ਟਰੰਪ ਦੀ ਯਾਤਰਾ ਮਹੱਤਵਪੂਰਨ : ਗੁਣਗਾਨ ਬਹੁਤ ਪਰ ਸਵਾਲ ਇਹ ਕਿ ਸਾਨੂੰ ਮਿਲਿਆ ਕੀ

02/27/2020 1:36:53 AM

ਸ਼ੁਰੂ ਤੋਂ ਹੀ ਦੁਨੀਆ ਦਾ ਸਭ ਤੋਂ ਸ਼ਕਤੀਸ਼ਾਲੀ ਦੇਸ਼ ਮੰਨੇ ਜਾਣ ਕਾਰਣ ਅਮਰੀਕੀ ਰਾਸ਼ਟਰਪਤੀਆਂ ਦੀਆਂ ਵਿਦੇਸ਼ ਯਾਤਰਾਵਾਂ ਨੂੰ ਸਾਰੀ ਦੁਨੀਆ ਉਤਸੁਕਤਾ ਨਾਲ ਦੇਖਦੀ ਹੈ। ਇਸ ਲਈ ਕੁਦਰਤੀ ਤੌਰ ’ਤੇ ਡੋਨਾਲਡ ਟਰੰਪ ਦੀ 24 ਅਤੇ 25 ਫਰਵਰੀ ਦੀ ਪਰਿਵਾਰ ਸਮੇਤ ਭਾਰਤ ਯਾਤਰਾ ’ਤੇ ਸਾਰੀ ਦੁਨੀਆ ਦੀਆਂ ਨਜ਼ਰਾਂ ਸਨ ਕਿ ਉਹ ਭਾਰਤ ਨੂੰ ਕੀ ਦੇ ਕੇ ਅਤੇ ਭਾਰਤ ਤੋਂ ਕੀ ਲੈ ਕੇ ਜਾਂਦੇ ਹਨ। ਡੋਨਾਲਡ ਟਰੰਪ ਤੋਂ ਪਹਿਲਾਂ 6 ਅਮਰੀਕੀ ਰਾਸ਼ਟਰਪਤੀ ਭਾਰਤ ਯਾਤਰਾ ’ਤੇ ਆਏ ਹਨ। ਪੰ. ਜਵਾਹਰ ਲਾਲ ਨਹਿਰੂ ਦੇ ਪ੍ਰਧਾਨ ਮੰਤਰੀ ਕਾਲ ਦੌਰਾਨ ਡਵਾਈਟ ਆਈਜ਼ਨਹਾਵਰ (9-14 ਦਸੰਬਰ, 1959), ਇੰਦਰਾ ਗਾਂਧੀ ਦੇ ਪ੍ਰਧਾਨ ਮੰਤਰੀ ਕਾਲ ’ਚ ਰਿਚਰਡ ਨਿਕਸਨ (31 ਜੁਲਾਈ-1 ਅਗਸਤ 1969), ਮੋਰਾਰਜੀ ਦੇਸਾਈ ਦੇ ਸ਼ਾਸਨਕਾਲ ’ਚ ਜਿਮੀ ਕਾਰਟਰ (1-3 ਜਨਵਰੀ 1978), ਅਟਲ ਬਿਹਾਰੀ ਵਾਜਪਾਈ ਦੇ ਦੌਰ ’ਚ ਬਿਲ ਕਲਿੰਟਨ (21-25 ਮਾਰਚ 2000) ਭਾਰਤ ਯਾਤਰਾ ’ਤੇ ਆਏ। ਇਸ ਤੋਂ ਇਲਾਵਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਦੇ ਦੌਰ ’ਚ 2 ਅਮਰੀਕੀ ਰਾਸ਼ਟਰਪਤੀ ਜਾਰਜ ਡਬਲਿਊ. ਬੁਸ਼ (1-3 ਮਾਰਚ 2006) ਅਤੇ ਬਰਾਕ ਓਬਾਮਾ (6-9 ਨਵੰਬਰ 2010) ਭਾਰਤ ਯਾਤਰਾ ’ਤੇ ਆਏ, ਜਦਕਿ ਬਰਾਕ ਓਬਾਮਾ ਇਕ ਵਾਰ ਫਿਰ ਜਨਵਰੀ 2015 ਵਿਚ ਨਰਿੰਦਰ ਮੋਦੀ ਦੇ ਸੱਦੇ ’ਤੇ ਭਾਰਤ ਦੇ ਗਣਤੰਤਰ ਦਿਹਾੜੇ ਦੇ ਸਮਾਰੋਹ ’ਚ ਮੁੱਖ ਮਹਿਮਾਨ ਦੇ ਤੌਰ ’ਤੇ ਹਿੱਸਾ ਲੈਣ ਲਈ ਭਾਰਤ ਆਏ। ਡੋਨਾਲਡ ਟਰੰਪ ਦੀ ਭਾਰਤ ਯਾਤਰਾ ’ਤੇ 100 ਕਰੋੜ ਰੁਪਏ ਤੋਂ ਵੱਧ ਦਾ ਖਰਚਾ ਕੀਤਾ ਗਿਆ। ਇਸ ਤੋਂ ਪਹਿਲਾਂ ਭਾਰਤ ’ਚ ਕਿਸੇ ਵੀ ਅਮਰੀਕੀ ਰਾਸ਼ਟਰਪਤੀ ਦਾ ਸਵਾਗਤ-ਸਤਿਕਾਰ ਅਤੇ ਮਹਿਮਾਨਨਿਵਾਜ਼ੀ ਇੰਨੇ ਵੱਡੇ ਪੱਧਰ ’ਤੇ ਨਹੀਂ ਕੀਤੀ ਗਈ ਸੀ। ਆਬਜ਼ਰਵਰਾਂ ਦੇ ਅਨੁਸਾਰ ਅਮਰੀਕੀ ਰਾਸ਼ਟਰਪਤੀ ਦਾ ਚੋਣ ਸਾਲ ਹੋਣ ਦੇ ਨਾਤੇ ਟਰੰਪ ਅਮਰੀਕਾ ’ਚ ਰਹਿਣ ਵਾਲੇ 40 ਲੱਖ ਭਾਰਤੀਅਾਂ, ਜਿਨ੍ਹਾਂ ’ਚ ਵੱਡੀ ਗਿਣਤੀ ਗੁਜਰਾਤੀਆਂ ਦੀ ਹੈ, ਨੂੰ ਪ੍ਰਭਾਵਿਤ ਕਰਨ ਦਾ ਏਜੰਡਾ ਲੈ ਕੇ ਭਾਰਤ ਆਏ ਸਨ ਅਤੇ ਭਾਰਤ ਸਰਕਾਰ ਵਲੋਂ ਗੁਜਰਾਤ ਦੇ ਅਹਿਮਦਾਬਾਦ ਤੋਂ ਉਨ੍ਹਾਂ ਦੀ ਭਾਰਤ ਯਾਤਰਾ ਦੀ ਸ਼ੁਰੂਆਤ ਕਰਨ ਨਾਲ ਇਸ ’ਚ ਉਨ੍ਹਾਂ ਨੂੰ ਕਾਫੀ ਮਦਦ ਮਿਲੀ। ਸਿਆਸਤਦਾਨ ਹੋਣ ਤੋਂ ਇਲਾਵਾ ਇਕ ਸਫਲ ਵਪਾਰੀ ਹੋਣ ਦੇ ਨਾਤੇ ਉਹ ਭਾਰਤ ਨੂੰ 22 ਹਜ਼ਾਰ ਕਰੋੜ ਰੁਪਏ ਦੇ ਹਥਿਆਰ ਵੇਚਣ ’ਚ ਵੀ ਸਫਲ ਰਹੇ ਅਤੇ ਛੋਟੇ-ਮੋਟੇ ਹੋਰ ਸਮਝੌਤਿਆਂ ਤੋਂ ਇਲਾਵਾ ਕੁਝ ਵੱਡੇ ਸਮਝੌਤਿਆਂ ਦਾ ਐਲਾਨ, ਉਨ੍ਹਾਂ ਨੇ ਇਸੇ ਸਾਲ ਕਿਸੇ ਸਮੇਂ ਹੋਣ ਵਾਲੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਸੰਭਾਵਿਤ ਅਮਰੀਕਾ ਯਾਤਰਾ ’ਤੇ ਕਰਨ ਲਈ ਰੋਕ ਲਏ ਹਨ। ਅਮਰੀਕਾ ਦੇ ਭਾਰਤੀ ਵੋਟਰਾਂ ਨੂੰ ਲੁਭਾਉਣ ਲਈ ਹੀ ਟਰੰਪ ਭਾਰਤ ਦੇ ਨਾਲ ਆਪਣਾਪਣ ਵਧਾ ਰਹੇ ਹਨ ਕਿਉਂਕਿ ਪਿਛਲੀਆਂ ਚੋਣਾਂ ’ਚ 3-4 ਸੂਬਿਆਂ ’ਚ ਉਹ ਬਹੁਤ ਹੀ ਘੱਟ ਫਰਕ ਨਾਲ ਜਿੱਤੇ ਸਨ, ਇਸ ਲਈ ਉਨ੍ਹਾਂ ਲਈ ਭਾਰਤੀਆਂ ਦੇ ਵੋਟ ਬਹੁਤ ਮਹੱਤਵਪੂਰਨ ਹਨ। ਭਾਰਤ ਦੁਨੀਆ ਦੇ ਇਸ ਖੇਤਰ ’ਚ ਸ਼ਾਂਤੀ ਅਤੇ ਸਥਿਰਤਾ ਬਣਾਈ ਰੱਖਣ ’ਚ ਅਮਰੀਕਾ ਦਾ ਸਹਿਯੋਗ ਚਾਹੁੰਦਾ ਹੈ। ਟਰੰਪ ਨੇ ਬੇਸ਼ੱਕ ਅੱਤਵਾਦ ’ਤੇ ਪਾਕਿਸਤਾਨ ਨੂੰ ਨਸੀਹਤ ਤਾਂ ਜ਼ਰੂਰ ਦਿੱਤੀ ਪਰ ਇਸ ਦੇ ਨਾਲ ਹੀ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਦੇ ਨਾਲ ਆਪਣੇ ਚੰਗੇ ਸਬੰਧ ਹੋਣ ਦੀ ਗੱਲ ਕਹਿਣ ਤੋਂ ਇਲਾਵਾ ਕਸ਼ਮੀਰ ਸਮੱਸਿਆ ’ਤੇ ਵਿਚੋਲਗੀ ਦੀ ਗੱਲ ਕਹਿ ਕੇ ਭਾਰਤ ਨੂੰ ਅਸਹਿਜ ਕਰ ਦਿੱਤਾ। ਡੋਨਾਲਡ ਟਰੰਪ ਪਹਿਲਾਂ ਵੀ ਕਈ ਵਾਰ ਇਹ ਗੱਲ ਕਹਿ ਚੁੱਕੇ ਹਨ, ਜਦਕਿ ਭਾਰਤ ਇਸ ਦਾ ਵਿਰੋੋਧ ਕਰ ਚੁੱਕਾ ਹੈ ਅਤੇ ਸ਼ੁਰੂ ਤੋਂ ਹੀ ਕਸ਼ਮੀਰ ਸਮੱਸਿਆ ਦੇ ਕੌਮਾਂਤਰੀਕਰਨ ਅਤੇ ਇਸ ਵਿਚ ਬਾਹਰੀ ਦਖਲ ਦਾ ਵਿਰੋਧੀ ਰਿਹਾ ਹੈ। ਵਪਾਰ ਸਬੰਧਾਂ ’ਚ ਵੀ ਕੋਈ ਵਿਸ਼ੇਸ਼ ਲਾਭ ਮਿਲਣ ਦੀ ਉਮੀਦ ਨਹੀਂ ਹੈ ਕਿਉਂਕਿ ਭਾਰਤੀ ਵਪਾਰੀ ਅਮਰੀਕਾ ਦੇ ਨਾਲ ਇਕ ਮੁਕਤ ਵਪਾਰ ਸਮਝੌਤੇ ’ਤੇ ਗੱਲਬਾਤ ਦੀ ਜੋ ਉਮੀਦ ਲਾਈ ਬੈਠੇ ਸਨ, ਉਹ ਪੂਰੀ ਨਹੀਂ ਹੋਈ। ਹਾਲੀਆ ਵਰ੍ਹਿਆਂ ’ਚ ਅਮਰੀਕਾ ਵਲੋਂ ਲਾਗੂ ਐੱਚ 1 ਬੀ ਵੀਜ਼ਾ ਲਈ ਅਪਲਾਈ ਕਰਨ ਵਾਲੇ ਭਾਰਤੀ ਆਈ. ਟੀ. ਪੇਸ਼ੇਵਰਾਂ ਦੀਆਂ ਅਰਜ਼ੀਆਂ ਰੱਦ ਹੋਣ ਦੀ ਗਿਣਤੀ ’ਚ ਭਾਰੀ ਵਾਧਾ ਹੋਇਆ ਹੈ, ਜਿਸ ਕਾਰਣ ਭਾਰਤ ਦੀਆਂ ਕਈ ਆਈ. ਟੀ. ਕੰਪਨੀਆਂ ਨੂੰ ਕਾਫੀ ਨੁਕਸਾਨ ਹੋ ਚੁੱਕਾ ਹੈ ਪਰ ਭਾਰਤੀ ਪੇਸ਼ੇਵਰਾਂ ਨੂੰ ਅਮਰੀਕਾ ’ਚ ਰਹਿ ਕੇ ਨੌਕਰੀ ਕਰਨ ਲਈ ਲਾਗੂ ਐੱਚ 1 ਬੀ ਵੀਜ਼ਾ ਦੇ ਸਖਤ ਨਿਯਮ ਨਰਮ ਕਰਨ ਬਾਰੇ ਭਾਰਤ ਦੀ ਮੰਗ ’ਤੇ ਵੀ ਟਰੰਪ ਨੇ ਕੋਈ ਠੋਸ ਭਰੋਸਾ ਨਹੀਂ ਦਿੱਤਾ। ਬੇਸ਼ੱਕ ਟਰੰਪ ਵਲੋਂ ‘ਸਿੰਗਲ ਸਟੇਟ ਵਿਜ਼ਿਟ’ ਦੇ ਤਹਿਤ ਸਿਰਫ ਭਾਰਤ ਆਉਣਾ ਬਹੁਤ ਮਾਇਨੇ ਰੱਖਦਾ ਹੈ ਅਤੇ ਇਸ ਦੌਰੇ ਦੌਰਾਨ ਨਰਿੰਦਰ ਮੋਦੀ ਅਤੇ ਟਰੰਪ ਦੋਵਾਂ ਨੇ ਹੀ ਇਕ-ਦੂਜੇ ਦਾ ਗੁਣਗਾਨ ਤਾਂ ਬਹੁਤ ਕੀਤਾ ਪਰ ਭਾਰਤ ਨੂੰ ਕੁਝ ਮਿਲਿਆ ਨਹੀਂ। ਕੁਲ ਮਿਲਾ ਕੇ ਡੋਨਾਲਡ ਟਰੰਪ ਦਾ ਇਹ ਦੌਰਾ ਇਨ੍ਹਾਂ ਮਾਇਨਿਆਂ ਵਿਚ ‘ਸੰਤੋਖਜਨਕ’ ਕਿਹਾ ਜਾ ਸਕਦਾ ਹੈ ਕਿ ਕਿਸੇ ਵੀ ਵਾਇਰਸ ਤੋਂ ਡਰਨ ਅਤੇ ਕੋਰੋਨਾ ਵਾਇਰਸ ਦੇ ਦੁਨੀਆ ਦੇ ਅਨੇਕਾਂ ਦੇਸ਼ਾਂ ’ਚ ਫੈਲਣ ਦੇ ਬਾਵਜੂਦ ਉਹ ਅਮਰੀਕਾ ’ਚੋਂ ਬਾਹਰ ਨਿਕਲ ਕੇ ਪਰਿਵਾਰ ਸਮੇਤ ਭਾਰਤ ਯਾਤਰਾ ’ਤੇ ਆਏ ਪਰ ਭਾਰਤੀਆਂ ਦੀਆਂ ਉਮੀਦਾਂ ’ਤੇ ਪੂਰੀ ਤਰ੍ਹਾਂ ਖਰੇ ਨਹੀਂ ਉੱਤਰੇ।

-ਵਿਜੇ ਕੁਮਾਰ\\\


Bharat Thapa

Content Editor

Related News