ਡੁੱਬ ਜਾਏਗੀ ਸਾਡੀ ਧਰਤੀ

10/15/2018 6:24:15 AM

ਗਲੋਬਲ ਵਾਰਮਿੰਗ ਅਤੇ ਪੌਣ-ਪਾਣੀ ਦੀ ਤਬਦੀਲੀ ’ਤੇ ਚਰਚਾ ਕਰਦੇ ਹੋਏ ਅਸੀਂ ਕਈ ਸਾਲ ਲੰਘਾ ਚੁੱਕੇ ਹਾਂ ਪਰ ਸਾਡੇ  ’ਚੋਂ ਵਧੇਰੇ ਲੋਕ ਹੁਣ ਵੀ ਇਸ ਨੂੰ ਲੈ ਕੇ ਰੱਤੀ ਭਰ ਵੀ ਗੰਭੀਰ ਨਹੀਂ ਹਨ, ਜਦਕਿ ਇਸ ਦਾ ਅਸਰ ਧਰਤੀ ਅਤੇ ਇਨਸਾਨਾਂ ’ਤੇ ਨਜ਼ਰ ਆਉਣਾ ਸ਼ੁਰੂ ਵੀ ਹੋ ਚੁੱਕਾ ਹੈ। 
ਬੀਤੇ ਦਿਨੀਂ ਕੇਰਲ ’ਚ ਅਚਾਨਕ ਆਏ ਹੜ੍ਹ  ਅਤੇ ਪਿਛਲੇ ਕੁਝ ਸਾਲਾਂ ’ਚ ਟੋਰਾਂਟੋ (ਕੈਨੇਡਾ), ਇੰਮੋਕਾਲੀ (ਫਲੋਰੀਡਾ, ਅਮਰੀਕਾ), ਮਾਕੋਕੋ (ਨਾਈਜੀਰੀਆ, ਰੀਓ-ਡੀ-ਜੇਨੇਰੀਓ, ਸਾਓ ਪਾਓਲੋ (ਬ੍ਰਾਜ਼ੀਲ), ਬੈਰੂਤ (ਲੈਬਨਾਨ), ਹੈਮਬਰਗ (ਜਰਮਨੀ) ਆਦਿ ਦੁਨੀਆ ਦੇ ਸ਼ਹਿਰਾਂ ’ਚ ਪਾਣੀ ਜਮ੍ਹਾ ਹੋਣ ਅਤੇ ਅਕਸਰ ਆ ਰਹੇ ਹੜ੍ਹ ਇਸ ਗੱਲ ਦਾ ਸਬੂਤ ਹਨ ਕਿ ਜੇ ਅਸੀਂ ਹੁਣ ਵੀ ਧਰਤੀ ਦੇ ਗਰਮ ਹੋਣ ਦੇ ਤੱਥ ਪ੍ਰਤੀ ਉਦਾਸੀਨ ਰਹਾਂਗੇ ਤਾਂ ਇੰਨਾ ਤੈਅ ਹੈ ਕਿ ਜਲਦ ਹੀ ਸਾਨੂੰ ਇਸ ਦੇ ਹੋਰ ਵਧੇਰੇ ਜਾਨਲੇਵਾ ਨਤੀਜੇ ਭੁਗਤਣੇ ਪੈਣਗੇ। 
ਹੁਣ ਤਕ ਗਲੋਬਲ ਵਾਰਮਿੰਗ ਦੇ ਪ੍ਰਭਾਵ ਸਬੰਧੀ ਵਿਗਿਆਨੀ ਅਕਸਰ ਭਵਿੱਖ ਦੀਅਾਂ ਸੰਭਾਵਨਾਵਾਂ ਬਿਆਨ ਕਰਦੇ ਸਨ ਕਿ ਕਿਹੜੇ ਸ਼ਹਿਰ ਸੰਨ 2050 ਤਕ, ਕਿਹੜੇ ਸੰਨ 2100 ਤਕ ਜਾਂ ਅਗਲੇ 50, 100 ਜਾਂ 200 ਸਾਲ ’ਚ ਡੁੱਬ ਜਾਣਗੇ ਪਰ ਇਹ ਇਕ ਸੱਚਾਈ ਹੈ ਕਿ ਦੁਨੀਆ ’ਚ ਸਮੁੰਦਰ ਦੇ ਪਾਣੀ ਦਾ ਪੱਧਰ ਵਧਣ ਅਤੇ ਹੜ੍ਹ ਨਾਲ ਵੱਧ ਤੋਂ ਵੱਧ ਲੋਕਾਂ ਦਾ ਸਾਹਮਣਾ ਹੁਣ ਤੋਂ ਹੀ ਹੋਣ ਲੱਗਾ ਹੈ। 
 ਹੁਣੇ ਜਿਹੇ ਸੰਯੁਕਤ ਰਾਸ਼ਟਰ ਦੇ ‘ਇੰਟਰ ਗਵਰਨਮੈਂਟਲ ਪੈਨਲ ਆਨ ਕਲਾਈਮੇਟ ਚੇਂਜ’ (ਆਈ. ਪੀ. ਸੀ. ਸੀ.) ਵਲੋਂ ਜਾਰੀ ਕੀਤੀ ਗਈ ਇਕ ਇਤਿਹਾਸਿਕ ਰਿਪੋਰਟ ’ਚ ਦੱਸਿਆ ਗਿਆ ਹੈ ਕਿ ਸਾਡੀ ਦੁਨੀਆ ਹੁਣੇ ਤੋਂ ਹੀ ਉਦਯੋਗੀਕਰਨ ਤੋਂ ਪਹਿਲਾਂ ਦੇ ਤਾਪਮਾਨ ਦੀ ਤੁਲਨਾ ’ਚ ਇਕ ਡਿਗਰੀ  ਿਜ਼ਆਦਾ ਗਰਮ ਹੋ ਚੁੱਕੀ ਹੈ। 
 ਦੁਨੀਆ ਦੇ ਚੋਟੀ ਦੇ ਪੌਣ-ਪਾਣੀ ਵਿਗਿਆਨੀਅਾਂ ਨੇ ਚਿਤਾਵਨੀ ਦਿੱਤੀ ਹੈ ਕਿ ਸਮਾਜ ਦੇ ਸਭ ਪੱਖਾਂ ’ਚ ਤੇਜ਼ੀ, ਦੂਰਅੰਦੇਸ਼ੀ ਅਤੇ ਬੇਮਿਸਾਲ ਤਬਦੀਲੀਅਾਂ ਨਹੀਂ ਹੋਈਅਾਂ ਤਾਂ ਜਿੰਨਾ ਅਸੀਂ ਸੋਚ ਰਹੇ ਹਾਂ, ਉਸ ਤੋਂ ਪਹਿਲਾਂ ਹੀ ਸਾਡੀ ਧਰਤੀ ਦਾ ਤਾਪਮਾਨ 1.5 ਡਿਗਰੀ ਸੈਲਸੀਅਸ ਵਧ ਜਾਵੇਗਾ ਅਤੇ ਥਾਂ-ਥਾਂ ਹੜ੍ਹ, ਲੂ ਅਤੇ ਸੋਕੇ ਕਾਰਨ ਵੱਡਾ ਨੁਕਸਾਨ ਹੋਵੇਗਾ। 
ਰਿਪੋਰਟ ਦੇ ਅਹਿਮ ਸੰਦੇਸ਼ਾਂ ’ਚੋਂ ਇਕ ਦਾ ਸਿੱਟਾ ਤਾਂ ਇਹੀ ਹੈ ਕਿ ਅੱਜ ਧਰਤੀ ਦਾ ਤਾਪਮਾਨ 1 ਡਿਗਰੀ ਸੈਲਸੀਅਸ ਵਧਣ ਕਾਰਨ ਹੀ ਅਸੀਂ ਬੇਹੱਦ ਖਰਾਬ ਮੌਸਮ, ਸਮੁੰਦਰ ’ਚ ਪਾਣੀ ਦੇ ਵਧਦੇ ਪੱਧਰ ਅਤੇ ਧਰੁਵਾਂ ਤੋਂ ਬਰਫ ਦੇ ਪਿਘਲਣ ਦਾ ਸਾਹਮਣਾ ਕਰ ਰਹੇ ਹਾਂ। ਜੇ ਇਸੇ ਰਫਤਾਰ ਨਾਲ ਤਾਪਮਾਨ ਵਧਦਾ ਰਿਹਾ ਤਾਂ ਧਰਤੀ ’ਤੇ ਸੱਚਮੁਚ ਪਰਲੋ ਆਉਣ ’ਚ ਵੀ ਵਧੇਰੇ ਸਮਾਂ ਨਹੀਂ ਲੱਗੇਗਾ। 
ਧਰਤੀ ’ਤੇ ਹੋ ਰਹੀਅਾਂ ਇਨ੍ਹਾਂ ਤਬਦੀਲੀਅਾਂ ਦੇ ਸਭ ਤੋਂ ਤੁਰੰਤ ਨਤੀਜਿਅਾਂ ’ਚੋਂ ਇਕ ਹੈ ਹੜ੍ਹ। ਵਧਦਾ ਤਾਪਮਾਨ ਸਮੁੰਦਰ ’ਚ ਪਾਣੀ ਦੇ ਪੱਧਰ ਨੂੰ ਤਾਂ ਵਧਾਉਂਦਾ ਹੀ ਹੈ, ਨਾਲ ਹੀ ਇਸ ਕਾਰਨ ਅਚਾਨਕ ਭਾਰੀ ਮੀਂਹ ਵੀ ਪੈਂਦਾ ਹੈ ਕਿਉਂਕਿ ਜਿਉਂ-ਜਿਉਂ ਤਾਪਮਾਨ ਵਧਦਾ ਹੈ, ਤਿਉਂ-ਤਿਉਂ ਹੀ ਵਾਤਾਵਰਣ ’ਚ ਪਾਣੀ ਦੇ ਵਾਸ਼ਪ ਵੀ ਵਧ ਜਾਂਦੇ ਹਨ। 
ਹੜ੍ਹ ਕੋਈ ਨਵੀਂ ਆਫਤ ਨਹੀਂ ਹੈ ਪਰ ਪਿਛਲੇ ਕੁਝ ਸਾਲਾਂ ਤੋਂ ਇਹ ਵਧੇਰੇ ਗੰਭੀਰ ਅਤੇ ਨੁਕਸਾਨਦੇਹ ਬਣ ਚੁੱਕੀ ਹੈ। ਸਮੁੱਚੀ ਦੁਨੀਆ ’ਚ ਹੜ੍ਹ ਸਭ ਤੋਂ ਆਮ ਆਫਤ ਬਣ ਚੁੱਕਾ ਹੈ। ਇਸ ਦਾ ਪਹਿਲਾ ਕਾਰਨ ਪੌਣ-ਪਾਣੀ ’ਚ ਤਬਦੀਲੀ ਹੀ ਹੈ, ਨਾਲ ਹੀ ਵਧਦੇ ਸ਼ਹਿਰੀਕਰਨ ਦਾ ਵੀ ਇਸ ’ਚ ਯੋਗਦਾਨ ਹੈ। ਸਮੁੰਦਰ ਦੇ ਨਾਲ ਲੱਗਦੇ ਇਲਾਕਿਅਾਂ ’ਚ ਤਾਂ ਪਾਣੀ ਦਾ ਪੱਧਰ ਵਧਣਾ ਅਤੇ ਵਧੇਰੇ ਮੀਂਹ ਦੋਹਾਂ ਦਾ ਖਤਰਾ ਵਧੇਰੇ ਹੈ। 
ਯੂਰਪੀਅਨ ਦੇਸ਼ ਆਪਣੇ ਸ਼ਹਿਰਾਂ ਨੂੰ ਹੜ੍ਹ ਤੋਂ ਬਚਾਉਣ ਲਈ ਵੱਖ-ਵੱਖ ਤਰ੍ਹਾਂ ਦੇ ਢਾਂਚਿਅਾਂ ’ਤੇ ਅਰਬਾਂ ਰੁਪਏ ਖਰਚ ਕਰ ਚੁੱਕੇ ਹਨ ਪਰ ਫਿਰ ਵੀ ਇਹ ਕੋਈ ਸ਼ਰਤੀਆ ਹੱਲ ਨਹੀਂ ਹੈ। 
ਅਜਿਹਾ ਵੀ ਨਹੀਂ ਹੈ ਕਿ ਜਿਨ੍ਹਾਂ ਇਲਾਕਿਅਾਂ ’ਚ ਅਜੇ ਤਕ ਹੜ੍ਹ ਨਹੀਂ ਆਇਆ, ਉਥੇ ਰਹਿਣ ਵਾਲੇ ਲੋਕਾਂ ’ਤੇ ਇਸ ਦਾ ਕੋਈ ਅਸਰ ਨਹੀਂ। ਦੇਸ਼-ਦੁਨੀਆ ਦੇ ਕਿਸੇ ਵੀ ਹਿੱਸੇ ’ਚ ਆਉਣ ਵਾਲੇ ਹੜ੍ਹ ਜਾਂ ਕੁਦਰਤੀ ਆਫਤ ਦਾ ਆਰਥਿਕ ਪ੍ਰਭਾਵ ਦੂਰ-ਦੂਰ ਤਕ ਹੁੰਦਾ ਹੈ। 
ਅਰਥ ਸ਼ਾਸਤਰੀ ਅਜੇ ਕੌਮਾਂਤਰੀ ਵਪਾਰ ਅਤੇ ਕੁਲ ਘਰੇਲੂ ਉਤਪਾਦਨ (ਜੀ. ਡੀ. ਪੀ.), ਘਰੇਲੂ ਆਮਦਨ ਤੋਂ ਲੈ ਕੇ ਆਰਥਿਕ ਨਾਬਰਾਬਰੀ , ਵਧਦੇ ਪਾਣੀ ਦੇ ਪੱਧਰ ਅਤੇ ਹੜ੍ਹ ਦੇ ਪ੍ਰਭਾਵ ਦਾ ਅਧਿਐਨ ਹੀ ਕਰ ਰਹੇ ਹਨ ਪਰ ਅੰਸ਼ਿਕ ਨਤੀਜਿਅਾਂ ਤੋਂ ਸਪੱਸ਼ਟ ਹੈ ਕਿ ਹੜ੍ਹ ਕਾਰਨ ਮਨੁੱਖੀ ਅਤੇ ਵਿੱਤੀ ਨੁਕਸਾਨ ਹੁਣ ਤੋਂ ਹੀ ਬਹੁਤ ਵਧ ਚੁੱਕਾ ਹੈ ਅਤੇ ਪਹਿਲਾਂ ਦੀ ਸੋਚ ਦੇ ਉਲਟ ਇਸ ਦਾ ਅਸਰ ਵੀ ਕਿਤੇ ਵਧੇਰੇ ਲੰਮੇ ਸਮੇਂ ਤਕ ਹੁੰਦਾ ਹੈ। 
ਇਕ ਤਾਜ਼ਾ ਅਧਿਐਨ ਮੁਤਾਬਿਕ ਵੱਡੇ ਕਦਮ ਚੁੱਕੇ ਬਿਨਾਂ ਪੌਣ-ਪਾਣੀ ਦੀ ਤਬਦੀਲੀ ਕਾਰਨ ਸਿਰਫ ਦਰਿਆਵਾਂ ਦੇ ਹੜ੍ਹ ਕਾਰਨ ਕੌਮਾਂਤਰੀ ਪੱਧਰ ’ਤੇ ਕੁਲ ਆਰਥਿਕ ਨੁਕਸਾਨ ’ਚ ਅਗਲੇ 20 ਸਾਲਾਂ ਦੌਰਾਨ 17 ਫੀਸਦੀ ਤਕ ਦਾ ਵਾਧਾ ਹੋਵੇਗਾ। 
ਹੜ੍ਹ ਕਾਰਨ ਖਾਣ-ਪੀਣ ਤੋਂ ਲੈ ਕੇ ਹਰ ਚੀਜ਼ ਮਹਿੰਗੀ ਹੁੰਦੀ ਹੈ। ਸਥਾਨਕ ਕਾਰੋਬਾਰ ਤੋਂ ਲੈ ਕੇ ਸਬੰਧਤ ਇਲਾਕੇ ’ਚ ਸੈਰ-ਸਪਾਟਾ ਵੀ ਠੱਪ  ਹੋ ਜਾਂਦਾ ਹੈ। ਹੋਰਨਾਂ ਗੱਲਾਂ ਦੇ ਨਾਲ-ਨਾਲ ਬੱਚਿਅਾਂ ਦੀ ਪੜ੍ਹਾਈ ਦਾ ਵੀ ਨੁਕਸਾਨ ਹੁੁੰਦਾ ਹੈ। 
ਜੇ ਹੁਣ ਵੀ ਅਸੀਂ ਪੌਣ-ਪਾਣੀ ’ਚ ਤਬਦੀਲੀ ਦੇ ਮਾੜੇ ਪ੍ਰਭਾਵ ਪ੍ਰਤੀ ਜਾਗਰੂਕ ਨਹੀਂ ਹੋਵਾਂਗੇ ਤਾਂ ਹੜ੍ਹ ਅਤੇ ਉਸ ਦੇ ਦੂਰਰਸ ਪ੍ਰਭਾਵਾਂ ਤੋਂ ਖ਼ੁਦ ਨੂੰ ਵਧੇਰੇ ਸਮੇਂ ਤਕ ਬਚਾਅ ਨਹੀਂ ਸਕਾਂਗੇ। 


Related News