ਤਾਲਿਬਾਨ ਦੇ ਮਾੜੇ ਸ਼ਾਸਨ ਦੇ 3 ਸਾਲ
Sunday, Aug 18, 2024 - 05:37 PM (IST)

ਅਫਗਾਨਿਸਤਾਨ ਵਿਚ ਤਾਲਿਬਾਨ ਦੇ ਸੱਤਾ ਵਿਚ ਆਉਣ ਦੇ ਤਿੰਨ ਸਾਲ ਬਾਅਦ, ਸ਼ਾਸਨ ਨੇ ਆਪਣੇ ਆਪ ਨੂੰ ਕਈ ਮੋਰਚਿਆਂ ’ਤੇ ਅਸਫਲ ਸਾਬਤ ਕੀਤਾ ਹੈ। ਤਾਲਿਬਾਨ ਦੇ ਸ਼ਾਸਨ ਨੂੰ ਔਰਤਾਂ ਦੇ ਖਿਲਾਫ ਗੰਭੀਰ ਦਮਨ, ਗੁਆਂਢੀ ਦੇਸ਼ ਪਾਕਿਸਤਾਨ ਨਾਲ ਵਿਗੜਦੇ ਸਬੰਧਾਂ ਅਤੇ ਅੰਤਰਰਾਸ਼ਟਰੀ ਮਾਨਤਾ ਲਈ ਇਕ ਵਿਅਰਥ ਸੰਘਰਸ਼ ਵਜੋਂ ਦਰਸਾਇਆ ਗਿਆ ਹੈ। ਜਿਸ ਦੀ ਕਿਸੇ ਸਮੇਂ ਵਿਦੇਸ਼ੀ ਕਬਜ਼ੇ ਦੇ ਖਿਲਾਫ ਜਿੱਤ ਦੇ ਤੌਰ ’ਤੇ ਕੁਝ ਲੋਕਾਂ ਵਲੋਂ ਸ਼ਲਾਘਾ ਕੀਤੀ ਜਾਂਦੀ ਸੀ, ਉਹ ਅਫਗਾਨ ਲੋਕਾਂ ਲਈ ਇਕ ਡਰਾਉਣੇ ਸੁਪਨੇ ਵਿਚ ਬਦਲ ਗਿਅਾ ਹੈ। ਤਾਲਿਬਾਨ ਸ਼ਾਸਨ ਜ਼ੁਲਮ, ਦੁਰਵਿਹਾਰ ਅਤੇ ਕੂਟਨੀਤਕ ਅਲੱਗ-ਥਲੱਗਤਾ ਦਾ ਪ੍ਰਤੀਕ ਹੈ।
ਕਾਬੁਲ ਵਿਚ ਤਾਲਿਬਾਨ ਦੇ ਕਾਰਜਕਾਲ ਨੂੰ ਮਹੱਤਵਪੂਰਨ ਚੁਣੌਤੀਆਂ ਦਾ ਸਾਹਮਣਾ ਕਰਨਾ ਪਿਆ ਹੈ, ਜਿਸ ਨੇ ਉਨ੍ਹਾਂ ਦੇ ਸ਼ਾਸਨ ਮਾਡਲ ਦੀਆਂ ਸੀਮਾਵਾਂ ਨੂੰ ਉਜਾਗਰ ਕੀਤਾ ਹੈ। ਇਨ੍ਹਾਂ ਮੁੱਦਿਆਂ ਨੂੰ ਹੱਲ ਕਰਨ ਦੀ ਉਨ੍ਹਾਂ ਦੀ ਯੋਗਤਾ ਅਫਗਾਨਿਸਤਾਨ ਦੀ ਭਵਿੱਖੀ ਸਥਿਰਤਾ ਅਤੇ ਸੱਤਾ ਵਿਚ ਤਾਲਿਬਾਨ ਦੀ ਲੰਬੀ ਉਮਰ ਨੂੰ ਨਿਰਧਾਰਤ ਕਰੇਗੀ।
ਅੰਤਰਰਾਸ਼ਟਰੀ ਅਲੱਗ-ਥਲੱਗਤਾ, ਆਰਥਿਕ ਪਤਨ, ਸੁਰੱਖਿਆ ਖਤਰੇ ਅਤੇ ਅੰਦਰੂਨੀ ਵੰਡ ਮਹੱਤਵਪੂਰਨ ਰੁਕਾਵਟਾਂ ਹਨ ਜਿਨ੍ਹਾਂ ਨਾਲ ਤਾਲਿਬਾਨ ਨੂੰ ਆਉਣ ਵਾਲੇ ਸਾਲਾਂ ਵਿਚ ਨਜਿੱਠਣਾ ਪਵੇਗਾ। ਅਗਸਤ 2021 ਤੋਂ ਕਾਬੁਲ ’ਤੇ ਤਾਲਿਬਾਨ ਦੇ ਕੰਟਰੋਲ ਨੂੰ ਕਈ ਚੁਣੌਤੀਆਂ ਦਾ ਸਾਹਮਣਾ ਕਰਨਾ ਪਿਆ ਹੈ, ਜਿਨ੍ਹਾਂ ਨੇ ਉਨ੍ਹਾਂ ਦੇ ਸ਼ਾਸਨ ਅਤੇ ਸਿਅਾਸੀ ਜਾਇਜ਼ਤਾ ਦੀ ਪਰਖ ਕੀਤੀ ਹੈ। ਜਿਵੇਂ-ਜਿਵੇਂ ਉਹ ਸੱਤਾ ਵਿਚ ਤਿੰਨ ਸਾਲ ਦੇ ਨੇੜੇ ਪੁੱਜ ਰਹੇ ਹਨ, ਸਮੂਹ ਦੇ ਸਾਹਮਣੇ ਕਈ ਵੱਡੇ ਮੁੱਦੇ ਅਾ ਰਹੇ ਹਨ।
ਅੰਤਰਰਾਸ਼ਟਰੀ ਮਾਨਤਾ ਅਤੇ ਅਲੱਗ-ਥਲੱਗਤਾ : ਤਾਲਿਬਾਨ ਸਰਕਾਰ ਨੂੰ ਅੰਤਰਰਾਸ਼ਟਰੀ ਭਾਈਚਾਰੇ ਵਲੋਂ ਵੱਡੇ ਪੱਧਰ ’ਤੇ ਮਾਨਤਾ ਨਹੀਂ ਮਿਲੀ ਹੈ, ਜੋ ਰਸਮੀ ਕੂਟਨੀਤਕ ਸਬੰਧਾਂ ਵਿਚ ਸ਼ਾਮਲ ਹੋਣ ਅਤੇ ਅੰਤਰਰਾਸ਼ਟਰੀ ਵਿੱਤੀ ਪ੍ਰਣਾਲੀਆਂ ਤੱਕ ਪਹੁੰਚ ਕਰਨ ਦੀ ਉਨ੍ਹਾਂ ਦੀ ਯੋਗਤਾ ਵਿਚ ਰੁਕਾਵਟ ਪਾਉਂਦੀ ਹੈ।
ਅਫਗਾਨਿਸਤਾਨ ਵਿਦੇਸ਼ੀ ਸਹਾਇਤਾ ’ਤੇ ਬਹੁਤ ਜ਼ਿਆਦਾ ਨਿਰਭਰ ਹੈ, ਜਿਸ ਵਿਚ ਤਾਲਿਬਾਨ ਦੇ ਕਬਜ਼ੇ ਤੋਂ ਬਾਅਦ ਕਾਫ਼ੀ ਗਿਰਾਵਟ ਆਈ ਹੈ। ਖ਼ਾਸ ਕਰ ਅਮਰੀਕਾ ਵਲੋਂ ਲਗਾਈਆਂ ਗਈਆਂ ਪਾਬੰਦੀਅਾਂ ਨੇ ਦੇਸ਼ ਦੀ ਆਰਥਿਕਤਾ ਨੂੰ ਹੋਰ ਵੱਧ ਤਣਾਅਪੂਰਨ ਬਣਾ ਦਿੱਤਾ ਹੈ।
ਆਰਥਿਕ ਗਿਰਾਵਟ : ਅਫਗਾਨ ਅਰਥਵਿਵਸਥਾ ਵਿਚ ਗਿਰਾਵਟ ਆਈ ਹੈ, ਮੁਦਰਾ ਦੀ ਕੀਮਤ ਘਟ ਰਹੀ ਹੈ ਅਤੇ ਮਹਿੰਗਾਈ ਵਧ ਰਹੀ ਹੈ। ਬੈਂਕਿੰਗ ਪ੍ਰਣਾਲੀ ਢਹਿ-ਢੇਰੀ ਹੋਣ ਦੇ ਕੰਢੇ ’ਤੇ ਹੈ ਅਤੇ ਦੇਸ਼ ਨਕਦੀ ਦੀ ਭਾਰੀ ਕਮੀ ਦਾ ਸਾਹਮਣਾ ਕਰ ਰਿਹਾ ਹੈ।
ਵਿਆਪਕ ਬੇਰੋਜ਼ਗਾਰੀ ਅਤੇ ਗਰੀਬੀ ਬਦਤਰ ਹੋ ਗਈ ਹੈ ਜਿਸ ਨਾਲ ਇਕ ਮਾਨਵੀ ਸੰਕਟ ਪੈਦਾ ਹੋ ਗਿਅਾ ਹੈ। ਬਹੁਤ ਸਾਰੇ ਅਫਗਾਨ ਬੁਨਿਆਦੀ ਲੋੜਾਂ ਪੂਰੀਆਂ ਕਰਨ ਵਿਚ ਅਸਮਰੱਥ ਹਨ ਅਤੇ ਭੋਜਨ ਦੀ ਅਸੁਰੱਖਿਆ ਵਿਆਪਕ ਹੈ।
ਸੁਰੱਖਿਆ ਅਤੇ ਅੰਦਰੂਨੀ ਸੰਘਰਸ਼ : ਇਸਲਾਮਿਕ ਸਟੇਟ ਖੁਰਾਸਾਨ ਪ੍ਰਾਂਤ (ਆਈ. ਆਈ. ਐੱਸ.-ਕੇ) ਲਗਾਤਾਰ ਖ਼ਤਰਾ ਬਣਿਆ ਹੋਇਆ ਹੈ, ਜੋ ਪੂਰੇ ਅਫਗਾਨਿਸਤਾਨ ਵਿਚ ਘਾਤਕ ਹਮਲੇ ਕਰ ਰਿਹਾ ਹੈ। ਜਿਵੇਂ-ਜਿਵੇਂ ਇਹ ਹਮਲੇ ਜਾਰੀ ਹਨ, ਤਾਲਿਬਾਨ ਦੀ ਸੁਰੱਖਿਆ ਬਣਾਈ ਰੱਖਣ ਦੀ ਸਮਰੱਥਾ ’ਤੇ ਸਵਾਲ ਖੜ੍ਹੇ ਹੋ ਰਹੇ ਹਨ। ਤਾਲਿਬਾਨ ਦੇ ਅੰਦਰ ਅੰਦਰੂਨੀ ਫੁੱਟ ਹੈ, ਵੱਖ-ਵੱਖ ਧੜੇ ਸੱਤਾ ਲਈ ਲੜ ਰਹੇ ਹਨ। ਇਹ ਫੁੱਟ ਸੰਭਾਵੀ ਤੌਰ ’ਤੇ ਝਗੜੇ ਦਾ ਕਾਰਨ ਬਣ ਸਕਦੀ ਹੈ ਅਤੇ ਉਨ੍ਹਾਂ ਦੇ ਕੰਟਰੋਲ ਨੂੰ ਅਸਥਿਰ ਕਰ ਸਕਦੀ ਹੈ।
ਨਸ਼ੀਲੇ ਪਦਾਰਥ ਅਤੇ ਨਾਜਾਇਜ਼ ਅਰਥਵਿਵਸਥਾ : ਅਫਗਾਨਿਸਤਾਨ ਅਫੀਮ ਦਾ ਇਕ ਪ੍ਰਮੁੱਖ ਉਤਪਾਦਕ ਹੈ ਅਤੇ ਤਾਲਿਬਾਨ ’ਤੇ ਨਸ਼ੀਲੇ ਪਦਾਰਥਾਂ ਦੇ ਵਪਾਰ ਤੋਂ ਮੁਨਾਫਾ ਕਮਾਉਣ ਦਾ ਦੋਸ਼ ਲਗਾਇਆ ਗਿਆ ਹੈ। ਇਸ ਨੇ ਨਾ ਸਿਰਫ਼ ਉਨ੍ਹਾਂ ਦੇ ਕੰਮਕਾਜ ਨੂੰ ਵਿੱਤ ਪ੍ਰਦਾਨ ਕੀਤਾ ਹੈ ਬਲਕਿ ਅੰਤਰਰਾਸ਼ਟਰੀ ਜਾਂਚ ਅਤੇ ਪਾਬੰਦੀਆਂ ਨੂੰ ਵੀ ਆਕਰਸ਼ਿਤ ਕੀਤਾ ਹੈ।
ਜਦੋਂ ਕਿ ਤਾਲਿਬਾਨ ਨੇ ਅਫੀਮ ਦੇ ਉਤਪਾਦਨ ਨੂੰ ਰੋਕਣ ਦੀ ਸਹੁੰ ਖਾਧੀ ਹੈ, ਇਹ ਯਤਨ ਅਸੰਗਤ ਰਹੇ ਹਨ ਅਤੇ ਨਾਜਾਇਜ਼ ਆਰਥਿਕਤਾ ਵਧ-ਫੁੱਲ ਰਹੀ ਹੈ।
ਮਾਨਵੀ ਸੰਕਟ : ਅਫਗਾਨਿਸਤਾਨ ਦੁਨੀਆ ਦੇ ਸਭ ਤੋਂ ਭੈੜੇ ਮਾਨਵੀ ਸੰਕਟਾਂ ਵਿਚੋਂ ਇਕ ਦਾ ਸਾਹਮਣਾ ਕਰ ਰਿਹਾ ਹੈ, ਲੱਖਾਂ ਲੋਕ ਭੁੱਖਮਰੀ ਅਤੇ ਢਹਿ-ਢੇਰੀ ਸਿਹਤ ਸੰਭਾਲ ਪ੍ਰਣਾਲੀ ਦਾ ਸਾਹਮਣਾ ਕਰ ਰਹੇ ਹਨ। ਤਾਲਿਬਾਨ ਬੁਨਿਆਦੀ ਸੇਵਾਵਾਂ ਪ੍ਰਦਾਨ ਕਰਨ ਲਈ ਸੰਘਰਸ਼ ਕਰ ਰਿਹਾ ਹੈ ਅਤੇ ਇਨ੍ਹਾਂ ਮੁੱਦਿਆਂ ਨੂੰ ਹੱਲ ਕਰਨ ਲਈ ਅੰਤਰਰਾਸ਼ਟਰੀ ਸਹਾਇਤਾ ਸੰਸਥਾਵਾਂ ’ਤੇ ਨਿਰਭਰ ਹੈ।
ਔਰਤਾਂ ਵਿਰੋਧੀ ਸ਼ਾਸਨ : ਤਾਲਿਬਾਨ ਸ਼ਾਸਨ ਦੇ ਤਹਿਤ, ਅਫਗਾਨ ਔਰਤਾਂ ਦੇ ਅਧਿਕਾਰਾਂ ਅਤੇ ਆਜ਼ਾਦੀਆਂ ਦਾ ਭਿਆਨਕ ਨੁਕਸਾਨ ਹੋਇਆ ਹੈ। ਸ਼ਾਸਨ ਨੇ ਪਿਛਲੇ 2 ਦਹਾਕਿਆਂ ਵਿਚ ਹੋਈ ਤਰੱਕੀ ਨੂੰ ਯੋਜਨਾਬੱਧ ਢੰਗ ਨਾਲ ਨਸ਼ਟ ਕਰ ਦਿੱਤਾ ਹੈ, ਸ਼ਰੀਆ ਕਾਨੂੰਨ ਵਾਪਸ ਆਇਆ ਹੈ ਜੋ ਔਰਤਾਂ ਦੇ ਬੁਨਿਆਦੀ ਮਨੁੱਖੀ ਅਧਿਕਾਰਾਂ ਨੂੰ ਖੋਹ ਲੈਂਦਾ ਹੈ।
ਅਫਗਾਨ ਔਰਤਾਂ ਦੇ ਸਸ਼ਕਤੀਕਰਨ ਦੇ ਥੰਮ੍ਹਾਂ ਵਿਚੋਂ ਇਕ ਸਿੱਖਿਆ ਨੂੰ ਬੇਰਹਿਮੀ ਨਾਲ ਨਿਸ਼ਾਨਾ ਬਣਾਇਆ ਗਿਆ ਹੈ। ਲੜਕੀਆਂ ਅਤੇ ਔਰਤਾਂ ਦੇ ਸੈਕੰਡਰੀ ਸਕੂਲਾਂ ਅਤੇ ਯੂਨੀਵਰਸਿਟੀਆਂ ਵਿਚ ਜਾਣ ’ਤੇ ਪਾਬੰਦੀ ਲਗਾਈ ਗਈ ਹੈ, ਜਿਸ ਨਾਲ ਉਹ ਵਿੱਦਿਅਕ ਖੇਤਰ ਤੋਂ ਪ੍ਰਭਾਵੀ ਤੌਰ ’ਤੇ ਅਲੋਪ ਹੋ ਗਈਆਂ ਹਨ।
ਤਾਲਿਬਾਨ ਨਾਲ ਭਾਰਤ ਦਾ ਰਿਸ਼ਤਾ : ਤਾਲਿਬਾਨ ਨਾਲ ਭਾਰਤ ਦਾ ਰਿਸ਼ਤਾ ਗੁੰਝਲਦਾਰ ਅਤੇ ਸੁਚੇਤ ਹੈ। ਭਾਰਤ ਨੇ ਇਤਿਹਾਸਕ ਤੌਰ ’ਤੇ ਅਫਗਾਨਿਸਤਾਨ ਦੀਆਂ ਲੋਕਤੰਤਰੀ ਸਰਕਾਰਾਂ ਦੀ ਹਮਾਇਤ ਕੀਤੀ ਹੈ ਅਤੇ ਪਾਕਿਸਤਾਨ ਸਥਿਤ ਅੱਤਵਾਦੀ ਸਮੂਹਾਂ ਨਾਲ ਤਾਲਿਬਾਨ ਦੇ ਸਬੰਧਾਂ ਨੂੰ ਲੈ ਕੇ ਚਿੰਤਤ ਹੈ। ਹਾਲਾਂਕਿ, ਨਵੀਂ ਦਿੱਲੀ ਨੇ ਅਫਗਾਨ ਬੁਨਿਆਦੀ ਢਾਂਚੇ ਦੇ ਪ੍ਰਾਜੈਕਟਾਂ ਵਿਚ ਨਿਵੇਸ਼ ਸਮੇਤ ਆਪਣੇ ਹਿੱਤਾਂ ਦੀ ਰੱਖਿਆ ’ਤੇ ਧਿਆਨ ਕੇਂਦ੍ਰਿਤ ਕਰਦੇ ਹੋਏ ਤਾਲਿਬਾਨ ਨਾਲ ਗੱਲਬਾਤ ਦੇ ਚੈਨਲਾਂ ਨੂੰ ਸਾਵਧਾਨੀ ਨਾਲ ਖੋਲ੍ਹਿਆ ਹੈ। ਅਫਗਾਨਿਸਤਾਨ ਵਿਚ ਪਾਕਿਸਤਾਨ ਦੇ ਪ੍ਰਭਾਵ ਨੂੰ ਸੰਤੁਲਿਤ ਕਰਨ ਦੀ ਇੱਛਾ ਦੇ ਕਾਰਨ ਭਾਰਤ ਦੀ ਸ਼ਮੂਲੀਅਤ ਸੀਮਤ ਹੈ।
ਪਾਕਿਸਤਾਨ ਨਾਲ ਦੁਸ਼ਮਣੀ : ਪਾਕਿਸਤਾਨ ਨਾਲ ਤਾਲਿਬਾਨ ਦੇ ਸਬੰਧ, ਜੋ ਕਿ ਕਿਸੇ ਸਮੇਂ ਕਰੀਬੀ ਸਹਿਯੋਗੀ ਅਤੇ ਸਮਰਥਕ ਵਜੋਂ ਦੇਖੇ ਜਾਂਦੇ ਸੀ, ਪਿਛਲੇ 3 ਸਾਲਾਂ ਵਿਚ ਕਾਫ਼ੀ ਵਿਗੜ ਗਏ ਹਨ। ਪਾਕਿਸਤਾਨ, ਜਿਸ ਨੇ ਤਾਲਿਬਾਨ ਨੂੰ ਉਨ੍ਹਾਂ ਦੀ ਬਗਾਵਤ ਦੌਰਾਨ ਪਨਾਹ ਅਤੇ ਸਹਾਇਤਾ ਪ੍ਰਦਾਨ ਕੀਤੀ ਸੀ, ਹੁਣ ਆਪਣੇ ਆਪ ਨੂੰ ਉਸ ਸ਼ਾਸਨ ਨਾਲ ਅਸਹਿਮਤ ਦੇਖ ਰਿਹਾ ਹੈ ਜਿਸ ਦੀ ਉਸ ਨੇ ਸਥਾਪਨਾ ਕਰਨ ਵਿਚ ਸਹਾਇਤਾ ਕੀਤੀ ਸੀ।
ਚੀਨ ਨੇ ਮੁੱਖ ਤੌਰ ’ਤੇ ਸੁਰੱਖਿਆ ਚਿੰਤਾਵਾਂ ਅਤੇ ਆਰਥਿਕ ਹਿੱਤਾਂ ਤੋਂ ਪ੍ਰੇਰਿਤ ਹੋ ਕੇ ਤਾਲਿਬਾਨ ਨਾਲ ਸਾਵਧਾਨੀਪੂਰਵਕ ਸਬੰਧ ਬਣਾਈ ਰੱਖੇ ਹਨ। ਦੁਨੀਆ ਤਾਲਿਬਾਨ ਦੇ ਸ਼ਾਸਨ ਵਿਚ ਅਫਗਾਨਿਸਤਾਨ ਨੂੰ ਹਫੜਾ-ਦਫੜੀ ਅਤੇ ਨਿਰਾਸ਼ਾ ਵਿਚ ਡੁੱਬਦੇ ਦੇਖ ਰਹੀ ਹੈ ਅਤੇ ਚੰਗੇ ਭਵਿੱਖ ਦੀ ਕੋਈ ਉਮੀਦ ਨਹੀਂ ਹੈ।
ਕੇ. ਐੱਸ. ਤੋਮਰ