ਬੇਮੌਸਮੀ ਹੜ੍ਹ, ਤੂਫਾਨ ਅਤੇ ਬਰਫਬਾਰੀ ‘ਸਾੜ੍ਹਸਤੀ ਦਾ ਸੰਕੇਤ’ ਨਹੀਂ ਤਾਂ ਕੀ ਹੈ!

05/27/2023 2:17:43 AM

ਪੂਰੇ ਸੰਸਾਰ ’ਚ ਕੁਦਰਤ ਦਾ ਕਹਿਰ ਜਾਰੀ ਹੈ। ਕੋਈ ਵੀ ਦਿਨ ਅਜਿਹਾ ਨਹੀਂ ਲੰਘਦਾ ਜਦੋਂ ਦੁਨੀਆ ਦੇ ਕਿਸੇ ਨਾ ਕਿਸੇ ਕੋਨੇ ’ਚ ਭੂਚਾਲ ਨਾ ਆ ਰਹੇ ਹੋਣ। ਇਸ ਸਾਲ ਗਰਮੀਆਂ ਵੀ ਦੇਰ ਨਾਲ ਆਈਆਂ ਹਨ ਅਤੇ ਮੌਸਮ ਰਹਿ-ਰਹਿ ਕੇ ਇਸ ਤਰ੍ਹਾਂ ਕਰਵਟ ਬਦਲ ਰਿਹਾ ਹੈ ਕਿ ਕਦੀ ਭਾਰੀ ਗਰਮੀ, ਕਦੀ ਸਰਦੀ ਤਾਂ ਕਦੀ ਮਾਨਸੂਨ ਵਰਗਾ ਮਹਿਸੂਸ ਹੁੰਦਾ ਹੈ। ਬੇਮੌਸਮੀ ਮੀਂਹ, ਤੂਫਾਨ, ਬਰਫਬਾਰੀ, ਗੜੇਮਾਰੀ ਆਦਿ ਜਾਰੀ ਹਨ।

ਵਿਗੜੇ ਮੌਸਮ ਦੀਆਂ ਸਿਰਫ 6 ਦਿਨਾਂ ਦੀਆਂ ਕੁਝ ਘਟਨਾਵਾਂ ਹੇਠਾਂ ਦਿੱਤੀਆਂ ਜਾ ਰਹੀਆਂ ਹਨ :-

* 21 ਮਈ ਨੂੰ ਕਰਨਾਟਕ ’ਚ ਬੈਂਗਲੁਰੂ ਅਤੇ ਹੋਰਨਾਂ ਥਾਵਾਂ ’ਤੇ ਭਾਰੀ ਮੀਂਹ ਅਤੇ ਗੜੇਮਾਰੀ ਨਾਲ ਜਨਜੀਵਨ ਤਹਿਸ-ਨਹਿਸ ਹੋ ਗਿਆ। ਸੂਬੇ ’ਚ 52 ਤੋਂ ਵੱਧ ਲੋਕਾਂ ਦੀ ਮੌਤ ਹੋ ਚੁੱਕੀ ਹੈ।

* 23 ਅਤੇ 24 ਮਈ ਨੂੰ ਉੱਤਰਾਖੰਡ ’ਚ ਵੱਖ-ਵੱਖ ਥਾਵਾਂ ’ਤੇ ਗਰਜ ਦੇ ਨਾਲ ਹਨੇਰੀ ਅਤੇ ਮੀਂਹ ਦੇ ਨਤੀਜੇ ਵਜੋਂ 4 ਲੋਕਾਂ ਦੀ ਜਾਨ ਚਲੀ ਗਈ।

* 24 ਮਈ ਨੂੰ ਹਰਿਆਣਾ ਦੇ ਕਈ ਜ਼ਿਲਿਆਂ ’ਚ ਭਾਰੀ ਮੀਂਹ ਪਿਆ। ਕੈਥਲ ’ਚ ਹਨੇਰੀ ਕਾਰਨ ਇਕ ਦੁਕਾਨ ਦੀ ਛੱਤ ਡਿੱਗ ਜਾਣ ਨਾਲ ਉਸ ਦੇ ਹੇਠਾਂ ਬੈਠੇ ਨੌਜਵਾਨਾਂ ’ਚੋਂ ਇਕ ਦੀ ਮੌਤ ਹੋ ਗਈ।

* 24 ਮਈ ਨੂੰ ਹੀ ਹਿਮਾਚਲ ਦੇ ਨਾਹਨ ’ਚ ਇਕ ਵੱਡਾ ਦਰੱਖਤ ਕਾਰਾਂ ’ਤੇ ਡਿੱਗਣ ਨਾਲ 7 ਕਾਰਾਂ ਨੁਕਸਾਨੀਆਂ ਗਈਆਂ ਅਤੇ ਤੂਫਾਨ ਕਾਰਨ ਕਣਕ, ਟਮਾਟਰ ਆਦਿ ਦੀਆਂ ਫਸਲਾਂ ਵੀ ਬਰਬਾਦ ਹੋ ਗਈਆਂ।

* 25 ਮਈ ਨੂੰ ਹਿਮਾਚਲ ’ਚ ਊਨਾ ਜ਼ਿਲੇ ਦੇ ਹਰੋਲੀ ’ਚ ਤੂਫਾਨ ਕਾਰਨ ਇਕ ਬਾਈਕ ’ਤੇ ਦਰੱਖਤ ਡਿੱਗਣ ਨਾਲ ਇਕ ਨੌਜਵਾਨ ਦੀ ਮੌਤ ਅਤੇ ਦੋ ਹੋਰ ਜ਼ਖਮੀ ਹੋ ਗਏ ਅਤੇ ਜੰਮੂ-ਕਸ਼ਮੀਰ ’ਚ ਕਿਸ਼ਤਵਾੜ ਜ਼ਿਲੇ ਦੇ ‘ਕੇਸ਼ਵਾਨ’ ’ਚ ਤੂਫਾਨੀ ਮੀਂਹ ਕਾਰਨ ਬੱਕਰਵਾਲਿਆਂ ਦੇ ਤੰਬੂ ’ਤੇ ਇਕ ਦਰੱਖਤ ਡਿੱਗਣ ਨਾਲ ਉਸ ’ਚ ਸੌਂ ਰਹੀਆਂ 3 ਔਰਤਾਂ ਸਮੇਤ 4 ਲੋਕਾਂ ਦੀ ਮੌਤ ਹੋ ਗਈ।

* 25 ਮਈ ਨੂੰ ਹੀ ਰਾਂਚੀ ਸਮੇਤ ਝਾਰਖੰਡ ਦੇ ਕਈ ਜ਼ਿਲਿਆਂ ’ਚ ਜ਼ੋਰਦਾਰ ਹਨੇਰੀ, ਮੀਂਹ ਅਤੇ ਬਿਜਲੀ ਡਿੱਗਣ ਦੀਆਂ ਘਟਨਾਵਾਂ ’ਚ 7 ਲੋਕਾਂ ਦੀ ਜਾਨ ਚਲੀ ਗਈ।

* 25 ਮਈ ਨੂੰ ਹੀ ਰਾਜਸਥਾਨ ਦੇ ਟੋਂਕ ’ਚ ਮੀਂਹ ਕਾਰਨ ਇਕ ਮਕਾਨ ਡਿੱਗਣ ਨਾਲ 3 ਲੋਕਾਂ ਦੀ ਮੌਤ ਹੋ ਗਈ। ਸੂਬੇ ’ਚ ਹੋਰਨਾਂ ਥਾਵਾਂ ’ਤੇ ਵੀ ਭਾਰੀ ਮੀਂਹ ਪਿਆ।

* 25 ਮਈ ਨੂੰ ਹੀ ਉੱਤਰਾਖੰਡ ਦੇ ਚਮੋਲੀ ਜ਼ਿਲੇ ਦੀਆਂ ਉਚਾਈ ਵਾਲੀਆਂ ਥਾਵਾਂ ’ਤੇ ਬਰਫਬਾਰੀ ਕਾਰਨ ਹੇਮਕੁੰਟ ਸਾਹਿਬ ਯਾਤਰਾ ਘਾਂਘਰੀਆ ’ਚ ਰੋਕ ਦਿੱਤੀ ਗਈ।

* 26 ਮਈ ਨੂੰ ਸ਼ਾਮ ਦੇ ਸਮੇਂ ਹਿਮਾਚਲ ਪ੍ਰਦੇਸ਼ ’ਚ ਲਾਹੌਲ-ਸਪਿਤੀ ਦੀਆਂ ਪਹਾੜੀਆਂ ’ਤੇ ਬਰਫਬਾਰੀ ਹੋਣ ਨਾਲ ਠੰਡ ਵਧ ਗਈ।

ਇਹ ਤਾਂ ਸਿਰਫ 6 ਦਿਨਾਂ ਦੀਆਂ ਕੁਝ ਖਬਰਾਂ ਹਨ ਜਦਕਿ ਅਸਲ ’ਚ ਦੇਸ਼ ’ਚ ਲਗਾਤਾਰ ਆ ਰਹੇ ਭੂਚਾਲ, ਹੜ੍ਹਾਂ, ਹਨੇਰੀ-ਤੂਫਾਨ ਆਦਿ ਕੁਦਰਤੀ ਆਫਤਾਂ ਨਾਲ ਹੋਣ ਵਾਲੀ ਹਾਨੀ ਤਾਂ ਕਿਤੇ ਵੱਧ ਹੈ। ਇਸ ਨੂੰ ਦੇਖਦੇ ਹੋਏ ਮਨ ’ਚ ਸਵਾਲ ਉਠਣਾ ਕੁਦਰਤੀ ਹੀ ਹੈ ਕਿ ਕਿਤੇ ਇਹ ‘ਸਾੜ੍ਹਸਤੀ’ ਆਉਣ ਦਾ ਸੰਕੇਤ ਤਾਂ ਨਹੀਂ!

-ਵਿਜੇ ਕੁਮਾਰ


Anmol Tagra

Content Editor

Related News