ਦੁਨੀਆ ਨੂੰ ਤੀਸਰੀ ਵਿਸ਼ਵ ਜੰਗ ਵੱਲ ਧੱਕ ਰਹੀਆਂ ਤਾਨਾਸ਼ਾਹ ਹਾਕਮਾਂ ਦੀਆਂ ਧੱਕੇਸ਼ਾਹੀਆਂ

12/15/2020 3:33:51 AM

ਜਿਵੇਂ-ਜਿਵੇਂ ਵਿਸ਼ਵ ਦੇ ਵੱਖ-ਵੱਖ ਦੇਸ਼ਾਂ ਦੀਆਂ ਸਰਕਾਰਾਂ ਵਿਚ ਤਾਨਾਸ਼ਾਹੀ ਅਤੇ ਸਵਾਰਥਪੁਣਾ ਵਧ ਰਿਹਾ ਹੈ, ਉਸੇ ਅਨੁਪਾਤ ਵਿਚ ਲੋਕਾਂ ਵਿਚ ਅਸੰਤੋਸ਼ ਅਤੇ ਗੁੱਸਾ ਵਧ ਰਿਹਾ ਹੈ। ਇਸ ਨਾਲ ਵਿਸ਼ਵ ਵਿਚ ਅਸ਼ਾਂਤੀ ਅਤੇ ਹਿੰਸਾ ਵਧ ਰਹੀ ਹੈ ਅਤੇ ਅਜਿਹਾ ਲੱਗ ਰਿਹਾ ਹੈ ਕਿ ਦੁਨੀਆ ਇਕ ਹੋਰ ਵਿਸ਼ਵ ਜੰਗ ਵੱਲ ਵਧ ਰਹੀ ਹੈ।

ਵਿਸ਼ਵ ਦੇ ਸਭ ਤੋਂ ਵੱਡੇ ਲੋਕਤੰਤਰਿਕ ਦੇਸ਼ ਅਮਰੀਕਾ ਵਿਚ ਰਾਸ਼ਟਰਪਤੀ ਟਰੰਪ ਦੀਆਂ ਨੀਤੀਆਂ ਦੇ ਵਿਰੁੱਧ ਭਾਰੀ ਰੋਸ ਪੈਦਾ ਹੋਇਆ ਹੈ। ਸਭ ਤੋਂ ਪਹਿਲਾਂ ਟਰੰਪ ਦੇ ਕੋਰੋਨਾ ਮਹਾਮਾਰੀ ’ਤੇ ਜਿੱਤ ਪ੍ਰਾਪਤ ਕਰਨ ਦੇ ਅਤਿ-ਆਤਮਵਿਸ਼ਵਾਸ ਨੇ ਕੋਰੋਨਾ ਨੂੰ ਵਧਣ ਦਿੱਤਾ ਅਤੇ ਇਸ ਦੇ ਕਾਰਣ ਲੱਖਾਂ ਲੋਕ ਮਾਰੇ ਗਏ। ਇਸਦਾ ਖਮਿਆਜ਼ਾ ਟਰੰਪ ਨੂੰ ਚੋਣਾਂ ਵਿਚ ਬਾਈਡੇਨ ਦੇ ਹੱਥੋਂ ਕਰਾਰੀ ਹਾਰ ਦੇ ਰੂਪ ਵਿਚ ਝੱਲਣਾ ਪਿਆ ਅਤੇ ਚੋਣ ਨਤੀਜਿਆਂ ਨੂੰ ਚੁਣੌਤੀਆਂ ਦੇਣ ਵਾਲੀਆਂ ਟਰੰਪ ਦੀਆਂ ਰਿੱਟਾਂ ਵੀ ਅਦਾਲਤ ਵਿਚ ਖਾਰਿਜ ਹੋ ਚੁੱਕੀਆਂ ਹਨ।

ਇਸ ਹਾਰ ਦੇ ਬਾਅਦ ਟਰੰਪ ਦੂਸਰੀ ਵਾਰ ਦੀਵਾਲੀਆ ਹੋਣ ਦੇ ਕੰਢੇ ’ਤੇ ਪਹੁੰਚ ਗਿਆ ਅਤੇ ਅਮਰੀਕਾ ਤੋਂ ਹਿਜਰਤ ਦੀ ਤਿਆਰੀ ਵਿਚ ਦੱਸਿਆ ਜਾਂਦਾ ਹੈ। ਇਸ ਦਰਮਿਆਨ ਜਿਥੇ ਉਨ੍ਹਾਂ ਦੀ ਪਤਨੀ ਮੇਲਾਨੀਆ ਵੱਲੋਂ ਉਨ੍ਹਾਂ ਤੋਂ ਤਲਾਕ ਲੈਣ ਦੀ ਸੰਭਾਵਨਾ ਪ੍ਰਗਟ ਕੀਤੀ ਜਾ ਰਹੀ ਹੈ, ਉਥੇ ਹੀ ਟਰੰਪ ਨੇ ਅਮਰੀਕਾ ਵਿਚ ਆਪਣੇ ਸਮਰਥਕਾਂ ਕੋਲੋਂ ਦੰਗੇ ਵੀ ਕਰਵਾਏ ਹਨ।

ਅਮਰੀਕਾ ਦੇ ਬਾਅਦ ਵਿਸ਼ਵ ਦਾ ਦੂਸਰਾ ਸਭ ਤੋਂ ਵੱਡਾ ਦੇਸ਼ ਰੂਸ ਵੀ ਰਾਸ਼ਟਰਪਤੀ ਪੁਤਿਨ ਦੀ ਤਾਨਾਸ਼ਾਹੀ ਦੇ ਕਾਰਣ ਅੰਦਰੂਨੀ ਫੁੱਟ ਵੱਲ ਵਧ ਿਰਹਾ ਹੈ। ਹਾਲਾਂਕਿ ਰੂਸ ਨੂੰ ਸਾਬਕਾ ਤਾਨਾਸ਼ਾਹ ਸਟਾਲਿਨ ਤੋਂ ਮੁਕਤੀ ਮਿਲਣ ਦੇ ਬਾਅਦ ਗੋਰਬਾਚੋਵ ਨੇ ਦੇਸ਼ ਵਿਚ ਲੋਕਤੰਤਰ ਦੀ ਬਹਾਲੀ ਦੀ ਦਿਸ਼ਾ ਵਿਚ ਕਦਮ ਚੁੱਕੇ ਪਰ ਮੌਜੂਦਾ ਸਮੇਂ ਪੁਤਿਨ ਨੇ ਰੂਸ ਦੇ ਮੁਸਲਮਾਨਾਂ ਨੂੰ ਅਲੱਗ-ਥਲੱਗ ਕਰਨ ਦੀ ਧਾਰ ਲਈ ਹੈ ਅਤੇ ਇਥੋਂ ਤੱਕ ਕਹਿ ਦਿੱਤਾ ਹੈ ਕਿ ਉਨ੍ਹਾਂ ਨੂੰ ਮੁਸਲਿਮ ਘੱਟ ਗਿਣਤੀਆਂ ਦੀ ਲੋੜ ਹੀ ਨਹੀਂ ਹੈ।

ਪੁਤਿਨ ਦੀਆਂ ਤਾਨਾਸ਼ਾਹੀ ਨੀਤੀਆਂ ਦੇ ਵਿਰੁੱਧ ਪਿਛਲੇ ਦਿਨੀਂ ਦੂਰ-ਦੁਰੇਡੇ ‘ਖਬਰੋਵਸਕ’ ਸ਼ਹਿਰ ਦੇ ਗਵਰਨਰ ‘ਸਰਗੇਈ ਫੋਰਗਾਲ’ ਦੀ ਗ੍ਰਿਫਤਾਰੀ ਦੇ ਿਵਰੁੱਧ ਹਜ਼ਾਰਾਂ ਸਥਾਨਕ ਲੋਕ ਪੁਤਿਨ ਦੇ ਅਸਤੀਫੇ ਦੀ ਮੰਗ ’ਤੇ ਜ਼ੋਰ ਦੇਣ ਲਈ ਸੜਕਾਂ ’ਤੇ ਉਤਰ ਆਏ।

ਰੂਸ ਦੇ ਗੁਆਂਢੀ ਚੀਨ ਵਿਚ ਵੀ ਰਾਸ਼ਟਰਪਤੀ ਸ਼ੀ ਜਿਨਪਿੰਗ ਵੱਲੋਂ ਸ਼ਿਨਜਿਯਾਂਗ ਸੂਬੇ ਅਤੇ ਹੋਰਨਾਂ ਥਾਵਾਂ ’ਤੇ ਰਹਿਣ ਵਾਲੇ ਉਈਗਰ ਮੁਸਲਮਾਨਾਂ ’ਤੇ ਅੱਤਿਆਚਾਰ ਜਾਰੀ ਹਨ ਅਤੇ ਉਨ੍ਹਾਂ ਦੀ ਆਬਾਦੀ ਘਟਾਉਣ ਲਈ ਜਬਰੀ ਨਸਬੰਦੀ ਕੀਤੀ ਜਾ ਰਹੀ ਹੈ।

ਇਹੀ ਨਹੀਂ, ਹਾਂਗਕਾਂਗ, ਸ਼ਿਨਜਿਯਾਂਗ, ਵੀਅਤਨਾਮ, ਤਿੱਬਤ, ਮੰਗੋਲੀਆ ਅਤੇ ਤਾਈਵਾਨ ਦੇ ਲੋਕਾਂ ’ਤੇ ਚੀਨ ਵੱਲੋਂ ਕੀਤੇ ਜਾ ਰਹੇ ਅੱਤਿਆਚਾਰਾਂ ਦੇ ਵਿਰੁੱਧ ਹਾਲ ਹੀ ਵਿਚ ਲੰਡਨ ਅਤੇ ਟੋਕੀਓ ਵਿਚ ਚੀਨੀ ਦੂਤਘਰਾਂ ਦੇ ਬਾਹਰ ਰੋਸ ਵਿਖਾਵੇ ਕੀਤੇ ਗਏ। ਚੀਨ ਨੇ ਤਿੱਬਤ ’ਤੇ ਵੀ ਕਬਜ਼ਾ ਕੀਤਾ ਹੋਇਆ ਹੈ, ਜਿਸ ਕਾਰਣ ਉਥੇ ਵੀ ਚੀਨ ਦੇ ਵਿਰੁੱਧ ਅਸੰਤੋਸ਼ ਵਧ ਰਿਹਾ ਹੈ।

ਵਰਣਨਯੋਗ ਹੈ ਕਿ ਚੀਨ ਭਾਰਤ ਦੇ ਵਿਰੁੱਧ ਲੁਕਵੀਂ ਜੰਗ ਦੇ ਤਹਿਤ ਪਾਕਿਸਤਾਨ, ਨੇਪਾਲ, ਬੰਗਲਾਦੇਸ਼ ਅਤੇ ਸ਼੍ਰੀਲੰਕਾ ਨੂੰ ਭਾਰੀ ਆਰਥਿਕ ਸਹਾਇਤਾ ਦੇ ਕੇ ਭਾਰਤ ਦੇ ਵਿਰੁੱਧ ਲਾਮਬੰਦ ਕਰਨ ਦੀ ਕੋਸ਼ਿਸ਼ ਵਿਚ ਜੁਟ ਗਿਆ ਹੈ।

ਉੱਤਰੀ ਕੋਰੀਆ ਿਵਚ ਵੀ ਤਾਨਾਸ਼ਾਹ ‘ਕਿਮ-ਜੋਂਗ-ਉਨ’ ਦੀਆਂ ਘਾਣ ਕਰਨ ਵਾਲੀਆਂ ਨੀਤੀਆਂ ਦੇ ਵਿਰੁੱਧ ਲੋਕਾਂ ਦਾ ਗੁੱਸਾ ਭੜਕਿਆ ਹੋਇਆ ਹੈ, ਜਿਨ੍ਹਾਂ ਨੇ ਸਾਰੇ ਲੋਕਤੰਤਰਿਕ ਅਧਿਕਾਰਾਂ ਨੂੰ ਮੁਅੱਤਲ ਕਰਦੇ ਹੋਏ ਆਪਣੀ ਭੈਣ ਨੂੰ ਦੇਸ਼ ਦੀ ਅਗਲੀ ਕਰਤਾ-ਧਰਤਾ ਬਣਾਉਣ ਦਾ ਫੈਸਲਾ ਕੀਤਾ ਹੋਇਆ ਹੈ, ਜੋ ਦੇਸ਼ ਦੇ ਮਾਮਲਿਆਂ ਵਿਚ ਮਹੱਤਵਪੂਰਨ ਫੈਸਲੇ ਲੈ ਰਹੀ ਹੈ, ਹਾਲਾਂਕਿ ਉੱਤਰੀ ਅਤੇ ਦੱਖਣੀ ਕੋਰੀਆ ਦੇ ਲੋਕਾਂ ਦੀ ਨਸਲ ਇਕ ਹੀ ਹੈ।

ਏਸ਼ੀਆ ਵਿਚ ਚੀਨ ਦਾ ਸਭ ਤੋਂ ਕਰੀਬੀ ਦੋਸਤ ਪਾਕਿਸਤਾਨ ਵੀ ਇਨ੍ਹੀਂ ਦਿਨੀਂ ਭਾਰੀ ਅਸੰਤੋਸ਼ ਦਾ ਸ਼ਿਕਾਰ ਹੈ ਅਤੇ ਉਥੇ ਆਈ. ਐੱਸ. ਆਈ. ਅਤੇ ਫੌਜ ਦੀਆਂ ਧੱਕੇਸ਼ਾਹੀਆਂ ਦੇ ਕਾਰਣ ਇਮਰਾਨ ਖਾਨ ਦੀ ਸਰਕਾਰ ਸੰਕਟ ਵਿਚ ਆ ਗਈ ਹੈ।

ਮਜਬੂਰੀ ਵਿਚ ਇਮਰਾਨ ਨੂੰ ਆਪਣੇ ਵਿਰੋਧੀ ਸ਼ੇਖ ਰਸ਼ੀਦ ਅਹਿਮਦ ਨੂੰ ਪਾਕਿਸਤਾਨ ਦਾ ਗ੍ਰਹਿ ਮੰਤਰੀ ਬਣਾਉਣਾ ਪਿਆ ਹੈ, ਜਿਸ ਦਾ ਕਹਿਣਾ ਹੈ ਕਿ ਪਾਕਿਸਤਾਨ ਦੇ ਕੋਲ 100 ਅਤੇ 250 ਗ੍ਰਾਮ ਤੱਕ ਦੇ ਐਟਮ ਬੰਬ ਹਨ, ਜੋ ਭਾਰਤ ਵਿਚ ਕਿਸੇ ਵੀ ਖਾਸ ਟੀਚੇ ਨੂੰ ਤਬਾਹ ਕਰ ਸਕਦੇ ਹਨ।

ਉਥੇ 11 ਵਿਰੋਧੀ ਪਾਰਟੀਆਂ ਦੇ ਗੱਠਜੋੜ ‘ਪਾਕਿਸਤਾਨ ਡੈਮੋਕ੍ਰੇਟਿਕ ਮੂਵਮੈਂਟ’ (ਪੀ. ਡੀ. ਐੱਮ.) ਨੇ ਸਰਕਾਰ ਦੇ ਵਿਰੁੱਧ ਅੰਦੋਲਨ ਸ਼ੁਰੂ ਕੀਤਾ ਹੋਇਆ ਹੈ। ਇਸੇ ਸਿਲਸਿਲੇ ਵਿਚ ਗੱਠਜੋੜ ਵੱਲੋਂ 13 ਦਸੰਬਰ ਨੂੰ ਪਾਕਿਸਤਾਨ ਵਿਚ ਭਾਰੀ ਰੋਸ ਵਿਖਾਵੇ ਕੀਤੇ ਗਏ ਅਤੇ ਹੁਣ ਵਿਰੋਧੀ ਪਾਰਟੀਆਂ ਨੇ ਇਮਰਾਨ ਸਰਕਾਰ ਦੇ ਵਿਰੁੱਧ ਲੰਮੇ ਕੂਚ ਦਾ ਐਲਾਨ ਕਰ ਿਦੱਤਾ ਹੈ।

13 ਦਸੰਬਰ ਤੋਂ ਹੀ ਪਾਕਿਸਤਾਨ ਦੇ ਨਾਜਾਇਜ਼ ਕਬਜ਼ੇ ਵਾਲੇ ਗਿਲਗਿਤ-ਬਾਲਿਤਸਤਾਨ ’ਚ ਇਮਰਾਨ ਸਰਕਾਰ ਦੀਆਂ ਘਾਣ ਕਰਨ ਵਾਲੀਆਂ ਨੀਤੀਆਂ ਦੇ ਵਿਰੁੱਧ ਭਾਰੀ ਰੋਸ ਿਵਖਾਵੇ ਜਾਰੀ ਹਨ।

ਭਾਰਤ ਦੇ ਨਾਲ ਰੋਟੀ ਅਤੇ ਬੇਟੀ ਦੇ ਪੁਰਾਤਨ ਕਾਲ ਦੇ ਸਬੰਧਾਂ ਵਾਲੇ ਨੇਪਾਲ ਵਿਚ ਵੀ ਸੱਤਾਧਾਰੀ ਚੀਨੀ ਕਮਿਊਨਿਸਟ ਪਾਰਟੀਆਂ ਦੀਆਂ ਨੀਤੀਆਂ ਅਤੇ ਪ੍ਰਧਾਨ ਮੰਤਰੀ ਕੇ. ਪੀ. ਸ਼ਰਮਾ ਓਲੀ ਦੀਆਂ ਭਾਰਤ ਵਿਰੋਧੀ ਨੀਤੀਆਂ ਦੇ ਵਿਰੁੱਧ ਭਾਰੀ ਰੋਸ ਭੜਕਿਆ ਹੋਇਆ ਹੈ।

ਹੋਰਨਾਂ ਮੰਗਾਂ ਦੇ ਇਲਾਵਾ ਉਥੇ ਦੇਸ਼ ਨੂੰ ਮੁੜ ਤੋਂ ਹਿੰਦੂ ਰਾਸ਼ਟਰ ਐਲਾਨਣ ਦੀ ਮੰਗ ਨੂੰ ਲੈ ਕੇ ਪ੍ਰਧਾਨ ਮੰਤਰੀ ਕੇ. ਪੀ. ਸ਼ਰਮਾ ਓਲੀ ਅਤੇ ਸੱਤਾਧਾਰੀ ਕਮਿਊਨਿਸਟ ਪਾਰਟੀ ਦੇ ਵਿਰੁੱਧ ਰੋਸ ਵਿਖਾਵੇ ਜਾਰੀ ਹਨ।

ਸਿਆਸੀ ਵਿਸ਼ਲੇਸ਼ਕਾਂ ਦੇ ਅਨੁਸਾਰ ਵਿਸ਼ਵ ਵਿਚ ਲੋਕਤੰਤਰ ਦੀ ਸਥਿਤੀ ਕਮਜ਼ੋਰ ਹੋਈ ਹੈ ਅਤੇ ਦਮਨਕਾਰੀ ਸ਼ਾਸਨ ਜਾਂ ਤਾਨਾਸ਼ਾਹੀ ਦਾ ਸਮਰਥਨ ਕਰਨ ਵਾਲੀਆਂ ਤਾਕਤਾਂ ਦੀ ਗਿਣਤੀ ਵਿਚ ਵਾਧਾ ਹੋਇਆ ਹੈ ਅਤੇ ਇਨ੍ਹਾਂ ਘਟਨਾਵਾਂ ਦੇ ਪਿੱਛੇ ਸਰਕਾਰਾਂ ਦੀਆਂ ਤਾਨਾਸ਼ਾਹੀ ਪ੍ਰਵਿਰਤੀ ਦਾ ਯੋਗਦਾਨ ਵੀ ਹੈ।

ਅਜਿਹੇ ਵਿਚ ਇਹ ਦੇਸ਼ ਵਿਸ਼ਵ ਨੂੰ ਟਕਰਾਅ ਵੱਲ ਧੱਕ ਰਹੇ ਹਨ ਅਤੇ ਅਜਿਹਾ ਖਦਸ਼ਾ ਹੈ ਕਿ ਕਿਤੇ ਦੁਨੀਆ ਤੀਸਰੀ ਵਿਸ਼ਵ ਜੰਗ ਵੱਲ ਨਾ ਵਧ ਜਾਵੇ।

-ਵਿਜੇ ਕੁਮਾਰ


Bharat Thapa

Content Editor

Related News