1947 ਦੇ ਬਾਅਦ ਕਈ ਸਿਆਸੀ ਪਾਰਟੀਆਂ ਉੱਭਰੀਆਂ ਅਤੇ ਡੁੱਬ ਗਈਆਂ

10/06/2020 3:51:20 AM

ਮਾਸਟਰ ਮੋਹਨ ਲਾਲ, ਸਾਬਕਾ ਟਰਾਂਸਪੋਰਟ ਮੰਤਰੀ, ਪੰਜਾਬ

ਕਦੀ ਸੰਸਦ ’ਚ ਸਵਤੰਤਰ ਪਾਰਟੀ ਅਤੇ ਉਨ੍ਹਾਂ ਦੇ ਵੱਡੇ ਨੇਤਾ ਮੀਨੂ-ਮਸਾਨੀ ਦੀ ਆਵਾਜ਼ ਗੂੰਜਦੀ ਸੀ। ਕਾਂਗਰਸ ਛੱਡ ਕੇ ਵਿਜਯਾਰਾਜੇ ਸਿੰਧੀਆ (ਰਾਜਮਾਤਾ) ਸਵਤੰਤਰ ਪਾਰਟੀ ਤੋਂ ਜਨਸੰਘ ’ਚ ਆਈ। ਉਦੋਂ 1960 ਦੇ ਦਹਾਕੇ ’ਚ ਲੋਕ ਸਭਾ ’ਚ ਸਵਤੰਤਰ ਪਾਰਟੀ ਦੇ 44 ਮੈਂਬਰ ਹੁੰਦੇ ਸਨ। 1963 ’ਚ ਰਾਮ ਮਨੋਹਰ ਲੋਹੀਆ ਯੂ.ਪੀ. ਦੇ ਫਾਰੂਖਾਬਾਦ ਤੋਂ ਜਿੱਤ ਕੇ ਆਏ, ਉਨ੍ਹਾਂ ਦੀ ਪਾਰਟੀ ਵੀ ਸਮਾਜਵਾਦੀ ਪਾਰਟੀ। 1964 ਿਵਚ ਬਿਹਾਰ ਤੋਂ ਮੁੰਗੇਰ ਲੋਕ ਸਭਾ ਸੀਟ ਜਿੱਤ ਕੇ ਆਏ ਸਮਾਜਵਾਦੀ ਪਾਰਟੀ ਦੇ ਹੀ ਨੇਤਾ ਮਧੁਲਿਮਯੇ। 1964 ’ਚ ਭਾਰਤੀ ਕਮਿਊਨਿਸਟ ਪਾਰਟੀ ਦੀ ਵੰਡ ਹੋ ਗਈ ਅਤੇ ਕਮਿਊਨਿਸਟ ਨੇਤਾ ਏ. ਕੇ. ਗੋਪਾਲਨ, ਈ. ਐੱਮ. ਐੱਸ. ਨਮੁੰਦਰੀਪਾਦ, ਬੀ. ਟੀ. ਰਣਦਿਵੇ ਨੇ ਮਾਰਕਸਵਾਦੀ ਕਮਿਊਨਿਸਟ ਪਾਰਟੀ ਬਣਾ ਲਈ। ਕਦੀ ਸੰਸਦ ’ਚ ਕਮਿਊਨਿਸਟਾਂ ਦੇ 80-80 ਲੋਕਸਭਾ ਮੈਂਬਰ ਹੁੰਦੇ ਸਨ।

ਇਕ ਸਿਆਸੀ ਪਾਰਟੀ ਪ੍ਰਜਾ ਸੋਸ਼ਲਿਸਟ ਪਾਰਟੀ ਵੀ ਹੁੰਦੀ ਸੀ। ਹੈਰਾਨੀ ਹੋਵੇਗੀ ਤੁਹਾਨੂੰ ਕਿ 1960 ਦੇ ਦਹਾਕੇ ’ਚ ਇਸ ਪਾਰਟੀ ਦੇ 23 ਲੋਕ ਸਭਾ ਮੈਂਬਰ ਹੁੰਦੇ ਸਨ। ਫਿਰ ਇਕ ਪਾਰਟੀ ਆਈ ਸੰਯੁਕਤ ਸੋਸ਼ਲਿਸਟ ਪਾਰਟੀ/ਦਰਮੁਕ ਤਾਮਿਲਨਾਡੂ ’ਚ ਇਕਲੌਤੀ ਸਿਆਸੀ ਪਾਰਟੀ ਹੁੰਦੀ ਸੀ। ਉਸ ਨੂੰ 1960 ਦੇ ਦਹਾਕੇ ’ਚ 25 ਲੋਕ ਸਭਾ ਸੀਟਾਂ ਮਿਲੀਆਂ ਸਨ। ਚੌਧਰੀ ਚਰਨ ਸਿੰਘ ਨੇ ਭਾਰਤੀ ਕ੍ਰਾਂਤੀ ਦਲ ਬਣਾਇਆ ਸੀ। ਉੜੀਸਾ ’ਚ ਬੀਜੂ ਪਟਨਾਇਕ ਨੇ ਉਤਕਲ ਕਾਂਗਰਸ ਦੀ ਨੀਂਹ ਰੱਖੀ। ਪੱਛਮੀ ਬੰਗਾਲ ’ਚ ਅਜੇ ਮੁਖਰਜੀ ਨੇ ਬੰਗਲਾ-ਕਾਂਗਰਸ ਬਣਾਈ। 1989 ਆਉਂਦੇ-ਆਉਂਦੇ ਜਨਤਾ ਦਲ ਸੱਤਾ ਸੰਭਾਲ ਗਿਆ। ਮੁਸਲਿਮ ਲੀਗ ਦੇ 1980 ’ਚ 49 ਸੰਸਦ ਮੈਂਬਰ ਸਨ। ਕਾਂਗਰਸ ਜਿਸਨੂੰ 1967 ਤਕ ਗ੍ਰੈਂਡ ਓਲਡ ਪਾਰਟੀ ਦੇ ਨਾਂ ਨਾਲ ਜਾਣਿਆ ਜਾਂਦਾ ਸੀ। ਇਸਦੇ ਬਾਅਦ ਲਗਾਤਾਰ ਲਟਕਦੀ ਚਲੀ ਗਈ। ਕਦੀ ਇਸ ’ਚੋਂ ਕਾਂਗਰਸ (ਓ) ਅਲੱਗ ਹੋਈ, ਕਦੀ ਸ਼ਰਦ ਪਵਾਰ ਨੈਸ਼ਨਲਿਸਟ-ਕਾਂਗਰਸ ਪਾਰਟੀ ਬਣਾ ਕੇ ਵੱਖਰੇ ਹੋ ਗਏ ਤੇ ਕਦੀ ਪੀ. ਏ. ਸੰਗਮਾ ਨੈਸ਼ਨਲ ਪੀਪੁਲਸ ਪਾਰਟੀ ਬਣਾ ਕੇ ਆਪਣਾ ਡੰਕਾ ਵਜਾ ਗਏ। ਜੇਕਰ ਸਵ. ਕਾਂਸ਼ੀ ਰਾਮ 1984 ’ਚ ਬਹੁਜਨ ਸਮਾਜਵਾਦੀ ਪਾਰਟੀ ਨਾ ਬਣਾਉਂਦੇ ਤਾਂ ਭਾਰਤ ’ਚ ਕਾਂਗਰਸ ਕਦੀ ਨਾ ਹਾਰਦੀ।

ਕਾਂਗਰਸ ਨੂੰ ਢਹਿ-ਢੇਰੀ ਕੀਤਾ ਕਾਂਸ਼ੀ ਰਾਮ ਅਤੇ ਮਾਇਆਵਤੀ ਨੇ ਕਿਉਂਕਿ ਦਲਿਤ ਵੋਟ ਹੀ ਕਾਂਗਰਸ ਦਾ ਵੋਟ ਬੈਂਕ ਸੀ। ਬਸਪਾ ਨੇ ਉਹ ਵੋਟ ਬੈਂਕ ਕਾਂਗਰਸ ਤੋਂ ਖੋਹ ਲਿਆ। ਮੈਂ ਲੋਕ ਸਭਾ ’ਚ ਰਿਪਬਲਿਕ ਪਾਰਟੀ ਦੇ ਚੜ੍ਹਦੇ ਸੂਰਜ ਨੂੰ ਵੀ ਦੇਖਿਆ। ਹੁਣ ਸੰਸਦ ’ਚ ਕੋਈ ਵੀ ਵਿਰੋਧੀ ਪਾਰਟੀ ਦਹਾੜਦੀ ਨਜ਼ਰ ਨਹੀਂ ਆਉਂਦੀ। ਅੰਨਾ ਹਜ਼ਾਰੇ ਦੇ ‘ਇੰਡੀਆ ਅਗੇਂਸਟ ਕੁਰੱਪਸ਼ਨ’ ਦੇ ਨਾਅਰੇ ’ਤੇ ‘ਆਮ ਆਦਮੀ ਪਾਰਟੀ’ ਦਾ 2012 ’ਚ ਉਦੈ ਹੋਇਆ। ਇਸ ਤਰ੍ਹਾਂ ਸਿਆਸੀ ਪਾਰਟੀਅਾਂ ਦੇ ਮੈਂਬਰ ਬਣਦੇ ਰਹੇ, ਅਲੋਪ ਹੁੰਦੇ ਰਹੇ ਪਰ ਭਾਰਤ ਦਾ ਲੋਕਤੰਤਰ ਲਗਾਤਾਰ ਪ੍ਰਪੱਕ ਹੁੰਦਾ ਗਿਆ। ਇਕ ਦਿਲਚਸਪ ਕਿੱਸਾ ਆਪਣੇ ਪਾਠਕਾਂ ਨੂੰ ਬਾਲੀਵੁੱਡ ਦਾ ਵੀ ਦੱਸਾਂ? ਪਤਾ ਹੈ ਕਿਉਂ ਮੈਂ ਇਸ ਕਿੱਸੇ ਦਾ ਜ਼ਿਕਰ ਕਰਨਾ ਚਾਹੁੰਦਾ ਹਾਂ? ਜਾਣਦੇ ਹੋ ਨਾ ਉਸ ਹੈਂਡਸਮ ਐਕਟਰ ਦਾ ਨਾਂ? ਫਿਲਮ ਉਦਯੋਗ ਦਾ ‘ਸਦਾਬਹਾਰ ਐਕਟਰ’ ਦੇਵਾਨੰਦ। ਹਾਂ, ਉਸੇ ਦੇਵਾਨੰਦ ਨੇ 1977 ’ਚ ‘ਨੈਸ਼ਨਲ ਪਾਰਟੀ ਆਫ ਇੰਡੀਆ’ ਦੀ ਨੀਂਹ ਰੱਖੀ ਸੀ। ਮੁੰਬਈ ਦੇ ਤਾਜਮਹਲ ਹੋਟਲ ’ਚ ‘ਨੈਸ਼ਨਲ ਪਾਰਟੀ’ ਦਾ ਜਨਮ ਹੋਇਆ। ਫਿਲਮ ਉਦਯੋਗ ਦੀਆਂ ਵੱਡੀਆਂ-ਵੱਡੀਆਂ ਹਸਤੀਆਂ ਇਸਦੇ ਸਥਾਪਨਾ ਦਿਵਸ ’ਤੇ ਹਾਜ਼ਰ ਹੋਈਆਂ। ਨਾਂ ਗਿਣਾਵਾਂ ਤਾਂ ਤੁਸੀਂ ਹੈਰਾਨ ਹੋ ਜਾਵੋਗੇ। ਇਸ ਪਾਰਟੀ ਦੇ ਜਨਮਦਾਤਾ ਸਨ ਮਹਾਨ ਨਿਰਮਾਤਾ, ਨਿਰਦੇਸ਼ਕ ਵੀ. ਸ਼ਾਂਤਾਰਾਮ, ਨਿਰਦੇਸ਼ਕ ਵਿਜੇੇਨੰਦ, ਰਾਮਾਇਣ ਸੀਰੀਅਲ ਦੇ ਨਿਰਮਾਤਾ ਰਾਮਾਨੰਦ ਸਾਗਰ, ਜੀ.ਪੀ. ਸਿੱਪੀ, ਸ਼੍ਰੀਰਾਮ ਵੋਹਰਾ, ਗੁਰੂਦੱਤ ਦੇ ਭਰਾ ਆਤਮਾ ਰਾਮ, ਆਈ.ਐੱਸ. ਜ਼ੌਹਰ, ਪ੍ਰਸਿੱਧ ਐਕਟਰ ਸੰਜੀਵ ਕੁਮਾਰ, ਸ਼ਤਰੂਘਨ ਸਿਨ੍ਹਾ, ਧਰਮਿੰਦਰ, ਹੇਮਾਮਾਲਿਨੀ ਆਦਿ।

ਨੈਸ਼ਨਲ ਪਾਰਟੀ ਦਾ ਹੈੱਡ ਆਫਿਸ ਰਾਜਕਮਲ ਸਟੂਡੀਓ ’ਚ ਬਣਾਇਆ ਗਿਆ। 4 ਸਤੰਬਰ 1979 ਨੂੰ ਨੈਸ਼ਨਲ ਪਾਰਟੀ ਨੇ ਇਕ ਵਿਸ਼ਾਲ ਇਕੱਠ ਦਾ ਆਯੋਜਨ ਮੁੰਬਈ ਦੇ ਸ਼ਿਵਾਜੀ ਪਾਰਕ ’ਚ ਰੱਖਿਆ। ਇਸ ਇਕੱਠ ’ਚ ਜਨਸੈਲਾਬ ਉਮੜ ਪਿਆ। ਇਸ ਇਕੱਠ ਵਿਚ ਫਿਲਮ ਐਕਟਰ ਆਈ. ਐੱਸ. ਜ਼ੌਹਰ ਨੇ ਐਲਾਨ ਕੀਤਾ ਕਿ ਜਨਤਾ ਪਾਰਟੀ ਦੀ ਸਰਕਾਰ ਦੇ ਸਿਹਤ ਮੰਤਰੀ ਰਾਜ ਨਰਾਇਣ ਵਿਰੁੱਧ ਉਹ ਲੋਕ ਸਭਾ ਦੀ ਚੋਣ ਲੜਨਗੇ। ਦੂਜੇ ਪਾਸੇ ਰਾਜ ਨਰਾਇਣ ਨੇ ਵੀ ਐਲਾਨ ਕਰ ਦਿੱਤਾ ਕਿ ਉਹ ਆਈ. ਐੱਸ. ਜ਼ੌਹਰ ਦੀਆਂ ਲੱਤਾਂ ਭੰਨ ਦੇਣਗੇ। ਇਸੇ ਵਿਸ਼ਾਲ ਇਕੱਠ ’ਚ ਦੇਵਾਨੰਦ ਨੂੰ ਨੈਸ਼ਨਲ ਪਾਰਟੀ ਦਾ ਪ੍ਰਧਾਨ ਐਲਾਨਿਆ ਗਿਆ। ਬੜੇ ਜੋਸ਼ੋ-ਖਰੋਸ਼ ਨਾਲ ਪਾਰਟੀ ਦੇ ਐਲਾਨ ਪੱਤਰ ਨੂੰ ਜਾਰੀ ਕੀਤਾ ਗਿਆ। ਬਾਲੀਵੁੱਡ ਸਿਤਾਰਿਆਂ ਨੇ ‘ਨੈਸ਼ਨਲ ਪਾਰਟੀ’ ਸਿਆਸਤ ’ਚ ਕਿਉਂ ਉਤਾਰੀ?

ਇਸ ਲਈ ਕਿ ਜਨਤਾ ਪਾਰਟੀ ਦੀ ਸਰਕਾਰ ਤੋਂ ਭਾਰਤ ਦੀ ਜਨਤਾ ਦਾ ਯਕੀਨ ਉੱਠ ਚੁੱਕਾ ਸੀ। ਜਨਤਾ ਪਾਰਟੀ ਦਾ ਹਰੇਕ ਭਾਈਵਾਲ ਸਰਕਾਰ ’ਚ ਆਪਣਾ-ਆਪਣਾ ਏਜੰਡਾ ਲਾਗੂ ਕਰਵਾਉਣਾ ਚਾਹੁੰਦਾ ਸੀ। ਜਨਤਾ ਪਾਰਟੀ ਦੀ ਦਾਲ ਜੁੱਤੀਆਂ ’ਚ ਵੰਡੀ ਜਾ ਰਹੀ ਸੀ। ਜਨਤਾ ਪਾਰਟੀ ਦੀ ਸਰਕਾਰ 1977 ’ਚ ਬਣੀ ਤੇ 1980 ’ਚ ਆਪਣੇ ਹੀ ਭਾਰ ਨਾਲ ਟੁੱਟ ਗਈ। ਇਸ ਲਈ ਇਨ੍ਹਾਂ ਹੀ ਹਾਲਾਤ ’ਚ ਫਿਲਮੀ ਸਿਤਾਰਿਆਂ ਨੇ ਇਕ ਨਵੀਂ ਸਿਆਸੀ ਪਾਰਟੀ ਦੀ ਸਥਾਪਨਾ ਕੀਤੀ। ਇਸ ਨੈਸ਼ਨਲ ਪਾਰਟੀ ਤੋਂ ਕਾਂਗਰਸ ਅਤੇ ਜਨਤਾ ਸਰਕਾਰ ਘਬਰਾ ਗਈ। ਇਨ੍ਹਾਂ ਪਾਰਟੀਆਂ ਨੇ ਪਹਿਲਾਂ ਰਾਮਾਨੰਦ ਸਾਗਰ ਅਤੇ ਜੀ. ਪੀ. ਸਿੱਪੀ ਨੂੰ ਇਹ ਕਹਿ ਕੇ ਡਰਾ ਦਿੱਤਾ ਕਿ ਸਿਆਸੀ ਪਾਰਟੀ ਬਣਨ ਨਾਲ ਸਿਨੇਮਾ ਉਦਯੋਗ ਉੱਜੜ ਜਾਵੇਗਾ। ਬੰਦ ਕਰੋ ਇਹ ਫਿਲਮੀ ਡਰਾਮੇਬਾਜ਼ੀ। ਹੌਲੀ-ਹੌਲੀ 1980 ਦੇ ਬਾਅਦ ਕਾਂਗਰਸ ਪਾਰਟੀ ਦੇ ਮੁੜ ਕੇਂਦਰ ’ਚ ਆ ਜਾਣ ਨਾਲ ਇਸ ਨਵੀਂ ਜਨਮੀ ਸਿਆਸੀ ਪਾਰਟੀ ਨੂੰ ਸਾਰੇ ਛੱਡ ਗਏ, ਦੇਵਾਨੰਦ ਇਕੱਲੇ ਰਹਿ ਗਏ। ਬਾਅਦ ’ਚ ਦੇਵਾਨੰਦ ਵੀ ਨੈਸ਼ਨਲ ਪਾਰਟੀ ਤੋਂ ਮੂੰਹ ਮੋੜ ਗਏ।

ਦੇਵਾਨੰਦ ਜਦਕਿ ਰਾਜਨੀਤੀ ਨੂੰ ਸਮਝਦੇ ਸਨ। ਉਨ੍ਹਾਂ ਦੇ ਪਿਤਾ ਪਿਸ਼ੌਰੀ ਲਾਲ ਨੰਦ ਪੰਜਾਬ ਦੇ ਗੁਰਦਾਸਪੁਰ ਜ਼ਿਲੇ ਦੇ ਪ੍ਰਸਿੱਧ ਵਕੀਲ ਸਨ। ਉਨ੍ਹਾਂ ਦੇ ਭਰਾ ਮਨਮੋਹਨਾ ਨੰਦ ਜਨਸੰਘ ਦੀ ਟਿਕਟ ’ਤੇ ਵਿਧਾਨ ਸਭਾ ਗੁਰਦਾਸਪੁਰ ਸੀਟ ਤੋਂ ਚੋਣ ਲੜ ਕੇ ਆਪਣੀ ਜ਼ਮਾਨਤ ਗੁਆ ਚੁੱਕੇ ਸਨ। ਦੇਵਾਨੰਦ ਅੰਗਰੇਜ਼ੀ ਸਾਹਿਤ ਦੇ ਗਿਆਤਾ ਸਨ। ਸਿਰਫ 36 ਰੁਪਏ ਲੈ ਕੇ ਗੁਰਦਾਸਪੁਰ ਤੋਂ ਮੁੰਬਈ ਪਹੁੰਚੇ ਸਨ। ਮੁੰਬਈ ਸਥਿਤ ਮਲੇਟੀ ਸੈਂਸਰ ਆਫਿਸ ’ਚ 165 ਰੁਪਏ ਪ੍ਰਤੀ ਮਹੀਨਾ ਦੀ ਨੌਕਰੀ ਕਰ ਚੁੱਕੇ ਸਨ। ਆਪਣਾ ਬੁਲੰਦ ਫਿਲਮੀ ਕਰੀਅਰ ਛੱਡ ਕੇ ਸਿਆਸੀ ਆਗੂ ਬਣਨ ਦੀ ਉਨ੍ਹਾਂ ਦੀ ਧੁਨ ਸਮਝ ਤੋਂ ਪਰ੍ਹੇ ਦੀ ਗੱਲ ਸੀ।

2 ਸਾਲ ਦੀ ਨੈਸ਼ਨਲ ਪਾਰਟੀ ਖੁਦ ਖਤਮ ਹੋ ਗਈ। ਦੇਵਾਨੰਦ ਇੰਨੇ ਨਿਰਾਸ਼ ਹੋਏ ਕਿ 1989 ਅਤੇ 1996 ਦੀ ਲੋਕ ਸਭਾ ਦੀ ਚੋਣ ਗੁਰਦਾਸਪੁਰ ਸੰਸਦੀ ਹਲਕੇ ਤੋਂ ਲੜਨ ਦੀ ਗੁਜ਼ਾਰਿਸ਼ ਲੈ ਕੇ ਜਦੋਂ ਮੈਂ ਉਨ੍ਹਾਂ ਕੋਲ ਮੁੰਬਈ ਪਹੁੰਚਾ ਤਾਂ ਉਨ੍ਹਾਂ ਨੇ ਸਿਆਸਤ ਤੋਂ ਤੌਬਾ ਕਰ ਲੈਣ ਦੀ ਗੱਲ ਦੁਹਰਾਈ। ਉਦੋਂ ਪ੍ਰਮੋਦ ਮਹਾਜਨ ਪਾਰਟੀ ਦੇ ਮਹਾਮੰਤਰੀ ਸਨ। ਮੇਰੀ ਉਨ੍ਹਾਂ ਨਾਲ ਨੇੜਤਾ ਸੀ। ਉਨ੍ਹਾਂ

ਦਾ ਇਰਾਦਾ ਸੀ ਕਿ ਮੈਂ ਦੇਵਾਨੰਦ ਨੂੰ ਗੁਰਦਾਸਪੁਰ ਲੋਕ ਸਭਾ ਸੀਟ ਤੋਂ ਲੜਨ ਲਈ ਮਨਾ ਲਵਾਂ ਕਿਉਂਕਿ ਗੁਰਦਾਸਪੁਰ ਉਨ੍ਹਾਂ ਦੀ ਜਨਮ ਭੂਮੀ ਸੀ ਪਰ ਨੈਸ਼ਨਲ ਪਾਰਟੀ ਦੇ ਹਸ਼ਰ ਤੋਂ ਦੇਵਾਨੰਦ ਦੁਖੀ ਸਨ। ਇਸ ਲਈ ਮੇਰੇ ਖੁਦ ਦੇ ਲੋਕ ਸਭਾ ਚੋਣ ਲੜਨ ਤੋਂ ਨਾਂਹ ਕਰਨ ’ਤੇ ਵਿਨੋਦ ਖੰਨਾ ਟਿਕਟ ਲੈ ਆਏ।

ਸਿਨੇਮਾ ਪ੍ਰੇਮੀ ਜਾਣਦੇ ਹਨ ਕਿ 1955 ਤੋਂ 1965 ਦਰਮਿਆਨ ਦੇ 10 ਸਾਲਾਂ ’ਚ ਜਾਂ ਤਾਂ ਦੱਖਣੀ ਭਾਰਤ ਦੇ ਪ੍ਰਸਿੱਧ ਸੁਪਰਸਟਾਰ ਐੱਮ. ਜੀ. ਐੱਮ. ਚੰਦਰਨ ਜਾਂ ਬਾਲੀਵੁੱਡ ਸਟਾਰ ਦੇਵਾਨੰਦ ਸਭ ਤੋਂ ਵੱਧ ਫੀਸ ਲੈਂਦੇ ਸਨ। ਉਨ੍ਹਾਂ ਦੇ ਪਿੱਛੇ ਫਿਲਮ ‘ਕਾਲਾ ਪਾਣੀ’, ‘ਬਾਜ਼’, ‘ਸੀ. ਆਈ. ਡੀ.’, ‘ਹੇਰਾ-ਫੇਰੀ’, ‘ਜਿਊਲ ਥੀਫ’ , ‘ਟੈਕਸੀ ਡਰਾਈਵਰ’, ‘ਪੇਇੰਗ ਗੈਸਟ’, ‘ਜਾਨੀ ਮੇਰਾ ਨਾਮ’, ‘ਪ੍ਰੇਮ ਪੁਜਾਰੀ’, ‘ਤੀਨ ਦੇਵੀਆਂ’, ‘ਹੀਰਾ ਪੰਨਾ’, ‘ਤੇਰੇ ਮੇਰੇ ਸਪਨੇ’, ‘ਬੰਬਈ ਕਾ ਬਾਬੂ’, ‘ਹਮ ਦੋਨੋ’ ਤੇ ਫਿਲਮ ‘ਗਾਈਡ’ ਵਰਗੀਆਂ ਸੈਂਕੜੇ ਸੁਪਰ ਹਿੱਟ ਫਿਲਮਾਂ ਦੀ ਵਿਰਾਸਤ ਸੀ।

ਦੇਵਾਨੰਦ ਕਲਾ ਦੇ ਖੇਤਰ ’ਚ ਭਾਰਤ ਸਰਕਾਰ ਵਲੋਂ ਪਦਮਭੂਸ਼ਣ ਅਤੇ ਦਾਦਾ ਸਾਹਿਬ ਫਾਲਕੇ ਅੈਵਾਰਡ ਪ੍ਰਾਪਤ ਕਰ ਚੁੱਕੇ ਸਨ। ‘ਰੋਮਾਂਸਿੰਗ ਵਿਦ ਲਾਈਫ’ ਆਪਣੀ ਆਤਮਕਥਾ ਲਿਖ ਚੁੱਕੇ ਸਨ। ਦਿਲੀਪ ਕੁਮਾਰ, ਰਾਜ ਕਪੂਰ ਅਤੇ ਦੇਵਾਨੰਦ ਫਿਲਮੀ ਤ੍ਰਿਮੂਰਤੀ ਦੁਨੀਆ ’ਚ ਆਪਣਾ ਨਾਂ ਕਮਾ ਚੁੱਕੀ ਹੈ। ਪੈਸਾ, ਇੱਜ਼ਤ, ਸ਼ੌਹਰਤ, ਨਾਮ, ਪ੍ਰਸਿੱਧੀ ’ਚ ਦੇਵਾਨੰਦ ਦਾ ਕੋਈ ਸਾਨੀ ਨਹੀਂ। ਫਿਰ ਉਨ੍ਹਾਂ ਨੇ ਸਿਆਸੀ ਪਾਰਟੀ ਬਣਾ ਕੇ ਕੀ ਲੈਣਾ ਸੀ? ਗਾਲ੍ਹਾਂ, ਆਲੋਚਨਾ ਅਤੇ ਪਤਾ ਨਹੀਂ ਕੀ-ਕੀ ਸਿਆਸਤ ’ਚ ਜਾ ਕੇ ਆਪਣੇ ਨਾਂ ਕਰਵਾ ਲੈਂਦੇ। ਚੰਗਾ ਹੋਇਆ ਨੈਸ਼ਨਲ ਪਾਰਟੀ ਤੋਂ ਉਨ੍ਹਾਂ ਦਾ ਮੋਹ ਭੰਗ ਹੋ ਗਿਆ।


Bharat Thapa

Content Editor

Related News