ਕਾਂਗਰਸ ’ਚ ਅਜੇ ਉਥਲ-ਪੁਥਲ ਜਾਰੀ ਇਹ ਸਿਲਸਿਲਾ ਕਦੋਂ ਰੁਕੇਗਾ !

05/20/2022 12:10:21 AM

ਕਿਸੇ ਸਮੇਂ ‘ਗ੍ਰੈਂਡ ਓਲਡ ਪਾਰਟੀ’ ਅਖਵਾਉਣ ਵਾਲੀ ਕਾਂਗਰਸ ਅੱਜ ਆਪਸੀ ਕਲੇਸ਼ ਅਤੇ ਲਗਾਤਾਰ ਚੋਣਾਂ  ਦੀਆਂ  ਹਾਰਾਂ ਦੇ ਕਾਰਨ ਨਾ ਸਿਰਫ ਹਾਸ਼ੀਏ ’ਤੇ ਆ ਗਈ ਹੈ ਸਗੋਂ ਪਾਰਟੀ ਦੇ ਸੀਨੀਅਰ ਨੇਤਾ ਵੀ ਇਸ ਦਾ ਸਾਥ ਛੱਡਦੇ ਜਾ ਰਹੇ ਹਨ।ਕਾਂਗਰਸ ਦੀ ਇਸੇ ਸਥਿਤੀ ਨੂੰ ਦੇਖਦੇ ਹੋਏ ਬੀਤੇ ਹਫਤੇ ਰਾਜਸਥਾਨ  ਦੇ ਉਦੈਪੁਰ ’ਚ 3 ਦਿਨਾ ‘ਨਵ ਸੰਕਲਪ ਚਿੰਤਨ ਕੈਂਪ’ ਦਾ ਆਯੋਜਨ ਕਰ ਕੇ ਕਾਂਗਰਸ ਲੀਡਰਸ਼ਿਪ ਨੇ ਪਿਛਲੀਆਂ ਭੁੱਲਾਂ ਨੂੰ ਸੁਧਾਰਨ ਦੀ ਦਿਸ਼ਾ ’ਚ ਯਤਨ ਕਰਨ ਦਾ ਸੰਕੇਤ ਦਿੱਤਾ। ਇਸੇ ਲੜੀ ’ਚ ਇਸ ਕੈਂਪ ’ਚ ਇਕ ਪਰਿਵਾਰ ਦੇ ਇਕ ਹੀ ਮੈਂਬਰ ਨੂੰ ਟਿਕਟ ਦੇਣ, ਕਿਸੇ ਵਿਅਕਤੀ ਦੇ ਅਹੁਦੇ ’ਤੇ ਰਹਿਣ ਦੀ ਮਿਆਦ ਵੀ 5 ਸਾਲ ਤੈਅ ਕਰਨ ਆਦਿ ਦੇ ਕੁਝ ਚੰਗੇ ਫੈਸਲੇ ਵੀ ਲਏ ਗਏ। ਇਸ ਦਰਮਿਆਨ ਕੈਂਪ ਦੇ ਦੌਰਾਨ ਅਤੇ ਇਸ ਦੇ ਬਾਅਦ ਦੇ 4-5 ਦਿਨਾਂ ਦੇ ਅੰਦਰ ਹੀ ਕਾਂਗਰਸ ’ਚ ਭਾਰੀ ਉਥਲ-ਪੁਥਲ  ਦੇ ਸੰਕੇਤ ਮਿਲੇ ਹਨ। ਇਸ ਦਾ ਪਹਿਲਾ ਸੰਕੇਤ ਕੈਂਪ ਦੇ ਦੌਰਾਨ ਹੀ ਮਿਲਿਆ ਜਦੋਂ ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਸੁਨੀਲ ਜਾਖੜ ਨੇ ਪਾਰਟੀ ਤੋਂ ਅਸਤੀਫਾ ਦੇ ਦਿੱਤਾ।

ਨਵਜੋਤ ਸਿੰਘ ਸਿੱਧੂ ਨੂੰ ਪੰਜਾਬ ਕਾਂਗਰਸ ਦਾ ਪ੍ਰਧਾਨ ਬਣਾਉਣ ਦੇ ਲਈ ਪਾਰਟੀ ਹਾਈਕਮਾਨ ਨੇ ਸੁਨੀਲ ਜਾਖੜ ਨੂੰ ਉਨ੍ਹਾਂ ਦੇ ਅਹੁਦੇ  ਤੋਂ ਹਟਾ ਦਿੱਤਾ ਸੀ। ਕੈਪਟਨ ਅਮਰਿੰਦਰ ਸਿੰਘ ਨੂੰ ਹਟਾਉਣ ਦੇ ਬਾਅਦ ਸੁਨੀਲ ਜਾਖੜ ਨੂੰ ਮੁੱਖ ਮੰਤਰੀ ਬਣਾਉਣ ਦੀ ਤਿਆਰੀ ਸੀ ਪਰ ਅੰਬਿਕਾ ਸੋਨੀ ਵੱਲੋਂ ‘ਸਿੱਖ ਸਟੇਟ ਸਿੱਖ ਸੀ. ਐੱਮ.’ ਦਾ ਤਰਕ ਦੇ ਕੇ ਇਸ ’ਤੇ ਪਾਣੀ ਫੇਰ ਦੇਣ ਨਾਲ ਸੁਨੀਲ ਜਾਖੜ ਨਾਰਾਜ਼ ਚਲੇ ਆ ਰਹੇ ਸਨ। ਸੁਨੀਲ ਜਾਖੜ ਨੂੰ ਸੂਬਾ ਵਿਧਾਨ ਸਭਾ ਚੋਣਾਂ ਦੌਰਾਨ ਚਰਨਜੀਤ ਸਿੰਘ ਚੰਨੀ ਦੇ ਬਾਰੇ ’ਚ ਬਿਆਨ ਦੇਣ ’ਤੇ ਵੀ ਕਾਂਗਰਸ ਨੇ ਨੋਟਿਸ ਭੇਜਿਆ ਸੀ, ਜਿਸ ਦਾ ਉਨ੍ਹਾਂ ਨੇ ਜਵਾਬ ਨਹੀਂ ਦਿੱਤਾ ਅਤੇ 5 ਦਿਨ  ਬਾਅਦ ਹੀ ਭਾਜਪਾ ਦਾ ਪੱਲਾ ਫੜ ਲਿਆ ਅਤੇ ਕਿਹਾ ਕਿ ‘‘ਕਾਂਗਰਸ ਨੇ ਰਾਸ਼ਟਰੀਅਤਾ ਅਤੇ ਪੰਜਾਬ ਦੇ ਭਾਈਚਾਰੇ ਨੂੰ ਤੋੜਨ ਦੀ ਕੋਸ਼ਿਸ਼ ਕੀਤੀ ਹੈ। ਇਹ ਰਿਸ਼ਤਾ ਕਿਸੇ ਵਿਅਕਤੀ ਦੇ ਕਾਰਨ ਨਹੀਂ, ਸਿਧਾਂਤਾਂ ਦੇ ਕਾਰਨ ਟੁੱਟਾ।’’

18 ਮਈ ਨੂੰ ਕਾਂਗਰਸ ’ਚ ਉਥਲ-ਪੁਥਲ ਦਾ ਦੂਸਰਾ ਸੰਕੇਤ ਉਸ ਸਮੇਂ ਮਿਲਿਆ ਜਦੋਂ ਹਾਰਦਿਕ ਪਟੇਲ ਨੇ ਗੁਜਰਾਤ ਕਾਂਗਰਸ ਦੇ ਕਾਰਜਕਾਰੀ ਪ੍ਰਧਾਨ ਦੇ ਅਹੁਦੇ ਅਤੇ ਪਾਰਟੀ ਦੀ ਮੈਂਬਰੀ ਤੋਂ ਅਸਤੀਫਾ ਦੇ ਦਿੱਤਾ ਅਤੇ ਦਾਅਵਾ ਕੀਤਾ ਕਿ :
‘‘ਭਾਵੇਂ ਅਯੁੱਧਿਆ ’ਚ ਰਾਮ ਮੰਦਿਰ ਦੀ ਉਸਾਰੀ ਦਾ ਮਾਮਲਾ ਹੋਵੇ ਜਾਂ ਜੰਮੂ-ਕਸ਼ਮੀਰ ’ਚ ਧਾਰਾ 370 ਹਟਾਉਣ ਜਾਂ ਜੀ. ਐੱਸ. ਟੀ. ਲਾਗੂ ਕਰਨ ਵਰਗੇ ਲੰਬੇ ਸਮੇਂ ਤੋਂ ਹੱਲ ਦੀ ਉਡੀਕ ਕਰ ਰਹੇ ਮਹੱਤਵਪੂਰਨ ਮੁੱਦਿਆਂ ਦਾ,  ਕਾਂਗਰਸ ਪਾਰਟੀ ਨੇ  ਇਨ੍ਹਾਂ ਦੀ ਰਾਹ ’ਚ ਸਿਰਫ ‘ਰੋੜੇ ਹੀ ਅਟਕਾਏ’ ਅਤੇ ‘ਹਰ ਚੀਜ਼ ਦਾ ਸਿਰਫ ਵਿਰੋਧ ਹੀ ਕੀਤਾ’।’’ਕਾਂਗਰਸ ਨੂੰ ਸਭ ਤੋਂ ਵੱਡੀ ਜਾਤੀਵਾਦੀ ਪਾਰਟੀ  ਕਰਾਰ ਦਿੰਦੇ ਹੋਏ ਉਨ੍ਹਾਂ ਨੇ ਕਿਹਾ, ‘‘ਆਪਣੀ ਗੁਜਰਾਤ ਯਾਤਰਾ ਦੌਰਾਨ ਰਾਹੁਲ ਗਾਂਧੀ ਸੂਬੇ ਦੇ ਇਕ ਵੀ ਮੁੱਦੇ ’ਤੇ ਗੱਲ ਨਹੀਂ ਕਰਦੇ। ਪਾਰਟੀ ਦੇ ਚੋਟੀ ਦੇ ਨੇਤਾਵਾਂ ਦਾ ਧਿਆਨ ਆਪਣੇ ਮੋਬਾਇਲ ’ਚ ਲੱਗਾ ਰਹਿੰਦਾ ਹੈ ਅਤੇ ਗੁਜਰਾਤ ਕਾਂਗਰਸ ਦੇ ਨੇਤਾ ਉਨ੍ਹਾਂ ਲਈ ‘ਚਿਕਨ ਸੈਂਡਵਿਚ’ ਅਤੇ ‘ਡਾਈਟ ਕੋਕ’ ਦਾ ਪ੍ਰਬੰਧ ਕਰਨ ’ਚ ਲੱਗੇ ਰਹਿੰਦੇ ਹਨ। ਜਦੋਂ ਕਦੀ ਵੀ ਕਾਂਗਰਸ ਨੂੰ ਲੀਡਰਸ਼ਿਪ ਦੀ ਲੋੜ ਹੁੰਦੀ ਹੈ, ਇਸ ਦੇ ਨੇਤਾ ਵਿਦੇਸ਼ਾਂ ’ਚ ਮਜ਼ੇ ਕਰ ਰਹੇ ਹੁੰਦੇ ਹਨ।’’ 

‘‘ਗੁਜਰਾਤ ’ਚ ਪਾਰਟੀ ਦੇ ਵੱਡੇ ਨੇਤਾ ਆਪਣੇ ਨਿੱਜੀ ਲਾਭ ਲਈ ਵਿਕ  ਗਏ ਹਨ। ਕਾਂਗਰਸ ਦੀ ਲੀਡਰਸ਼ਿਪ ਦਾ ਵਰਤਾਅ  ਅਣਦੇਖੀ ਵਾਲਾ ਅਤੇ ਗੁਜਰਾਤੀਆਂ ਦੇ ਨਾਲ ਨਫਰਤ ਵਾਲਾ ਹੈ। ਕਾਂਗਰਸ  ਦਾ ਕੋਈ ਨਜ਼ਰੀਆ ਨਹੀਂ ਹੈ। ਇਹ ਫਾਇਦੇ ਲਈ ਲੋਕਾਂ ਦੀ ਵਰਤੋਂ ਕਰਦੀ ਹੈ। ਜਦ ਪਾਰਟੀ ’ਚ ਕੋਈ ਆਵਾਜ਼ ਉਠਾਉਂਦਾ ਹੈ ਤਾਂ ਉਸ ’ਤੇ ਦੋਸ਼ ਲਗਾਉਣ ਦਾ ਸਿਲਸਿਲਾ ਸ਼ੁਰੂ ਹੋ ਜਾਂਦਾ ਹੈ।’’ ਕਾਂਗਰਸ ’ਤੇ ਭ੍ਰਿਸ਼ਟਾਚਾਰ ਦਾ ਦੋਸ਼ ਲਾਉਂਦੇ ਹੋਏ ਉਨ੍ਹਾਂ ਨੇ ਕਿਹਾ, ‘‘ਅੱਜ ਕਾਂਗਰਸ ਨੂੰ ਦੇਸ਼ ਦੇ ਲਗਭਗ ਹਰੇਕ ਸੂਬੇ ’ਚ ਨਕਾਰ ਦਿੱਤਾ ਗਿਆ ਹੈ। ਇਸ ਦੀ ਲੀਡਰਸ਼ਿਪ ਲੋਕਾਂ ਦੇ ਲਈ ਮੁੱਢਲਾ ਰੋਡਮੈਪ ਪੇਸ਼ ਕਰਨ ’ਚ ਅਸਫਲ ਰਹੀ ਹੈ ਅਤੇ ਮੈਨੂੰ ਸੰਗਠਨ ’ਚ  ਕੋਈ ਵੱਡੀ ਜ਼ਿੰਮੇਵਾਰੀ ਨਹੀਂ ਦਿੱਤੀ ਗਈ।’’

19 ਮਈ ਨੂੰ ਕਾਂਗਰਸ ਪਾਰਟੀ ਨੂੰ ਇਕ ਹੋਰ ਸੱਟ ਉਦੋਂ ਲੱਗੀ ਜਦੋਂ ‘ਰੋਡ ਰੇਜ’ ਦੇ ਇਕ 34 ਸਾਲ ਪੁਰਾਣੇ ਕੇਸ ’ਚ ਸੁਪਰੀਮ ਕੋਰਟ ਨੇ ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੂੰ ਜੁਰਮਾਨਾ ਅਤੇ ਇਕ ਸਾਲ ਬਾਮੁਸ਼ੱਕਤ ਕੈਦ ਦੀ ਸਜ਼ਾ ਸੁਣਾ ਦਿੱਤੀ। ਦਸੰਬਰ, 1988 ’ਚ ਪਟਿਆਲਾ ’ਚ ਗੁਰਨਾਮ ਸਿੰਘ ਨਾਂ ਦੇ ਬਜ਼ੁਰਗ ਨਾਲ ਕਾਰ ਪਾਰਕਿੰਗ ਨੂੰ ਲੈ ਕੇ ਬਹਿਸ ਦੌਰਾਨ ਹੱਥੋਪਾਈ ਦੀ ਘਟਨਾ ਦੇ ਬਾਅਦ ਗੁਰਨਾਮ ਸਿੰਘ ਨੂੰ ਹਸਪਤਾਲ ਲਿਜਾਇਆ ਗਿਆ ਜਿੱਥੇ ਉਨ੍ਹਾਂ ਦੀ ਮੌਤ ਹੋ ਗਈ। ਪਟਿਆਲਾ ਪੁਲਸ ਨੇ ਸਿੱਧੂ ਅਤੇ ਉਨ੍ਹਾਂ ਦੇ ਮਿੱਤਰ ਦੇ ਵਿਰੁੱਧ ਗੈਰ-ਇਰਾਦਾ ਕਤਲ ਦਾ ਮਾਮਲਾ ਦਰਜ ਕੀਤਾ ਸੀ। ਪੰਜਾਬ-ਹਰਿਆਣਾ ਹਾਈ ਕੋਰਟ ਨੇ 2006 ’ਚ ਸਿੱਧੂ ਨੂੰ 3 ਸਾਲ ਕੈਦ ਦੀ ਸਜ਼ਾ ਸੁਣਾਈ ਸੀ ਜਿਸ ਨੂੰ ਸਿੱਧੂ ਨੇ ਸੁਪਰੀਮ ਕੋਰਟ ’ਚ ਚੁਣੌਤੀ ਦਿੱਤੀ ਤਾਂ ਸੁਪਰੀਮ ਕੋਰਟ ਨੇ 2018 ’ਚ ਉਨ੍ਹਾਂ  ਨੂੰ 1000 ਰੁਪਏ ਜੁਰਮਾਨੇ ਦੀ ਸਜ਼ਾ ਸੁਣਾਈ।

ਪੀੜਤ ਧਿਰ ਨੇ ਇਸ ਦੇ ਵਿਰੁੱਧ ਮੁੜ ਵਿਚਾਰ ਰਿੱਟ ਦਾਇਰ ਕੀਤੀ ਸੀ। ਇਸੇ ’ਤੇ ਫੈਸਲਾ ਸੁਣਾਉਂਦੇ ਹੋਏ ਸੁਪਰੀਮ ਕੋਰਟ ਨੇ ਸਿੱਧੂ ਨੂੰ ਸਜ਼ਾ ਸੁਣਾਈ ਹੈ।ਹਾਲਾਂਕਿ ਇਸ ਤੋਂ ਪਹਿਲਾਂ ਵੀ ਕਾਂਗਰਸ ਦੇ ਕਈ  ਲੋਕ ਪਾਰਟੀ ਛੱਡ ਗਏ  ਹਨ ਪਰ ਨਵੇਂ ਘਟਨਾਕ੍ਰਮ ’ਚ ਸੁਨੀਲ ਜਾਖੜ ਅਤੇ ਹਾਰਦਿਕ ਪਟੇਲ ਵੱਲੋਂ ਪਾਰਟੀ ਛੱਡਣਾ ਇਸ ’ਚ ਜਾਰੀ ਉਥਲ-ਪੁਥਲ ਦੇ ਹੀ ਸੰਕੇਤ ਹਨ। ਫਿਲਹਾਲ, ਚਿੰਤਨ ਕੈਂਪ ’ਚ ਪਾਰਟੀ ਲੀਡਰਸ਼ਿਪ ਨੇ ਜੀ-23 ਨਾਂ ਨਾਲ ਜਾਣੇ ਜਾਂਦੇ ਪਾਰਟੀ ਦੇ ਨਾਰਾਜ਼ ਨੇਤਾਵਾਂ ਨੂੰ ਸੱਦਾ ਦੇ ਕੇ ਉਨ੍ਹਾਂ ਦੀ ਨਾਰਾਜ਼ਗੀ ਨੂੰ ਦੂਰ ਕਰ ਦਿੱਤਾ ਹੈ ਜਿਨ੍ਹਾਂ ਨੇ ਕਿਹਾ ਹੈ ਕਿ ਕਾਂਗਰਸ ਨਵੀਂ ਊਰਜਾ ਦੇ ਨਾਲ ਅੱਗੇ ਵਧੇਗੀ ਪਰ ਪਾਰਟੀ ’ਚ ਅਸੰਤੋਸ਼ ਜਾਰੀ ਹੈ। ਇਸ ਲਈ  ਪਾਰਟੀ ਦਾ ਨਵੀਂ ਊਰਜਾ ਦੇ ਨਾਲ ਅੱਗੇ ਵਧਣਾ ਕਦੋਂ ਸ਼ੁਰੂ ਹੋਵੇਗਾ, ਇਸ ਦਾ ਜਵਾਬ ਭਵਿੱਖ ਦੇ ਗਰਭ ’ਚ ਹੈ।  

ਵਿਜੇ ਕੁਮਾਰ


Karan Kumar

Content Editor

Related News