ਆਸਟ੍ਰੇਲੀਆ ’ਚ ਮਨੀ ਲਾਂਡਰਿੰਗ ਦਾ ਵੱਡਾ ਚੀਨੀ ਗੋਰਖਧੰਦਾ

11/17/2023 1:04:37 PM

ਚੀਨ ਦੇ ਲੋਕ ਦੁਨੀਆ ’ਚ ਜਿੱਥੇ ਜਾਂਦੇ ਹਨ ਉਹ ਲੋਕ ਉੱਥੇ ਬਦਨਾਮ ਹੋ ਜਾਂਦੇ ਹਨ, ਭਾਵੇਂ ਉਹ ਥਾਈਲੈਂਡ ’ਚ ਜੂਆ ਘਰ, ਗੁੰਡਾਗਰਦੀ ਅਤੇ ਚਕਲਾ ਚਲਾਉਣ ਦੀ ਗੱਲ ਹੋਵੇ ਜਾਂ ਫਿਰ ਕੰਬੋਡੀਆ ’ਚ ਫੋਨ ’ਤੇ ਜਾਲਸਾਜ਼ੀ ਕਰ ਕੇ ਦੁਨੀਆ ਦੇ ਵੱਖ-ਵੱਖ ਕੌਮੀਅਤਾ ਵਾਲੇ ਲੋਕਾਂ ਨਾਲ ਧੋਖਾਦੇਹੀ ਕਰ ਕੇ ਪੈਸਾ ਉਗਰਾਹੁਣ ਦੀ ਗੱਲ ਹੋਵੇ, ਕੋਲੰਬੀਆ ਅਤੇ ਮੈਕਸੀਕੋ ਦੇ ਰਸਤੇ ਨਸ਼ੀਲੇ ਪਦਾਰਥਾਂ ਦੀ ਸਮੱਗਲਿੰਗ ਹੋਵੇ ਜਾਂ ਫਿਰ ਮੌਜ਼ਮਬੀਕ ’ਚੋਂ ਜੰਗਲਾਂ ਦਾ ਸਫਾਇਆ ਕਰ ਕੇ ਲੱਕੜੀ ਦੀ ਸਮੱਗਲਿੰਗ ਕਰਨ ਦੀ ਗੱਲ, ਹਰ ਤਰ੍ਹਾਂ ਦੇ ਗੋਰਖ ਧੰਦੇ ’ਚ ਚੀਨੀ ਅੱਗੇ ਹਨ। ਅਜੇ ਤਾਜ਼ਾ ਮਾਮਲਾ ਆਸਟ੍ਰੇਲੀਆ ਤੋਂ ਆਇਆ ਹੈ, ਜਿੱਥੇ ਚੀਨੀ ਗੈਂਗ ਖੁੱਲ੍ਹੇਆਮ ਹਵਾਲਾ ਰੈਕੇਟ ਚਲਾ ਰਹੇ ਸਨ ਅਤੇ ਹੁਣ ਤੱਕ ਕਰੋੜਾਂ ਡਾਲਰ ਆਸਟ੍ਰੇਲੀਆ ਤੋਂ ਚੀਨ ਭੇਜ ਚੁੱਕੇ ਹਨ।

ਇਸ ਮਾਮਲੇ ’ਚ ਆਸਟ੍ਰੇਲੀਆ ਪੁਲਸ ਨੇ 7 ਲੋਕਾਂ ਨੂੰ ਗ੍ਰਿਫਤਾਰ ਵੀ ਕੀਤਾ ਹੈ। ਇਹ ਇਸ ਗੱਲ ਤੋਂ ਪਤਾ ਲਾਇਆ ਜਾ ਸਕਦਾ ਹੈ ਕਿ ਕਿੰਨਾ ਵੱਡਾ ਸਿੰਡੀਕੇਟ ਹੈ, ਜਿਸ ਦੇ ਮੈਂਬਰਾਂ ਨੂੰ ਗ੍ਰਿਫਤਾਰ ਕਰਨ ਲਈ 330 ਆਸਟ੍ਰੇਲੀਆਈ ਪੁਲਸ ਮੁਲਾਜ਼ਮਾਂ ਨੇ ਦੇਸ਼ ਦੇ 5 ਵੱਡੇ ਸ਼ਹਿਰਾਂ ’ਚ ਛਾਪੇਮਾਰੀ ਕੀਤੀ। ਫੜੇ ਗਏ ਚੀਨੀ ਨਾਗਰਿਕ ਸਾਲ 2010 ਤੋਂ ਹੀ ਆਸਟ੍ਰੇਲੀਆ ’ਚ ਆਪਣਾ ਸਿੰਡੀਕੇਟ ਖੁੱਲ੍ਹੇਆਮ ਸਾਫ-ਸੁਥਰੀਆਂ ਦੁਕਾਨਾਂ ਤੋਂ ਚਲਾ ਰਹੇ ਸਨ। ਇਨ੍ਹਾਂ ਦੇ ਕੰਮ ਕਰਨ ਦਾ ਤਰੀਕਾ ਚਲਾਕੀ ਵਾਲਾ ਸੀ। ਲੰਬੇ ਸਮੇਂ ਤੱਕ ਆਸਟ੍ਰੇਲੀਆਈ ਪੁਲਸ ਨੂੰ ਇਨ੍ਹਾਂ ਦੇ ਕਾਲੇ ਕਾਰਨਾਮਿਆਂ ਦੀ ਭਿਣਕ ਤੱਕ ਨਹੀਂ ਲੱਗੀ।

ਦਰਅਸਲ ਇਹ ਚੀਨੀ ਸਿੰਡੀਕੇਟ ਪੈਸਿਆਂ ਦੀ ਅਦਲਾ-ਬਦਲੀ ਦਾ ਕੰਮ ਕਾਨੂੰਨੀ ਤਰੀਕੇ ਨਾਲ ਕਰ ਰਿਹਾ ਸੀ, ਜਿਸ ਲਈ ਇਨ੍ਹਾਂ ਨੇ ਪੂਰੇ ਆਸਟ੍ਰੇਲੀਆ ’ਚ ਕਈ ਦੁਕਾਨਾਂ ਤੇ ਦਫਤਰ ਵੀ ਖੋਲ੍ਹੇ ਸਨ ਪਰ ਇਹ ਲੋਕ ਇਕ ਵੱਡੀ ਗਿਣਤੀ ’ਚ ਆਸਟ੍ਰੇਲੀਆ ਤੋਂ ਚੀਨ ਪੈਸੇ ਭੇਜਣ ’ਚ ਟੈਕਸ ਦੀ ਚੋਰੀ ਕਰ ਰਹੇ ਸਨ ਅਤੇ ਪੈਸੇ ਭੇਜਣ ਦੀ ਵੱਧ ਤੋਂ ਵੱਧ ਹੱਦ ਤੋਂ ਜ਼ਿਆਦਾ ਪੈਸਾ ਇਹ ਲੋਕ ਸਰਕਾਰ ਦੀਆਂ ਨਜ਼ਰਾਂ ਤੋਂ ਬਚਾ ਕੇ ਚੀਨ ਭੇਜ ਰਹੇ ਸਨ। ਪਿਛਲੇ ਕੁਝ ਸਾਲਾਂ ’ਚ ਇਨ੍ਹਾਂ ਲੋਕਾਂ ਨੇ 23 ਕਰੋੜ ਡਾਲਰ ਨਾਜਾਇਜ਼ ਤਰੀਕੇ ਨਾਲ ਚੀਨ ਭੇਜੇ। ਇਸ ਸਿਲਸਿਲੇ ’ਚ ਫੜੇ ਗਏ ਸਾਰੇ 7 ਲੋਕ ਚੀਨੀ ਮੂਲ ਦੇ ਹਨ ਜੋ ਦੂਜਿਆਂ ਦੇ ਪੈਸਿਆਂ ’ਤੇ ਪੋਰਸ਼, ਮਰਸੀਡੀਜ਼ ਵੈਗਨ ਵਰਗੀਆਂ ਗੱਡੀਆਂ ’ਚ ਸਫਰ ਕਰਦੇ ਸਨ, ਇਨ੍ਹਾਂ ਕੋਲੋਂ ਜ਼ਬਤ ਕੀਤੀਆਂ ਗਈਆਂ ਗੱਡੀਆਂ ’ਚ ਇਕ-ਇਕ ਗੱਡੀ ਦੀ ਕੀਮਤ 4 ਲੱਖ ਅਮਰੀਕੀ ਡਾਲਰ ਤੱਕ ਹੈ।

ਇਹ ਲੋਕ ਸਾਕੀ, ਸ਼ੈਂਪੇਨ ਵਰਗੀ 10-10 ਹਜ਼ਾਰ ਡਾਲਰ ਦੀ ਮਹਿੰਗੀ ਸ਼ਰਾਬ ਪੀਂਦੇ ਸਨ, ਮਹਿੰਗੇ ਰੇਸਤਰਾਂ ’ਚ ਖਾਣਾ ਖਾਂਦੇ ਸਨ ਅਤੇ ਐਸ਼ੋ-ਆਰਾਮ ਵਾਲੀ ਜ਼ਿੰਦਗੀ ਜਿਊ ਰਹੇ ਸਨ। ਪੁਲਸ ਨੇ ਅਜੇ ਤੱਕ ਇਨ੍ਹਾਂ ਕੋਲੋਂ 5 ਕਰੋੜ ਅਮਰੀਕੀ ਡਾਲਰ ਮੁੱਲ ਦੀ ਜਾਇਦਾਦ ਜ਼ਬਤ ਕੀਤੀ ਹੈ।

ਪੂਰੇ ਆਸਟ੍ਰੇਲੀਆ ਦੇ ਕਈ ਸ਼ਹਿਰਾਂ ’ਚ ਇਹ ਲੋਕ ਛਾਂਗਜਿਆਂਗ ਕਰੰਸੀ ਐਕਸਚੇਂਜ ਨਾਂ ਨਾਲ ਆਪਣੀਆਂ ਮਨੀ ਐਕਸਚੇਂਜ ਦੀਆਂ ਕਈ ਦੁਕਾਨਾਂ ਚਲਾਉਂਦੇ ਸਨ। ਪੁਲਸ ਦੀ ਨਜ਼ਰ ’ਚ ਇਹ ਗੈਂਗ ਤਦ ਆਇਆ ਜਦ ਕੋਵਿਡ ਮਹਾਮਾਰੀ ਦੌਰਾਨ ਇਨ੍ਹਾਂ ਦੀਆਂ ਬਹੁਤ ਸਾਰੀਆਂ ਦੁਕਾਨਾਂ ਸਿਡਨੀ ਸ਼ਹਿਰ ਦੇ ਅੰਦਰੋ-ਅੰਦਰ ਖੁੱਲ੍ਹਣ ਲੱਗੀਆਂ ਜਦਕਿ ਉਸ ਦੌਰਾਨ ਸਾਰੇ ਵਪਾਰ ਠੱਪ ਪਏ ਸਨ। ਉਸ ਸਮੇਂ ਜਿੰਨੇ ਵੀ ਕੌਮਾਂਤਰੀ ਵਿਦਿਆਰਥੀ ਅਤੇ ਸੈਲਾਨੀ ਸਨ ਉਹ ਸਾਰੇ ਆਪਣੇ ਦੇਸ਼ ਪਰਤ ਰਹੇ ਸਨ ਅਤੇ ਵਪਾਰ ਦੀ ਸਥਿਤੀ ਲਗਾਤਾਰ ਖਰਾਬ ਹੋ ਰਹੀ ਸੀ। ਅਜਿਹੇ ’ਚ ਇਨ੍ਹਾਂ ਦੀਆਂ ਨਵੀਆਂ ਦੁਕਾਨਾਂ ਖੋਲ੍ਹਣ ਦੀ ਗੱਲ ਪੁਲਸ ਕੋਲੋਂ ਹਜ਼ਮ ਨਹੀਂ ਹੋਈ ਅਤੇ ਉੱਥੋਂ ਹੀ ਇਨ੍ਹਾਂ ਖਿਲਾਫ ਜੰਗ ਸ਼ੁਰੂ ਹੋਈ, ਤਦ ਜਾ ਕੇ ਇਨ੍ਹਾਂ ਦੇ ਕਾਲੇ ਕਾਰਨਾਮਿਆਂ ਦਾ ਕੱਚਾ ਚਿੱਠਾ ਪੁਲਸ ਸਾਹਮਣੇ ਖੁੱਲ੍ਹਿਆ।

ਇਸ ’ਚ ਸਭ ਤੋਂ ਵੱਧ ਹੈਰਾਨ ਕਰਨ ਵਾਲੀ ਗੱਲ ਇਹ ਹੈ ਕਿ ਇਸ ਗੈਂਗ ਨੇ ਆਸਟ੍ਰੇਲੀਆ ਦੇ ਕਿਸੇ ਵੀ ਸਰਕਾਰੀ ਅਧਿਕਾਰੀ ਜਾਂ ਸਿਆਸਤਦਾਨ ਨੂੰ ਇਸ ’ਚ ਸ਼ਾਮਲ ਨਹੀਂ ਕੀਤਾ ਸੀ ਅਤੇ ਨਾ ਹੀ ਉਨ੍ਹਾਂ ਨੂੰ ਇਕ ਪੈਸਾ ਦਿੱਤਾ ਸੀ। ਇਹ ਸਾਰੀ ਖੇਡ ਇਕ ਬਹੁਤ ਹੀ ਛੋਟੇ ਅਤੇ ਭਰੋਸੇਯੋਗ ਚੀਨੀਆਂ ਦੇ ਗਿਰੋਹ ’ਚ ਚੱਲ ਰਹੀ ਸੀ। ਇਸ ਗਿਰੋਹ ਨੂੰ ਫੜਨ ਲਈ ਯੂਨਾਈਟਿਡ ਸਟੇਟਸ ਹੋਮਲੈਂਡ ਸਕਿਓਰਿਟੀ ਵੱਲੋਂ ਇਕ ਖੁਫੀਆ ਮੁਹਿੰਮ ਚਲਾ ਕੇ ਜਾਣਕਾਰੀ ਇਕੱਠੀ ਕੀਤੀ ਗਈ, ਸਬੂਤ ਇਕੱਠੇ ਕੀਤੇ ਗਏ ਅਤੇ ਫਿਰ ਇਸ ਗਿਰੋਹ ’ਤੇ ਛਾਪਾ ਮਾਰਿਆ ਗਿਆ।

ਇਨ੍ਹਾਂ ਦੇ ਕੰਮ ਕਰਨ ਦਾ ਤਰੀਕਾ ਇਕਦਮ ਵੱਖਰਾ ਸੀ। ਦਰਅਸਲ ਕਿਸੇ ਵੀ ਦੇਸ਼ ’ਚ ਮਨੀ ਐਕਸਚੇਂਜ ਵਪਾਰ ਹੋਣਾ ਇਕ ਆਮ ਗੱਲ ਹੈ ਅਤੇ ਇਹ ਸਾਰੇ ਵਪਾਰੀ ਸਰਕਾਰ ਦੇ ਦਫਤਰ ’ਚ ਰਜਿਸਟਰਡ ਹੁੰਦੇ ਹਨ। ਪੈਸਿਆਂ ਦੀ ਅਦਲਾ-ਬਦਲੀ ਕਰਨ ਦੀ ਇਨ੍ਹਾਂ ਦੀ ਇਕ ਹੱਦ ਹੁੰਦੀ ਹੈ ਜਿਸ ਤੋਂ ਵੱਧ ਪੈਸੇ ਇਹ ਐਕਸਚੇਂਜ ਨਹੀਂ ਕਰ ਸਕਦੇ ਅਤੇ ਜਿੰਨੇ ਪੈਸੇ ਐਕਸਚੇਂਜ ਕਰਦੇ ਉਸ ਲਈ ਇਹ ਲੋਕ ਸਰਕਾਰ ਨੂੰ ਟੈਕਸ ਵੀ ਦਿੰਦੇ ਹਨ ਪਰ ਇਹ ਲੋਕ ਆਪਣੇ ਸਫੈਦਪੋਸ਼ ਧੰਦੇ ਦੀ ਆੜ੍ਹ ’ਚ ਕਾਲੇ ਕਾਰਨਾਮੇ ਕਰ ਰਹੇ ਸਨ। ਬਹੁਤ ਸਾਰਾ ਪੈਸਾ ਇਹ ਲੋਕ ਸਰਕਾਰ ਦੀਆਂ ਨਜ਼ਰਾਂ ਤੋਂ ਬਚਾ ਕੇ ਹਵਾਲਾ ਦੇ ਜ਼ਰੀਏ ਚੀਨ ਭੇਜ ਰਹੇ ਸਨ। ਇਸ ਸਿੰਡੀਕੇਟ ਦਾ ਮਾਸਟਰ ਮਾਈਂਡ ਤੁਓ ਚਿੰਗ ਤਸੂਓ ਅਤੇ ਯੀ ਛੂ ਹਨ ਜੋ ਪਤੀ-ਪਤਨੀ ਹਨ। ਇਨ੍ਹਾਂ ਤੋਂ ਇਲਾਵਾ ਥਿੰਗ ਵਾਂਗ, ਚਿਨ ਵਾਂਗ, ਚਿਯੇ ਲੂ, ਫੇਈ ਤੂਆਨ ਅਤੇ ਤਯੂਸੋ ਛਨ ਗੈਂਗ ’ਚ ਸ਼ਾਮਲ ਹਨ ਜੋ ਆਪਸ ’ਚ ਮਿਲ ਕੇ ਜਾਇਜ਼ ਮਨੀ ਐਕਸਚੇਂਜ ਦੀ ਆੜ੍ਹ ’ਚ ਨਾਜਾਇਜ਼ ਤਰੀਕੇ ਨਾਲ ਹਵਾਲਾ ਚਲਾ ਰਹੇ ਸਨ ਅਤੇ ਆਸਟ੍ਰੇਲੀਆਈ ਸਰਕਾਰ ਨੂੰ ਲੱਖਾਂ ਡਾਲਰ ਦੇ ਟੈਕਸ ਦਾ ਚੂਨਾ ਲਾ ਰਹੇ ਸਨ।


Rakesh

Content Editor

Related News