ਹਿਮਾਚਲ ਪ੍ਰਦੇਸ਼ ਦੀਆਂ ਸੜਕਾਂ ਵਧੀਆ ਅਤੇ ਪੰਜਾਬ ਦੀਆਂ ਉੱਬੜ-ਖਾਬੜ

08/20/2022 12:23:59 AM

ਬੀਤੇ ਦਿਨ ਮੈਨੂੰ ਇਕ ਜ਼ਰੂਰੀ ਕੰਮ ਦੇ ਸਿਲਸਿਲੇ ’ਚ ਹਿਮਾਚਲ ਪ੍ਰਦੇਸ਼ ਦੇ ਊਨਾ ਜ਼ਿਲੇ ’ਚ ਸਥਿਤ ਅੰਬ ਕਸਬੇ ’ਚ ਜਾਣ ਦਾ ਮੌਕਾ ਮਿਲਿਆ। ਕੋਵਿਡ ਮਹਾਮਾਰੀ ਤੋਂ ਪਹਿਲਾਂ ਮੈਂ ਅਕਸਰ ਹਿਮਾਚਲ ਆਉਂਦਾ-ਜਾਂਦਾ ਰਹਿੰਦਾ ਸੀ ਪਰ ਕੋਵਿਡ ਦੇ ਬਾਅਦ ਮੇਰਾ ਉੱਥੇ ਜਾਣਾ ਘੱਟ ਹੋ ਗਿਆ। ਵੀਰਵਾਰ ਸਵੇਰੇ 10 ਵਜੇ ਅਸੀਂ ਕਾਰ ਰਾਹੀਂ ਜਲੰਧਰ ਤੋਂ ਚੱਲੇ ਅਤੇ ‘ਲੰਮਾ ਪਿੰਡ’ ਤੋਂ ਹੁਸ਼ਿਆਰਪੁਰ ਹੁੰਦੇ ਹੋਏ ਹਿਮਾਚਲ ਦੀ ਸਰਹੱਦ ’ਤੇ ਪਹੁੰਚਣ ਤੱਕ ਥਾਂ-ਥਾਂ ਟੁੱਟੀਆਂ-ਫੁੱਟੀਆਂ ਸੜਕਾਂ ਅਤੇ ਮਿੱਟੀ-ਘੱਟੇ ਨੇ ਸਾਡਾ ‘ਸਵਾਗਤ’ ਕੀਤਾ। ‘ਲੰਮਾ ਪਿੰਡ’ ਚੌਕ ਤੋਂ ਜੰਡੂ ਸਿੰਘਾ ਤੱਕ ਸੜਕ ਟੁੱਟੀ ਹੋਈ ਅਤੇ ਉਸ ’ਚ ਖੱਡੇ ਪਏ ਹਨ। ਉਸ ਦੇ ਅੱਗੇ ਚੂਹੜਵਾਲੀ ਅਤੇ ਆਦਮਪੁਰ ਸ਼ਹਿਰ ਤੋਂ ਹੋ ਕੇ ਲੰਘਣ ਵਾਲੀਆਂ ਸੜਕਾਂ ’ਤੇ ਵੀ ਭਾਰੀ ਖੱਡਿਆਂ ਦੀ ਭਰਮਾਰ ਹੈ। ਇੱਥੇ ਹੀ ਬਸ ਨਹੀਂ, ਨਸਰਾਲਾ ਤੋਂ ਹੁਸ਼ਿਆਰਪੁਰ ਦੇ ਪ੍ਰਭਾਤ ਚੌਕ ਤੱਕ ਦੀ ਸੜਕ ਪੂਰੀ ਤਰ੍ਹਾਂ ਟੁੱਟੀ ਹੋਈ ਹੈ। ਹੁਸ਼ਿਆਰਪੁਰ ਬਾਈਪਾਸ ਤੋਂ ਅੱਗੇ ਪੰਜਾਬ ਦੇ ਇਲਾਕੇ ’ਚ ਪੈਣ ਵਾਲੀ ਚੌਹਾਲ ਤੱਕ ਦੀ ਸੜਕ ਦਾ ਵੀ ਬੁਰਾ ਹਾਲ ਹੈ। ਹਰ ਪਾਸੇ ਘੱਟਾ-ਮਿੱਟੀ ਉੱਡ ਰਹੀ ਸੀ ਜੋ ਦੁਕਾਨਾਂ ’ਚ ਰੱਖੇ ਸਾਮਾਨ ਅਤੇ ਲੋਕਾਂ ’ਤੇ ਪੈ ਰਹੀ ਸੀ।

ਪੰਜਾਬ ਵਾਲੇ ਹਿੱਸੇ ’ਚ ਸੜਕਾਂ ਕਾਫੀ ਸਮੇਂ ਤੋਂ ਖਰਾਬ ਹਨ। ਜੇਕਰ ਪੰਜਾਬ ਦੇ ਅਧਿਕਾਰੀ ਇਹ ਕਹਿਣ ਕਿ ਮੀਂਹ ਦੇ ਕਾਰਨ ਸੜਕਾਂ ਟੁੱਟੀਆਂ ਹੋਈਆਂ ਹਨ ਅਤੇ ਮੁਰੰਮਤ ਮੀਂਹ ਦੇ ਮੌਸਮ ਬਾਅਦ ਹੀ ਹੋਵੇਗੀ ਤਾਂ ਉਨ੍ਹਾਂ ਤੋਂ ਇਹ ਪੁੱਛਿਆ ਜਾ ਸਕਦਾ ਹੈ ਕਿ ਹਿਮਾਚਲ ਵਾਲੇ ਹਿੱਸੇ ਦੀਆਂ ਸੜਕਾਂ ਕਿਉਂ ਨਹੀਂ ਟੁੱਟਦੀਆਂ ਅਤੇ ਠੀਕ ਕਿਉਂ ਹਨ! ਇਸੇ ਸਬੰਧ ’ਚ ਹਿਮਾਚਲ ਦੇ ਪ੍ਰਸਿੱਧ ਸ਼ਕਤੀਪੀਠ ਚਿੰਤਪੂਰਨੀ ਧਾਮ ਦੀ ਯਾਤਰਾ ’ਤੇ ਜਾਣ ਵਾਲੇ ਇਕ ਸ਼ਰਧਾਲੂ ਨੇ ਦੱਸਿਆ ਕਿ ਇਸ ਸੜਕ ਦੀ ਹਾਲਤ ਵੀ ਬੜੀ ਖਰਾਬ ਹੈ। ਬੱਸ ’ਚ ਜਾਓ ਜਾਂ ਕਾਰ ’ਚ, ਇੰਨੇ ਹਿਚਕੋਲੇ ਲੱਗਦੇ ਹਨ ਕਿ ਯਾਤਰੀਆਂ ਦੇ ਸਰੀਰ ਅਚਾਨਕ ਹੀ ਆਪਸ ’ਚ ਟਕਰਾਉਂਦੇ ਰਹਿੰਦੇ ਹਨ। ਮੈਨੂੰ ਇਹ ਦੱਸਦੇ ਹੋਏ ਖੁਸ਼ੀ ਹੋ ਰਹੀ ਹੈ ਕਿ ਜਿਵੇਂ ਹੀ ਅਸੀਂ ਹਿਮਾਚਲ ਦੀ ਸਰਹੱਦ ’ਚ ਦਾਖਲ ਹੋਏ ਤਾਂ ਉੱਥੇ ਸੜਕਾਂ ਦੀ ਹਾਲਤ ਪੰਜਾਬ ਦੀ ਤੁਲਨਾ ’ਚ ਬਿਲਕੁਲ ਹੀ ਵੱਖਰੀ ਸੀ। ਚਿਕਨੀਆਂ ਸੜਕਾਂ ’ਤੇ ਕਾਰ ਇੰਝ ਫਰਾਟੇ ਭਰ ਰਹੀ ਸੀ ਕਿ ਜਿਵੇਂ ਹਵਾ ਦੀਆਂ ਲਹਿਰਾਂ ’ਤੇ ਸਵਾਰ ਹੋ ਕੇ ਤੈਰ ਰਹੀ ਹੋਵੇ।

ਸੜਕ ਦੇ ਦੋਵਾਂ ਪਾਸਿਆਂ ਦਾ ਦ੍ਰਿਸ਼ ਵੀ ਬੇਹੱਦ ਮਨਭਾਉਂਦਾ ਸੀ। ਕਿਤੇ ਵੀ ਗੰਦਗੀ, ਕੂੜਾ-ਕਰਕਟ ਅਤੇ ਕੱਚੇ ਮਕਾਨ ਦੇਖਣ ਨੂੰ ਨਹੀਂ ਮਿਲੇ। ਹਰ ਪਾਸੇ ਚੰਗੀ ਤਰ੍ਹਾਂ ਮੇਨਟੇਨ ਕੀਤੇ ਹੋਏ ਮਕਾਨ ਦੇਖ ਕੇ ਲੱਗਦਾ ਕਿ ਜਿਵੇਂ ਕੱਲ ਹੀ ਪੇਂਟ ਕੀਤੇ ਗਏ ਹਨ। ਜੇਕਰ ਕਿਸੇ ਨੇ ਸਵੱਛ ਭਾਰਤ ਦੀ ਮਿਸਾਲ ਦੇਖਣੀ ਹੋਵੇ ਤਾਂ ਉਹ ਹਿਮਾਚਲ ’ਚ ਦੇਖ ਸਕਦਾ ਹੈ ਅਤੇ ਦੇਸ਼ ਦੇ ਹੋਰਨਾਂ ਹਿੱਸਿਆਂ ਦੀ ਤੁਲਨਾ ’ਚ ਇੱਥੇ ਪ੍ਰਦੂਸ਼ਣ ਵੀ ਨਾਮਾਤਰ ਹੀ ਹੈ। ਕੇਰਲ ਦੇ ਬਾਅਦ ਹਿਮਾਚਲ ਦੇਸ਼ ’ਚ ਸਭ ਤੋਂ ਵੱਧ ਸਾਖਰਤਾ ਦਰ ਵਾਲਾ ਦੂਜਾ ਸੂਬਾ ਬਣ ਗਿਆ ਹੈ। ਹਾਲ ਹੀ ’ਚ ਹਿਮਾਚਲ ਦੇ ਮੁੱਖ ਮੰਤਰੀ ਸ਼੍ਰੀ ਜੈਰਾਮ ਠਾਕੁਰ ਨੇ ਕਿਹਾ ਹੈ ਕਿ ਸੂਬੇ ਨੇ 84 ਫੀਸਦੀ ਤੋਂ ਵੱਧ ਸਾਖਰਤਾ ਦਰ ਪ੍ਰਾਪਤ ਕਰ ਲਈ ਹੈ। ਸੜਕਾਂ ’ਤੇ ਟ੍ਰੈਫਿਕ ਵਧ ਗਿਆ ਹੈ ਕਿਉਂਕਿ ਵੱਡੀ ਗਿਣਤੀ ’ਚ ਕਾਰਾਂ, ਸਕੂਟਰ-ਸਕੂਟਰੀਆਂ ਦੌੜ ਰਹੀਆਂ ਹਨ।ਅੰਬ ਦੇ ਇਸ ਸੰਖੇਪਤ ਪ੍ਰਵਾਸ ਦੌਰਾਨ ਮੈਨੂੰ ਉੱਥੋਂ ਦੀ ਅਦਾਲਤ ’ਚ ਜਾਣ ਦਾ ਮੌਕਾ ਵੀ ਮਿਲਿਆ, ਜਿੱਥੇ ਸਫਾਈ ਦੀ ਵਿਵਸਥਾ ਦੇਖ ਕੇ ਚੰਗਾ ਲੱਗਾ। ਇਹ ਦੇਖ ਕੇ ਮੈਨੂੰ ਖੁਸ਼ੀ ਹੋਈ ਕਿ ਜ਼ਿੰਦਗੀ ਦੇ ਹੋਰਨਾਂ ਖੇਤਰਾਂ ਦੇ ਵਾਂਗ ਹੀ ਕਾਨੂੰਨ ਦੇ ਖੇਤਰ ’ਚ ਵੀ ਸੂਬੇ ਦੀਆਂ ਧੀਆਂ ਅੱਗੇ ਆ ਰਹੀਆਂ ਹਨ।

ਮੈਨੂੰ ਇੱਥੇ 3 ਮੁਟਿਆਰਾਂ ਮਿਲੀਆਂ ਜਿਨ੍ਹਾਂ ’ਚੋਂ ਇਕ ਅੰਬ ਦੀ ਅਦਾਲਤ ’ਚ ਨੌਕਰੀ ਕਰ ਰਹੀ ਸੀ ਜਦਕਿ 2 ਹੋਰ ਕਿਸੇ ਵਕੀਲ ਦੀਆਂ ਸਹਾਇਕਾਂ ਦੇ ਰੂਪ ’ਚ ਕੰਮ ਕਰ ਰਹੀਆਂ ਸਨ। ਮੈਨੂੰ ਦੱਸਿਆ ਗਿਆ ਕਿ ਹਿਮਾਚਲ ਪ੍ਰਦੇਸ਼ ਦੇ ਵਿਆਹੁਤਾ ਜੋੜਿਆਂ ’ਚ ਵੀ ਤਲਾਕ ਦੇ ਮਾਮਲੇ ਵਧਦੇ ਜਾ ਰਹੇ ਹਨ ਜਿਸ ਕਾਰਨ ਅਦਾਲਤਾਂ ’ਚ ਤਲਾਕ ਅਤੇ ਖਰਚ ਦੇ ਦਾਅਵੇ ਲਈ ਕੀਤੇ ਜਾਣ ਵਾਲੇ ਮੁਕੱਦਮਿਆਂ ਦੀ ਭਰਮਾਰ ਹੋਣ ਲੱਗੀ ਹੈ। ਹਿਮਾਚਲ ਦੇ ਲੋਕ ਚੰਗੇ, ਈਮਾਨਦਾਰ ਤੇ ਮਿਹਨਤੀ ਹਨ ਪਰ ਪੰਜਾਬ ਦੇ ਹੀ ਵਾਂਗ ਇੱਥੋਂ ਦੇ ਨੌਜਵਾਨ ਵੀ ਵਿਦੇਸ਼ਾਂ ਨੂੰ ਜਾ ਰਹੇ ਹਨ ਜਿਸ ਕਾਰਨ ਬਜ਼ੁਰਗ ਹੁਣ ਇਕੱਲੇ ਰਹਿ ਰਹੇ ਹਨ। ਕੁਲ ਮਿਲਾ ਕੇ ਜਿੱਥੇ ਆਪਣੀ ਇਸ ਯਾਤਰਾ ਦੇ ਦੌਰਾਨ ਮੈਨੂੰ ਦੇਵਭੂਮੀ ਹਿਮਾਚਲ ’ਚ ਹੋਏ ਵਿਕਾਸ ਦੀ ਇਕ ਝਲਕ ਦੇਖਣ ਨੂੰ ਮਿਲੀ, ਉਥੇ ਹੀ ਪੰਜਾਬ ਦੀਆਂ ਟੁੱਟੀਆਂ ਸੜਕਾਂ ਦੇ ਨਤੀਜੇ ਵਜੋਂ ਯਾਤਰੀਆਂ ਨੂੰ ਹੋਣ ਵਾਲੀ ਅਸੁਵਿਧਾ ਦਾ ਵੀ ਅੰਦਾਜ਼ਾ ਹੋਇਆ ਜਿਸ ਦੇ ਵੱਲ ਪੰਜਾਬ ਸਰਕਾਰ ਨੂੰ ਤੁਰੰਤ ਧਿਆਨ ਦੇਣ ਦੀ ਲੋੜ ਹੈ। ਇਸ ਨਾਲ ਨਾ ਸਿਰਫ ਲੋਕਾਂ ਦੀ ਯਾਤਰਾ ਕੁਝ ਸੌਖੀ ਹੋਵੇਗੀ ਸਗੋਂ ਵਾਹਨਾਂ ਦੀ ਟੁੱਟ-ਭੱਜ ਨਾਲ ਹੋਣ ਵਾਲੇ ਨੁਕਸਾਨ ਅਤੇ ਪ੍ਰਦੂਸ਼ਣ ’ਚ ਵੀ ਕਮੀ ਆਵੇਗੀ।

ਵਿਜੇ ਕੁਮਾਰ


Karan Kumar

Content Editor

Related News