ਮਹਾਰਾਸ਼ਟਰ ’ਚ ਸਰਕਾਰ ਤਾਂ ਬਣੀ ਪਰ ਸਵਾਲ ਅਜੇ ਵੀ ਕਾਇਮ

11/24/2019 1:36:36 AM

ਮਹਾਰਾਸ਼ਟਰ ’ਚ ਸ਼ਿਵ ਸੈਨਾ ਅਤੇ ਭਾਜਪਾ ਦਾ ਗੱਠਜੋੜ ਟੁੱਟਣ ਅਤੇ ਕਿਸੇ ਵੀ ਦਲ ਦੇ ਸਰਕਾਰ ਬਣਾਉਣ ’ਚ ਅਸਫਲ ਰਹਿਣ ਤੋਂ ਬਾਅਦ ਲÅਾਏ ਗਏ ਰਾਸ਼ਟਰਪਤੀ ਸ਼ਾਸਨ ਦੌਰਾਨ ਰਾਕਾਂਪਾ, ਸ਼ਿਵ ਸੈਨਾ ਅਤੇ ਕਾਂਗਰਸ ਦੇ ਬਾਹਰੀ ਜਾਂ ਅੰਦਰੂਨੀ ਸਮਰਥਨ ਨਾਲ ਸਰਕਾਰ ਬਣਾਉਣ ਦੀ ਚਰਚਾ ਦੌਰਾਨ 22 ਨਵੰਬਰ ਨੂੰ ਊਧਵ ਠਾਕਰੇ ਨੂੰ ਮੁੱਖ ਮੰਤਰੀ ਬਣਾ ਕੇ ਸ਼ਿਵ ਸੈਨਾ, ਰਾਕਾਂਪਾ ਅਤੇ ਕਾਂਗਰਸ ਦੀ ਸੰਯੁਕਤ ਸਰਕਾਰ ਬਣਾਉਣ ’ਤੇ ਸਹਿਮਤੀ ਹੋ ਗਈ ਸੀ।

ਪਰ 23 ਨਵੰਬਰ ਨੂੰ ਸਵੇਰੇ-ਸਵੇਰੇ ਭਾਜਪਾ ਦੇ ਸਾਬਕਾ ਮੁੱਖ ਮੰਤਰੀ ਦੇਵੇਂਦਰ ਫੜਨਵੀਸ ਨੇ ਹੀ ਰਾਜ ਭਵਨ ਵਿਚ ਸਵੇਰੇ ਸਾਢੇ ਸੱਤ ਵਜੇ ਅਚਾਨਕ ਆਯੋਜਿਤ ਸਮਾਰੋਹ ਵਿਚ ਮੁੱਖ ਮੰਤਰੀ ਅਹੁਦੇ ਦੀ ਅਤੇ ਸ਼ਰਦ ਪਵਾਰ ਦੇ ਭਤੀਜੇ ਅਜੀਤ ਪਵਾਰ ਨੇ ਉਪ-ਮੁੱਖ ਮੰਤਰੀ ਅਹੁਦੇ ਦੀ ਸਹੁੰ ਚੁੱਕ ਕੇ ਸਭ ਨੂੰ ਹੈਰਾਨ ਕਰ ਦਿੱਤਾ।

ਮੁੱਢਲੀਆਂ ਖ਼ਬਰਾਂ ’ਚ ਕਿਹਾ ਗਿਆ ਕਿ ਸ਼ਰਦ ਪਵਾਰ ਪਲਟੀ ਮਾਰ ਕੇ ਭਾਜਪਾ ਦੇ ਨਾਲ ਜਾ ਮਿਲੇ ਹਨ ਪਰ ਬਾਅਦ ਵਿਚ ਉਨ੍ਹਾਂ ਨੇ ਸਪੱਸ਼ਟ ਕੀਤਾ ਕਿ ਉਹ ਅਜੇ ਵੀ ਸ਼ਿਵ ਸੈਨਾ ਅਤੇ ਕਾਂਗਰਸ ਦੇ ਨਾਲ ਹਨ। ਭਾਜਪਾ ਸਰਕਾਰ ਵਿਚ ਸ਼ਾਮਿਲ ਹੋਣ ਦਾ ਫੈਸਲਾ ਅਜੀਤ ਪਵਾਰ ਦਾ ਨਿੱਜੀ ਹੈ। ਅਸੀਂ ਇਸ ਫੈਸਲੇ ਦੇ ਵਿਰੁੱਧ ਸੰਘਰਸ਼ ਕਰਾਂਗੇ ਅਤੇ ਜਿੱਤਾਂਗੇ।

ਰਾਕਾਂਪਾ ਦੇ ਨਵਾਬ ਮਲਿਕ ਨੇ ਦੋਸ਼ ਲਾਇਆ ਕਿ ‘‘ਅਸੀਂ ਹਾਜ਼ਰੀ ਲਈ ਵਿਧਾਇਕਾਂ ਤੋਂ ਦਸਤਖਤ ਲਏ ਸਨ, ਜਿਨ੍ਹਾਂ ਦੀ ਸਹੁੰ ਚੁੱਕਣ ਲਈ ਧੋਖੇ ਨਾਲ ਦੁਰਵਰਤੋਂ ਕੀਤੀ ਗਈ ਹੈ।’’ ਇਹੀ ਦੋਸ਼ ਪ੍ਰੈੱਸ ਕਾਨਫਰੰਸ ’ਚ ਸ਼ਰਦ ਪਵਾਰ ਨੇ ਵੀ ਲਾਇਆ ਅਤੇ ਕਿਹਾ ਹੈ ਕਿ ਅਜੀਤ ਪਵਾਰ ਪਾਰਟੀ ਤੋੜਨ ’ਚ ਸਫਲ ਰਹੇ।

ਸ਼ਿਵ ਸੈਨਾ ਨੇਤਾ ਸੰਜੇ ਰਾਊਤ ਨੇ ਕਿਹਾ ਕਿ ‘‘ਅਜੀਤ ਪਵਾਰ ਨੇ ਜੇਲ ਜਾਣ ਤੋਂ ਬਚਣ ਲਈ ਭਾਜਪਾ ਨਾਲ ਹੱਥ ਮਿਲਾਇਆ ਹੈ ਅਤੇ ਭਾਜਪਾ ਨੇ ਉਨ੍ਹਾਂ ਨੂੰ ਬਲੈਕਮੇਲ ਕੀਤਾ ਹੈ। ਬੀਤੀ ਰਾਤ (ਜਦੋਂ ਤਿੰਨਾਂ ਪਾਰਟੀਆਂ ਵਿਚ ਫੈਸਲਾਕੁੰਨ ਗੱਲ ਹੋ ਰਹੀ ਸੀ) ਅਜੀਤ ਪਵਾਰ ਸਾਡੇ ਨਾਲ ਸਨ ਪਰ ਵਿਚੋਂ ਉੱਠ ਕੇ ਅਚਾਨਕ ਗਾਇਬ ਹੋ ਗਏ। ਅਜੀਤ ਪਵਾਰ ਨੇ ਹਨੇਰੇ ਵਿਚ ਡਾਕਾ ਮਾਰਿਆ ਹੈ ਅਤੇ ਹਨੇਰੇ ਵਿਚ ਸਿਰਫ ਪਾਪ ਕਰਮ ਹੀ ਹੁੰਦੇ ਹਨ।’’

ਵਰਣਨਯੋਗ ਹੈ ਕਿ ਕਰੋੜਾਂ ਦੇ ਘਪਲੇ ਵਿਚ ਸ਼ਾਮਿਲ ਅਜੀਤ ਪਵਾਰ ਜਦੋਂ 2013 ਵਿਚ ਉਪ-ਮੁੱਖ ਮੰਤਰੀ ਸਨ ਤਾਂ ਉਨ੍ਹਾਂ ਨੇ ਸੋਕੇ ਨਾਲ ਜੂਝਦੇ ਮਹਾਰਾਸ਼ਟਰ ਦੇ ਕਿਸਾਨਾਂ ਦੀ ਪਾਣੀ ਦੀ ਮੰਗ ’ਤੇ ਮਜ਼ਾਕ ਉਡਾਉਂਦਿਆਂ ਕਿਹਾ ਸੀ ਕਿ ‘‘ਜਦੋਂ ਡੈਮ ਵਿਚ ਪਾਣੀ ਹੈ ਹੀ ਨਹੀਂ ਤਾਂ ਕੀ ਪਿਸ਼ਾਬ ਕਰ ਕੇ ਪਾਣੀ ਦੇਈਏ?’’ ਭਾਜਪਾ ਨੇ ਇਸ ਬਿਆਨ ਨੂੰ ਖੂਬ ਉਛਾਲਿਆ ਸੀ ਅਤੇ ਅਖੀਰ ਅਜੀਤ ਪਵਾਰ ਨੂੰ ਇਸ ਦੇ ਲਈ ਮੁਆਫੀ ਮੰਗਣੀ ਪਈ ਸੀ।

ਸ਼ਰਦ ਪਵਾਰ ਅਨੁਸਾਰ, ‘‘ਸੁਪ੍ਰਿਆ ਸੁਲੇ (ਸ਼ਰਦ ਪਵਾਰ ਦੀ ਬੇਟੀ) ਦੇ ਅੱਗੇ ਵਧਣ ਤੋਂ ਅਜੀਤ ਪਵਾਰ ਨਾਰਾਜ਼ ਸਨ।’’ ਉਨ੍ਹਾਂ ਨੇ ਇਹ ਵੀ ਸਵਾਲ ਕੀਤਾ ਸੀ ਕਿ ‘‘ਸਵੇਰੇ 5.47 ਵਜੇ ਰਾਸ਼ਟਰਪਤੀ ਸ਼ਾਸਨ ਹਟਾਉਣ ਦਾ ਐਲਾਨ ਕਰਨ ਦੀ ਰਾਜਪਾਲ ਦੀ ਕੀ ਮਜਬੂਰੀ ਸੀ? ਸਾਡੇ ਕੋਲ 170 ਵਿਧਾਇਕਾਂ ਦਾ ਸਮਰਥਨ ਸੀ। ਅਜੀਤ ਪਵਾਰ ਦਾ ਇਹ ਫੈਸਲਾ ਰਾਕਾਂਪਾ ਦੀ ਵਿਚਾਰਧਾਰਾ ਦੇ ਵਿਰੁੱਧ ਹੈ। ਅਸੀਂ ਸਰਕਾਰ ਬਣਾ ਸਕਦੇ ਸੀ ਅਤੇ ਸਰਕਾਰ ਬਣਾਵਾਂਗੇ। ਸਾਨੂੰ ਅਜਿਹੇ ਹਾਲਾਤ ਨਾਲ ਨਜਿੱਠਣਾ ਆਉਂਦਾ ਹੈ।’’

ਊਧਵ ਠਾਕਰੇ ਨੇ ਭਾਜਪਾ ’ਤੇ ਜੋੜ-ਤੋੜ ਦੀ ਰਾਜਨੀਤੀ ਕਰ ਕੇ ਸੱਤਾ ਹਾਸਿਲ ਕਰਨ ਦਾ ਦੋਸ਼ ਲਾਉਂਦਿਆਂ ਕਿਹਾ, ‘‘ਪਹਿਲਾਂ ਈ. ਵੀ. ਐੱਮ. ਦੀ ਖੇਡ ਚੱਲ ਰਹੀ ਸੀ ਅਤੇ ਹੁਣ ਇਹ ਨਵੀਂ ਖੇਡ ਹੈ। ਇਹ ਲੋਕਤੰਤਰ ਦੇ ਨਾਂ ’ਤੇ ਖਿਲਵਾੜ ਹੈ।’’

ਕਾਂਗਰਸ ਨੇ ਵੱਖਰੇ ਤੌਰ ’ਤੇ ਪ੍ਰੈੱਸ ਕਾਨਫਰੰਸ ਕੀਤੀ ਪਰ ਇਸ ਵਿਚ ਕਾਂਗਰਸ ਨੇਤਾ ਅਹਿਮਦ ਪਟੇਲ ਨੇ ਰਾਕਾਂਪਾ ਅਤੇ ਸ਼ਿਵ ਸੈਨਾ ਨਾਲ ਇਕਜੁੱਟਤਾ ਪ੍ਰਦਰਸ਼ਿਤ ਕਰਦਿਆਂ ਕਿਹਾ, ‘‘ਬਿਨਾਂ ਬੈਂਡ-ਵਾਜੇ ਬਾਰਾਤ ਅਤੇ ਜਾਂਚ ਦੇ ਫੜਨਵੀਸ ਨੇ ਸਹੁੰ ਚੁੱਕੀ। ਕਿਤੇ ਨਾ ਕਿਤੇ ਕੁਝ ਗਲਤ ਹੋਇਆ ਹੈ ਅਤੇ ਸੰਵਿਧਾਨ ਦੇ ਨਿਯਮਾਂ ਦੀ ਉਲੰਘਣਾ ਹੋਈ ਹੈ।’’

ਇਸ ਉੱਤੇ ਕਾਂਗਰਸ ਦੇ ਬੁਲਾਰੇ ਰਣਦੀਪ ਸੂਰਜੇਵਾਲਾ ਨੇ ਇਹ ਟਵੀਟ ਕੀਤਾ ਹੈ :

ਮਤ ਦੇਖੋ ਮੁਝੇ ਯੂੰ ਉਜਾਲੇ ਮੇਂ ਲਾਕਰ,

ਸਿਆਸਤ ਹੂੰ ਮੈਂ, ਕੱਪੜੇ ਨਹੀਂ ਪਹਿਨਤੀ।

ਸਿਆਸੀ ਆਬਜ਼ਰਵਰਾਂ ਅਨੁਸਾਰ ਇਹ 2 ਭਤੀਜਿਆਂ ਸ਼ਰਦ ਪਵਾਰ ਦੇ ਭਤੀਜੇ ਅਜੀਤ ਪਵਾਰ ਅਤੇ ਗੋਪੀਨਾਥ ਮੁੰਡੇ ਦੇ ਭਤੀਜੇ ਧਨੰਜਯ ਮੁੰਡੇ ਦੀ ਰਣਨੀਤੀ ਦਾ ਨਤੀਜਾ ਹੈ, ਜਿਸ ਦੇ ਵਿਰੁੱਧ ਜਨਤਾ ਵਿਚ ਭਾਰੀ ਰੋਸ ਹੈ ਅਤੇ 23 ਨਵੰਬਰ ਨੂੰ ਸ਼ਰਦ ਪਵਾਰ ਦੇ ਸਮਰਥਕਾਂ ਨੇ ਅਜੀਤ ਪਵਾਰ ਦੇ ਵਿਰੁੱਧ ‘ਅਜੀਤ ਮੁਰਦਾਬਾਦ’ ਦੇ ਨਾਅਰੇ ਵੀ ਲਾਏ।

ਹੁਣ ਤਕ ਜੋ ਹੋਇਆ, ਉਹ ਤਾਂ ਸੈਮੀਫਾਈਨਲ ਸੀ, ਫਾਈਨਲ ਤਾਂ ਬਹੁਮਤ ਪ੍ਰੀਖਣ ਦੇ ਸਮੇਂ 30 ਨਵੰਬਰ ਤਕ ਹੋਵੇਗਾ ਪਰ ਇਹ ਗੱਲ ਧਿਆਨ ਰੱਖਣਯੋਗ ਹੈ ਕਿ ਦੇਵੇਂਦਰ ਫੜਨਵੀਸ ਲਈ ਕੁਝ ਵਿਧਾਇਕਾਂ ਨੂੰ ਤੋੜੇ ਬਿਨਾਂ ਬਹੁਮਤ ਦਾ ਟੀਚਾ ਹਾਸਿਲ ਕਰਨਾ ਸੰਭਵ ਨਹੀਂ ਲੱਗਦਾ, ਭਾਵੇਂ ਉਹ ਆਜ਼ਾਦ ਹੋਣ ਜਾਂ ਸ਼ਿਵ ਸੈਨਾ ਜਾਂ ਕਾਂਗਰਸ ਨਾਲੋਂ ਤੋੜੇ ਗਏ ਵਿਧਾਇਕ ਹੋਣ।

ਇਸੇ ਦੌਰਾਨ ਜਿੱਥੇ ਮਹਾਰਾਸ਼ਟਰ ਸਰਕਾਰ ਵਿਰੁੱਧ ਸ਼ਿਵ ਸੈਨਾ ਸੁਪਰੀਮ ਕੋਰਟ ਚਲੀ ਗਈ ਹੈ, ਉਥੇ ਹੀ ਰਾਕਾਂਪਾ ਦੀ ਚੱਲ ਰਹੀ ਬੈਠਕ ਵਿਚ ਇਹ ਲੇਖ ਲਿਖਣ ਤਕ 48 ਵਿਧਾਇਕ ਵਾਪਿਸ ਪਹੁੰਚ ਗਏ ਸਨ ਅਤੇ ਜੇਕਰ ਦਲ-ਬਦਲੀ ਕਰਨ ਵਾਲੇ ਕਿਸੇ ਪਾਰਟੀ ਦੇ ਵਿਧਾਇਕ ਦੋ-ਤਿਹਾਈ ਤੋਂ ਘੱਟ ਹੋਣਗੇ ਤਾਂ ਉਹ ਅਯੋਗ ਕਰਾਰ ਦੇ ਦਿੱਤੇ ਜਾਣਗੇ।

–ਵਿਜੇ ਕੁਮਾਰ\\\


Bharat Thapa

Content Editor

Related News