‘ਲਿਵ-ਇਨ ਰਿਲੇਸ਼ਨਸ਼ਿਪ’ ਬੜੇ ਧੋਖੇ ਹੈਂ ਇਸ ਰਾਹ ਮੇਂ!

Saturday, Sep 27, 2025 - 07:02 AM (IST)

‘ਲਿਵ-ਇਨ ਰਿਲੇਸ਼ਨਸ਼ਿਪ’ ਬੜੇ ਧੋਖੇ ਹੈਂ ਇਸ ਰਾਹ ਮੇਂ!

ਇਨ੍ਹੀਂ ਦਿਨੀਂ ਭਾਰਤ ’ਚ ‘ਲਿਵ-ਇਨ ਰਿਲੇਸ਼ਨਸ਼ਿਪ’ (ਬਿਨਾਂ ਵਿਆਹ ਕੀਤੇ ਸਹਿਮਤੀ ਸੰਬੰਧ) ਲੋਕਪ੍ਰਿਯ ਹੁੰਦੀ ਜਾ ਰਹੀ ਹੈ। ਇਸ ਨੂੰ ਕੁਆਰਿਆਂ ਦੇ ਨਾਲ-ਨਾਲ ਵਿਆਹੁਤਾ ਵੀ ਅਪਣਾ ਰਹੇ ਹਨ, ਜਿਨ੍ਹਾਂ ਨੂੰ ਆਪਣਾ ਪਤੀ ਜਾਂ ਪਤਨੀ ਪਸੰਦ ਨਹੀਂ ਹੁੰਦੀ।

‘ਲਿਵ-ਇਨ ਰਿਲੇਸ਼ਨਸ਼ਿਪ’ ਇਕ ਅਜਿਹੀ ਵਿਵਸਥਾ ਹੈ ਜੋ ਭਾਰਤ ਦੇ ਉੱਚ ਆਦਰਸ਼ਾਂ ਨਾਲ ਕਤਈ ਮੇਲ ਨਹੀਂ ਖਾਂਦੀ। ਇਸ ’ਚ ਔਰਤ-ਮਰਦ ਬਿਨਾਂ ਵਿਆਹ ਕੀਤੇ ਪਤੀ-ਪਤਨੀ ਵਾਂਗ ਰਹਿਣ ਦੇ ਨਾਲ-ਨਾਲ ਆਪਸ ’ਚ ਸਰੀਰਕ ਸੰਬੰਧ ਤੱਕ ਬਣਾਉਂਦੇ ਹਨ। ਇੱਥੋਂ ਤੱਕ ਕਈ ਜੋੜੇ ਤਾਂ ਬੱਚੇ ਵੀ ਪੈਦਾ ਕਰ ਲੈਂਦੇ ਹਨ। ਪੱਛਮੀ ਦੇਸ਼ਾਂ ’ਚ ਇਹ ਆਮ ਗੱਲ ਹੈ ਅਤੇ ਉਨ੍ਹਾਂ ਦੀ ਦੇਖਾ-ਦੇਖੀ ਭਾਰਤ ਵਰਗੇ ਦੇਸ਼ਾਂ ’ਚ ਵੀ ਇਹ ਬੁਰਾਈ ਫੈਲ ਰਹੀ ਹੈ।

ਭਾਰਤ ’ਚ 1978 ’ਚ ਸੁਪਰੀਮ ਕੋਰਟ ਨੇ ਪਹਿਲੀ ਵਾਰ ‘ਲਿਵ-ਇਨ ਰਿਲੇਸ਼ਨਸ਼ਿਪ’ ਨੂੰ ਮਾਨਤਾ ਦਿੱਤੀ ਸੀ। ਇਸ ’ਚ ਤਲਾਕ ਦੀ ਨੌਬਤ ਤਾਂ ਨਹੀਂ ਆਉਂਦੀ ਪਰ ਇਸ ’ਚ ਕਿਸੇ ਇਕ ਸਾਥੀ ਵਲੋਂ ਧੋਖਾ ਦੇਣ ਦੇ ਕਾਰਨ ਦੂਜੇ ਸਾਥੀ ਦੀ ਜ਼ਿੰਦਗੀ ਨਰਕ ਜ਼ਰੂਰ ਬਣ ਜਾਂਦੀ ਹੈ, ਜਿਸ ਦੀਆਂ ਇਸੇ ਮਹੀਨੇ ਦੇ ਸਿਰਫ 4 ਦਿਨਾਂ ਦੀਆਂ ਉਦਾਹਰਣਾਂ ਹੇਠਾਂ ਦਰਜ ਹਨ :

* 21 ਸਤੰਬਰ ਨੂੰ ‘ਕਾਨਪੁਰ’ (ਉੱਤਰ ਪ੍ਰਦੇਸ਼) ’ਚ ਸੂਰਜ ਕੁਮਾਰ ਨਾਂ ਦੇ ਨੌਜਵਾਨ ਨੇ ਆਪਣੀ ‘ਲਿਵ-ਇਨ ਪਾਰਟਨਰ’ ‘ਆਕਾਂਕਸ਼ਾ’ ਨੂੰ ਗਲਾ ਘੁੱਟ ਕੇ ਮਾਰ ਦਿੱਤਾ ਿਕਉਂਿਕ ਉਸ ਦੀ ਦੂਜੀ ‘ਗਰਲਫ੍ਰੈਂਡ’ ਨੂੰ ‘ਆਕਾਂਕਸ਼ਾ’ ਦੇ ਨਾਲ ਸੂਰਜ ਕੁਮਾਰ ਦਾ ਰਹਿਣਾ ਸਵੀਕਾਰ ਨਹੀਂ ਸੀ।

* 21 ਸਤੰਬਰ ਨੂੰ ਹੀ ‘ਰੇਵਾੜੀ ’ (ਹਰਿਆਣਾ) ਦੇ ‘ਬਾਵਲਪੁਰ’ ’ਚ ਰੋਸ਼ਨ ਨਾਂ ਦੇ ਇਕ ਵਿਅਕਤੀ ਨੇ ਆਪਣੀ ‘ਲਿਵ-ਇਨ ਪਾਰਟਨਰ’ ਦੇ ਨਾਲ ਕਿਸੇ ਵਿਵਾਦ ਦੇ ਕਾਰਨ ਉਸ ਦੇ ਪਹਿਲੇ ਪਤੀ ਤੋਂ ਜਨਮੀ 5 ਸਾਲਾਂ ਦੀ ਬੇਟੀ ਨੂੰ ਜ਼ਮੀਨ ’ਤੇ ਬੇਰਹਿਮੀ ਨਾਲ ਪਟਕ-ਪਟਕ ਕੇ ਮਾਰ ਦਿੱਤਾ ਅਤੇ ਉਸ ਦੇ ਬਾਅਦ ਕਮਰਾ ਬੰਦ ਕਰ ਕੇ ਉਥੋਂ ਫਰਾਰ ਹੋ ਗਿਆ।

* 21 ਸਤੰਬਰ ਨੂੰ ਹੀ ‘ਖੂੰਟੀ’ (ਝਾਰਖੰਡ) ’ਚ ਇਕ 15 ਸਾਲਾ ਲੜਕੀ ਆਪਣੇ ਪ੍ਰੇਮੀ ‘ਪ੍ਰੇਮਚੰਦ ਸਾਹੂ’ ਦੇ ਗੁੱਸੇ ਦੀ ਬਲੀ ਚੜ੍ਹ ਗਈ। ਇਹ ਦੋਵੇਂ 4 ਮਹੀਨਿਆਂ ਤੋਂ ‘ਲਿਵ-ਇਨ ਰਿਲੇਸ਼ਨ’ ’ਚ ਸਨ।

ਰੋਜ਼-ਰੋਜ਼ ਦੀ ਕੁੱਟਮਾਰ ਤੋਂ ਤੰਗ ਆ ਕੇ ਉਹ ਆਪਣੇ ਪ੍ਰੇਮੀ ਦਾ ਘਰ ਛੱਡ ਕੇ ਆਪਣੇ ਪਿੰਡ ਵਾਪਸ ਆ ਗਈ ਸੀ ਪਰ ‘ਪ੍ਰੇਮਚੰਦ ਸਾਹੂ’ ਨੇ ਉੱਥੇ ਵੀ ਉਸ ਦਾ ਪਿੱਛਾ ਨਹੀਂ ਛੱਡਿਆ ਅਤੇ ਉਸ ਨੂੰ ਆਪਣੇ ਨਾਲ ਚੱਲਣ ਲਈ ਮਜਬੂਰ ਕਰਨ ਲੱਗਾ ਪਰ ਜਦੋਂ ਉਹ ਨਹੀਂ ਮੰਨੀ ਤਾਂ ਉਸ ਨੇ ਚਾਕੂ ਨਾਲ ਕਈ ਵਾਰ ਕਰ ਕੇ ਉਸ ਨੂੰ ਮਾਰ ਦਿੱਤਾ।

* 22 ਸਤੰਬਰ ਨੂੰ ‘ਪਾਲਘਰ’ (ਮਹਾਰਾਸ਼ਟਰ) ’ਚ ‘ਸੁਰਿੰਦਰ ਿਸੰਘ’ ਨਾਂ ਦੇ ਇਕ ਨੌਜਵਾਨ ਦੇ ਨਾਲ ਲਿਵ-ਇਨ ਰਿਲੇਸ਼ਨ ’ਚ ਰਹਿਣ ਵਾਲੀ ‘ਰੇਖਾ ਦੁਰਗਾ ਦਾਸ ਵੈਸ਼ਨਵ’ ਨਾਂ ਦੀ ਮਹਿਲਾ ਦੇ ‘ਹਰੀਸ਼ ਸੁਖਾੜੀਆ’ ਨਾਂ ਦੇ ਇਕ ਹੋਰ ਨੌਜਵਾਨ ਨਾਲ ਪ੍ਰੇਮ ਪ੍ਰਸੰਗ ਦਾ ਪਤਾ ਲੱਗਣ ’ਤੇ ਸੁਰਿੰਦਰ ਿਸੰਘ ਨੂੰ ਇੰਨਾ ਗੁੱਸਾ ਆਇਆ ਕਿ ਉਸ ਨੇ ਈਰਖਾ ਕਾਰਨ ਹਰੀਸ਼ ਦੀਆਂ ਅੱਖਾਂ ’ਚ ਮਿਰਚਾਂ ਦਾ ਪਾਊਡਰ ਪਾ ਕੇ ਚਾਕੂ ਨਾਲ ਵਾਰ ਕਰ ਕੇ ਉਸ ਦੀ ਹੱਤਿਆ ਕਰ ਦਿੱਤੀ।

* 23 ਸਤੰਬਰ ਨੂੰ ‘ਬੈਂਗਲੁਰੂ’ (ਕਰਨਾਟਕ) ’ਚ ‘ਲੋਹਿਤਾਸ਼ਵ’ ਨਾਂ ਦੇ ਇਕ ਵਿਅਕਤੀ ਨੇ ਆਪਣੀ ‘ਲਿਵ-ਇਨ ਪਾਰਟਨਰ’ ਰੇਖਾ ਦੇ ਸਰੀਰ ’ਤੇ ਚਾਕੂ ਨਾਲ ਇਕ ਦਰਜਨ ਤੋਂ ਵੱਧ ਵਾਰ ਕਰ ਕੇ ਉਸ ਦੀ ਹੱਤਿਆ ਕਰ ਦਿੱਤੀ। ਉਸ ਨੂੰ ਸ਼ੱਕ ਸੀ ਕਿ ਉਸ ਦੇ ਨਾਲ ਰਹਿਣ ਦੇ ਬਾਵਜੂਦ ਰੇਖਾ ਕਿਸੇ ਦੂਜੇ ਵਿਅਕਤੀ ਦੇ ਪ੍ਰੇਮ ’ਚ ਫਸੀ ਹੋਈ ਹੈ।

* 24 ਸਤੰਬਰ ਨੂੰ ‘ਆਗਰਾ’ (ਉੱਤਰ ਪ੍ਰਦੇਸ਼) ’ਚ ਸੰਨੀ ਨਾਂ ਦੇ ਵਿਆਹੁਤਾ ਨੌਜਵਾਨ ਦੇ ਨਾਲ ਲਿਵ-ਇਨ ’ਚ ਰਹਿ ਰਹੀ ਮਹਿਲਾ ਗੀਤਾ ਦੇਵੀ ਉਰਫ ਟੋਨੀ ਨੇ ਸੰਨੀ ਦੀ ਕੁੱਟਮਾਰ ਤੋਂ ਤੰਗ ਆ ਕੇ ਆਤਮਹੱਤਿਆ ਕਰ ਲਈ।

* 24 ਸਤੰਬਰ ਨੂੰ ‘ਬਰੇਲੀ’ (ਉੱਤਰ ਪ੍ਰਦੇਸ਼) ਹਾਈਵੇ ’ਤੇ ਇਕ ਨਰਸ ਦੀ ਲਾਸ਼ ਮਿਲੀ ਜੋ ‘ਸ਼ਿਵਪਾਲ’ ਨਾਂ ਦੇ ਇਕ ਡਾਕਟਰ ਦੇ ਨਾਲ ਇਕ ਸਾਲ ਤੋਂ ਲਿਵ-ਇਨ ਰਿਲੇਸ਼ਨ ’ਚ ਰਹਿ ਰਹੀ ਸੀ। ਉਸ ਤੋੋਂ ਮਨ ਭਰ ਜਾਣ ’ਤੇ ਡਾਕਟਰ ਸ਼੍ਰੀਪਾਲ ਨੇ ਪਹਿਲਾਂ ਤਾਂ ਉਸ ਦੇ ਸਰੀਰ ’ਤੇ ਤੇਜ਼ਧਾਰ ਹਥਿਆਰ ਨਾਲ 16 ਜ਼ਖਮ ਕੀਤੇ ਅਤੇ ਫਿਰ ਇੰਜੈਕਸ਼ਨ ਲਗਾ ਕੇ ਬੇਹੋਸ਼ ਕਰਨ ਤੋਂ ਬਾਅਦ ਉਸ ਨੂੰ ਕਾਰ ’ਚ ਪਾ ਕੇ ਹਾਈਵੇਅ ’ਤੇ ਸੁੱਟ ਿਦੱਤਾ।

* ਅਤੇ ਹੁਣ 26 ਸਤੰਬਰ ਨੂੰ ‘ਮੇਰਠ’ (ਉੱਤਰ ਪ੍ਰਦੇਸ਼) ’ਚ ‘ਲਿਵ-ਇਨ’ ’ਚ ਰਹਿ ਰਹੀ ਫਿਰਦੌਸ ਨਾਂ ਦੀ ਮਹਿਲਾ ’ਤੇ ਉਸ ਦੇ ਲਿਵ-ਇਨ ਪਾਰਟਨਰ ਨੇ ਚਾਕੂ ਨਾਲ ਹਮਲਾ ਕਰ ਕੇ ਜ਼ਖਮੀ ਕਰ ਦਿੱਤਾ, ਿਜਸ ਨੂੰ ਗੰਭੀਰ ਹਾਲਤ ’ਚ ਇਲਾਜ ਲਈ ਹਸਪਤਾਲ ’ਚ ਭਰਤੀ ਕਰਵਾਇਆ ਿਗਆ ਹੈ।

ਉਕਤ ਉਦਾਹਰਣਾਂ ਤੋਂ ਸਪੱਸ਼ਟ ਹੈ ਕਿ ਲਿਵ-ਇਨ ਰਿਲੇਸ਼ਨ ਕਿਸੇ ਵੀ ਨਜ਼ਰੀਏ ਨਾਲ ਭਾਰਤੀ ਸੰਸਕ੍ਰਿਤੀ ਅਤੇ ਪਰਿਵਾਰਾਂ ਦੇ ਅਨੁਕੂਲ ਨਹੀਂ ਹੈ। ਇਹ ਇਕ ਅਜਿਹੀ ਬੁਰਾਈ ਹੈ ਜਿਸ ਨੂੰ ਸਮਾਜਿਕ ਸਮਰਥਨ ਨਹੀਂ ਅਤੇ ਜਿਸ ਦਾ ਨਤੀਜਾ ਜ਼ਿਆਦਾਤਰ ਦੁਖਦਾਈ ਹੀ ਹੁੰਦਾ ਹੈ। ਇਸ ਲਈ ਇਸ ਤੋਂ ਬਚਣ ’ਚ ਹੀ ਭਲਾਈ ਹੈ। ਸਰਕਾਰ ਨੂੰ ਵੀ ਇਸ ਸੰਬੰਧ ’ਚ ਕੋਈ ਕਾਨੂੰਨ ਜ਼ਰੂਰ ਬਣਾਉਣਾ ਚਾਹੀਦਾ ਹੈ ਤਾਂ ਕਿ ਇਸ ਬੁਰਾਈ ਤੋਂ ਮੁਕਤੀ ਮਿਲ ਸਕੇ।

–ਵਿਜੇ ਕੁਮਾਰ


author

Sandeep Kumar

Content Editor

Related News