ਇਕ ਮਹੀਨੇ ’ਚ ਛੇਵਾਂ ਰੇਲ ਹਾਦਸਾ, ਰੇਲ ਮੰਤਰੀ ਅਸ਼ਵਿਨੀ ਵੈਸ਼ਣਵ ਧਿਆਨ ਦੇਣ
Friday, Jul 19, 2024 - 02:30 AM (IST)
ਭਾਰਤੀ ਰੇਲਵੇ ਏਸ਼ੀਆ ਦਾ ਦੂਜਾ ਸਭ ਤੋਂ ਵੱਡਾ ਰੇਲ ਨੈੱਟਵਰਕ ਹੈ। ਜਨਤਕ ਟ੍ਰਾਂਸਪੋਰਟ ਹੋਣ ਦੇ ਨਾਤੇ ਇਸ ਦੇ ਸਸਤਾ ਅਤੇ ਸੁਰੱਖਿਅਤ ਹੋਣ ਦੀ ਆਸ ਕੀਤੀ ਜਾਂਦੀ ਹੈ ਪਰ ਲਗਾਤਾਰ ਕਿਰਾਏ ਵਧਾਉਣ ਦੇ ਬਾਵਜੂਦ ਸਹੂਲਤਾਂ ਅਤੇ ਸੁਰੱਖਿਆ ਦੇ ਮਾਮਲੇ ’ਚ ਅਕਸਰ ਰੇਲਵੇ ’ਚ ਲਾਪ੍ਰਵਾਹੀ ਦੇ ਮਾਮਲੇ ਸਾਹਮਣੇ ਆਉਂਦੇ ਰਹਿੰਦੇ ਹਨ।
ਬੀਤੇ ਮਹੀਨੇ 17 ਜੂਨ ਨੂੰ ਬਿਹਾਰ ’ਚ ‘ਕੰਚਨਜੰਗਾ ਐਕਸਪ੍ਰੈੱਸ’ ਰੇਲ ਹਾਦਸਾ, ਜਿਸ ’ਚ 14 ਯਾਤਰੀ ਮਾਰੇ ਗਏ ਸਨ, ਦੇ ਬਾਅਦ ਤੋਂ ਪਿਛਲੇ ਸਿਰਫ 2 ਹਫਤਿਆਂ ’ਚ ਹੇਠਲੇ 6 ਛੋਟੇ-ਵੱਡੇ ਰੇਲ ਹਾਦਸੇ ਹੋ ਚੁੱਕੇ ਹਨ :
* 2 ਜੁਲਾਈ ਨੂੰ ਅੰਬਾਲਾ-ਦਿੱਲੀ ਟ੍ਰੈਕ ’ਤੇ ‘ਤਰਾਵੜੀ’ ਰੇਲਵੇ ਸਟੇਸ਼ਨ ਦੇ ਨੇੜੇ ਚੱਲਦੀ ਰੇਲਗੱਡੀ ਦੇ 9 ਕੰਟੇਨਰ ਡਿੱਗਣ ਦੇ ਨਤੀਜੇ ਵਜੋਂ ਚਾਰ ਪਹੀਏ ਟ੍ਰੈਕ ਤੋਂ ਉਤਰ ਗਏ ਅਤੇ 3 ਕਿਲੋਮੀਟਰ ਤੱਕ ਦਾ ਟ੍ਰੈਕ ਨੁਕਸਾਨਿਆ ਗਿਆ।
* 4 ਜੁਲਾਈ ਨੂੰ ਜਲੰਧਰ ਤੋਂ ਜੰਮੂ-ਤਵੀ ਜਾ ਰਹੀ ਮਾਲਗੱਡੀ ਕਠੂਆ ਤੋਂ 2 ਕਿਲੋਮੀਟਰ ਤੋਂ ਪਹਿਲਾਂ ਖਰਾਬ ਹੋ ਗਈ। ਦੱਸਿਆ ਜਾਂਦਾ ਹੈ ਕਿ ਮਾਧੋਪੁਰ ਰੇਲਵੇ ਸਟੇਸ਼ਨ ਨੂੰ ਕਰਾਸ ਕਰਨ ਦੇ ਦੌਰਾਨ ਚੜ੍ਹਾਈ ਦੇ ਕਾਰਨ ਇੰਜਣ ਅੱਗੇ ਨਹੀਂ ਚੜ੍ਹ ਸਕਿਆ ਅਤੇ ਡਰਾਈਵਰ ਨੇ ਹੇਠਾਂ ਉਤਰ ਕੇ ਦੇਖਿਆ ਤਾਂ ਪਹੀਏ ਸਲਿੱਪ ਕਰ ਰਹੇ ਸਨ।
* 6 ਜੁਲਾਈ ਨੂੰ ਨਾਸਿਕ ਅਤੇ ਮੁੰਬਈ ਦੇ ਦਰਮਿਆਨ ਚੱਲਣ ਵਾਲੀ ‘ਪੰਚਵਟੀ ਐਕਸਪ੍ਰੈੱਸ’ ਦੇ ਡੱਬੇ ਠਾਣੇ ਦੇ ‘ਕਸਾਰਾ’ ’ਚ ਇੰਜਣ ਨਾਲੋਂ ਵੱਖ ਹੋ ਗਏ।
* 12 ਜੁਲਾਈ ਨੂੰ ਬਿਹਾਰ ਦੇ ਪਟਨਾ ਜ਼ਿਲੇ ’ਚ ਦਾਨਾਪੁਰ ਮੰਡਲ ਦੇ ‘ਦਨਿਯਾਵਾਂ’ ਸਟੇਸ਼ਨ ਦੇ ਨੇੜੇ ਇਕ ਮਾਲਗੱਡੀ ਦੇ 6 ਡੱਬੇ ਪੱਟੜੀ ਤੋਂ ਉਤਰ ਜਾਣ ਕਾਰਨ ਫਤੂਹਾ-ਇਸਲਾਮਪੁਰ ਡਵੀਜ਼ਨ ’ਤੇ ਰੇਲ ਆਵਾਜਾਈ ਠੱਪ ਹੋ ਗਈ।
* 15 ਜੁਲਾਈ ਨੂੰ ਮਹਾਰਾਸ਼ਟਰ ਦੇ ਠਾਣੇ ਜ਼ਿਲੇ ’ਚ ‘ਲੋਕਮਾਨਯ ਤਿਲਕ ਟਰਮੀਨਸ-ਗੋਰਖਪੁਰ ਐਕਸਪ੍ਰੈੱਸ’ ਦੇ ਇਕ ਡੱਬੇ ਦੇ ਬ੍ਰੇਕ ਜਾਮ ਹੋਣ ਕਾਰਨ ਪਹੀਆਂ ਦੇ ਨੇੜੇ ਅੱਗ ਲੱਗ ਗਈ ਜਿਸ ਨੂੰ ਅੱਗ ਬੁਝਾਊ ਯੰਤਰਾਂ ਦੀ ਸਹਾਇਤਾ ਨਾਲ ਬੁਝਾਇਆ ਗਿਆ।
* ਅਤੇ ਹੁਣ 18 ਜੁਲਾਈ ਨੂੰ ਉੱਤਰ ਪ੍ਰਦੇਸ਼ ਦੇ ਗੋਂਡਾ ਜ਼ਿਲੇ ’ਚ ‘ਮੋਤੀਗੰਜ’ ਥਾਣਾ ਇਲਾਕੇ ਦੇ ‘ਪਿਕੌਰਾ’ ਪਿੰਡ ਦੇ ਨੇੜੇ ਜ਼ੋਰਦਾਰ ਝਟਕਾ ਲੱਗਣ ਨਾਲ ਚੰਡੀਗੜ੍ਹ ਤੋਂ ਡਿਬਰੂਗੜ੍ਹ ਜਾ ਰਹੀ ‘ਚੰਡੀਗੜ੍ਹ-ਡਿਬਰੂਗੜ੍ਹ ਸਪਤਾਹਿਕ ਐਕਸਪ੍ਰੈੱਸ ਟ੍ਰੇਨ’ ਦੇ 14 ਡੱਬੇ ਪੱਟੜੀ ਤੋਂ ਉਤਰ ਜਾਣ ਨਾਲ ਦੋ ਵਿਅਕਤੀਆਂ ਦੀ ਮੌਤ ਅਤੇ 35 ਜ਼ਖਮੀ ਹੋ ਗਏ।
ਚਸ਼ਮਦੀਦਾਂ ਦੇ ਅਨੁਸਾਰ ਟ੍ਰੇਨ ਤੋਂ ਬਾਹਰ ਨਿਕਲਣ ਦੇ ਬਾਅਦ ਯਾਤਰੀਆਂ ਨੂੰ ਨੇੜੇ ਦੀ ਸੜਕ ਤੱਕ ਪਹੁੰਚਣ ਲਈ ਟ੍ਰੈਕ ਦੇ ਦੋਵੇਂ ਪਾਸੇ ਖੇਤਾਂ ’ਚ ਗੋਡਿਆਂ ਤੱਕ ਭਰੇ ਪਾਣੀ ’ਚੋਂ ਲੰਘਣਾ ਪਿਆ। ਮੌਕੇ ’ਤੇ ਪੁੱਜੇ ਜ਼ਿਲਾ ਅਧਿਕਾਰੀਆਂ ਨੇ ਯਾਤਰੀਆਂ ਨੂੰ ਉਨ੍ਹਾਂ ਦੀ ਮੰਜ਼ਿਲ ਤੱਕ ਪਹੁੰਚਾਉਣ ਲਈ ਬੱਸਾਂ ਦਾ ਪ੍ਰਬੰਧ ਕੀਤਾ।
ਹਾਦਸੇ ਦੇ ਕਾਰਨ ਕਟਿਹਾਰ-ਅੰਮ੍ਰਿਤਸਰ ਐਕਸਪ੍ਰੈੱਸ, ਆਮਰਪਾਲੀ ਐਕਸਪ੍ਰੈੱਸ, ਜੰਮੂ-ਤਵੀ ਅਮਰਨਾਥ ਐਕਸਪ੍ਰੈੱਸ ਅਤੇ ਗੁਹਾਟੀ-ਸ਼੍ਰੀਮਾਤਾ ਵੈਸ਼ਨੋ ਦੇਵੀ ਕੱਟੜਾ ਐਕਸਪ੍ਰੈੱਸ ਸਮੇਤ 10 ਰੇਲਗੱਡੀਆਂ ਨੂੰ ਮਾਰਗ ਬਦਲ ਕੇ ਚਲਾਉਣਾ ਪਿਆ।
ਰੇਲਵੇ ’ਚ ਆਧੁਨਿਕ ਤਕਨੀਕ ਲਿਆ ਕੇ ਹਾਦਸੇ ਘੱਟ ਕਰਨ ਵਾਲੀਆਂ ਯੋਜਨਾਵਾਂ ’ਤੇ ਬੀਤੇ 5 ਸਾਲਾਂ ’ਚ 1 ਲੱਖ ਕਰੋੜ ਰੁਪਏ ਦੇ ਲਗਭਗ ਰਕਮ ਖਰਚ ਕੀਤੇ ਜਾਣ ਦੇ ਬਾਵਜੂਦ ਹਾਦਸੇ ਹੋ ਰਹੇ ਹਨ।
ਹੁਣ ਪਿਛਲੇ ਕੁਝ ਸਮੇਂ ਤੋਂ ਰੇਲਗੱਡੀਆਂ ਨੂੰ ਹਾਦਸਾ ਰਹਿਤ ਕਰਨ ਲਈ ਸਵੈਚਲਿਤ ਟ੍ਰੇਨ ਸੁਰੱਖਿਆ ਪ੍ਰਣਾਲੀ (ਕਵਚ) ਲਾਗੂ ਕਰਨ ਦੀ ਦਿਸ਼ਾ ’ਚ ਕਦਮ ਚੁੱਕੇ ਗਏ ਹਨ ਪਰ ਇਸ ਤਕਨੀਕ ਨੂੰ ਲਾਗੂ ਕਰਨ ਦੀ ਰਫਤਾਰ ਇੰਨੀ ਮੱਠੀ ਹੈ ਕਿ ਆਉਣ ਵਾਲੇ ਇਕ ਦਹਾਕੇ ’ਚ ਵੀ ਰੇਲਵੇ ਦਾ ਪੂਰਾ ਨੈੱਟਵਰਕ ਇਸ ਤਕਨੀਕ ਨਾਲ ਲੈਸ ਹੁੰਦਾ ਦਿਖਾਈ ਨਹੀਂ ਦੇ ਰਿਹਾ।
ਹੁਣ ਰੇਲਵੇ ਸੁਰੱਖਿਆ ਕਮਿਸ਼ਨਰ (ਸੀ. ਆਰ. ਐੱਸ.) ਨੇ ‘ਕੰਚਨਜੰਗਾ ਐਕਸਪ੍ਰੈੱਸ’ ਹਾਦਸੇ ਦੀ ਜਾਂਚ ਸਬੰਧੀ ਆਪਣੀ ਰਿਪੋਰਟ ’ਚ ‘ਕਵਚ ਪ੍ਰਣਾਲੀ’ ਨੂੰ ਸਰਵਉੱਚ ਪਹਿਲ ’ਤੇ ਲਾਗੂ ਕਰਨ ਦੀ ਸਿਫਾਰਿਸ਼ ਕੀਤੀ ਹੈ ਜਿਸ ’ਤੇ ਤੁਰੰਤ ਅਮਲ ਕਰਨ ਦੀ ਲੋੜ ਹੈ।
ਇਸ ਦੇ ਨਾਲ ਹੀ ਰੇਲ ਯਾਤਰਾ ਸੁਰੱਖਿਅਤ ਬਣਾਉਣ ਲਈ ਭਾਰਤੀ ਰੇਲਾਂ ਦੀ ਕਾਰਜਪ੍ਰਣਾਲੀ ਅਤੇ ਰੱਖ-ਰਖਾਅ ’ਚ ਤੁਰੰਤ ਬਹੁ-ਮਕਸਦੀ ਸੁਧਾਰ ਲਿਆਉਣ ਅਤੇ ਰੇਲਗੱਡੀਆਂ ਦੀ ਆਵਾਜਾਈ ਵਰਗੀ ਮਹੱਤਵਪੂਰਨ ਡਿਊਟੀ ’ਤੇ ਤਾਇਨਾਤ ਹੋਣ ਦੇ ਬਾਵਜੂਦ ਲਾਪ੍ਰਵਾਹੀ ਕਰਨ ਵਾਲੇ ਮੁਲਾਜ਼ਮਾਂ ਵਿਰੁੱਧ ਸਖਤ ਤੋਂ ਸਖਤ ਕਾਰਵਾਈ ਕਰਨ ਦੀ ਲੋੜ ਹੈ। ਇਸ ਲਈ ਰੇਲ ਮੰਤਰੀ ਅਸ਼ਵਿਨੀ ਵੈਸ਼ਣਵ ਇਸ ਪਾਸੇ ਧਿਆਨ ਦੇਣ।
-ਵਿਜੇ ਕੁਮਾਰ