ਯੂ.ਪੀ. : ਸਕੂਲਾਂ ’ਚ ਮੋਬਾਇਲ ਫੋਨਾਂ ’ਤੇ ਪਾਬੰਦੀ, ਇਹ ਦੇਸ਼ ਦੇ ਸਾਰੇ ਸਕੂਲਾਂ ’ਚ ਲਾਗੂ ਹੋਵੇ!
Tuesday, Oct 10, 2023 - 02:54 AM (IST)

ਮੋਬਾਇਲ ਫੋਨ ਦੇ ਲਾਭ ਜ਼ਰੂਰੀ ਹਨ ਪਰ ਇਨ੍ਹਾਂ ਦੀ ਗਲਤ ਵਰਤੋਂ ਨਾਲ ਕਈ ਸਮੱਸਿਆਵਾਂ ਵੀ ਪੈਦਾ ਹੋ ਰਹੀਆਂ ਹਨ। ਅਸ਼ਲੀਲਤਾ ਫੈਲਾਉਣ ’ਚ ਇਨ੍ਹਾਂ ਦਾ ਵੀ ਭਾਰੀ ਯੋਗਦਾਨ ਹੈ। ਖਾਸ ਕਰ ਕੇ ਬੱਚਿਆਂ ਦੇ ਹੱਥ ’ਚ ਮੋਬਾਇਲ ਆਉਣ ਨਾਲ ਉਨ੍ਹਾਂ ’ਚ ‘ਪੋਰਨ’ ਫਿਲਮਾਂ ਦੇਖਣ ਦੀ ਆਦਤ ’ਚ ਭਾਰੀ ਵਾਧਾ ਹੋ ਰਿਹਾ ਹੈ, ਜਿਸ ਨਾਲ ਉਨ੍ਹਾਂ ਦਾ ਚਰਿੱਤਰ ਭ੍ਰਿਸ਼ਟ ਹੋ ਰਿਹਾ ਹੈ।
ਇਸੇ ਸਾਲ 31 ਜੁਲਾਈ ਨੂੰ ਆਜ਼ਮਗੜ੍ਹ ’ਚ ਇਕ ਵਿਦਿਆਰਥਣ ਨੂੰ ਮੋਬਾਇਲ ਲੈ ਕੇ ਸਕੂਲ ਆਉਣ ਤੋਂ ਮਨ੍ਹਾ ਕਰਨ ’ਤੇ ਹੋਏ ਝਗੜੇ ਪਿੱਛੋਂ ਕਥਿਤ ਤੌਰ ’ਤੇ ਉਸ ਨੇ ਸਕੂਲ ’ਚ ਆਤਮਹੱਤਿਆ ਕਰ ਲਈ ਸੀ। ਇਸ ਪਿੱਛੋਂ ਸਕੂਲ ਦੇ ਅਧਿਆਪਕ ਅਤੇ ਪ੍ਰਿੰਸੀਪਲ ਨੂੰ ਗ੍ਰਿਫਤਾਰ ਕਰ ਲਿਆ ਗਿਆ ਸੀ, ਜਿਸ ਦੇ ਵਿਰੋਧ ’ਚ ਸੂਬੇ ਦੇ ਨਿੱਜੀ ਸਕੂਲਾਂ ਨੇ 8 ਅਗਸਤ ਨੂੰ ਪੂਰੇ ਉੱਤਰ ਪ੍ਰਦੇਸ਼ ’ਚ ਬੰਦ ਕਰ ਕੇ ਵਿਰੋਧ ਜਤਾਇਆ ਸੀ।
ਇਸ ਪਿਛੋਕੜ ’ਚ ਉੱਤਰ ਪ੍ਰਦੇਸ਼ ’ਚ ਮੋਬਾਇਲ ਫੋਨ ਦੀ ਵਰਤੋਂ ਨਾਲ ਲਗਾਤਾਰ ਹੋ ਰਹੀਆਂ ਵੱਖ-ਵੱਖ ਤਰ੍ਹਾਂ ਦੀਆਂ ਘਟਨਾਵਾਂ ਨੂੰ ਦੇਖਦੇ ਹੋਏ ਹੁਣ ਸਕੂਲਾਂ ’ਚ ਇਨ੍ਹਾਂ ਦੀ ਵਰਤੋਂ ’ਤੇ ਪਾਬੰਦੀ ਲਾਉਣ ਦੀ ਤਿਆਰੀ ਕੀਤੀ ਜਾ ਰਹੀ ਹੈ।
ਹੁਣ ਵਿਦਿਆਰਥੀ ਅਤੇ ਅਧਿਆਪਕ ਸਕੂਲ ਕੰਪਲੈਕਸ ’ਚ ਮੋਬਾਇਲ ਫੋਨਾਂ ਦੀ ਵਰਤੋਂ ਨਹੀਂ ਕਰ ਸਕਣਗੇ ਨਹੀਂ ਤਾਂ ਉਨ੍ਹਾਂ ਵਿਰੁੱਧ ਸਖਤ ਕਾਰਵਾਈ ਕੀਤੀ ਜਾਵੇਗੀ। ਇਸ ਬਾਰੇ 11 ਮੈਂਬਰੀ ਕਮੇਟੀ ਦਾ ਗਠਨ ਵੀ ਕਰ ਦਿੱਤਾ ਗਿਆ ਹੈ।
‘ਐਸੋਸੀਏਸ਼ਨ ਆਫ ਪ੍ਰਾਈਵੇਟ ਸਕੂਲਜ਼ ਉੱਤਰ ਪ੍ਰਦੇਸ਼ ’ ਨੇ ਇਹ ਮਾਮਲਾ ਸੂਬੇ ਦੇ ਸਿੱਖਿਆ ਵਿਭਾਗ ਦੇ ਸਾਹਮਣੇ ਰੱਖਦੇ ਹੋਏ ਕਿਹਾ ਸੀ ਕਿ ਸਕੂਲਾਂ ’ਚ ਹੋਈਆਂ ਅਜਿਹੀਆਂ ਘਟਨਾਵਾਂ ਪਿੱਛੇ ਮੋਬਾਇਲ ਫੋਨ ਹੀ ਹੈ, ਇਸ ਲਈ ਸਕੂਲਾਂ ’ਚ ਇਸਦੀ ਵਰਤੋਂ ਬੰਦ ਕੀਤੀ ਜਾਵੇ।
ਐਸੋਸੀਏਸ਼ਨ ਦੇ ਪ੍ਰਧਾਨ ਅਨਿਲ ਅਗਰਵਾਲ ਦਾ ਕਹਿਣਾ ਹੈ ਕਿ ‘‘ ਸਕੂਲਾਂ ’ਚ ਅਸੀਂ ਅਨੁਸ਼ਾਸਨ ਚਾਹੁੰਦੇ ਹਾਂ, ਜਿਸ ਲਈ ਵਿਦਿਆਰਥੀਆਂ ਨੂੰ ਕੁਝ ਨਿਯਮ ਸਵੀਕਾਰ ਕਰਨੇ ਪੈਣਗੇ। ਅਸੀਂ ਲੋਕ ਵਿਦਿਆਰਥੀਆਂ ਨੂੰ ਮੋਬਾਇਲ ਲਿਆਉਣ ਤੋਂ ਮਨ੍ਹਾ ਕਰਦੇ ਹਾਂ ਪਰ ਕਈ ਵਿਦਿਆਰਥੀ ਫਿਰ ਵੀ ਮੋਬਾਇਲ ਲੈ ਕੇ ਆਉਂਦੇ ਹਨ ਅਤੇ ਅਸੀਂ ਕੋਈ ਸਖਤੀ ਵੀ ਨਹੀਂ ਕਰ ਸਕਦੇ।’’
ਇਸ ਤਰ੍ਹਾਂ ਦੀਆਂ ਘਟਨਾਵਾਂ ਨੂੰ ਦੇਖਦੇ ਹੋਏ ਉੱਤਰ ਪ੍ਰਦੇਸ਼ ਸਰਕਾਰ ਵੱਲੋਂ ਇਸ ਸਬੰਧ ’ਚ ਜਿੰਨੀ ਜਲਦੀ ਫੈਸਲਾ ਲਾਗੂ ਕੀਤਾ ਜਾਵੇ ਓਨਾ ਹੀ ਚੰਗਾ ਹੋਵੇਗਾ ਅਤੇ ਦੇਸ਼ ਦੇ ਹੋਰ ਹਿੱਸਿਆਂ ’ਚ ਵੀ ਅਜਿਹੀ ਵਿਵਸਥਾ ਕੀਤੀ ਜਾਣੀ ਚਾਹੀਦੀ ਹੈ ਤਾਂਕਿ ਵਿਦਿਆਰਥੀਆਂ ਨੂੰ ਮੋਬਾਇਲ ਦੀ ਵਰਤੋਂ ਦੇ ਮਾੜੇ ਪ੍ਰਭਾਵਾਂ ਤੋਂ ਬਚਾਇਆ ਜਾ ਸਕੇ।
-ਵਿਜੇ ਕੁਮਾਰ