ਆਪਣੀਆਂ ਵਿਦਿਅਕ ਗਤੀਵਿਧੀਆਂ ''ਚ ਸਰਗਰਮ ਹੋ ਜਾਣ ਕਾਰਨ ਬੇਟਾ ਆਪਣੀ ਸਿਹਤ ਦਾ ਪੂਰੀ ਤਰ੍ਹਾਂ ਖਿਆਲ ਨਹੀਂ ਰੱਖ ਸਕਿਆ ਅਤੇ ਬੀਮਾਰੀ ਆਪਣਾ ਮੁੜ ਰੰਗ ਦਿਖਾਉਣ ਲੱਗੀ। ਇਕ ਦਿਨ ਜਦੋਂ ਉਸ ਦੀ ਮਾਂ ਨੇ ਉਸ ਦਾ ਹਾਲ-ਚਾਲ ਜਾਣਨ ਲਈ ਉਸ ਨੂੰ ਫੋਨ ਕੀਤਾ ਉਸ ਨੇ ਆਪਣੀ ਬੀਮਾਰੀ ਬਾਰੇ ਸਾਰਾ ਕੁਝ ਵਿਸਥਾਰਪੂਰਵਕ ਦੱਸ ਦਿੱਤਾ। ਪਤਨੀ ਕੋਲੋਂ ਸਾਰੀ ਦੁਖਦਾਈ ਕਹਾਣੀ ਸੁਣ ਕੇ ਮੇਰੇ ਕੋਲੋਂ ਰਹਿ ਨਾ ਹੋ ਸਕਿਆ ਅਤੇ ਮੈਂ ਉਸ ਦੇ ਸਕੂਲ ਪਹੁੰਚ ਗਿਆ। ਜਦੋਂ ਮੈਂ ਉਸ ਦੀ ਜਮਾਤ ਇੰਚਾਰਜ ਮੈਡਮ ਨੂੰ ਮਿਲ ਕੇ ਉਸ ਨੂੰ ਘਰ ਲੈ ਜਾਣ ਦੀ ਬੇਨਤੀ ਕੀਤੀ ਤਾਂ ਮੈਡਮ ਪੈਰਾਂ ''ਤੇ ਪਾਣੀ ਨਹੀਂ ਸੀ ਪੈਣ ਦੇ ਰਹੀ। ਮੈਡਮ ਦੀ ਦਲੀਲ ਸੀ ਕਿ ਪਹਿਲਾਂ ਹੀ ਦੋ ਵਿਦਿਆਰਥੀ ਛੁੱਟੀ ਲੈ ਕੇ ਘਰ ਜਾ ਚੁੱਕੇ ਹਨ ਇਸ ਲਈ ਹੁਣ ਕਿਸੇ ਹੋਰ ਵਿਦਿਆਰਥੀ ਨੂੰ ਘਰ ਨਹੀਂ ਭੇਜਿਆ ਜਾ ਸਕਦਾ। ਹਾਂ! ਜੇਕਰ ਇਹ ਪਹਿਲਾਂ ਆ ਜਾਂਦਾ ਤਾਂ ਮੈਂ ਇਸ ਨੂੰ ਭੇਜ ਦਿੰਦੀ। ਮੈਨੂੰ ਇੰਚਾਰਜ ਮੈਡਮ ਦੀ ਇਹ ਦਲੀਲ ਬੜੀ ਹਾਸੋਹੀਣੀ ਅਤੇ ਬੇਤਰਕੀ ਲੱਗੀ। ਮਸਲਾ ਪਹਿਲ-ਦੂਜ ਦਾ ਨਾ ਹੋ ਕੇ ਬੱਚੇ ਦੀ ਬੀਮਾਰੀ ਦਾ ਸੀ ਪਰ ਮੈਡਮ ਕਾਨੂੰਨ ਦੀ ਕੜੀ ਘੋਲੀ ਜਾ ਰਹੀ ਸੀ। ਵਾਰ-ਵਾਰ ਵਾਸਤੇ ਪਾਉਣ ''ਤੇ ਮੈਡਮ ਦਾ ਰਵੱਈਆ ਕੁਝ ਨਰਮ ਹੋ ਗਿਆ ਅਤੇ ਔਖੇ-ਸੌਖੇ ਹੋ ਕਿ ਉਸ ਨੇ ਬੇਟੇ ਨੂੰ ਘਰ ਜਾਣ ਦੀ ਆਗਿਆ ਦੇ ਦਿੱਤੀ। ਇਸ ਕੰਮ ਦੀ ਲਿਖਤੀ ਪ੍ਰਵਾਨਗੀ ਲਈ ਮੈਨੂੰ ਦੋ ਅਰਜ਼ੀਆਂ (ਇਕ ਮੈਡਮ ਲਈ ਅਤੇ ਇਕ ਹੋਸਟਲ ਵਾਰਡਨ) ਲਈ ਲਿਖਣ ਲਈ ਕਿਹਾ ਗਿਆ।ਦੋਵੇਂ ਅਰਜ਼ੀਆਂ ਦੇ ਕੇ ਮੈਂ ਘਰ ਆ ਗਿਆ। ਘਰ ਪਹੁੰਚਿਆਂ ਨੂੰ ਅਜੇ ਅੱਧਾ ਕੁ ਘੰਟਾ ਹੀ ਹੋਇਆ ਸੀ ਕਿ ਸਕੂਲ ਦੇ ਇਕ ਚੌਂਕੀਦਾਰ ਦਾ ਫੋਨ ਆ ਗਿਆ।ਚੌਕੀਂਦਾਰ ਫੋਨ ''ਤੇ ਕਹਿ ਰਿਹਾ ਸੀ ਕਿ ਵਾਰਡਨ ਸਾਹਿਬ ਤੁਹਾਡੇ ਨਾਲ ਬਹੁਤ ਨਰਾਜ਼ ਹਨ, ਤੁਸੀਂ ਉਨ੍ਹਾਂ ਨੂੰ ਦੱਸ ਕੇ ਕਿਉਂ ਨਹੀਂ ਗਏ, ਉਹ ਕਹਿ ਰਹੇ ਹਨ ਕਿ ''ਮੈਂ ਮੁੜ ਕੇ ਉਸ (ਬੇਟੇ) ਨੂੰ ਹੋਸਟਲ ''ਚ ਦਾਖਲ ਨਹੀਂ ਹੋਣ ਦੇਣਾ। ਤੁਸੀਂ ਵਾਪਸ ਹੋਸਟਲ ਆਉ ਅਤੇ ਵਾਰਡਨ ਸਾਹਿਬ ਨਾਲ ਗੱਲ ਕਰੋ। ਚੌਂਕੀਦਾਰ ਦਾ ਫੋਨ ਸੁਣ ਕੇ ਮੈਂ ਬਹੁਤ ਹੈਰਾਨ-ਪ੍ਰੇਸ਼ਾਨ ਹੋ ਗਿਆ। ਆਪਣੀ ਸਫਾਈ ਦਿੰਦਿਆਂ ਮੈਂ ਚੌਕੀਦਾਰ ਨੂੰ ਕਿਹਾ ਕਿ ਮੈਂ ਤਾਂ ਸਭ ਤੋਂ ਪਹਿਲੀ ਅਰਜ਼ੀ (ਸਕੂਲ ਚਪੜਾਸੀ ਦੇ ਰਾਹੀਂ) ਭੇਜੀ ਹੀ ਵਾਰਡਨ ਸਾਹਿਬ ਨੂੰ ਸੀ ਅਤੇ ਉਸ (ਚਪੜਾਸੀ) ਨੇ ਮੇਰੇ ਸਾਹਮਣੇ ਦਿੱਤੀ ਵੀ ਸੀ, ਫਿਰ ਵਾਰਡਨ ਸਾਹਿਬ ਕਿਹੜੀ ਗੱਲੋਂ ਨਰਾਜ਼ ਹਨ, ਗੱਲ ਸਮਝ ਤੋਂ ਬਾਹਰ ਹੈ। ਚੌਕੀਦਾਰ ਕਹਿਣ ਲੱਗਾ ''ਪਤਾ ਨਹੀਂ ਜੀ ਤੁਸੀਂ ਆਪ ਆ ਕੇ ਗੱਲ ਕਰ ਲਉ। ਇਨ੍ਹਾਂ ਕਹਿ ਕੇ ਉਸ ਨੇ ਫੋਨ ਕੱਟ ਦਿੱਤਾ। ਵਾਰਡਨ ਸਾਹਿਬ ਦੇ ਇਸ ਆਪਹੁਦਰੇਪਣ ਨੂੰ ਲੈ ਕੇ ਮੈਂ ਸੋਚਿਆ ਜੇਕਰ ਅਸੀਂ ਸਥਾਨਕ ਨਾ ਹੋ ਕਿ ਕਿਸੇ ਦੂਰ-ਦਰਾਡੇ ਪਿੰਡ, ਕਸਬੇ ਜਾਂ ਸ਼ਹਿਰ ਦੇ ਵਸਨੀਕ ਹੁੰਦੇ ਤਾਂ ਇਹ ਵਾਪਸੀ ਸਾਨੂੰ ਕਿਸ ਭਾਅ ਪੈਂਦੀ।ਆਉਣ ਵਾਲੇ ਕਿਸੇ ਕਲੇਸ਼ ਤੋਂ ਬਚਣ ਹਿੱਤ ਮੈਂ ਬੇਟੇ ਅਤੇ ਉਸ ਦੀ ਮਾਂ ਨੂੰ ਮੁੜ ਸਕੂਲ ਨੂੰ ਭੇਜ ਦਿੱਤਾ। ਇਕ ਘੰਟੇ ਬਾਅਦ ਜਦੋਂ ਉਹ ਘਰ ਵਾਪਸ ਆਏ ਤਾਂ ''ਉਨ੍ਹਾਂ ਦੱਸਿਆ ਕਿ ਮਾਮੂਲੀ ਜਿਹੀ ਇਕ ਰਸਮੀ ਪਰ ਗੈਰਜ਼ਰੂਰੀ ਕਾਰਵਾਈ ਸੀ, ਜਿਸ ਨੂੰ ਲੈ ਕਿ ਵਾਰਡਨ ਨੇ ਸਾਨੂੰ ਗਧੀ-ਗੇੜ ''ਚ ਪਾਇਆ ਹੋਇਆ ਸੀ। ਅਗਲੇ ਦਿਨ ਆਪਣੇ ਬੇਟੇ ਨੂੰ ਨਾਲ ਲੈ ਕੇ ਮੈਂ ਮਹਾਨਗਰ ਦੇ ਇਕ ਨਾਮੀ ਹਸਪਤਾਲ ''ਚ ਚਲਾ ਗਿਆ। ਮਾਹਿਰ ਡਾਕਟਰ ਵਲੋਂ ਉਸ ਦੀ ਜਾਂਚ ਕਰਕੇ ਉਸ ਦੇ ਰੋਗ ਨਾਲ ਸੰਬੰਧਤ ਕੁਝ ਦਵਾਈਆਂ ਲਿਖ ਦਿੱਤੀਆਂ ਗਈਆਂ। ਇਨ੍ਹਾਂ ਦਵਾਈਆਂ ''ਚ ਖਾਣ ਦੇ ਨਾਲ-ਨਾਲ ਕੁਝ ਬਾਹਰੀ ਵਰਤੋਂ ਦੀਆਂ ਦਵਾਈਆਂ ਵੀ ਸਨ, ਜਿਨ੍ਹਾਂ ਦੀ ਵਰਤੋਂ ਸਵੇਰੇ-ਸ਼ਾਮ ਬਾਕਾਇਦਇਗੀ ਨਾਲ ਕਰਨੀ ਪੈਣੀ ਸੀ। ਬਾਹਰੀ ਦਵਾਈਆਂ ਦਾ ਇਹ ਪ੍ਰਯੋਗ ਇਸ ਤਰ੍ਹਾਂ ਦਾ ਸੀ ਕਿ ਇਸ ''ਚ ਕਿਸੇ ਵਿਸ਼ੇਸ਼ ਸਹਾਇਕ ਦੀ ਲੋੜ ਪੈਂਦੀ ਸੀ। ਜਦ (ਦੋ ਦਿਨ) ਤੱਕ ਉਸ ਦੀ ਛੁੱਟੀ ਰਹੀ ਉਸ ਦੀ ਇਸ ਲੋੜ ਦਾ ਪੂਰਾ ਖਿਆਲ ਰੱਖਿਆ ਗਿਆ ਪਰ ਡਾਕਟਰ ਸਾਹਿਬ ਵੱਲੋਂ ਦਵਾਈਆਂ ਇਸ ਪ੍ਰਯੋਗ ਦਾ ਸਮਾਂ ਤਿੰਨ ਹਫਤੇ ਤੱਕ ਦੱਸਿਆ ਗਿਆ ਸੀ। ਹੁਣ ਦਵਾਈ ਦੇ ਨਾਲ-ਨਾਲ ਬੇਟੇ ਦੀ ਪੜ੍ਹਾਈ ਦੀ ਚਿੰਤਾ ਵੀ ਸਤਾਉਣ ਲੱਗੀ।ਇਸ ਚਿੰਤਾ ਨੂੰ ਘਟਾਉਣ ਲਈ ਇਹ ਵਿਉਂਤਬੰਦੀ ਕੀਤੀ ਗਈ ਕਿ ਸਕੂਲ ਪ੍ਰਬੰਧਕਾਂ (ਪ੍ਰਿੰਸੀਪਲ,ਇੰਚਾਰਜ ਅਧਿਆਪਕ ਅਤੇ ਵਾਰਡਨ ਸਾਹਿਬ) ਨੂੰ ਬੇਨਤੀ ਕਰਕੇ ਬੇਟੇ ਨੂੰ ਕੁਝ ਕੁ ਦਿਨਾਂ ਲਈ ''ਡੇ ਸਕਾਲਰ'' (ਰੋਜ਼ਾਨਾ ਆਉਣ-ਜਾਣ ਵਾਲਾ ਵਿਦਿਅਰਥੀ) ਬਣਾ ਲਿਆ ਜਾਵੇ। ਇਸ ਤਰ੍ਹ੍ਹਾਂ ਕਰਕੇ ਜਿੱਥੇ ਉਸ ਦੇ ਦਵਾਈ ਦੇ ਸਮੇਂ ਦੀ ਸਹੀ ਵਰਤੋਂ ਹੋ ਸਕਦੀ ਸੀ, ਉਥੇ ਪੜ੍ਹਾਈ ਦੇ ਸਮੇਂ ਦਾ ਵੀ ਸਦਉਪਯੋਗ ਕੀਤਾ ਜਾ ਸਕਦਾ ਸੀ।ਇਸ ਵਿਉਂਤਬੰਦੀ ਨੂੰ ਅਮਲ ''ਚ ਲਿਆਉਣ ਲਈ ਮੈਨੂੰ ਪ੍ਰਬੰਧਕੀ ਸਹਿਯੋਗ ਦੀ ਪੂਰਨ ਆਸ ਸੀ। ਆਪਣੀ ਇਸ ਆਸ ਨੂੰ ਪੱਠੇ ਪਾਉਣ ਲਈ ਮੈਂ ਇਕ ਦਰਖਾਸਤ ਲਿਖੀ ਅਤੇ ਸਕੂਲ ਨੂੰ ਚਾਲੇ ਪਾ ਦਿੱਤੇ। 
ਸਭ ਤੋਂ ਪਹਿਲਾਂ ਮੈਂ ਵਾਰਡਨ ਸਾਹਿਬ ਨੂੰ ਜਾ ਕੇ ਮਿਲਿਆ ਕਿਉਂਕਿ ਵਿਦਿਆਰਥੀ ਦਾ ਰਾਤਰੀ ਦਾ ਸਮਾਂ ਉਨ੍ਹਾਂ ਦੇ ਅਧਿਕਾਰ ਖੇਤਰ ''ਚ ਹੀ ਹੁੰਦਾ ਹੈ।ਉਨ੍ਹਾਂ ਨੂੰ ਮੈਂ ਆਪਣੀ ਸਾਰੀ ਵਿੱਥਿਆ ਕਹਿ ਸੁਣਾਈ। ਉਨ੍ਹਾਂ ਨੇ ਕਿਹਾ ਕਿ ਇਹ ਮੇਰੇ ਵੱਸੋਂ ਬਾਹਰੀ ਕੰਮ ਹੈ, ਤੁਸੀਂ ਇਸ ਵਿਸ਼ੇਸ਼ ਛੋਟ ਲਈ ਪ੍ਰਿੰਸੀਪਲ ਸਾਹਿਬ ਨਾਲ ਗੱਲ ਕਰਕੇ ਦੇਖ ਲਵੋ। ਵਾਰਡਨ ਵੱਲੋਂ ਜਵਾਬ ਮਿਲਣ ''ਤੇ ਮੈਂ ਪ੍ਰਿੰਸੀਪਲ ਸਾਹਿਬ ਦੇ ਦਫਤਰ ਵੱਲ ਤੁਰ ਪਿਆ। ਇਥੋਂ ਦੇ ਸੁਰੱਖਿਆ ਕਰਮਚਾਰੀ ਬਹੁਤ ਕੁਝ ਜਾਣਦੇ ਹੋਏ ਵੀ ਕਈ ਵਾਰ ਬੇਲੋੜੇ ਸਵਾਲਾਂ ਦੀ ਝੜੀ ਲਗਾ ਦਿੰਦੇ ਹਨ ਅਤੇ ਮਾਪਿਆਂ ਦੇ ਮਿਲਾਪ ''ਚ ਅੜਿਕਾ ਸਿੰਘ ਬਣ ਜਾਂਦੇ ਹਨ। ਮੇਰੇ ਨਾਲ ਵੀ ਉਨ੍ਹਾਂ ਨੇ ਇਸ ਤਰ੍ਹਾਂ ਹੀ ਕੀਤਾ। ਪ੍ਰਿੰਸੀਪਲ ਨੂੰ ਮਿਲਾਉਣ ਦੀ ਬਜਾਏ ਉਨ੍ਹਾਂ ਨੇ ਮੇਰੀ ਦਰਖਾਸਤ ਇੰਚਾਰਜ ਮੈਡਮ ਨੂੰ ਦੇ ਦਿੱਤੀ ਜਿਹੜੀ ਕੰਮ ਦੀ ਗੱਲ ਘੱਟ ਅਤੇ ਇਧਰ-ਉਧਰ ਦੀਆਂ ਵਧੇਰੇ ਮਾਰਦੀ ਸੀ। ਅਖ਼ੀਰ ਉਸ ਨੇ ਕਿਹਾ ਕਿ ਮੈਂ ਸਰ (ਪ੍ਰਿੰਸੀਪਲ) ਨਾਲ ਗੱਲ ਕਰਕੇ ਦੇਖ ਲੈਂਦੀ ਹਾਂ।ਇਸ ਵਰਤਾਰੇ ਦਾ ਇਕ ਅਫਸੋਸਨਾਕ ਪੱਖ ਇਹ ਵੀ ਰਿਹਾ ਕਿ ਪ੍ਰਿੰਸੀਪਲ ਸਾਹਿਬ ਦੀ ਸੰਸਥਾ ''ਚ ਮੌਜੂਦ ਹੋਣ ਦੇ ਬਾਵਜ਼ੂਦ ਵੀ ਮੈਨੂੰ ਉਨ੍ਹਾਂ ਤੱਕ ਨਹੀਂ ਜਾਣ ਦਿੱਤਾ ਗਿਆ। ਕੁਝ ਸਮੇਂ ਬਾਅਦ ਇੰਚਾਰਜ ਮੈਡਮ ਨੇ ਆਪ ਹੀ ਫੈਸਲਾ ਸੁਣਾ ਦਿੱਤਾ ਕਿ ਅਜਿਹਾ ਨਹੀਂ ਹੋ ਸਕਦਾ। ਡਾਕਟਰੀ ਦੀ ਪੜ੍ਹਾਈ ਦਾ ਤਾਲਿਬਇਲਮ ਹੋਣ ਕਰਕੇ ਮੈਂ ਇੰਚਾਰਜ ਮੈਡਮ ਨੂੰ ਬੇਟੇ ਦੀ ਪੜ੍ਹਾਈ ਦਾ ਵਾਸਤਾ ਪਾਇਆ ਪਰ ਉਹ ਪ੍ਰਿੰਸੀਪਲ ਦੇ ਹਵਾਲੇ ਨਾਲ ਮਨੁੱਖੀ ਹਿੱਤਾਂ ਨਾਲੋਂ ਕਾਨੂੰਨੀ ਹਿੱਤਾਂ ਨੂੰ ਵਧੇਰੇ ਪਿਆਰ ਰਹੀ ਸੀ। ਆਪਣੇ ਵਿਦਿਆਰਥੀ ਦੀ ਸਿਹਤਯਾਬੀ/ਤੰਦਰੁਸਤੀ ਉਸ ਮੈਡਮ ਲਈ ਕੋਈ ਵਡੇਰੇ ਅਰਥ ਨਹੀਂ ਸੀ ਰੱਖਦੀ।ਆਖੀਰ ਮੈਡਮ ਨੇ ਪ੍ਰਤੱਖ ਰੂਪ ''ਚ ਅਤੇ ਪ੍ਰਿੰਸੀਪਲ ਨੇ ਲੁਕਵੇਂ ਰੂਪ ''ਚ ਆਪਣੀ ਮਰਜ਼ੀ ਪੁਗਾ ਕੇ ਹੀ ਛੱਡੀ ਜਿਸ ਦੀ ਵਜ੍ਹਾ ਨਾਲ ਸਾਡਾ ਕਾਕਾ ਬੱਲੀ ਆਪਣੀ ਪੜ੍ਹਾਈ ਅਤੇ ਦਵਾਈ ''ਚ ਸਮਾਨਤਾ ਨਾ ਬਣਾ ਸਕਿਆ।


ਰਮੇਸ਼ ਬੱਗਾ ਚੋਹਲਾ    


Related News