ਇਕ ਨੇਤਾ ਕਿਸੇ ਖਪਤਕਾਰ ਉਤਪਾਦ ਵਾਂਗ ਨਹੀਂ ਹੁੰਦਾ
Monday, Jan 27, 2025 - 04:33 AM (IST)
ਇਸ ਗਣਤੰਤਰ ਦਿਵਸ ’ਤੇ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਦੇ 92 ਸਾਲ ਦੀ ਉਮਰ ਵਿਚ ਦਿਹਾਂਤ ਨੂੰ ਇਕ ਮਹੀਨਾ ਹੋ ਜਾਵੇਗਾ। ਪ੍ਰਧਾਨ ਮੰਤਰੀ ਬਣਨ ਤੋਂ ਪਹਿਲਾਂ, ਡਾ. ਸਿੰਘ ਨੇ ਆਪਣੇ ਆਪ ਨੂੰ ਭਾਰਤੀ ਵਪਾਰ ਨੂੰ ਮੁਕਤ ਕਰਨ ਦੇ ਆਰਕੀਟੈਕਟ ਵਜੋਂ ਸਥਾਪਿਤ ਕੀਤਾ।
‘ਦਿ ਇਕਾਨੋਮਿਸਟ’ ਮੈਗਜ਼ੀਨ ਨੇ ਲਿਖਿਆ ਹੈ ਕਿ ਉਹ ਇਕ ਦਰਾਮਦਕਾਰ ਦੇ ਬੇਟੇ ਸਨ ਅਤੇ ਪੇਸ਼ਾਵਰ ਵਿਚ ਉਨ੍ਹਾਂ ਦੇ ਪਿਤਾ ਦੀ ਫਰਮ ਅਫਗਾਨਿਸਤਾਨ ਤੋਂ ਸੁੱਕੇ ਮੇਵੇ ਅਤੇ ਮਸਾਲੇ ਦਰਾਮਦ ਕਰਦੀ ਸੀ। ਨੌਜਵਾਨ ਮਨਮੋਹਨ, ਜੋ ਅਕਸਰ ਆਪਣੇ ਦੋਸਤਾਂ ਵਲੋਂ ਚੋਰੀ ਕੀਤੀ ਜਾਣ ਵਾਲੀ ਸੌਗੀ ਜੇਬ ਵਿਚ ਰੱਖਦੇ ਸਨ, ਛੋਟੀ ਉਮਰ ਤੋਂ ਹੀ ਅੰਤਰਰਾਸ਼ਟਰੀ ਵਪਾਰ ਦੀ ਮਹੱਤਤਾ ਨੂੰ ਸਮਝਦੇ ਸਨ।
ਮਨਮੋਹਨ ਸਿੰਘ ਨੇ ਆਪਣੇ-ਆਪ ਨੂੰ ਇਕ ਸ਼ਾਨਦਾਰ ਸਿੱਖਿਆ ਸ਼ਾਸਤਰੀ ਵਜੋਂ ਸਥਾਪਿਤ ਕੀਤਾ। ਉਨ੍ਹਾਂ ਦੀ ਵਿਦਵਤਾਪੂਰਨ ਖੋਜ ਨੇ ਉਨ੍ਹਾਂ ਨੂੰ ਪੰਜਾਬ ਤੋਂ ਕੈਂਬ੍ਰਿਜ ਅਤੇ ਆਕਸਫੋਰਡ ਦੇ ਵੱਕਾਰੀ ਹਾਲਾਂ ਵਿਚ ਪਹੁੰਚਾਇਆ। ਉਨ੍ਹਾਂ ਦੇ ਸੂਖਮ ਆਤਮਵਿਸ਼ਵਾਸ ਨੇ ਇਨ੍ਹਾਂ ਅਕਾਦਮਿਕ ਹਲਕਿਆਂ ਵਿਚ ਇਕ ਸਥਾਈ ਪ੍ਰਭਾਵ ਛੱਡਿਆ।
24 ਜੁਲਾਈ, 1991 ਨੂੰ ਇਕ ਇਤਿਹਾਸਕ ਬਜਟ ਭਾਸ਼ਣ ਨੇ ਭਾਰਤ ਦੀ ਇਕ ਮੁਕਤ ਬਾਜ਼ਾਰ ਅਰਥਵਿਵਸਥਾ ਵੱਲ ਨਾਟਕੀ ਤਬਦੀਲੀ ਨੂੰ ਦਰਸਾਇਆ। ਡਾ. ਮਨਮੋਹਨ ਸਿੰਘ ਨੇ ਕਿਹਾ ਕਿ ਮੈਂ ਉਨ੍ਹਾਂ ਮੁਸ਼ਕਲਾਂ ਨੂੰ ਘੱਟ ਨਹੀਂ ਸਮਝਦਾ ਜੋ ਸਾਡੇ ਵਲੋਂ ਸ਼ੁਰੂ ਕੀਤੇ ਗਏ ਲੰਬੇ ਅਤੇ ਔਖੇ ਸਫ਼ਰ ਵਿਚ ਅੱਗੇ ਆਉਣ ਵਾਲੀਆਂ ਹਨ ਪਰ ਜਿਵੇਂ ਕਿ ਵਿਕਟਰ ਹਿਊਗੋ ਨੇ ਇਕ ਵਾਰ ਕਿਹਾ ਸੀ, ‘‘ਧਰਤੀ ਦੀ ਕੋਈ ਵੀ ਸ਼ਕਤੀ ਉਸ ਵਿਚਾਰ ਨੂੰ ਨਹੀਂ ਰੋਕ ਸਕਦੀ ਜਿਸ ਦਾ ਸਮਾਂ ਆ ਗਿਆ ਹੈ।’’
ਮੈਂ ਇਸ ਅਜ਼ੀਮ ਸਦਨ ਨੂੰ ਸੁਝਾਅ ਦਿੰਦਾ ਹਾਂ ਕਿ ਭਾਰਤ ਦਾ ਦੁਨੀਆ ਦੀ ਇਕ ਵੱਡੀ ਆਰਥਿਕ ਸ਼ਕਤੀ ਵਜੋਂ ਉਭਾਰ ਇਕ ਅਜਿਹਾ ਹੀ ਵਿਚਾਰ ਹੈ। ਸਾਰੀ ਦੁਨੀਆ ਨੂੰ ਇਹ ਗੱਲ ਉੱਚੀ ਅਤੇ ਸਾਫ਼ ਸੁਣਨੀ ਚਾਹੀਦੀ ਹੈ। ਭਾਰਤ ਹੁਣ ਪੂਰੀ ਤਰ੍ਹਾਂ ਜਾਗ ਚੁੱਕਾ ਹੈ। ਅਸੀਂ ਜਿੱਤਾਂਗੇ। ਅਸੀਂ ਜਿੱਤਾਂਗੇ।
2004 ਤੋਂ 2014 ਤੱਕ ਪ੍ਰਧਾਨ ਮੰਤਰੀ ਵਜੋਂ, ਸਿੰਘ ਨੇ ਭਾਰਤ ਵਿਚ ਤੇਜ਼ ਆਰਥਿਕ ਵਿਕਾਸ ਦੇ ਦੌਰ ਦੀ ਨਿਗਰਾਨੀ ਕੀਤੀ। ਆਪਣੇ ਕੁਦਰਤੀ ਤੌਰ ’ਤੇ ਸੰਜਮੀ ਵਿਵਹਾਰ ਦੇ ਬਾਵਜੂਦ, ਇਕ ਅਜਿਹਾ ਗੁਣ ਜੋ ਇਕ ਖਾਸ ਰਾਜਨੀਤਿਕ ਉਭਾਰ ਨੂੰ ਰੋਕ ਸਕਦਾ ਹੈ। ਸਿੰਘ ਦੀ ਸ਼ਾਂਤ ਪਰ ਪ੍ਰਭਾਵਸ਼ਾਲੀ ਲੀਡਰਸ਼ਿਪ ਸ਼ੈਲੀ ਨੇ ਉਨ੍ਹਾਂ ਦੀ ਸ਼ਾਸਨ ਵਿਚ ਇਕ ਸ਼ਾਨਦਾਰ ਕਰੀਅਰ ਬਣਾਉਣ ਵਿਚ ਮਦਦ ਕੀਤੀ।
ਆਪਣੇ ਪੂਰੇ ਕਾਰਜਕਾਲ ਦੌਰਾਨ ਉਨ੍ਹਾਂ ਨੇ ਭਾਰਤ ਦੇ ਸੰਵਿਧਾਨ ਵਿਚ ਦਰਜ ਲੋਕਤੰਤਰੀ ਸਿਧਾਂਤਾਂ ਨੂੰ ਬਰਕਰਾਰ ਰੱਖਿਆ, ਇਹ ਯਕੀਨੀ ਬਣਾਇਆ ਕਿ ਰਾਇ ਅਤੇ ਪ੍ਰਗਟਾਵੇ ਦੀ ਆਜ਼ਾਦੀ ਮਜ਼ਬੂਤ ਅਤੇ ਸਤਿਕਾਰਯੋਗ ਰਹੇ। ਇਸ ਤਰ੍ਹਾਂ ਆਪਣੇ ਯੁੱਗ ਦੌਰਾਨ ਸੰਵਿਧਾਨ ਨੂੰ ਸੁਰੱਖਿਅਤ ਰੱਖਿਆ।
ਇਸ ਸੰਦਰਭ ਵਿਚ, ਕਾਮੇਡੀਅਨ ਵੀਰ ਦਾਸ ਨੇ ਡਾ. ਮਨਮੋਹਨ ਸਿੰਘ ਦੇ ਕਾਰਜਕਾਲ ਨੂੰ ਯਾਦ ਕੀਤਾ ਅਤੇ ਕਿਹਾ ਕਿ ਉਨ੍ਹਾਂ ਦੇ ਪ੍ਰਸ਼ਾਸਨ ਨੇ ਰਾਸ਼ਟਰੀ ਟੈਲੀਵਿਜ਼ਨ ’ਤੇ ਉਨ੍ਹਾਂ ਬਾਰੇ ਚੁਟਕਲੇ ਬਰਦਾਸ਼ਤ ਕੀਤੇ।
ਦਾਸ ਨੂੰ ਰਾਤ 9 ਵਜੇ ਦੇ ਨਿਊਜ਼ ਬੁਲੇਟਿਨ ਦੌਰਾਨ ਦੇਸ਼ ਦੇ ਸਭ ਤੋਂ ਸ਼ਕਤੀਸ਼ਾਲੀ ਆਦਮੀ ਦੀ ਹਾਸੇ-ਮਜ਼ਾਕ ਨਾਲ ਆਲੋਚਨਾ ਕਰਨ ਦਾ ਮਾਣ ਪ੍ਰਾਪਤ ਹੋਇਆ, ਜਿਸ ਵਿਚ ਉਨ੍ਹਾਂ ਨੇ ਲੀਡਰਸ਼ਿਪ ਵਿਚ ਸਿੰਘ ਦੀ ਨਿਮਰਤਾ ’ਤੇ ਰੌਸ਼ਨੀ ਪਾਈ।
ਹਾਲਾਂਕਿ, ਸਿੰਘ ਦੇ ਕਾਰਜਕਾਲ ਦੌਰਾਨ ਸਹਿਣਸ਼ੀਲਤਾ ਦੀਆਂ ਇਨ੍ਹਾਂ ਮਿਸਾਲਾਂ ਦੇ ਬਾਵਜੂਦ, ਭਾਰਤ ਵਿਚ ਪ੍ਰੈੱਸ ਦੀ ਆਜ਼ਾਦੀ ਦੇ ਵਿਸ਼ਾਲ ਦ੍ਰਿਸ਼ ਨੂੰ ਚੁਣੌਤੀਆਂ ਦਾ ਸਾਹਮਣਾ ਕਰਨਾ ਪਿਆ ਹੈ। ‘ਰਿਪੋਰਟਰਜ਼ ਵਿਦਾਊਟ ਬਾਰਡਰਜ਼’ ਵਲੋਂ ਜਾਰੀ ਪ੍ਰੈੱਸ ਫ੍ਰੀਡਮ ਇੰਡੈਕਸ ਦੇ 2024 ਐਡੀਸ਼ਨ ਵਿਚ ਭਾਰਤ 180 ਦੇਸ਼ਾਂ ਵਿਚੋਂ 159ਵੇਂ ਸਥਾਨ ’ਤੇ ਹੈ। ਹਾਲਾਂਕਿ ਇਹ ਪਿਛਲੇ ਸਾਲ ਦੇ ਮੁਕਾਬਲੇ ਥੋੜ੍ਹਾ ਜਿਹਾ ਸੁਧਾਰ ਦਰਸਾਉਂਦਾ ਹੈ, ਪਰ ਹਾਲ ਹੀ ਦੇ ਸਾਲਾਂ ਵਿਚ ਪ੍ਰੈੱਸ ਦੀ ਆਜ਼ਾਦੀ ਦੇ ਮਾਮਲੇ ਵਿਚ ਭਾਰਤ ਦਾ ਟਰੈਕ ਰਿਕਾਰਡ ਨਿਰਾਸ਼ਾਜਨਕ ਤੌਰ ’ਤੇ ਮਾੜਾ ਰਿਹਾ ਹੈ।
ਭਾਰਤ ਦੇ ਪਹਿਲੇ ਰਾਸ਼ਟਰਪਤੀ, ਰਾਜਿੰਦਰ ਪ੍ਰਸਾਦ ਨੇ 1950 ਦੇ ਗਣਤੰਤਰ ਦਿਵਸ ਦੇ ਆਪਣੇ ਭਾਸ਼ਣ ਵਿਚ ਨਵੇਂ ਅਪਣਾਏ ਗਏ ਸੰਵਿਧਾਨ ਦੇ ਲੋਕਤੰਤਰੀ ਸਾਰ ’ਤੇ ਜ਼ੋਰ ਦਿੱਤਾ, ਜੋ ਕਿ ਵਿਅਕਤੀਗਤ ਨਾਗਰਿਕਾਂ ਦੀਆਂ ਅਨਮੋਲ ਆਜ਼ਾਦੀਆਂ ਦੀ ਰੱਖਿਆ ਲਈ ਤਿਆਰ ਕੀਤਾ ਗਿਆ ਸੀ। ਉਨ੍ਹਾਂ ਕਿਹਾ ਕਿ ਸਾਡਾ ਸੰਵਿਧਾਨ ਇਕ ਲੋਕਤੰਤਰੀ ਸਾਧਨ ਹੈ ਜੋ ਨਾਗਰਿਕਾਂ ਨੂੰ ਬਹੁਤ ਹੀ ਅਨਮੋਲ ਆਜ਼ਾਦੀ ਯਕੀਨੀ ਬਣਾਉਣ ਦੀ ਕੋਸ਼ਿਸ਼ ਕਰਦਾ ਹੈ।
ਭਾਰਤ ਨੇ ਕਦੇ ਵੀ ਵਿਚਾਰਾਂ ਅਤੇ ਆਸਥਾ ਨੂੰ ਨਿਰਧਾਰਤ ਜਾਂ ਵਰਜਿਤ ਨਹੀਂ ਕੀਤਾ ਹੈ ਅਤੇ ਸਾਡੇ ਦਰਸ਼ਨ ਵਿਚ ਇਕ ਨਿੱਜੀ ਪਰਮਾਤਮਾ ਦੇ ਭਗਤ ਲਈ ਓਨੀ ਹੀ ਜਗ੍ਹਾ ਹੈ ਜਿੰਨੀ ਇਕ ਨਾਸਤਿਕ ਲਈ। ਇਸ ਲਈ ਅਸੀਂ ਆਪਣੇ ਸੰਵਿਧਾਨ ਤਹਿਤ ਉਸ ਨੂੰ ਅਮਲ ਵਿਚ ਲਿਆਵਾਂਗੇ ਜੋ ਸਾਨੂੰ ਆਪਣੀਆਂ ਰਵਾਇਤਾਂ ਤੋਂ ਵਿਰਾਸਤ ਵਿਚ ਮਿਲਿਆ ਹੈ ਭਾਵ ਰਾਇ ਅਤੇ ਪ੍ਰਗਟਾਵੇ ਦੀ ਆਜ਼ਾਦੀ।
ਡਾ. ਮਨਮੋਹਨ ਸਿੰਘ ਦੇ ਦਿਹਾਂਤ ਨਾਲ ਭਾਰਤ ਦੇ ਇਤਿਹਾਸ ਦੇ ਇਕ ਮਹੱਤਵਪੂਰਨ ਅਧਿਆਇ ਦਾ ਅੰਤ ਹੋ ਗਿਆ ਹੈ। ਉਨ੍ਹਾਂ ਦੀ ਵਿਰਾਸਤ, ਜੋ ਕਿ ਖਰਬਾਂ ਡਾਲਰਾਂ ਵਿਚ ਮਾਪੀ ਜਾ ਸਕਦੀ ਹੈ, ਦੇਸ਼ ਦੀ ਆਰਥਿਕ ਕਹਾਣੀ ਵਿਚ ਇਕ ਪਰਿਵਰਤਨਸ਼ੀਲ ਯੁੱਗ ਨੂੰ ਸ਼ਾਮਲ ਕਰਦੀ ਹੈ, ਜਿਸ ਦੀ ਅਗਵਾਈ ਇਕ ਅਜਿਹੇ ਵਿਅਕਤੀ ਵਲੋਂ ਕੀਤੀ ਗਈ ਸੀ ਜਿਸ ਨੇ ਵਿਦਵਤਾਪੂਰਨ ਨਿਮਰਤਾ ਨੂੰ ਸ਼ਾਂਤ, ਭਰੋਸੇਮੰਦ ਲੀਡਰਸ਼ਿਪ ਨਾਲ ਜੋੜਿਆ।
ਇਸ ਲੀਡਰਸ਼ਿਪ ਨੇ ਇਕ ਸੁਤੰਤਰ ਗਣਰਾਜ ਦੇ ਉਭਾਰ ਨੂੰ ਸੁਵਿਧਾਜਨਕ ਬਣਾਇਆ ਜੋ ਰਾਸ਼ਟਰਪਤੀ ਰਾਜਿੰਦਰ ਪ੍ਰਸਾਦ ਦੇ ਭਾਰਤ ਦੇ ਦ੍ਰਿਸ਼ਟੀਕੋਣ ’ਚ ਗੂੰਜਦੀਆਂ ਕਦਰਾਂ-ਕੀਮਤਾਂ ਨੂੰ ਦਰਸਾਉਂਦਾ ਹੈ ਜਿਵੇਂ ਕਿ ਉਨ੍ਹਾਂ ਦੇ 1950 ਦੇ ਗਣਤੰਤਰ ਦਿਵਸ ਭਾਸ਼ਣ ਵਿਚ ਰੇਖਾਂਕਿਤ ਹੈ।
ਹੁਣ ਅਸੀਂ ਕਿੱਥੇ ਜਾਵਾਂਗੇ? ਅਸੀਂ ਇਹ ਕਿਵੇਂ ਨਿਰਧਾਰਤ ਕਰਦੇ ਹਾਂ ਕਿ ਕੌਣ ‘ਤੂਫਾਨ ’ਤੇ ਸਵਾਰ ਹੈ’ ਅਤੇ ਤੂਫਾਨ ਨੂੰ ਨਿਰਦੇਸ਼ਤ ਕਰਦਾ ਹੈ? ਆਖ਼ਿਰਕਾਰ, ਇਕ ਨੇਤਾ ਇਕ ਖਪਤਕਾਰ ਉਤਪਾਦ ਵਰਗਾ ਨਹੀਂ ਹੁੰਦਾ ਜੋ ਫੈਕਟਰੀ ਵਿਚ ‘ਆਰਡਰ ਦੇ ਹਿਸਾਬ ਨਾਲ’ ਬਣਾਇਆ ਜਾਂਦਾ ਹੈ।
ਇਹ ਹਾਲਾਤ ਜਾਂ ਵੱਖ-ਵੱਖ ਕਾਰਕਾਂ ਜਾਂ ਤਾਕਤਾਂ ਦੇ ਆਪਸੀ ਤਾਲਮੇਲ ਨਾਲ ਅੱਗੇ ਵਧਾਇਆ ਜਾਂਦਾ ਹੈ।
ਹਾਲਾਂਕਿ, ਕੁਝ ਜ਼ਰੂਰੀ ਗੁਣ ਹਨ ਜੋ ਕਿਸੇ ਕੋਲ ਹੋਣੇ ਚਾਹੀਦੇ ਹਨ। ਅੱਜ ਦੇਸ਼ ਨੂੰ ਇਕ ਮਜ਼ਬੂਤ, ਪਰਿਪੱਕ ਅਤੇ ਦ੍ਰਿੜ੍ਹ ਦੂਰਦਰਸ਼ੀ ਨੇਤਾ ਦੀ ਲੋੜ ਹੈ। ਉਸ ਨੂੰ ਕਦਰਾਂ-ਕੀਮਤਾਂ ’ਤੇ ਅਾਧਾਰਿਤ ਵਿਅਕਤੀ ਹੋਣਾ ਚਾਹੀਦਾ ਹੈ।
ਭਾਰਤ ਲਈ ਭਵਿੱਖ ਦਾ ਇਕ ਦ੍ਰਿਸ਼ਟੀਕੋਣ, ਇਕ ਅਜਿਹਾ ਦ੍ਰਿਸ਼ਟੀਕੋਣ ਜਿਸ ਲਈ ਇਕ ਨਿਸ਼ਾਨਾਬੱਧ, ਜ਼ਰੂਰਤਾਂ-ਅਾਧਾਰਿਤ ਪ੍ਰੋਗਰਾਮ ਦੀ ਲੋੜ ਹੈ। ਡਾ. ਮਨਮੋਹਨ ਸਿੰਘ ’ਤੇ ਗੌਰ ਕਰੋ, ਜਿਨ੍ਹਾਂ ਦਾ ਭਾਰਤ ਦੇ ਭਵਿੱਖ ਲਈ ਇਸੇ ਤਰ੍ਹਾਂ ਦਾ ਦ੍ਰਿਸ਼ਟੀਕੋਣ ਸੀ।
ਭਾਰਤ ਨੂੰ ਜਾਗ੍ਰਿਤ ਹੋਣ ਦਿਓ, ਤਾਕਤਵਰ ਹੋਣ ਦਿਓ ਅਤੇ ਜਿੱਤ ਹਾਸਲ ਕਰੋ।
-ਹਰੀ ਜੈਸਿੰਘ