ਨਕਲ ਜ਼ੋਰਾਂ ’ਤੇ: ਦੂਜਿਆਂ ਦੀ ਥਾਂ ਪ੍ਰੀਖਿਆ ਦੇਣ ਦਾ ਰੁਝਾਨ ਵਧਿਆ

03/28/2023 2:00:11 AM

ਪ੍ਰੀਖਿਆਵਾਂ ’ਚ ਅਸਲ ਉਮੀਦਵਾਰਾਂ ਦੀ ਥਾਂ ’ਤੇ ਇਕ ਤੈਅ ਰਕਮ ਦੇ ਬਦਲੇ ਦੂਜੇ ਲੋਕਾਂ ਨੂੰ ਬਿਠਾ ਕੇ ਧੋਖੇ ਨਾਲ ਪ੍ਰੀਖਿਆ ਪਾਸ ਕਰਨ ਦੀ ਬੁਰਾਈ ਲਗਾਤਾਰ ਵਧ ਰਹੀ ਹੈ ਅਤੇ ਰੋਜ਼ਾਨਾ ਹੀ ਅਜਿਹੇ ਮਾਮਲੇ ਫੜੇ ਜਾ ਰਹੇ ਹਨ।

ਇਸ ਦੀਆਂ ਚੰਦ ਤਾਜ਼ਾ ਉਦਾਹਰਣਾਂ ਹੇਠਾਂ ਦਿੱਤੀਆਂ ਜਾ ਰਹੀਆਂ ਹਨ :

* 9 ਫਰਵਰੀ ਨੂੰ ਗੌਰਖਪੁਰ (ਉੱਤਰ ਪ੍ਰਦੇਸ਼) ਵਿਖੇ ‘ਅਧਿਆਪਕ ਯੋਗਤਾ ਪ੍ਰੀਖਿਆ’ ਵਿਚ 80,000 ਰੁਪਏ ਲੈ ਕੇ ਦੂਜਿਆਂ ਦੀ ਥਾਂ ਪ੍ਰੀਖਿਆ ਦੇ ਰਹੇ ਦੋ ਸਾਲਵਰ ਫੜੇ ਗਏ।

* 22 ਫਰਵਰੀ ਨੂੰ ਦੇਵਰੀਆ (ਉੱਤਰ ਪ੍ਰਦੇਸ਼) ਦੇ ‘ਭਟਨੀ’ ਵਿਚ ਹਾਈ ਸਕੂਲ ਦੀ ਗਣਿਤ ਦੀ ਪ੍ਰੀਖਿਆ ’ਚ ਆਪਣੇ ਫੁਫੇਰੇ ਭਰਾ ਦੀ ਥਾਂ ’ਤੇ ਪ੍ਰੀਖਿਆ ਦਿੰਦੇ ਇਕ ਨੌਜਵਾਨ ਨੂੰ ਗ੍ਰਿਫਤਾਰ ਕੀਤਾ ਗਿਆ।

* 28 ਫਰਵਰੀ ਨੂੰ ਅਲਵਰ (ਰਾਜਸਥਾਨ) ਪੁਲਸ ਨੇ ‘ਅਧਿਆਪਕ ਭਰਤੀ ਪ੍ਰੀਖਿਆ’ ਵਿਚ ਦੂਜੇ ਉਮੀਦਵਾਰ ਦੀ ਥਾਂ ਪ੍ਰੀਖਿਆ ਦੇ ਰਹੇ ਇਕ ਨੌਜਵਾਨ ਨੂੰ ਗ੍ਰਿਫਤਾਰ ਕੀਤਾ।

* 1 ਮਾਰਚ ਨੂੰ ਗਵਾਲੀਅਰ (ਮੱਧ ਪ੍ਰਦੇਸ਼) ਵਿਖੇ ਬੀ.ਐੱਡ ਦੀ ਪ੍ਰੀਖਿਆ ਦੌਰਾਨ ਇਕ ਵਿਦਿਆਰਥਣ ਦੀ ਥਾਂ ’ਤੇ ਪ੍ਰੀਖਿਆ ਦੇ ਰਹੀ ਨਕਲੀ ਪ੍ਰੀਖਿਆਰਥੀ ਨੂੰ ਫੜਿਆ ਗਿਆ।

* 23 ਮਾਰਚ ਨੂੰ ਪਾਨੀਪਤ (ਹਰਿਆਣਾ) ਜ਼ਿਲੇ ਦੇ ਇਸਰਾਨਾ ਉਪ-ਮੰਡਲ ਦੇ ਇਕ ਪ੍ਰਾਈਵੇਟ ਸਕੂਲ ’ਚ ਹਰਿਆਣਾ ਬੋਰਡ ਦੀ 12ਵੀਂ ਦੀ ਭੂਗੋਲ ਦੀ ਪ੍ਰੀਖਿਆ ਦੌਰਾਨ ਇਕ ਵਿਦਿਆਰਥੀ ਨੂੰ ਕਿਸੇ ਹੋਰ ਵਿਦਿਆਰਥੀ ਦੀ ਥਾਂ ਪ੍ਰੀਖਿਆ ਦਿੰਦੇ ਹੋਏ ਫੜਿਆ ਗਿਆ।

* 24 ਮਾਰਚ ਨੂੰ ਲਖਨਊ ਦੇ ‘ਨਿਗੋਹਾ’ ਵਿਖੇ ਯੂ. ਪੀ. ਬੋਰਡ ਦੀ ਹਾਈ ਸਕੂਲ ਦੀ ਪ੍ਰੀਖਿਆ ’ਚ ਕਿਸੇ ਦੂਜੇ ਵਿਦਿਆਰਥੀ ਦੀ ਥਾਂ ਵਿਗਿਆਨ ਦਾ ਪੇਪਰ ਹੱਲ ਕਰਦੇ ਹੋਏ ਇਕ ਨਕਲੀ ਪ੍ਰੀਖਿਆਰਥੀ ਨੂੰ ਅਧਿਕਾਰੀਆਂ ਨੇ ਕਾਬੂ ਕੀਤਾ।

* ਅਤੇ ਹੁਣ 25 ਮਾਰਚ ਨੂੰ ਲੁਧਿਆਣਾ ’ਚ ਸਮਿਟਰੀ ਰੋਡ ਵਿਖੇ ਸਥਿਤ ‘ਸਰਕਾਰੀ ਮਾਡਲ ਸੀਨੀਅਰ ਸੈਕੰਡਰੀ ਸਕੂਲ’ ਵਿਚ ਪੰਜਾਬ ਸਕੂਲ ਸਿੱਖਿਆ ਬੋਰਡ ਦੇ 10ਵੀਂ ਜਮਾਤ ਦੇ ਪੰਜਾਬੀ-ਏ ਦੇ ਪੇਪਰ ’ਚ 12ਵੀਂ ਜਮਾਤ ਦੇ ਵਿਦਿਆਰਥੀ ਨੂੰ ਆਪਣੇ ਦੋਸਤ ਦੀ ਥਾਂ ਪ੍ਰਸ਼ਨ-ਪੱਤਰ ਹੱਲ ਕਰਦੇ ਹੋਏ ਫੜਿਆ ਗਿਆ।

ਪ੍ਰੀਖਿਆਵਾਂ ’ਚ ਇਸ ਤਰ੍ਹਾਂ ਦੀ ਬੁਰਾਈ ਕਾਰਨ ਜਿਥੇ ਸਿੱਖਿਆ ਦਾ ਪੱਧਰ ਡਿੱਗ ਰਿਹਾ ਹੈ, ਉਥੇ ਇਸ ਕਾਰਨ ਅਸਲ ਹੋਣਹਾਰ ਵਿਦਿਆਰਥੀਆਂ ਦਾ ਅਧਿਕਾਰ ਵੀ ਖੁੱਸ ਰਿਹਾ ਹੈ।

ਇਸ ਲਈ ਦੂਜਿਆਂ ਦੀ ਥਾਂ ਪ੍ਰੀਖਿਆ ਦੇਣ ਅਤੇ ਦਿਵਾਉਣ ਵਾਲੇ ਦੋਹਾਂ ਨੂੰ ਹੀ ਸਖਤ ਤੋਂ ਸਖਤ ਸਜ਼ਾ ਦਿੱਤੀ ਜਾਏ ਤਾਂ ਜੋ ਇਸ ਬੁਰਾਈ ’ਤੇ ਰੋਕ ਲੱਗ ਸਕੇ।

–ਵਿਜੇ ਕੁਮਾਰ


Anmol Tagra

Content Editor

Related News