ਅਖੀਰ ਇਕ ਔਰਤ ਨੂੰ ਹੀ ਦੇਸ਼ ਨਿਕਾਲਾ ਕਿਉਂ

07/28/2023 7:15:54 PM

ਕਹਿੰਦੇ ਹਨ ਕਿ ਸਮੁੰਦਰ ਮੰਥਨ ਦੌਰਾਨ ਨਿੱਕਲੇ ਜ਼ਹਿਰ ਨੂੰ ਸ਼ਿਵ ਜੀ ਨੇ ਪਾਨ ਕੀਤਾ ਤੇ ਨੀਲਕੰਠ ਦੇ ਰੂਪ ਵਿਚ ਪ੍ਰਸਿੱਧ ਹੋ ਗਏ। ਇਕ ਔਰਤ ਸਾਰੀ ਉਮਰ ਹੀ ਜ਼ਹਿਰ ਪੀਂਦੀ ਹੈ ਤੇ ਅੱਥਰੂ ਬਣ ਕੇ ਇਹ ਜ਼ਹਿਰ ਬਾਹਰ ਸਿੰਮਦਾ ਰਹਿੰਦਾ ਹੈ। ਉਸ ਨੂੰ ਤੁਸੀਂ ਕੀ ਕਹੋਗੇ? ਇਸ ਸਮਾਜ ਵਿਚ ਹਰ ਅਸੀਸ ਮਰਦ ਦੇ ਅਤੇ ਗਾਲ ਔਰਤ ਦੇ ਹਿੱਸੇ ਕਿਉਂ ਆਈ ਹੈ? ਭਾਵੇਂ ਔਰਤ ਹਰ ਖੇਤਰ ਵਿਚ ਮਰਦ ਦੇ ਬਰਾਬਰ ਖੜ੍ਹੀ ਹੈ ਪਰ ਫਿਰ ਵੀ ਉਸ ਨੂੰ ਉਹ ਸਨਮਾਨ ਤੇ ਖੁੱਲ੍ਹ ਨਹੀਂ ਮਿਲਦੀ। ਦੁਨੀਆ ਦੀਆਂ ਤਿਰਛੀਆਂ ਨਿਗ੍ਹਾਂ ਹਰ ਵਕਤ ਉਸ ਦਾ ਪਿੱਛਾ ਕਰਦੀਆਂ ਹਨ ਤੇ ਜੇ ਦਾਅ ਲੱਗੇ ਤਾਂ ਵਾਰ ਵੀ ਕਰਦੀਆਂ ਹਨ। ਇੱਥੇ ਦੁਨੀਆ ਤੋਂ ਮੇਰਾ ਭਾਵ ਸਾਰੀ ਮਨੁੱਖ ਜਾਤੀ ਤੋਂ ਹੈ।

ਸਿਰਫ਼ ਮਰਦ ਹੀ ਨਹੀਂ ਸਗੋਂ ਔਰਤਾਂ ਵੀ ਦੂਜੀਆਂ ਔਰਤਾਂ ਲਈ ਸੁਹਿਰਦ ਨਹੀਂ ਹੁੰਦੀਆਂ। ਘਰੇਲੂ ਹਿੰਸਾ ਵਿਚ ਬਹੁਤ ਰੋਲ ਔਰਤਾਂ ਦਾ ਹੀ ਹੁੰਦਾ ਹੈ। ਨਿੱਤ ਹੁੰਦੇ ਬਲਾਤਕਾਰ ਇਸ ਗੱਲ ਦੀ ਗਵਾਹੀ ਭਰਦੇ ਹਨ ਕਿ ਸਦੀਆਂ ਤੋਂ ਨਪੀੜੀ ਜਾ ਰਹੀ ਔਰਤ ਅੱਜ ਵੀ ਆਪਣੀ ਜ਼ਿੰਦਗੀ ਆਪਣੇ ਢੰਗ ਨਾਲ ਨਹੀਂ ਜੀਅ ਸਕਦੀ। ਉਸ ਨੂੰ ਹਰ ਵਕਤ ਆਪਣੀ ਜ਼ਿੰਦਗੀ ਦੇ ਨਾਲ-ਨਾਲ ਇੱਜ਼ਤ ਦੀ ਵੀ ਫ਼ਿਕਰ ਰਹਿੰਦੀ ਹੈ। ਫੁੱਲਾਂ ਵਰਗੀਆਂ ਕੋਮਲ ਭਾਵਨਾਵਾਂ ਰੱਖਣ ਵਾਲੀ ਔਰਤ ਨੂੰ ਜਦੋਂ ਕੰਡਿਆਂ ਨਾਲ ਨਿਭਾਉਣੀ ਪੈਂਦੀ ਹੈ ਤਾਂ ਉਹ ਹੀ ਜਾਣਦੀ ਹੈ ਕਿ ਉਸ ਨੂੰ ਕਿੰਨੇ ਸਮਝੌਤੇ ਕਰਨੇ ਪੈਂਦੇ ਹਨ। ਕਿੰਨੀਆਂ ਜ਼ਿੰਮੇਵਾਰੀਆਂ ਨਿਭਾਉਂਦੀ ਹੋਈ ਆਤਮ-ਸਮਰਪਣ ਦੇ ਬਾਵਜੂਦ ਵੀ ਉਸ ਨੂੰ ਜਦੋਂ ਤਿਰਸਕਾਰ ਮਿਲਦਾ ਹੈ ਤਾਂ ਇਹ ਉਹ ਇਕ ਸ਼ਰਮਨਾਕ ਕਾਰਾ ਹੈ ਜਿਸ ਨੂੰ ਲਫ਼ਜ਼ਾਂ ਵਿਚ ਬਿਆਨ ਨਹੀਂ ਕੀਤਾ ਜਾ ਸਕਦਾ। ਇਕ ਸਿਰਜਕ, ਪਾਲਕ, ਸੰਚਾਲਕ, ਜਿਸ ਦੀ ਹੋਂਦ ਤੋਂ ਬਿਨਾਂ ਸੰਸਾਰ ਦੀ ਕਲਪਨਾ ਵੀ ਨਹੀਂ ਕੀਤੀ ਜਾ ਸਕਦੀ, ਉਸ ਨੂੰ ਦੁਰਕਾਰਨਾ ਭਲਾ ਕਿੱਥੋਂ ਦੀ ਸਿਆਣਪ ਹੈ?     

ਨਾਰੀ ਨੂੰ ਸਤਿਕਾਰ ਦਿੱਤਾ ਹੈ ਧੰਨ ਗੁਰੂ ਨਾਨਕ ਦੇਵ ਜੀ ਨੇ, ਜਿਨ੍ਹਾਂ ਆਖਿਆ ਕਿ ਸੋ ਕਿਉ ਮੰਦਾ ਆਖੀਐ ਜਿਤੁ ਜੰਮਹਿ ਰਾਜਾਨ ਪਰ ਦੁਖਾਂਤ ਇਹ ਹੈ ਕਿ ਲੋਕ ਪੜ੍ਹ ਕੇ ਵੀ ਅਮਲ ਨਹੀਂ ਕਰਦੇ। ਔਰਤਾਂ ਨੂੰ ਮੰਡੀ ਦੀ ਵਸਤੂ ਬਣਾ ਦਿੱਤਾ ਹੈ। ਕਦੇ ਸਮਾਂ ਸੀ ਜਦੋਂ ਕੁੜੀਆਂ ਨੂੰ ਘਰ ਤੋਂ ਬਾਹਰ ਜਾਣ ਦੀ ਵੀ ਆਗਿਆ ਨਹੀਂ ਸੀ ਪਰ ਹੁਣ ਸੱਤ ਸਮੁੰਦਰ ਪਾਰ ਭੇਜਣ ਲਈ ਹਰ ਤਰ੍ਹਾਂ ਦੇ ਹੱਥਕੰਡੇ ਅਪਣਾਏ ਜਾਂਦੇ ਹਨ। ਅੱਜਕੱਲ ਕੁੜੀਆਂ ਨੂੰ ਬਾਹਰਲੇ ਮੁਲਕਾਂ ਵਿਚ ਭੇਜ ਕੇ ਆਪਣੇ ਜਾਣ ਵਾਸਤੇ ਪੇਕੇ ਤੇ ਸਹੁਰੇ ਪਰਿਵਾਰ ਪੁਲ ਵਾਂਗ ਵਰਤੋਂ ਕਰ ਰਹੇ ਹਨ। ਜਿੱਥੇ ਸਰੀਰਕ, ਮਾਨਸਿਕ ਅਤੇ ਆਰਥਿਕ ਹਰ ਤਰ੍ਹਾਂ ਦੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਪਰਵਾਸ ਦੇ ਕਾਰਨ ਕੋਈ ਵੀ ਹੋਣ ਪਰ ਇਸ ਨਾਲ ਮੁੰਡੇ ਤੇ ਕੁੜੀਆਂ ਦੋਵਾਂ ਨੂੰ ਹੀ ਬਹੁਤ ਮਿਹਨਤ-ਮੁਸ਼ੱਕਤ ਕਰਨੀ ਪੈਂਦੀ ਹੈ ਤਾਂ ਵੀ ਕਿਤੇ ਔਖੇ ਹੀ ਪੈਰ ਲੱਗਦੇ ਹਨ।

ਮਹਿਲਾ ਦਿਵਸ ’ਤੇ ਵੀ ਮਾਣ-ਸਨਮਾਨ ਉਨ੍ਹਾਂ ਔਰਤਾਂ ਨੂੰ ਹੀ ਮਿਲਦਾ ਹੈ ਜੋ ਪਹਿਲਾਂ ਹੀ ਸਮਾਜ ਵਿਚ ਪ੍ਰਤਿਸ਼ਠਿਤ ਹੋਣ ਜਾਂ ਫਿਰ ਉਨ੍ਹਾਂ ਦੀ ਕਿਸੇ ਵੱਡੇ ਵਿਅਕਤੀਆਂ ਨਾਲ ਜਾਣ ਪਛਾਣ ਹੋਵੇ। ਮੈਨੂੰ ਨਹੀਂ ਲੱਗਦਾ ਕਿ ਇਸ ਦਿਨ ਬਾਰੇ ਬਹੁਤੀਆਂ ਔਰਤਾਂ ਨੂੰ ਪਤਾ ਵੀ ਹੋਵੇਗਾ। ਭੱਠਿਆਂ ’ਤੇ ਕੰਮ ਕਰਨ ਵਾਲੀਆਂ, ਘਰਾਂ ਵਿਚ ਕੰਮ ਕਰਨ ਵਾਲੀਆਂ, ਮਜ਼ਦੂਰੀ ਕਰਦੀਆਂ ਜਾਂ ਅਨਪੜ੍ਹ ਔਰਤਾਂ ਦਾ ਤਾਂ ਮਹਿਲਾ ਦਿਵਸ ਨਾਲ ਦੂਰ ਦਾ ਵੀ ਵਾਸਤਾ ਨਹੀਂ। ਇਕ ਔਰਤ ਉਦੋਂ ਤੱਕ ਸਸ਼ਕਤ ਨਹੀਂ ਹੋ ਸਕਦੀ ਜਿੰਨਾ ਚਿਰ ਉਸ ਨੂੰ ਆਪਣੇ ਪਰਿਵਾਰ ਅਤੇ ਸਮਾਜ ਦਾ ਬਰਾਬਰ ਦਾ ਸਹਿਯੋਗ ਨਾ ਮਿਲੇ। ਇਸ ਲਈ ਔਰਤ ਨੂੰ ਵੀ ਜਾਗਰੂਕ ਹੋਣ ਦੀ ਲੋੜ ਹੈ। ਉਸ ਨੂੰ ਖ਼ੁਦ ਆਪਣੇ ਆਪ ਨੂੰ ਸਮਝਣਾ ਪਵੇਗਾ ਕਿ ਉਹ ਸਿਰਫ਼ ਭੋਗ ਦੀ ਵਸਤੂ ਨਹੀਂ ਹੈ ਬਲਕਿ ਉਹ ਯੋਗ ਦੀ ਮੂਰਤ ਵੀ ਹੈ। ਯੋਗ ਕਿਸ ਚੀਜ਼ ਦਾ?

ਯੋਗ ਯੋਗਤਾ ਹਰ ਕਿਸਮ ਦੀ , ਜਿਵੇਂ ਇਕ ਪੁਰਸ਼ ਇਕੱਲਾ ਪਰਿਵਾਰ ਨਹੀਂ ਬਣਾ ਸਕਦਾ ਉਸੇ ਤਰ੍ਹਾਂ ਆਤਮਾ ਤੇ ਪ੍ਰਮਾਤਮਾ ਦੇ ਯੋਗ ਤੋਂ ਬਿਨਾਂ ਪਰਮਾਨੰਦ ਨਹੀਂ ਮਿਲਦਾ। ਘਰ ਪਰਿਵਾਰ ਨੂੰ ਸੰਭਾਲਣ ਦੀ , ਹਿਸਾਬ ਕਿਤਾਬ ਰੱਖਣ ਦੀ, ਬੱਚਿਆਂ ਨੂੰ ਚੰਗੇ ਸੰਸਕਾਰ ਦੇਣ ਦੀ, ਚੀਜ਼ਾਂ ਨੂੰ ਸਹੇਜ ਕੇ ਰੱਖਣ ਦੀ, ਆਪਣੇ ਹਰ ਰੋਲ ਨੂੰ ਬਾਖ਼ੂਬੀ ਨਿਭਾਉਣ ਦੀ ਯੋਗਤਾ ਇਕ ਸਫ਼ਲ ਗ੍ਰਹਿਣੀ ਦੀ ਨਿਸ਼ਾਨੀ ਹੈ। ਮਾਂ ਔਰਤ ਦੇ ਸਭ ਰੂਪਾਂ ਵਿਚੋਂ ਇਕ ਪਵਿੱਤਰ ਤੇ ਪੂਜਨੀਕ ਰੂਪ ਮੰਨਿਆ ਜਾਂਦਾ ਹੈ। ਜਿੱਥੇ ਪਰਮਪਿਤਾ ਨੂੰ ਪ੍ਰਮਾਤਮਾ ਕਿਹਾ ਜਾਂਦਾ ਹੈ ਉੱਥੇ ਆਦਿ ਸ਼ਕਤੀ ਕਹਿ ਕੇ ਮਾਂ ਜਗਤ ਜਨਨੀ ਜਗਦੰਬਾ ਨੂੰ ਵੀ ਸਤਿਕਾਰਿਆ ਜਾਂਦਾ ਹੈ।

ਔਰਤ ਦਾ ਇਕ ਹੋਰ ਵੀ ਰੂਪ ਹੈ ਜਿਸ ਨੂੰ ਸਮਾਜ ਭਾਵੇਂ ਸਵੀਕਾਰ ਨਹੀਂ ਕਰਦਾ ਪਰ ਸਮਾਜ ਦੇ ਦਾਨੇ ਬੀਨੇ ਉੱਥੇ ਆਪਣੇ ਪਲਾਂ ਨੂੰ ਰੰਗੀਨ ਬਣਾਉਣ ਲਈ ਚੋਰੀ ਛਿਪੇ ਜ਼ਰੂਰ ਜਾਂਦੇ ਹਨ। ਸਮਾਜ ਵੱਲੋਂ ਤਿਰਸਕਾਰ ਮਿਲੀਆਂ ਵੇਸਵਾਵਾਂ ਨੂੰ ਸਮਾਜ ਭਾਵੇਂ ਇੱਜ਼ਤ ਨਹੀਂ ਦਿੰਦਾ ਪਰ ਇਕ ਦੁਰਗਾ ਦੀ ਮੂਰਤੀ ਉਦੋਂ ਤੱਕ ਸੰਪੂਰਨ ਨਹੀਂ ਸਮਝੀ ਜਾਂਦੀ ਜਦੋਂ ਤੱਕ ਕਿ ਉਸ ਮਿੱਟੀ ਵਿਚ ਵੇਸਵਾ ਦੇ ਘਰ ਤੋਂ ਲਿਆਂਦੀ ਮਿੱਟੀ ਨਹੀਂ ਮਿਲਾਈ ਜਾਂਦੀ। ਇਸ ਤਰ੍ਹਾਂ ਇਹ ਸਿੱਧ ਹੁੰਦਾ ਹੈ ਕਿ ਪ੍ਰਮਾਤਮਾ ਦੇ ਘਰ ਇਕ ਵੇਸਵਾ ਦਾ ਵੀ ਸਤਿਕਾਰ ਹੈ। ਪਤਾ ਨਹੀਂ ਕਿਸ ਨੇ , ਕਿਉਂ ਤੇ ਕਿਵੇਂ ਇਨ੍ਹਾਂ ਔਰਤਾਂ ਨੂੰ ਇਹੋ ਜਿਹਾ ਜੀਵਨ ਜਿਊਣ ਲਈ ਧੱਕ ਦਿੱਤਾ ਹੈ। ਜੇ ਕੋਠੇ ਵਾਲੀਆਂ ਔਰਤਾਂ ਦੋਸ਼ੀ ਹਨ ਤਾਂ ਉਨ੍ਹਾਂ ਤੋਂ ਜਿਸਮਫਰੋਸ਼ੀ ਦਾ ਧੰਦਾ ਕਰਵਾਉਣ ਵਾਲੇ ਅਤੇ ਉਨ੍ਹਾਂ ਦਾ ਇਸਤੇਮਾਲ ਕਰਨ ਵਾਲੇ ਨਿਰਦੋਸ਼ ਕਿਵੇਂ ਹੋ ਸਕਦੇ ਹਨ?

ਪਰ ਅੱਜ ਦੇ ਸਮੇਂ ਵਿਚ ਇਕ ਸੱਭਿਅਕ ਕਹਾਉਣ ਵਾਲੀ ਔਰਤ ਵੀ ਕਈ ਵਾਰ ਅਜਿਹੇ ਕਾਰੇ ਕਰਦੀ ਹੈ ਜਿਸ ਨਾਲ ਪੂਰੀ ਔਰਤ ਜਾਤ ਨੂੰ ਸ਼ਰਮਸਾਰ ਹੋਣਾ ਪੈਂਦਾ ਹੈ। ਆਪਣੇ ਬੱਚਿਆਂ ਨੂੰ ਛੱਡ ਕੇ ਕਿਸੇ ਹੋਰ ਵਿਅਕਤੀ ਨਾਲ ਰਿਸ਼ਤੇ ਬਣਾਉਣੇ, ਆਪਣੇ ਹੱਥੀਂ ਆਪਣੇ ਹੀ ਪਰਿਵਾਰ ਦੇ ਮੈਂਬਰਾਂ ਨੂੰ ਗੁੰਮਰਾਹ ਕਰ ਕੇ ਜਾਂ ਆਪਣੇ ਬੱਚਿਆਂ ਨੂੰ ਰਾਹ ਦਾ ਰੋੜਾ ਸਮਝ ਕੇ ਰਸਤੇ ’ਚੋਂ ਹਟਾਉਣਾ, ਚੰਦ ਟਕਿਆਂ ਦੀ ਖ਼ਾਤਰ ਆਪਣੀ ਇੱਜ਼ਤ ਵੇਚਣਾ, ਔਰਤ ਹੋਣ ਦੇ ਨਾਤੇ ਮਿਲੇ ਅਧਿਕਾਰਾਂ ਦਾ ਦੁਰਪ੍ਰਯੋਗ ਕਰਦਿਆਂ ਦੂਜਿਆਂ ਨੂੰ ਮੁਸੀਬਤਾਂ ਵਿਚ ਪਾਉਣਾ ਆਦਿ ਕੰਮ ਔਰਤ ਨੂੰ ਸ਼ੋਭਾ ਨਹੀਂ ਦਿੰਦੇ।

ਮੈਂ ਔਰਤ ਨੂੰ ਧਰਤੀ ਮਾਂ ਨਾਲ ਮੇਲਦੀ ਹੋਈ ਇਹ ਪੁੱਛਣਾ ਚਾਹੁੰਦੀ ਹਾਂ ਕਿ ਜੇ ਧਰਤੀ ਵਿਚ ਸਾਡਾ ਬੀਜਿਆ ਉਹ ਬੀਜ ਹੀ ਪੁੰਗਰਦਾ ਹੈ ਜੋ ਅਸੀਂ ਧਰਤੀ ਦੇ ਅੰਦਰ ਬੀਜਦੇ ਹਾਂ ਤਾਂ ਫਿਰ ਧੀਆਂ ਨੂੰ ਜਨਮ ਦੇਣ ਦੀ ਕਸੂਰਵਾਰ ਬਣਾ ਕੇ ਇਕ ਔਰਤ ਨੂੰ ਹੀ ਕਿਉਂ ਲਤਾੜਿਆ ਜਾਂਦਾ ਹੈ। ਸਾਡੇ ਸਮਾਜ ਵਿਚ ਧੀਆਂ ਦੇ ਮਾਪਿਆਂ ਨੂੰ ਜਿੱਥੇ ਵਿਚਾਰਾ ਬਣਾ ਦਿੱਤਾ ਜਾਂਦਾ ਹੈ ਉੱਥੇ ਵਿਆਹ ਤੋਂ ਬਾਅਦ ਵੀ ਧੀਆਂ ਨੂੰ ਦਹੇਜ ਕਾਰਨ ਬਥੇਰੇ ਜ਼ਖ਼ਮ ਮਿਲਦੇ ਹਨ। ਤਾਅਨੇ-ਮਿਹਣੇ, ਗਾਲੀ- ਗਲੋਚ, ਕੁੱਟ-ਮਾਰ ਦੀ ਸ਼ਿਕਾਰ ਔਰਤ ਨੂੰ ਹੀ ਕਿਉਂ ਬਣਾਇਆ ਜਾਂਦਾ ਹੈ।

ਇਕ ਔਰਤ ਨੂੰ ਹੀ ਕਿਉਂ ਅਗਨੀ ਪ੍ਰੀਖਿਆ ਵਿਚੋਂ ਲੰਘਣਾ ਪੈਂਦਾ, ਔਰਤ ਨੂੰ ਹੀ ਦੇਸ਼ ਨਿਕਾਲਾ ਕਿਉਂ ? ਜੂਏ ਵਿਚ ਪਾਂਚਾਲੀ ਹੀ ਕਿਉਂ ਦਾਅ ’ਤੇ ਲਗਾਈ ਗਈ। ਕੁਕਰਮ ਕਰਨ ਤੋਂ ਬਾਅਦ ਵੀ ਔਰਤਾਂ ਦੀ ਕੋਈ ਸੁਣਵਾਈ ਨਹੀਂ ਬਲਕਿ ਉਸ ਨੂੰ ਜ਼ਲੀਲ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ। ਕਿਤੇ ਉਸ ਦੀ ਸਰੀਰਕ ਤੌਰ ’ਤੇ ਹਸਤੀ ਮਿਟਾ ਦਿੱਤੀ ਜਾਂਦੀ ਹੈ ਤੇ ਕਿਤੇ ਮਾਨਸਿਕ ਤੌਰ ’ਤੇ ਮਾਰ ਦਿੱਤਾ ਜਾਂਦਾ ਹੈ। ਅੱਜ ਤਾਂ ਛੋਟੀਆਂ ਬੱਚੀਆਂ ਵੀ ਸੁਰੱਖਿਅਤ ਨਹੀਂ ਹਨ। ਮੇਰੀ ਨਜ਼ਰ ਵਿਚ ਜੋ ਲੋਕ ਔਰਤ ਦਾ ਸਤਿਕਾਰ ਕਰਨਾ ਨਹੀਂ ਜਾਣਦੇ ਉਹ ਮਨੁੱਖ ਕਹਾਉਣ ਦੇ ਹੱਕਦਾਰ ਵੀ ਨਹੀਂ। ਜਿਸ ਕੁੱਖ ਵਿਚ ਨੌਂ ਮਹੀਨੇ ਸ਼ਰਨ ਲਈ, ਮਾਂ ਬਣ ਜਿਸ ਨੇ ਸੰਭਾਲਿਆ, ਉਸ ਦਾ ਆਦਰ ਕਰਨਾ ਤਾਂ ਬਣਦਾ ਹੀ ਹੈ। ਨਾਰੀ ਨੂੰ ਵੀ ਚਾਹੀਦਾ ਹੈ ਕਿ ਉਹ ਆਪਣੇ ਬੱਚਿਆਂ ਨੂੰ ਚੰਗੇ ਸੰਸਕਾਰ ਦੇਵੇ ਤਾਂ ਜੋ ਉਸ ਦੇ ਬੱਚੇ ਚੰਗੇ ਨਾਗਰਿਕ ਬਣਨ ਤੇ ਸਮਾਜ ਵਿਚ ਬੰਦਿਆਂ ਵਾਲੇ ਵਧੀਆ ਕੰਮ ਕਰਨ , ਨਹੀਂ ਤਾਂ ਫਿਰ ਪਸ਼ੂ ਬਿਰਤੀਆਂ ਵਾਲੇ ਬੰਦੇ ਜੋ ਕਾਰੇ ਕਰਦੇ ਹਨ ਉਹ ਸਭ ਨੂੰ ਪਤਾ ਹੀ ਹੈ।

ਜਿੱਥੇ ਔਰਤਾਂ ਨੂੰ ਸਮਝਣ ਦੀ ਲੋੜ ਹੈ ਕਿ ਉਹ ਇਸ ਸਮਾਜ ਦੀ ਅਹਿਮ ਕੜੀ ਹਨ ਉੱਥੇ ਉਨ੍ਹਾਂ ਨੂੰ ਆਪਣੇ ਅਧਿਕਾਰਾਂ ਤੇ ਕਰਤੱਵਾਂ ਪ੍ਰਤੀ ਵੀ ਸੁਚੇਤ ਹੋਣ ਦੀ ਲੋੜ ਹੈ। ਇਕ ਔਰਤ ਤੇ ਮਰਦ ਦੋਵੇਂ ਹੀ ਗ੍ਰਹਿਸਥੀ ਦੀ ਗੱਡੀ ਦੇ ਦੋ ਪਹੀਏ ਹਨ। ਦੋਵਾਂ ਨੂੰ ਇਕ ਦੂਜੇ ਦਾ ਸਤਿਕਾਰ ਕਰਨਾ ਤਾਂ ਬਣਦਾ ਹੈ ਤਾਂ ਹੀ ਇਕ ਚੰਗੇ ਸਮਾਜ ਦੀ ਸਿਰਜਣਾ ਕੀਤੀ ਜਾ ਸਕਦੀ ਹੈ। ਮਹਿਲਾ ਦਿਵਸ ਮਨਾਉਣ ਦਾ ਮਤਲਬ ਇਕ ਦਿਨ ਹੀ ਮੁਬਾਰਕਾਂ ਦੇਣਾ ਨਹੀਂ ਬਲਕਿ ਹਮੇਸ਼ਾ ਹੀ ਔਰਤਾਂ ਪ੍ਰਤੀ ਇੱਜ਼ਤਮਾਣ ਤੇ ਮਰਿਆਦਾ ਬਣਾਈ ਰੱਖਣ ਤੋਂ ਹੈ।

ਰਜਨੀਸ਼ ਕੌਰ ਬਬਲੀ


Rakesh

Content Editor

Related News