ਅਜਿਹੇ ਨਿਕਲਦੇ ਹਨ ਨਫਰਤ ਦੇ ਨਤੀਜੇ...

Tuesday, Jul 14, 2015 - 06:35 PM (IST)

 ਅਜਿਹੇ ਨਿਕਲਦੇ ਹਨ ਨਫਰਤ ਦੇ ਨਤੀਜੇ...

ਮੁਹੱਬਤ ਅਤੇ ਨਫਰਤ ਮਨੁੱਖੀ ਜੀਵਨ ਦੀ ਤਸਵੀਰ ਦੇ ਦੋ ਮਹੱਤਵਪੂਰਨ ਪਹਿਲੂ ਹਨ। ਕਹਿੰਦੇ ਨੇ ਨਫਰਤ ਨੂੰ ਮੁਹੱਬਤ ਨਾਲ ਹੀ ਦੂਰ ਕੀਤਾ ਜਾ ਸਕਦਾ ਹੈ। ਮੁਹੱਬਤ ਮਨੁੱਖੀ ਜੀਵਨ ਨੂੰ ਖੁਸ਼ੀਆਂ ਖੇੜਿਆ, ਖੁਆਇਸ਼ਾਂ, ਉਮੰਗਾਂ ਨਾਲ ਭਰੀ ਰੱਖਦੀ ਹੈ। ਜ਼ਿੰਦਗੀ ਖਿੜ੍ਹੀ ਰਹਿੰਦੀ ਹੈ ਮੁਹੱਬਤ ਜ਼ਿੰਦਗੀ ਵਿਚ ਗਮਾਂ ਦੁੱਖਾਂ ਦਾ ਅਹਿਸਾਸ ਨਹੀਂ ਹੋਣ ਦਿੰਦੀ। ਦੂਜੇ ਪਾਸੇ ਨਫਰਤ ਜੀਵਨ ਦੇ ਦਾਇਰੇ ਨੂੰ ਸੀਮਤ ਕਰ ਦਿੰਦੀ ਹੈ। ਜਿਸ ਵਿਅਕਤੀ ਦੇ ਵਿਚ ਕਿਸੇ ਦੇ ਪ੍ਰਤੀ ਨਫਰਤ ਦੇ ਭਾਵ ਪੈਦਾ ਹੋ ਜਾਂਦੇ ਹਨ ਉਹ ਆਪਣੀ ਨਫਰਤ ਨਾਲ ਆਪਣੇ ਆਪ ਨੂੰ ਸਾੜ੍ਹਦਾ ਰਹਿੰਦਾ ਹੈ ਅਤੇ ਥੋੜ੍ਹਾ ਸਵੈਮਾਣ ਰੱਖਣ ਵਾਲੇ ਦੀ ਆਤਮਾ ਨੂੰ ਦੁਖੀ ਕਰਦਾ ਹੈ।  ਕਿਸੇ ਦੇ ਪ੍ਰਤੀ ਨਫਰਤ ਪੈਦਾ ਹੋਣ ਦਾ ਕਾਰਨ ਸ਼ੱਕ,ਗਲਤਫਹਿਮੀਆਂ, ਕੁਝ ਵਿਸ਼ੇਸ਼ ਹਾਲਤਾਂ ਵਿਚ ਅੱਖੀਂ ਦੇਖੀ ਸਚਾਈ ਹੋ ਸਕਦੀ ਹੈ। ਅਟੱਲ ਸਚਾਈ ਨੂੰ ਛੱਡ ਕੇ ਸ਼ੱਕ ਤੇ ਗਲਤਫਹਿਮੀ ਦੇ ਅਧਾਰ ਤੇ ਪੈਦਾ ਹੋਈ ਨਫਰਤ ਅੰਤਰ ਆਤਮਾ ਨੂੰ ਝੰਜੋੜਦੀ ਹੈ। ਕਹਿੰਦੇ ਨੇ ਦੋਸਤਾਂ ਮਿੱਤਰਾਂ ਦੇ ਵਿਵਹਾਰ ਵਿਚ ਨਫਰਤ ਕਾਰਨ ਆਈ ਤਬਦੀਲੀ ਜ਼ਿੰਦਗੀ ਭਰ ਦੀ ਪੀੜ੍ਹ ਦੇ ਜਾਂਦੀ ਹੈ। ਨਫਰਤ ਦੇ ਭਾਵ ਮਨੁੱਖੀ ਜ਼ਿੰਦਗੀ ਦੇ ਹਰ ਰਿਸ਼ਤੇ ਵਿਚ ਪੈਦਾ ਹੋ ਸਕਦੇ ਹਨ। ਕੋਈ ਗੁੱਸਾ ਗਿਲਾ ਨਹੀਂ ਹੁੰਦਾ ਉਮਰਾਂ ਦੇ ਪੰਧ ਤੇ ਆਪਸ ਵਿਚ ਵੱਡੇ ਫਰਕ ਪੈ ਜਾਂਦੇ ਹਨ। ਉਸ ਵੇਲੇ ਇਹ ਸਥਿਤੀ ਹੋਰ ਵੀ ਸਿਤਮ ਵਰਗੀ ਹੋ ਜਾਂਦੀ ਹੈ ਜਦ ਕੋਈ ਰੂਹ ਦੇ ਨੇੜ੍ਹੇ ਵੱਸਣ ਵਾਲਾ ਨਫਰਤ ਕਰਨ ਲੱਗ ਪਵੇ। ਉਹ ਨਫਰਤ ਕਰਦਾ ਹੋਇਆ ਕਦੇ ਗੱਲਾ ਕਰਦਾ ਨਾਂ ਥੱਕਦਾ ਹੋਇਆ ਬਿਨਾਂ ਬੁਲਾਏ ਹੀ ਕੋਲੋਂ ਲੰਘਣ ਲੱਗ ਪਵੇ। ਉਸ ਦੇ ਬੋਲ ਬੇਗਾਨਿਆਂ ਵਰਗੇ ਹੋ ਜਾਣ ਅਤੇ ਉਸ ਦੇ ਹਾਸੇ ਨਿਰਾਸ਼ਾ ਵਿਚ ਬਦਲ ਜਾਣ। ਅਜਿਹੇ ਰਿਸ਼ਤੇ ਆਮ ਕਰਕੇ ਬੇਨਾਮ ਜਾਂ ਗੁੰਮਨਾਮ ਜਿਹੇ ਹੁੰਦੇ ਹਨ ।
ਅਜਿਹੀ ਨਫਰਤ ਕਾਰਨ ਪੈਦਾ ਹੋਏ ਦੁੱਖਾਂ ਦਾ ਅਹਿਸਾਸ ਉਸ ਮਨੁੱਖ ਦੀ ਆਤਮਾ ਨੂੰ ਹੁੰਦਾ ਹੈ, ਜਿਸ ਨੇ ਇਹ ਦਰਦ ਆਪਣੇ ਉੱਤੇ ਹੰਢਾਇਆ ਹੁੰਦਾ ਹੈ। ਅਜਿਹੇ ਬੇਨਾਮ ਰਿਸ਼ਤਿਆਂ ਦੁਆਰਾ ਕੀਤੀ ਨਫਰਤ ਕਾਰਨ ਪੈਦਾ ਹੋਈ ਸਥਿਤੀ ਨੂੰ ਜ਼ਰਨਾ ਕੋਈ ਸੌਖਾ ਨਹੀਂ ਹੁੰਦਾ। ਇਹ ਸਥਿਤੀ ਅਜਿਹੇ ਹਾਦਸੇ ਦੇ ਸਮਾਨ ਹੁੰਦੀ ਹੈ, ਜਿਸ ਵਿਚ ਮਨੁੱਖ ਬਚ ਤਾਂ ਜਾਂਦੇ ਹਨ ਪਰ ਜ਼ਿੰਦਾ ਨਹੀਂ ਰਹਿੰਦੇ ਅਤੇ ਨਫਰਤ ਦੀਆਂ ਪੀੜ੍ਹਾਂ ਨੂੰ ਝੱਲਣਾ ਉਸ ਦੀ ਮਜਬੂਰੀ ਬਣ ਜਾਦੀ ਹੈ। ਕਈ ਵਾਰ ਸਮੇਂ ਦੇ ਨਾਲ ਗਲਤਫਹਿਮੀਆਂ ਦੂਰ ਹੋਣ ਕਰਕੇ ਨਫਰਤ ਕਾਰਨ ਵਧੀਆਂ ਦੂਰੀਆਂ ਘੱਟ ਵੀ ਜਾਂਦੀਆਂ ਹਨ ਪਰ ਉਹ ਸਮਾਂ ਮੁੜ ਕੇ ਵਾਪਿਸ ਨਹੀਂ ਆਉਂਦਾ ਜਿਹੜਾ ਡੂੰਘੀ ਮਾਨਸਿਕ ਪੀੜ੍ਹਾ ਵਿਚ ਗੁਜ਼ਰਿਆ ਹੁੰਦਾ ਹੈ ।ਉਹ ਵਿਅਕਤੀ ਮਹਾਨ ਅਤੇ ਦਰਿਆ ਦਿਲ ਹੁੰਦੇ ਹਨ ਹੋ ਨਫਰਤ ਨੂੰ ਮੁਹੱਬਤ ਵਿਚ ਬਦਲਣਾ ਜਾਣਦੇ ਹਨ ।

ਪ੍ਰੋ. ਹਰਜਿੰਦਰ ਭੋਤਨਾ 


Related News