ਕਦੋਂ ਰੁਕੇਗਾ ਦੇਸ਼ ’ਚ ਪੁਲਸ ਥਾਣਿਆਂ ਵਿਚ ਅੱਤਿਆਚਾਰਾਂ ਨਾਲ ਮੌਤਾਂ ਦਾ ਸਿਲਸਿਲਾ

07/24/2020 3:33:48 AM

ਅਕਸਰ ਪੁਲਸ ਵਲੋਂ ਹਿਰਾਸਤ ’ਚ ਲਏ ਗਏ ਮੁਲਜ਼ਮਾਂ ਕੋਲੋਂ ਪੁੱਛ-ਗਿੱਛ ਦੇ ਨਾਂ ’ਤੇ ਉਨ੍ਹਾਂ ਨੂੰ ਟਾਰਚਰ ਕਰਨ ਦੀਆਂ ਖ਼ਬਰਾਂ ਆਉਂਦੀਆਂ ਰਹਿੰਦੀਆਂ ਹਨ ਅਤੇ ਪਿਛਲੇ ਸਾਲ ਦੇਸ਼ ’ਚ ਪੁਲਸ ਿਹਰਾਸਤ ਵਿਚ ਹੋਈਆਂ 125 ਮੌਤਾਂ ’ਚੋਂ 74 ਫੀਸਦੀ ਮੌਤਾਂ ਪੁਲਸ ਦੇ ਟਾਰਚਰ ਨਾਲ ਹੋਈਆਂ।

* 19 ਜੂਨ ਨੂੰ ਤਾਮਿਲਨਾਡੂ ਦੇ ‘ਥੂਥੂਕੁਡੀ’ ਜ਼ਿਲੇ ਦੇ ‘ਸਤਨਕੁੱਲਮ’ ਪੁਲਸ ਥਾਣੇ ’ਚ ਫੜ ਕੇ ਲਿਆਂਦੇ ਗਏ ਜੈਰਾਜ ਅਤੇ ਉਸਦੇ ਪੁੱਤਰ ਬੈਨਿਕਸ ਨੂੰ ਪੁਲਸ ਵਾਲਿਆਂ ਨੇ ਸਾਰੀ ਰਾਤ ਇੰਨੀ ਬੁਰੀ ਤਰ੍ਹਾਂ ਕੁੱਟਿਆ ਕਿ ਉਨ੍ਹਾਂ ਦੇ ਖੂਨ ਨਾਲ ਡਾਂਗ ਅਤੇ ਮੇਜ਼ ਖੂਨ ’ਚ ਨਹਾ ਗਏ। ਦੋਵਾਂ ਦੇ ਸਰੀਰ ਦੇ ਵੱਖ-ਵੱਖ ਅੰਗਾਂ ਅਤੇ ਗੁਪਤ ਅੰਗ ਤਕ ’ਤੇ ਤਸੀਹਿਆਂ ਦੇ ਨਿਸ਼ਾਨ ਪੈ ਗਏ ਅਤੇ ਉਨ੍ਹਾਂ ਦੀ ਮੌਤ ਹੋ ਗਈ।

* ਇਸ ਘਟਨਾ ਤੋਂ ਕੁਝ ਸਮਾਂ ਪਹਿਲਾਂ ਇਸੇ ਇਲਾਕੇ ਦੇ ਇਕ ਆਟੋ ਚਾਲਕ ਐੱਨ. ਕੁਮਾਰਸੇਨ ਨੂੰ ਇਕ ਜ਼ਮੀਨੀ ਝਗੜੇ ਦੇ ਸਬੰਧ ’ਚ ‘ਅਰੂਮਾਗਨੇਰੀ’ ਥਾਣੇ ’ਚ ਲਿਆ ਕੇ ਮਹਿਲਾ ਪੁਲਸ ਨੇ ਇੰਨੀ ਬੇਰਹਿਮੀ ਨਾਲ ਕੁੱਟਿਆ ਕਿ ਉਸਨੂੰ ਖੂਨ ਦੀਆਂ ਉਲਟੀਆਂ ਆਉਣ ਲੱਗੀਆਂ।

ਇਲਾਜ ਲਈ ਹਸਪਤਾਲ ਲਿਜਾਣ ’ਤੇ ਪਤਾ ਲੱਗਿਆ ਕਿ ਉਸਦੇ ਗੁਰਦੇ ਅਤੇ ਤਿਲੀ (ਸਪਲੀਨ) ਬੁਰੀ ਤਰ੍ਹਾਂ ਨੁਕਸਾਨੇ ਗਏ ਸਨ ਅਤੇ ਉਹ ਲਗਾਤਾਰ ਡਾਇਲਸਿਸ ’ਤੇ ਆਸ਼ਰਿਤ ਹੋ ਕੇ ਰਹਿ ਗਿਆ।

* ਇਸੇ ਥਾਣੇ ’ਚ ਮਈ ਮਹੀਨੇ ’ਚ ਪੁੱਛ-ਗਿੱਛ ਲਈ ਲਿਆਂਦੇ ਗਏ ਮਹੇਂਦ੍ਰਨ ਨਾਂ ਦੇ ਇਕ ਮੁਲਜ਼ਮ ਨੂੰ ਇੰਨਾ ਟਾਰਚਰ ਕੀਤਾ ਗਿਆ ਕਿ ਹਵਾਲਾਤ ਤੋਂ ਬਾਹਰ ਆ ਕੇ ਵੀ ਉਹ ਲਗਾਤਾਰ ਰੋਂਦਾ ਕੁਰਲਾਉਂਦਾ ਰਿਹਾ। ਉਸਦਾ ਸੱਜਾ ਹੱਥ ਅਤੇ ਖੱਬੀ ਲੱਤ ਨਕਾਰਾ ਹੋ ਗਈ ਅਤੇ 13 ਜੂਨ ਨੂੰ ਥੂਥੂਕੁਡੀ ਦੇ ਇਕ ਹਸਪਤਾਲ ’ਚ ਉਸਦੀ ਮੌਤ ਹੋ ਗਈ।

* ਮਾਸਕ ਨਾ ਲਗਾਉਣ ਅਤੇ ਜਨਤਕ ਤੌਰ ’ਤੇ ਬੀੜੀ ਪੀਣ ’ਤੇ 9 ਜੂਨ ਨੂੰ ਹਬੀਬ ਮੁਹੰਮਦ ਨਾਂ ਦੇ ਇਕ ਵਿਅਕਤੀ ਨੂੰ 2 ਮਹਿਲਾ ਪੁਲਸ ਕਾਂਸਟੇਬਲ ਫੜ ਕੇ ਥਾਣੇ ਲੈ ਗਈਆਂ, ਜਿੱਥੇ 4 ਪੁਲਸ ਮੁਲਾਜ਼ਮਾਂ ਨੇ ਉਸਨੂੰ 2 ਘੰਟਿਆਂ ਤੋਂ ਵੀ ਵੱਧ ਸਮੇਂ ਤਕ ਬੇਰਹਿਮੀ ਨਾਲ ਕੁੱਟਿਆ।

ਇਕ ਮਹਿਲਾ ਇੰਸਪੈਕਟਰ ਨੇ ਤਾਂ ਉਸਦੇ ਮੂੰਹ ’ਤੇ ਆਪਣੇ ਬੂਟ ਨਾਲ ਠੋਕਰ ਮਾਰੀ। ਇਸਦੇ ਬਾਅਦ ਉਸਨੂੰ ਪਲਾਸਟਿਕ ਦੀ ਪਾਈਪ ਨਾਲ ਕੁੱਟਿਆ। ਫਿਰ ਖੜ੍ਹੇ ਹੋ ਕੇ ਉਛਲਣ ਅਤੇ ਬੈਠਕਾਂ ਕੱਢਣ ਲਈ ਕਿਹਾ। ਉਸਦੇ ਪੇਟ ’ਚ ਵੀ ਲੱਤਾਂ ਮਾਰੀਆਂ ਗਈਆਂ, ਜਿਸ ਕਰਕੇ ਉਸਦੇ ਪਿਸ਼ਾਬ ’ਚ ਖੂਨ ਆਉਣ ਲੱਗਾ ਅਤੇ ਹੁਣ ਉਹ ਵੀ ਡਾਇਲਸਿਸ ’ਤੇ ਹੈ।

* 14 ਜੁਲਾਈ ਨੂੰ ਮੱਧ ਪ੍ਰਦੇਸ਼ ’ਚ ਗੁਨਾ ਦੇ ਜਗਨਪੁਰ ਪਿੰਡ ’ਚ ਜ਼ਮੀਨ ਦਾ ਨਾਜਾਇਜ਼ ਕਬਜ਼ਾ ਹਟਾਉਣ ਪਹੁੰਚੀ ਪੁਲਸ ਨੇ ਕਿਸਾਨ ਜੋੜੇ ਰਾਜ ਕੁਮਾਰ ਅਤੇ ਸਾਵਿੱਤਰੀ ਦੀ ਬੀਜੀ ਹੋਈ ਫਸਲ ’ਤੇ ਬੁਲਡੋਜ਼ਰ ਚਲਵਾ ਦਿੱਤਾ, ਜਿਸ ’ਤੇ ਉਨ੍ਹਾਂ ਦੋਵਾਂ ਨੇ ਕੀਟਨਾਸ਼ਕ ਪੀ ਲਿਆ।

ਰਾਜ ਕੁਮਾਰ ਅਤੇ ਸਾਵਿੱਤਰੀ ਦੀ ਹਾਲਤ ਇੰਨੀ ਵਿਗੜ ਗਈ ਕਿ ਹਸਪਤਾਲ ’ਚ ਸਾਵਿੱਤਰੀ ਨੂੰ ਰਹਿ-ਰਹਿ ਕੇ ਦੌਰੇ ਪੈਣ ਲੱਗੇ ਅਤੇ ਉਹ ਕੁਝ ਵੀ ਬੋਲਣ ’ਚ ਅਸਮਰੱਥ ਹੋ ਗਈ। ਇਸਦੇ ਵਿਰੁੱਧ ਰੋਸ ਪ੍ਰਗਟ ਕਰਨ ’ਤੇ ਪੁਲਸ ਨੇ ਰਾਜ ਕੁਮਾਰ ਦੇ ਭਰਾ ਸ਼ਿਸ਼ੂਪਾਲ ਅਤੇ ਹੋਰਨਾਂ ’ਤੇ ਲਾਠੀਚਾਰਜ ਕੀਤਾ, ਜਿਸ ਨਾਲ ਉਹ ਜ਼ਖ਼ਮੀ ਹੋ ਗਏ।

* 18 ਜੁਲਾਈ ਨੂੰ ਇਸ ਲੜੀ ਦੀ ਤਾਜ਼ਾ ਘਟਨਾ ਅਾਂਧਰਾ ਪ੍ਰਦੇਸ਼ ਦੇ ਪ੍ਰਕਾਸ਼ਮ ਜ਼ਿਲੇ ਦੇ ਚਿਰਾਲਾ ਸ਼ਹਿਰ ’ਚ ਸਾਹਮਣੇ ਆਈ, ਜਦੋਂ ਪੁਲਸ ਦੀ ਕੁੱਟ-ਮਾਰ ਨਾਲ ਇਕ ਨੌਜਵਾਨ ਦੀ ਮੌਤ ਹੋ ਗਈ।

ਪੁਲਸ ਟਾਰਚਰ ਦੀਅਾਂ ਇਹ ਕਹਾਣੀਆਂ ਕਿਸੇ ਵੀ ਸੰਵੇਦਨਸ਼ੀਲ ਵਿਅਕਤੀ ਨੂੰ ਹੈਰਾਨ ਕਰਨ ਲਈ ਕਾਫੀ ਹਨ। ਅਜਿਹੀਆਂ ਘਟਨਾਵਾਂ ਦੇ ਲਈ ਜ਼ਿੰਮੇਵਾਰ ਕਰਮਚਾਰੀਆਂ ਦਾ ਸਥਾਨ ਪੁਲਸ ਵਿਭਾਗ ’ਚ ਨਹੀਂ ਹੋਣਾ ਚਾਹੀਦਾ ਕਿਉਂਕਿ ਅੱਜ ਦੇ ਯੁੱਗ ’ਚ ਅਪਰਾਧੀਆਂ ਕੋਲੋਂ ਪੁੱਛ-ਗਿੱਛ ਦੇ ਸੱਭਿਅਕ ਤਰੀਕੇ ਵੀ ਮੌਜ਼ੂਦ ਹਨ।

-ਵਿਜੇ ਕੁਮਾਰ


Bharat Thapa

Content Editor

Related News