ਐੱਸ.ਐੱਸ.ਪੀ. ਮਾਨਸਾ ਦਾ ਦਾਅਵਾ, ਵਿਦੇਸ਼ਾਂ ਤੋ ਵੀ ਫੜ੍ਹ ਕੇ ਲਿਆਂਵਾਂਗੇ ਗੈਂਗਸਟਰ, ਕਾਨੂੰਨੀ ਪ੍ਰਕਿਰਿਆ ਜਾਰੀ

Friday, Sep 16, 2022 - 11:03 AM (IST)

ਐੱਸ.ਐੱਸ.ਪੀ. ਮਾਨਸਾ ਦਾ ਦਾਅਵਾ, ਵਿਦੇਸ਼ਾਂ ਤੋ ਵੀ ਫੜ੍ਹ ਕੇ ਲਿਆਂਵਾਂਗੇ ਗੈਂਗਸਟਰ, ਕਾਨੂੰਨੀ ਪ੍ਰਕਿਰਿਆ ਜਾਰੀ

ਮਾਨਸਾ(ਸੰਦੀਪ ਮਿੱਤਲ) : ਸਿੱਧੂ ਮੂਸੇਵਾਲਾ ਕਤਲ ਮਾਮਲੇ ਵਿਚ ਸ਼ੂਟਰਾਂ ਨੂੰ ਗ੍ਰਿਫ਼ਤਾਰ ਕਰਨ ਤੋਂ ਬਾਅਦ ਮਾਨਸਾ ਪੁਲਸ ਨੇ ਇਸ ਕਤਲ ਕੇਸ ਨਾਲ ਜੁੜੇ ਵਿਦੇਸ਼ਾਂ ਵਿਚ ਬੈਠੇ ਗੈਂਗਸਟਰਾਂ ਨੂੰ ਪੰਜਾਬ ਲਿਆਉਣ ਦੀ ਤਿਆਰੀ ਕਰ ਲਈ ਹੈ। ਇਸ ਵਾਸਤੇ ਪੰਜਾਬ ਪੁਲਸ ਵੱਲੋਂ ਗ੍ਰਹਿ ਵਿਭਾਗ ਭਾਰਤ ਸਰਕਾਰ ਨੂੰ ਇਸ ਸੰਬੰਧੀ ਰਿਪੋਰਟ ਬਣਾ ਕੇ ਭੇਜੀ ਜਾਵੇਗੀ। ਇਸ ਤੋਂ ਬਾਅਦ ਕੇਂਦਰ ਸਰਕਾਰ ਕੈਨੇਡਾ ਸਰਕਾਰ ਨਾਲ ਗੱਲਬਾਤ ਕਰਕੇ ਇਸ ਕਾਰਵਾਈ ਨੂੰ ਅੱਗੇ ਚਲਾਵੇਗੀ। ਮਾਨਸਾ ਦੇ ਐੱਸ. ਐੱਸ. ਪੀ. ਗੌਰਵ ਤੂਰਾ ਨੇ ਕਿਹਾ ਕਿ ਸਿੱਧੂ ਮੂਸੇਵਾਲਾ ਕਤਲ ਮਾਮਲਾ ਇਕ ਅੰਨ੍ਹਾ ਕਤਲ ਕੇਸ ਸੀ। ਪੁਲਸ ਨੇ ਇਸ ਨੂੰ ਜਾਂਚ ਪੜਤਾਲ ਕਰ ਕੇ ਸਾਰੇ ਸ਼ੂਟਰਾਂ ਨੂੰ ਟਰੇਸ ਕੀਤਾ ਅਤੇ ਉਨ੍ਹਾਂ ਨੂੰ ਦੇਸ਼ ਦੀਆਂ ਵੱਖ-ਵੱਖ ਥਾਵਾਂ ਤੋਂ ਫੜ੍ਹ ਕੇ ਲਿਆਂਦਾ। ਉਨ੍ਹਾਂ ਕਿਹਾ ਕਿ ਹੁਣ ਤੱਕ 23 ਸ਼ੂਟਰ ਗ੍ਰਿਫ਼ਤਾਰ ਕੀਤੇ ਜਾ ਚੁੱਕੇ ਹਨ ਅਤੇ 2 ਦੀ ਪੁਲਸ ਮੁਕਾਬਲੇ ਦੌਰਾਨ ਮਾਰੇ ਜਾ ਚੁੱਕੀ ਸਨ।

ਇਹ ਵੀ ਪੜ੍ਹੋ- ਵੱਡੀ ਖ਼ਬਰ : ਪੰਜਾਬ ਪੁਲਸ ਨੇ ਗ੍ਰਿਫ਼ਤਾਰ ਕੀਤੇ ਗੈਂਗਸਟਰ ਮਨੀ ਰਈਆ ਅਤੇ ਮਨਦੀਪ ਤੂਫ਼ਾਨ

ਐੱਸ. ਐੱਸ. ਪੀ. ਤੂਰਾ ਨੇ ਕਿਹਾ ਕਿ ਪੁਲਸ ਇਸ ’ਤੇ ਚੁੱਪ ਕਰ ਕੇ ਨਹੀਂ ਬੈਠੇਗੀ। ਉਹ ਇਸ ਵਾਸਤੇ ਕਤਲ ਕੇਸ ਦੇ ਦੋਸ਼ੀਆਂ ਨੂੰ ਸਜ਼ਾ ਦਿਵਾਉਣ ਲਈ ਲਗਾਤਾਰ ਲੱਗੀ ਹੋਈ ਹੈ। ਉਨ੍ਹਾਂ ਕਿਹਾ ਕਿ ਵਿਦੇਸ਼ ਬੈਠੇ ਗੋਲਡੀ ਬਰਾੜ ਅਤੇ ਉਸ ਦੇ ਸਾਥੀਆਂ ਨੂੰ ਵੀ ਹਰ ਹਾਲ ਵਿਚ ਫੜ ਕੇ ਪੰਜਾਬ ਲਿਆਂਦਾ ਜਾਵੇਗਾ। ਉਨ੍ਹਾਂ ਕਿਹਾ ਕਿ ਇਸ ਵਾਸਤੇ ਕੁਝ ਕਾਨੂੰਨੀ ਪ੍ਰਕਿਰਿਆ ਹੈ, ਜਿਸ ਨੂੰ ਪੂਰਾ ਕੀਤਾ ਜਾ ਰਿਹਾ ਹੈ। ਛੇਤੀ ਹੀ ਗੋਲਡੀ ਬਰਾੜ ਅਤੇ ਉਸ ਦੇ ਸਾਥੀ ਪੁਲਸ ਦੀ ਗ੍ਰਿਫ਼ਤ ਵਿਚ ਹੋਣਗੇ। ਉਧਰ ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਨੇ ਕਿਹਾ ਕਿ ਉਹ ਪੰਜਾਬ ਪੁਲਸ ਦੀ ਕਾਰਵਾਈ ਤੋਂ ਸੰਤੁਸ਼ਟ ਹਨ ਪਰ ਵਿਦੇਸ਼ਾਂ ਵਿਚ ਬੈਠੇ ਗੈਂਗਸਟਰਾਂ ਨੂੰ ਫੜ ਕੇ ਪੰਜਾਬ ਲਿਆਉਣਾ ਚਾਹੀਦਾ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਇਸ ਵਾਸਤੇ ਉਨ੍ਹਾਂ ਵੱਲੋਂ ਸਰਕਾਰ ਨੂੰ ਕੁਝ ਹੋਰ ਸਮਾਂ ਦਿੱਤਾ ਗਿਆ ਹੈ। ਜੇਕਰ ਵਿਦੇਸ਼ ਬੈਠੇ ਗੈਂਗਸਟਰ ਪੰਜਾਬ ਨਾ ਲਿਆਂਦੇ ਗਏ ਤਾਂ ਇਸ ਨੂੰ ਲੈ ਕੇ ਸੰਘਰਸ਼ ਦੀ ਅਗਲੀ ਰੂਪ ਰੇਖਾ ਉਲੀਕੀ ਜਾਵੇਗੀ।

ਇਹ ਵੀ ਪੜ੍ਹੋ- ਸਰਕਾਰੀ ਸਕੂਲ ਦੇ ਬੱਚਿਆਂ ਨੇ ਕੀਤੀ ਬਦਬੂਦਾਰ ਪਾਣੀ ਦੀ ਸ਼ਿਕਾਇਤ, ਟੈਂਕੀ ਚੈੱਕ ਕੀਤੀ ਤਾਂ ਉੱਡੇ ਸਭ ਦੇ ਹੋਸ਼

ਐੱਸ. ਐੱਸ. ਪੀ. ਤੂਰਾ ਦਾ ਕਹਿਣਾ ਹੈ ਕਿ ਪੰਜਾਬ ਪੁਲਸ ਇਨ੍ਹਾਂ ਸਾਰੇ ਮੁੱਦਿਆਂ ’ਤੇ ਗੰਭੀਰ ਹੈ ਅਤੇ ਇਸ ਕੇਸ ਵਿਚ ਕੋਈ ਵੀ ਕਮੀ ਪੇਸ਼ੀ ਨਹੀਂ ਛੱਡੀ ਜਾ ਰਹੀ। ਉਨ੍ਹਾਂ ਕਿਹਾ ਕਿ ਦੀਪਕ ਮੁੰਡੀ ਅਤੇ ਕਪਿਲ ਪੰਡਿਤ ਐਂਟੀ ਟਾਸਕ ਫੋਰਸ ਮੁਹਾਲੀ ਕੋਲ ਹਨ, ਜਿਨ੍ਹਾਂ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ ਅਤੇ ਉਨ੍ਹਾਂ ਤੋਂ ਹੋਰ ਵੀ ਅਹਿਮ ਸੁਰਾਖ ਮਿਲਣ ਦੀ ਆਸ ਹੈ। ਉਨ੍ਹਾਂ ਕਿਹਾ ਕਿ ਪੁਲਸ ਦੀ ਹੁਣ ਤਕ ਦੀ ਪੜਤਾਲ ਵਿਚ ਸਾਹਮਣੇ ਆਇਆ ਹੈ ਕਿ ਗੈਂਗਸਟਰ ਸਿੱਧੂ ਮੂਸੇਵਾਲਾ ਦਾ ਕਤਲ ਕਰਨ ਤੋਂ ਬਾਅਦ ਉਹ ਫਤਿਆਬਾਦ ਵਿਖੇ ਕਿਸੇ ਹੋਟਲ ਵਿਚ ਠਹਿਰੇ ਸਨ, ਜਿੱਥੇ ਕਪਿਲ ਪੰਡਿਤ ਪੁੱਜਾ ਸੀ ਅਤੇ ਉਸ ਨੇ ਉਨ੍ਹਾਂ ਨੂੰ ਉੱਥੋਂ ਅੱਗੇ ਭੇਜਣ ਦੀ ਯੋਜਨਾ ਬਣਾਈ ਸੀ। ਇਸ ਮੌਕੇ ਐੱਸ. ਪੀ. ਡੀ. ਬਾਲ ਕ੍ਰਿਸ਼ਨ ਵੀ ਮੌਜੂਦ ਸਨ। ਅੱਜ ਸਵੇਰ ਵੀ ਅੰਮ੍ਰਿਤਸਰ ਪੁਲਸ ਵੱਲੋਂ ਕਾਰਵਾਈ ਕਰਦਿਆਂ ਸਿੱਧੂ ਮੂਸੇਵਾਲਾ ਕਤਲਕਾਂਡ ਵਿੱਚ ਸ਼ਾਮਲ ਗੈਂਗਸਟਰ ਮਨਪ੍ਰੀਤ ਸਿੰਘ ਉਰਫ਼ ਮਨੀ ਰਾਈਆ ਅਤੇ ਮਨਦੀਪ ਸਿੰਘ ਤੂਫ਼ਾਨ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। 

ਨੋਟ- ਇਸ ਖ਼ਬਰ ਸੰਬੰਧੀ ਆਪਣੇ ਵਿਚਾਰ ਕੁਮੈਂਟ ਬਾਕਸ 'ਚ ਸਾਂਝੇ ਕਰੋ। 


author

Simran Bhutto

Content Editor

Related News