ਵਿਵਾਦਿਤ ਬਿਆਨਾਂ ਦਾ ਸਿਲਸਿਲਾ ਰੁਕਣ ਵਾਲਾ ਨਹੀਂ...
Friday, Jan 13, 2023 - 04:50 AM (IST)
ਬਿਹਾਰ ਦੇ ਸਿੱਖਿਆ ਮੰਤਰੀ ਪ੍ਰੋ. ਚੰਦਰਸ਼ੇਖਰ ਨੇ ਨਾਲੰਦਾ ਯੂਨੀਵਰਸਿਟੀ ’ਚ ਵਿਦਿਆਰਥੀਆਂ ਨਾਲ ਗੱਲਬਾਤ ਦੇ ਦੌਰਾਨ ਪ੍ਰਭੂ ਸ਼੍ਰੀ ਰਾਮ ਦੇ ਆਦਰਸ਼ ਚਰਿੱਤਰ ਦਾ ਵਿਖਿਆਨ ਕਰਨ ਵਾਲੇ ਮਹਾਨ ਗ੍ਰੰਥ ‘ਰਾਮਚਰਿਤ ਮਾਨਸ’, ‘ਮਨੁਸਮ੍ਰਿਤੀ’ ਅਤੇ ਗੁਰੂ ਗੋਲਵਲਕਰ ਦੀ ਪੁਸਤਕ ‘ਬੰਚ ਆਫ ਥਾਟਸ’ ਬਾਰੇ ਹੁਣ ਕੁਝ ਵਿਵਾਦਿਤ ਗੱਲਾਂ ਕਹੀਆਂ ਹਨ :
‘‘ਧਾਰਮਿਕ ਪੁਸਤਕ ‘ਰਾਮਚਰਿਤ ਮਾਨਸ’ ਵਿਚ ਕਿਹਾ ਗਿਆ ਹੈ ਕਿ ਵਾਂਝੇ ਸਮਾਜ ਦੇ ਲੋਕ ਸਿੱਖਿਆ ਲੈਣ ਤੋਂ ਬਾਅਦ ਸੱਪ ਦੇ ਵਾਂਗ ਜ਼ਹਿਰੀਲੇ ਹੋ ਜਾਂਦੇ ਹਨ।’’
‘‘ਇਹ ਨਫ਼ਰਤ ਫੈਲਾਉਣ ਅਤੇ ਸਮਾਜ ਨੂੰ ਜੋੜਨ ਦੀ ਬਜਾਏ ਤੋੜਨ ਵਾਲਾ ਗ੍ਰੰਥ ਹੈ। ਇਸ ਨਾਲ ਸਮਾਜ ’ਚ ਗ਼ਲਤਫਹਿਮੀਆਂ ਪੈਦਾ ਹੁੰਦੀਆਂ ਹਨ। ਇਹ ਦਲਿਤਾਂ, ਪੱਛੜਿਆਂ ਅਤੇ ਔਰਤਾਂ ਨੂੰ ਨਾ ਸਿਰਫ ਪੜ੍ਹਾਈ ਤੋਂ ਸਗੋਂ ਉਨ੍ਹਾਂ ਨੂੰ ਹੱਕ ਦਿਵਾਉਣ ਤੋਂ ਵੀ ਰੋਕਦਾ ਹੈ।’’
‘‘ਮਨੁਸਮ੍ਰਿਤੀ ਨੇ ਸਮਾਜ ’ਚ ਨਫ਼ਰਤ ਦਾ ਬੀਜ ਬੀਜਿਆ ਹੈ। ਗੁਰੂ ਗੋਲਵਲਕਰ ਦੇ ਵਿਚਾਰ ਸਮਾਜ ’ਚ ਨਫ਼ਰਤ ਫੈਲਾਅ ਰਹੇ ਹਨ। ‘ਮਨੁਸਮ੍ਰਿਤੀ’ ਦਲਿਤਾਂ-ਵਾਂਝਿਆਂ ਦਾ ਹੱਕ ਖੋਹਣ ਦੀਆਂ ਗੱਲਾਂ ਕਰਦੀ ਹੈ।’’
ਚੰਦਰਸ਼ੇਖਰ ਦੇ ਉਕਤ ਬਿਆਨ ਨਾਲ ਬਿਹਾਰ ਦੀ ਸਿਆਸਤ ’ਚ ਬਵਾਲ ਤੋਂ ਇਲਾਵਾ ਦੇਸ਼ ਦੇ ਧਰਮਾਚਾਰੀਆਂ ’ਚ ਵੀ ਨਾਰਾਜ਼ਗੀ ਫੈਲ ਗਈ ਹੈ। ਅਯੁੱਧਿਆ ਦੇ ਮਹੰਤ ਜਗਤਗੁਰੂ ਪਰਮ ਹੰਸ ਆਚਾਰੀਆ ਨੇ ਕਿਹਾ ਹੈ ਕਿ ਉਸ ਦੀ ਜੀਭ ਵੱਢਣ ਵਾਲੇ ਨੂੰ ਉਹ 10 ਕਰੋੜ ਰੁਪਏ ਦੇਣਗੇ।
ਜਿੱਥੇ ਮੁੱਖ ਮੰਤਰੀ ਨਿਤੀਸ਼ ਕੁਮਾਰ ਨੇ ਆਪਣੇ ਸਿੱਖਿਆ ਮੰਤਰੀ ਦੇ ਉਕਤ ਬਿਆਨ ਤੋਂ ਅਣਜਾਣਤਾ ਪ੍ਰਗਟ ਕੀਤੀ ਹੈ, ਉੱਥੇ ਹੀ ਭਾਜਪਾ ਨੇ ਇਸ ਦੇ ਲਈ ਸਿੱਖਿਆ ਮੰਤਰੀ ਦੇ ਅਸਤੀਫ਼ੇ ਅਤੇ ਮੁਆਫ਼ੀ ਤੋਂ ਇਲਾਵਾ ਉਸ ’ਤੇ ਦੇਸ਼ਧ੍ਰੋਹ ਦਾ ਮੁਕੱਦਮਾ ਚਲਾਉਣ ਦੀ ਮੰਗ ਕੀਤੀ ਹੈ।
ਚੰਦਰਸ਼ੇਖਰ ਨੇ ਮੁਆਫ਼ੀ ਮੰਗਣ ਤੋਂ ਨਾਂਹ ਕਰ ਕੇ ਅਤੇ ਇਹ ਕਹਿ ਕੇ ਵਿਵਾਦ ਨੂੰ ਹੋਰ ਵਧਾ ਦਿੱਤਾ ਹੈ ਕਿ ਉਹ ਆਪਣੀ ਗੱਲ ’ਤੇ ਕਾਇਮ ਹੈ ਅਤੇ ਮੁਆਫੀ ਉਨ੍ਹਾਂ ਲੋਕਾਂ ਨੂੰ ਮੰਗਣੀ ਚਾਹੀਦੀ ਹੈ, ਜਿਨ੍ਹਾਂ ਨੇ ਬੇਇਨਸਾਫੀ ਕੀਤੀ ਹੈ।
ਕਵੀ ਡਾ. ਕੁਮਾਰ ਵਿਸ਼ਵਾਸ ਨੇ ਮੁੱਖ ਮੰਤਰੀ ਨਿਤੀਸ਼ ਕੁਮਾਰ ਨੂੰ ਕਿਹਾ ਹੈ ਕਿ ‘‘ਤੁਹਾਡੇ ਅਨਪੜ੍ਹ ਸਿੱਖਿਆ ਮੰਤਰੀ ਨੂੰ ਸਿੱਖਿਆ ਦੀ ਬੜੀ ਲੋੜ ਹੈ।’’
ਬਿਹਾਰ ਦੇ ਸਿੱਖਿਆ ਮੰਤਰੀ ਨੇ ਭਗਵਾਨ ਦੇ ਚਰਿੱਤਰ ਦਾ ਵਿਖਿਆਨ ਕਰਨ ਵਾਲੇ ਗ੍ਰੰਥ ਬਾਰੇ ਸ਼ਰਮਨਾਕ ਬਿਆਨ ਦੇ ਕੇ ਸਮਾਜ ਦੇ ਵੱਡੇ ਵਰਗ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਈ ਹੈ। ਇਸ ਲਈ ਕਾਨੂੰਨ ਦੁਆਰਾ ਅਜਿਹੀ ਕੋਈ ਸਟੀਕ ਵਿਵਸਥਾ ਕਰਨ ਦੀ ਲਾਜ਼ਮੀ ਤੌਰ ’ਤੇ ਲੋੜ ਹੈ।
-ਵਿਜੇ ਕੁਮਾਰ