ਜੇਕਰ ਮੈਂ ਕਮਿਸ਼ਨਰ ਹੁੰਦਾ ਤਾਂ ਅਨੁਰਾਗ ਠਾਕੁਰ, ਪ੍ਰਵੇਸ਼ ਵਰਮਾ ਅਤੇ ਕਪਿਲ ਮਿਸ਼ਰਾ ਨੂੰ ਕਰਦਾ ਗ੍ਰਿਫਤਾਰ

03/01/2020 1:42:32 AM

ਕਰਨ ਥਾਪਰ

ਜੇਕਰ ਮੈਂ ਕਮਿਸ਼ਨਰ ਹੁੰਦਾ ਤਾਂ ਤੁਰੰਤ ਹੀ ਅਨੁਰਾਗ ਠਾਕੁਰ, ਪ੍ਰਵੇਸ਼ ਵਰਮਾ ਅਤੇ ਕਪਿਲ ਮਿਸ਼ਰਾ ਨੂੰ ਗ੍ਰਿਫਤਾਰ ਕਰ ਲੈਂਦਾ। ਦਿੱਲੀ ਪੁਲਸ ਫਿਰਕੂ ਬਣ ਚੁੱਕੀ ਹੈ ਅਤੇ ਇਹ ਸਰਕਾਰ ਦੇ ਦਿਸ਼ਾ-ਨਿਰਦੇਸ਼ਾਂ ਅਧੀਨ ਕੰਮ ਕਰ ਰਹੀ ਹੈ। ਇਹ ਕਹਿਣਾ ਹੈ ਦਿੱਲੀ ਪੁਲਸ ਦੇ ਸਾਬਕਾ ਕਮਿਸ਼ਨਰ ਅਤੇ ਬੀ. ਐੱਸ. ਐੱਫ. ਦੇ ਸਾਬਕਾ ਮਹਾਨਿਰਦੇਸ਼ਕ ਅਜੇ ਰਾਜ ਸ਼ਰਮਾ ਦਾ, ਜਿਨ੍ਹਾਂ ਨੇ ਇਕ ਇੰਟਰਵਿਊ ਦੌਰਾਨ ਇਹ ਗੱਲਾਂ ਕਹੀਆਂ। ਉਨ੍ਹਾਂ ਦੀ ਇਹ ਇੰਟਰਵਿਊ ਸਰਕਾਰ ਨੂੰ ਗੁੱਸਾ ਦਿਵਾ ਸਕਦੀ ਹੈ। ਦਿੱਲੀ ਪੁਲਸ ਦੇ ਕੰਨ ਖੜ੍ਹੇ ਕਰ ਸਕਦੀ ਹੈ। ਦੰਗਿਆਂ ਦੌਰਾਨ ਬਣਾਏ ਗਏ ਵੀਡੀਓਜ਼ ਦੇ ਆਧਾਰ ’ਤੇ ਇੰਝ ਪ੍ਰਤੀਤ ਹੁੰਦਾ ਹੈ ਕਿ ਦਿੱਲੀ ਪੁਲਸ ਫਿਰਕੂ ਬਣ ਰਹੀ ਹੈ। ਪੁਲਸ ਦੇ ਵਿਵਹਾਰ ਦੇ ਵੀਡੀਓ, ਜੋ ਸੋਸ਼ਲ ਮੀਡੀਆ ’ਚ ਵੰਡੇ ਗਏ ਹਨ, ਸਪੱਸ਼ਟ ਤੌਰ ’ਤੇ ਇਸ ਗੱਲ ਦੀ ਵਿਆਖਿਆ ਕਰਦੇ ਹਨ। ਉਨ੍ਹਾਂ ਨੇ ਕਿਹਾ ਕਿ ਪੁਲਸ ਕਮਿਸ਼ਨਰ ਅਮੂਲਯ ਪਟਨਾਇਕ ਨੇ ਇਕ ਔਖਾ ਸਮਾਂ ਝੱਲਿਆ ਹੈ ਪਰ ਇਸ ਪ੍ਰੀਖਿਆ ਦੀ ਘੜੀ ਵਿਚ ਉਹ ਅਸਫਲ ਹੀ ਹੋਏ ਹਨ। ਸ਼ਰਮਾ ਨੇ ਕਿਹਾ ਕਿ ਪੁਲਸ ਨੇ ਦਿੱਲੀ ਦੰਗਿਆਂ ਨੂੰ ਪ੍ਰਭਾਵੀ ਢੰਗ ਨਾਲ ਨਹੀਂ ਨਜਿੱਠਿਆ। ਹਾਲਾਤ ਨਾਲ ਨਜਿੱਠਣ ’ਚ ਅਸਫਲ ਰਹਿਣ ਦਾ ਦਿੱਲੀ ਪੁਲਸ ਦਾ ਇਤਿਹਾਸ ਪਿਛਲੀ ਦਸੰਬਰ ਤੋਂ ਦਿਖਾਈ ਦਿੱਤਾ, ਜਦੋਂ ਉਸ ਨੇ ਜਾਮੀਆ ਦੀਆਂ ਘਟਨਾਵਾਂ ਨੂੰ ਸਹੀ ਢੰਗ ਨਾਲ ਨਹੀਂ ਨਜਿੱਠਿਆ। ‘ਦਿ ਵਾਇਰ’ ਲਈ ਦਿੱਤੀ ਗਈ ਇੰਟਰਵਿਊ ਦੌਰਾਨ ਉਨ੍ਹਾਂ ਨੇ ਮੈਨੂੰ ਕਿਹਾ ਕਿ ਜਸਟਿਸ ਜੋਸਫ ਪੂਰੀ ਤਰ੍ਹਾਂ ਸਹੀ ਹਨ, ਜਦੋਂ ਉਨ੍ਹਾਂ ਨੇ 26 ਫਰਵਰੀ ਨੂੰ ਸੁਪਰੀਮ ਕੋਰਟ ’ਚ ਕਿਹਾ ਕਿ ਇਥੇ ਵੱਡੀ ਪ੍ਰੇਸ਼ਾਨੀ ਪੁਲਸ ਦੇ ਕਿੱਤੇ ’ਚ ਕਮੀ ਦੀ ਹੈ। ਸ਼ਰਮਾ ਨੇ ਅੱਗੇ ਕਿਹਾ ਕਿ ਪੁਲਸ ਨੇ ਸਥਿਤੀ ਨੂੰ ਹੋਰ ਵਿਗੜਨ ਦਿੱਤਾ ਅਤੇ ਇਹ ਦੰਗਿਆਂ ਦਾ ਰੂਪ ਧਾਰਨ ਕਰ ਗਈ। ਜੇਕਰ ਪੁਲਸ ਨੇ ਤੱਤਕਾਲ ਕਾਰਵਾਈ ਕੀਤੀ ਹੁੰਦੀ ਤਾਂ ਇਨ੍ਹਾਂ ਦੰਗਿਆਂ ਨੂੰ ਭੜਕਣ ਤੋਂ ਬਚਾਇਆ ਜਾ ਸਕਦਾ ਸੀ। ਪਹਿਲੀ ਗਲਤੀ ਜੋ ਪੁਲਸ ਤੋਂ ਹੋਈ, ਉਹ ਇਹ ਸੀ ਕਿ ਉਸ ਨੇ ਸ਼ਾਹੀਨ ਬਾਗ ’ਚ ਵਿਖਾਵਾਕਾਰੀਆਂ ਨੂੰ ਇਕੱਠੇ ਹੋਣ ਦੀ ਇਜਾਜ਼ਤ ਦਿੱਤੀ। ਲੋਕਾਂ ਦਾ ਇਸ ਤਰ੍ਹਾਂ ਇਕੱਠੇ ਹੋਣਾ ਕਾਨੂੰਨ ਦੀ ਉਲੰਘਣਾ ਸੀ। ਇਹ ਸਰਕਾਰੀ ਜਾਇਦਾਦ ਦੇ ਉੱਪਰ ਕੀਤਾ ਗਿਆ। ਕਿਸੇ ਨੂੰ ਅਧਿਕਾਰ ਨਹੀਂ ਹੈ ਕਿ ਉਹ ਸੜਕਾਂ ’ਤੇ ਜਾਮ ਲਾਉਣ ਅਤੇ ਦੂਸਰਿਆਂ ਲਈ ਰੁਕਾਵਟ ਬਣਨ। ਜੇਕਰ ਪੁਲਸ ਨੇ ਪਹਿਲੇ ਹੀ ਦਿਨ ਸ਼ਾਹੀਨ ਬਾਗ ਵਿਖਾਵਾਕਾਰੀਆਂ ’ਤੇ ਕਾਰਵਾਈ ਕੀਤੀ ਹੁੰਦੀ ਤਾਂ ਸਥਿਤੀ ਇੰਨੀ ਨਾ ਵਿਗੜਦੀ। ਸ਼ਰਮਾ ਨੇ ਇਸ ਗੱਲ ਨੂੰ ਪੁਲਸ ਦੀ ਦੂਸਰੀ ਗਲਤੀ ਮੰਨਿਆ।

ਉਨ੍ਹਾਂ ਕਿਹਾ ਕਿ ਜੇਕਰ ਉਹ ਪੁਲਸ ਕਮਿਸ਼ਨਰ ਹੁੰਦੇ ਤਾਂ ਉਨ੍ਹਾਂ ਨੇ ਅਨੁਰਾਗ ਠਾਕੁਰ, ਪ੍ਰਵੇਸ਼ ਵਰਮਾ ਅਤੇ ਕਪਿਲ ਮਿਸ਼ਰਾ ਨੂੰ ਤੁਰੰਤ ਹੀ ਗ੍ਰਿਫਤਾਰ ਕਰ ਲਿਆ ਹੁੰਦਾ। ਅਨੁਰਾਗ ਠਾਕੁਰ ਦੇ ਮਾਮਲੇ ’ਚ ਉਨ੍ਹਾਂ ਨੇ ਕਿਹਾ ਕਿ ਗ੍ਰਹਿ ਮੰਤਰਾਲੇ ਨੂੰ ਉਹ ਇਸ ਬਾਰੇ ਸੂਚਿਤ ਕਰਦੇ। ਪ੍ਰਵੇਸ਼ ਵਰਮਾ ਦੇ ਮਾਮਲੇ ’ਚ ਦਿੱਲੀ ਵਿਧਾਨ ਸਭਾ ਦੇ ਸਪੀਕਰ ਨੂੰ ਸੂਚਿਤ ਕੀਤਾ ਜਾਣਾ ਚਾਹੀਦਾ ਸੀ, ਉਧਰ ਕਪਿਲ ਮਿਸ਼ਰਾ ਨੂੰ ਲੈ ਕੇ ਉਨ੍ਹਾਂ ਕਿਹਾ ਕਿ ਉਸ ਬਾਰੇ ਕਿਸੇ ਨੂੰ ਸੂਚਿਤ ਕਰਨ ਦੀ ਜ਼ਰੂਰਤ ਹੀ ਨਹੀਂ ਸੀ। ਡੀ. ਸੀ. ਪੀ. (ਉੱਤਰ-ਪੂਰਬ) ਵੇਦ ਪ੍ਰਕਾਸ਼ ਸੂੂਰਿਆ, ਜੋ ਕਪਿਲ ਮਿਸ਼ਰਾ ਦਾ ਪੱਖ ਲੈ ਰਹੇ ਸਨ, ਜਦੋਂ ਮਿਸ਼ਰਾ ਅੱਗ ਉਗਲਣ ਵਾਲੀਆਂ ਟਿੱਪਣੀਆਂ ਕਰ ਰਹੇ ਸਨ, ਬਾਰੇ ਬੋਲਦੇ ਹੋਏ ਕਿਹਾ ਕਿ ਉਨ੍ਹਾਂ ਨੇ ਉਸ ਨੂੰ ਰੋਕਣ ਦਾ ਕੋਈ ਯਤਨ ਨਹੀਂ ਕੀਤਾ। ਸ਼ਰਮਾ ਨੇ ਕਿਹਾ ਕਿ ਮੈਂ ਸੂਰਿਆ ਤੋਂ ਤੁਰੰਤ ਹੀ ਸਪੱਸ਼ਟੀਕਰਨ ਦੀ ਮੰਗ ਕਰਦਾ, ਜੇਕਰ ਜਵਾਬ ਤਸੱਲੀਬਖਸ਼ ਨਾ ਮਿਲਦਾ ਤਾਂ ਮੈਂ ਉਨ੍ਹਾਂ ਨੂੰ ਤੁਰੰਤ ਹੀ ਬਰਖਾਸਤ ਕਰ ਦਿੰਦਾ। ਸ਼ਰਮਾ ਨੇ ਇਹ ਵੀ ਮੰਨਿਆ ਕਿ ਪੁਲਸ ਭਾਜਪਾ ਤੋਂ ਡਰਦੀ ਹੈ ਅਤੇ ਇਹ ਸਰਕਾਰ ਦੇ ਦਬਾਅ ’ਚ ਕੰਮ ਕਰ ਰਹੀ ਹੈ। ਪੁਲਸ ਦੀ ਦੰਗਿਆਂ ਨਾਲ ਨਜਿੱਠਣ ਦੀ ਨਾਕਾਮੀ ਦਾ ਮਤਲਬ ਇਹ ਹੈ ਕਿ ਉਹ ਸਿਆਸੀ ਪ੍ਰਭਾਵ ਦੇ ਅਧੀਨ ਕੰੰਮ ਕਰ ਰਹੀ ਸੀ। ਜਸਟਿਸ ਮੁਰਲੀਧਰ ’ਤੇ ਬੋਲਦੇ ਹੋਏ ਉਨ੍ਹਾਂ ਕਿਹਾ ਕਿ ਪੁਲਸ ਨੇ ਦਿੱਲੀ ਹਾਈਕੋਰਟ ’ਚ ਜਸਟਿਸ ਮੁਰਲੀਧਰ ਦੇ ਸਵਾਲਾਂ ਦਾ ਢੁੱਕਵਾਂ ਜਵਾਬ ਨਹੀਂ ਦਿੱਤਾ ਕਿ ਉਸ ਨੇ ਅਨੁਰਾਗ ਠਾਕੁਰ, ਪ੍ਰਵੇਸ਼ ਵਰਮਾ ਅਤੇ ਕਪਿਲ ਮਿਸ਼ਰਾ ਦੇ ਨਫਰਤ ਵਾਲੇ ਭਾਸ਼ਣ ਦੇ ਭੜਕਾਊ ਵੀਡੀਓਜ਼ ਨੂੰ ਨਹੀਂ ਦੇਖਿਆ। ਸ਼ਰਮਾ ਨੇ ਕਿਹਾ ਕਿ ਸਪੱਸ਼ਟ ਤੌਰ ’ਤੇ ਇਹ ਗਲਤ ਜਵਾਬ ਸੀ। ਜੇਕਰ ਕੋਈ ਵਿਸ਼ੇਸ਼ ਵਿਅਕਤੀ ਜਾਂ ਕਮਿਸ਼ਨਰ ਅਜਿਹੇ ਵੀਡੀਓਜ਼ ਨੂੰ ਸਪੱਸ਼ਟ ਤੌਰ ’ਤੇ ਨਹੀਂ ਦੇਖਦਾ ਤਾਂ ਬਾਕੀ ਪੁਲਸ ਬਲ ਇਸ ਨੂੰ ਦੇਖਦਾ। ਉਨ੍ਹਾਂ ਨੇ ਪੁਲਸ ਦੇ ਦਾਅਵੇ ਨੂੰ ਮੰਨਿਆ ਕਿ ਉਸ ਨੇ ਵੀਡੀਓਜ਼ ਨੂੰ ਨਹੀਂ ਦੇਖਿਆ। ਇਸ ਦਾ ਮਤਲਬ ਹੈ ਕਿ ਪੁਲਸ ਨੇ ਦਿੱਲੀ ਹਾਈਕੋਰਟ ਨੂੰ ਸੱਚਾਈ ਬਿਆਨ ਨਹੀਂ ਕੀਤੀ।

ਫਿਰਕੂ ਦੰਗੇ ਦੁਸ਼ਮਣਾਂ ਦੇ ਹਮਲੇ ਤੋਂ ਬਾਅਦ ਦੇਸ਼ ਲਈ ਸਭ ਤੋਂ ਅਹਿਮ ਚੁਣੌਤੀ

ਸ਼ਰਮਾ ਨੇ ਅੱਗੇ ਕਿਹਾ ਕਿ ਫਿਰਕੂ ਦੰਗੇ ਦੁਸ਼ਮਣਾਂ ਦੇ ਹਮਲੇ ਤੋਂ ਬਾਅਦ ਦੇਸ਼ ਲਈ ਸਭ ਤੋਂ ਅਹਿਮ ਚੁਣੌਤੀ ਹਨ। ਜੇਕਰ ਪੁਲਸ ਨੇ ਤੁਰੰਤ ਹੀ ਸ਼ਨੀਵਾਰ ਸ਼ਾਮ ਜਾਂ ਫਿਰ ਐਤਵਾਰ ਸਵੇਰੇ ਜਦੋਂ ਜਾਫਰਾਬਾਦ ’ਚ ਹਿੰਸਾ ਭੜਕੀ ਸੀ, ਕਾਰਵਾਈ ਕੀਤੀ ਹੁੰਦੀ ਤਾਂ ਦੰਗਿਆਂ ਨੂੰ ਰੋਕਿਆ ਜਾ ਸਕਦਾ ਸੀ। ਇਹ ਸਪੱਸ਼ਟ ਤੌਰ ’ਤੇ ਪੁਲਸ ਦੀ ਅਣਦੇਖੀ ਅਤੇ ਗੈਰ-ਜ਼ਿੰਮੇਵਾਰਾਨਾ ਰਵੱਈਆ ਹੈ।

ਦਿੱਲੀ ’ਚ ਪੁਲਸ ਫਿਰਕੂ ਹੋ ਚੁੱਕੀ ਹੈ

ਜਦੋਂ ਉਨ੍ਹਾਂ ਕੋਲੋਂ ਪੁੱਛਿਆ ਗਿਆ ਕਿ ਸੋਸ਼ਲ ਮੀਡੀਆ ’ਚ ਅਜਿਹੇ ਵੀਡੀਓਜ਼ ਬਾਰੇ ਉਨ੍ਹਾਂ ਦਾ ਕੀ ਕਹਿਣਾ ਹੈ, ਜਿਸ ’ਚ ਦੰਗਾਈ ਮੁਸਲਮਾਨਾਂ ਦੀਆਂ ਦੁਕਾਨਾਂ ਨੂੰ ਅੱਗ ਲਾ ਰਹੇ ਹਨ ਅਤੇ ਪੁਲਸ ਮੂਕ ਦਰਸ਼ਕ ਬਣ ਕੇ ਉਨ੍ਹਾਂ ਨੂੰ ਜਨ, ਗਣ, ਮਨ ਗਾਉਣ ਲਈ ਬੋਲ ਰਹੀ ਹੈ, ਇਸ ਬਾਰੇ ਸ਼ਰਮਾ ਨੇ ਕਿਹਾ ਕਿ ਉਨ੍ਹਾਂ ਨੇ ਅਜਿਹੇ ਵੀਡੀਓਜ਼ ਨੂੰ ਅਜੇ ਤਕ ਨਹੀਂ ਦੇਖਿਆ ਅਤੇ ਜੇਕਰ ਉਨ੍ਹਾਂ ’ਚ ਕੋਈ ਸੱਚਾਈ ਹੈ ਜਾਂ ਉਹ ਸਹੀ ਹਨ ਤਾਂ ਇਹ ਸੁੱਝਦਾ ਹੈ ਕਿ ਦਿੱਲੀ ’ਚ ਪੁਲਸ ਫਿਰਕੂ ਹੋ ਚੁੱਕੀ ਹੈ। ਉਨ੍ਹਾਂ ਕਿਹਾ ਕਿ ਇਹ ਗੱਲ ਇਸ ਦੀ ਗਵਾਹ ਹੈ ਕਿ ਦਿੱਲੀ ਪੁਲਸ ’ਚ ਪ੍ਰੇਸ਼ਾਨੀ ਹੈ, ਜੋ ਇਸ ਨੂੰ ਪ੍ਰਭਾਵਿਤ ਕਰ ਰਹੀ ਹੈ। ਮੌਜੂਦਾ ਪੁਲਸ ਕਮਿਸ਼ਨਰ ਅਮੂਲਯ ਪਟਨਾਇਕ ਬਾਰੇ ਸ਼ਰਮਾ ਨੇ ਕਿਹਾ ਕਿ ਉਨ੍ਹਾਂ ਨੇ ਬੜੀ ਔਖੀ ਪ੍ਰੀਖਿਆ ਨੂੰ ਝੱਲਿਆ ਹੈ ਪਰ ਇਸ ਵਿਚ ਸਫਲ ਨਹੀਂ ਹੋਏ। ਪੁਲਸ ਦੀ ਲੀਡਰਸ਼ਿਪ ਬਾਰੇ ਬੋਲਦੇ ਹੋਏ ਉਨ੍ਹਾਂ ਕਿਹਾ ਕਿ ਇੰਝ ਜਾਪਦਾ ਹੈ ਕਿ ਪੁਲਸ ਕੋਲ ਨੈਤਿਕ ਚਰਿੱਤਰ ਦੀ ਘਾਟ ਹੈ। ਸ਼ਰਮਾ ਨੇ ਐੱਨ. ਐੱਸ. ਏ. ਡੋਭਾਲ ਦੀ ਗੱਲ ਨੂੰ ਵੀ ਮੰਨਿਆ ਕਿ ਲੋਕ ਵਰਦੀਧਾਰੀ ਲੋਕਾਂ ’ਤੇ ਭਰੋਸਾ ਨਹੀਂ ਕਰਦੇ। ਪੁਲਸ ਨੇ ਜਾਮੀਆ ਅਤੇ ਜੇ. ਐੱਨ. ਯੂ. ’ਚ ਸਹੀ ਢੰਗ ਨਾਲ ਸਥਿਤੀ ਨਾਲ ਨਹੀਂ ਨਜਿੱਠਿਆ।

ਪੁਲਸ ਨੂੰ ਸਿਆਸੀ ਦਖਲਅੰਦਾਜ਼ੀ ਤੋਂ ਵੱਖ ਰੱਖਣਾ ਚਾਹੀਦੈ

ਹਾਲ ਹੀ ਦੇ ਦਿਨ ਦਿੱਲੀ ਪੁਲਸ ਲਈ ਔਖੇ ਸਮੇਂ ਵਾਲੇ ਸਨ। ਉਨ੍ਹਾਂ ਕਿਹਾ ਕਿ ਪੁਲਸ ਨੂੰ ਸਿਆਸੀ ਦਖਲਅੰਦਾਜ਼ੀ ਤੋਂ ਵੱਖ ਰੱਖਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਰਾਇ ’ਚ ਮੁੱਖ ਮੰਤਰੀ ਨੂੰ ਆਪਣੇ ਚਹੇਤਿਆਂ ਦੀ ਡੀ. ਜੀ. ਪੀ. ਦੇ ਅਹੁਦੇ ’ਤੇ ਨਿਯੁਕਤੀ ਨਹੀਂ ਕਰਨੀ ਚਾਹੀਦੀ। ਦੂਜੀ ਗੱਲ ਇਹ ਹੈ ਕਿ ਹਰੇਕ ਪੁਲਸ ਅਧਿਕਾਰੀ ਦਾ ਇਕ ਨਿਸ਼ਚਿਤ ਕਾਰਜਕਾਲ ਹੋਣਾ ਚਾਹੀਦਾ ਹੈ, ਜਿਸ ਨੂੰ ਕਿ ਕੁਝ ਵਿਸ਼ੇਸ਼ ਕਾਰਣਾਂ ਕਰਕੇ ਹੀ ਛੋਟਾ ਕੀਤਾ ਜਾ ਸਕਦਾ ਹੈ। ੁਉਨ੍ਹਾਂ ਕਿਹਾ ਕਿ ਜੇਕਰ 2006 ’ਚ ਸੁਪਰੀਮ ਕੋਰਟ ਵਲੋਂ ਜਾਰੀ ਦਿਸ਼ਾ-ਨਿਰਦੇਸ਼ਾਂ ਨੂੰ ਸਹੀ ਅਤੇ ਅਸਰਦਾਇਕ ਢੰਗ ਨਾਲ ਲਾਗੂ ਕੀਤਾ ਗਿਆ ਹੁੰਦਾ ਤਾਂ ਪੁਲਸ ਬਲ ਦੀ ਸੁਤੰਤਰਤਾ ’ਚ ਇਕ ਵੱਡੀ ਤਬਦੀਲੀ ਆਈ ਹੁੰਦੀ। ਪੁਲਸ ਨੂੰ ਸਿਆਸੀ ਸਮਰਥਨ ਨਹੀਂ ਚਾਹੀਦਾ ਅਤੇ ਉਸ ਦੀ ਟ੍ਰੇਨਿੰਗ ਵੀ ਸਹੀ ਢੰਗ ਨਾਲ ਹੋਣੀ ਚਾਹੀਦੀ ਹੈ। ਸਭ ਤੋਂ ਅਹਿਮ ਗੱਲ ਇਹ ਹੈ ਕਿ ਸਥਾਨਕ ਪੁਲਸ ਥਾਣਿਆਂ ’ਚ ਤਾਇਨਾਤ ਪੁਲਸ ਕਾਂਸਟੇਬਲਾਂ ਨਾਲ ਹੀ ਲੋਕਾਂ ਦਾ ਪਹਿਲਾ ਸਬੰਧ ਸਥਾਪਿਤ ਹੁੰਦਾ ਹੈ। ਉਨ੍ਹਾਂ ਨੂੰ ਸਹੀ ਢੰਗ ਨਾਲ ਸਿੱਖਿਅਤ ਅਤੇ ਟ੍ਰੇਂਡ ਕੀਤਾ ਜਾਣਾ ਚਾਹੀਦਾ ਹੈ ਤਾਂ ਕਿ ਉਹ ਦੋਸਤਾਨਾ ਸਲੂਕ ਨਾਲ ਲੋਕਾਂ ਨਾਲ ਪੇਸ਼ ਆਉਣ। ਇਸ ਦੀ ਤੁਲਨਾ ’ਚ ਉਨ੍ਹਾਂ ਨੇ ਬ੍ਰਿਟਿਸ਼ ਪੁਲਸ ਮੁਲਾਜ਼ਮਾਂ ਦੀ ਉਦਾਹਰਣ ਦਿੱਤੀ, ਜਿਨ੍ਹਾਂ ਨੂੰ ਬਾਬੀਜ਼ ਕਿਹਾ ਜਾਂਦਾ ਹੈ, ਜਦਕਿ ਭਾਰਤੀ ਪੁਲਸ ਮੁਲਾਜ਼ਮਾਂ ਨੂੰ ਸ਼ੱਕ ਅਤੇ ਡਰ ਦੀ ਨਿਗ੍ਹਾ ਨਾਲ ਦੇਖਿਆ ਜਾਂਦਾ ਹੈ।


Bharat Thapa

Content Editor

Related News