ਦੇਸ਼ ’ਚ ਵਧਦੀ ਜਾ ਰਹੀ ‘ਕੁੱਤਿਆਂ ਦੀ ਦਹਿਸ਼ਤ’ ਲੋਕਾਂ ਦਾ ਘੁੰਮਣਾ-ਫਿਰਨਾ ਹੋਇਆ ਔਖਾ
Tuesday, Feb 06, 2024 - 05:53 AM (IST)
ਪਿਛਲੇ 3 ਸਾਲਾਂ ਤੋਂ ਦੇਸ਼ ’ਚ ਆਵਾਰਾ ਕੁੱਤਿਆਂ ਦੀ ਦਹਿਸ਼ਤ ਵਧਦੀ ਜਾ ਰਹੀ ਹੈ। ਹਰ ਇਕ ਮਿੰਟ ’ਚ 6 ਵਿਅਕਤੀ ਇਨ੍ਹਾਂ ਦਾ ਸ਼ਿਕਾਰ ਬਣ ਰਹੇ ਹਨ। ਸਾਲ 2021 ’ਚ 17,01,033; 2022 ’ਚ 21,80,185 ਅਤੇ 2023 ’ਚ 27,50,000 ਲੋਕਾਂ ਨੂੰ ਕੁੱਤਿਆਂ ਨੇ ਆਪਣਾ ਸ਼ਿਕਾਰ ਬਣਾਇਆ ਜੋ ਸਾਲ 2022 ਦੀ ਤੁਲਨਾ ’ਚ 26.5 ਫੀਸਦੀ ਵੱਧ ਹੈ।
ਵਿਸ਼ਵ ਸਿਹਤ ਸੰਗਠਨ ਮੁਤਾਬਿਕ ਕੁੱਤਿਆਂ ਦੇ ਵੱਢਣ ਕਾਰਨ ਹੋਣ ਵਾਲੀ ਬੀਮਾਰੀ ‘ਰੈਬੀਜ਼’ ਕਾਰਨ ਦੁਨੀਆ ’ਚ ਹੋਣ ਵਾਲੀਆਂ ਮੌਤਾਂ ’ਚੋਂ 36 ਫੀਸਦੀ ਭਾਰਤ ’ਚ ਹੁੰਦੀਆਂ ਹਨ।
ਸਿਹਤ ਤੇ ਪਰਿਵਾਰ ਕਲਿਆਣ ਮੰਤਰਾਲਾ ਮੁਤਾਬਿਕ ਸਾਲ 2022 ’ਚ 342 ਵਿਅਕਤੀਆਂ ਦੀ ‘ਰੈਬੀਜ਼’ ਕਾਰਨ ਮੌਤ ਹੋਈ ਪਰ ਜਾਣਕਾਰਾਂ ਦਾ ਕਹਿਣਾ ਹੈ ਕਿ ਸਰਕਾਰੀ ਰਿਪੋਰਟ ’ਚ ਕਈ ਗੜਬੜੀਆਂ ਹਨ ਅਤੇ ਭਾਰਤ ’ਚ ਹਰ ਸਾਲ ਅੰਦਾਜ਼ਨ 20,000 ਵਿਅਕਤੀਆਂ ਦੀ ਮੌਤ ‘ਰੈਬੀਜ਼’ ਕਾਰਨ ਹੁੰਦੀ ਹੈ।
ਬੀਤੇ ਸਾਲ 23 ਅਕਤੂਬਰ ਨੂੰ ‘ਵਾਘ ਬੱਕਰੀ’ ਚਾਹ ਕੰਪਨੀ ਦੇ ਐਗਜ਼ੀਕਿਊਟਿਵ ਡਾਇਰੈਕਟਰ ਪਰਾਗ ਦੇਸਾਈ ਦੀ ਅਹਿਮਦਾਬਾਦ (ਗੁਜਰਾਤ) ਵਿਖੇ ਕੁੱਤਿਆਂ ਦੇ ਹਮਲੇ ਤੋਂ ਬਚ ਕੇ ਭੱਜਣ ਦੀ ਕੋਸ਼ਿਸ਼ ’ਚ ਡਿੱਗਣ ਦੌਰਾਨ ਹੋਏ ਬਰੇਨ ਹੈਮਰੇਜ ਕਾਰਨ ਮੌਤ ਪਿੱਛੋਂ ਰੌਲਾ ਪਿਆ ਪਰ ਸਮੱਸਿਆ ਜਿਉਂ ਦੀ ਤਿਉਂ ਹੀ ਹੈ ਅਤੇ ਲੋਕਾਂ ਦਾ ਘੁੰਮਣਾ-ਫਿਰਨਾ ਔਖਾ ਹੁੰਦਾ ਜਾ ਰਿਹਾ ਹੈ।
ਨਵੇਂ ਸਾਲ ਦੀਆਂ ਅਜਿਹੀਆਂ ਹੀ 13 ਘਟਨਾਵਾਂ ਹੇਠਾਂ ਦਰਜ ਹਨ :
* 10 ਜਨਵਰੀ ਨੂੰ ਭੋਪਾਲ (ਮੱਧ ਪ੍ਰਦੇਸ਼) ਦੇ ਪ੍ਰੈੱਸ ਕੰਪਲੈਕਸ ’ਚ ਇਕ ਆਵਾਰਾ ਕੁੱਤੇ ਨੇ ਘੱਟੋ-ਘੱਟ 20 ਵਿਅਕਤੀਆਂ ਨੂੰ ਵੱਢ ਕੇ ਲਹੂ-ਲੁਹਾਨ ਕਰ ਦਿੱਤਾ।
* 14 ਜਨਵਰੀ ਨੂੰ ਗਵਾਲੀਅਰ (ਮੱਧ ਪ੍ਰਦੇਸ਼) ਵਿਖੇ ਇਕ 13 ਸਾਲਾ ਬੱਚੇ ਨੂੰ ਆਵਾਰਾ ਕੁੱਤੇ ਨੇ ਇੰਨੀ ਬੁਰੀ ਤਰ੍ਹਾਂ ਵੱਢਿਆ ਕਿ ਉਸ ਦੇ ਹੱਥ ਦਾ ਮਾਸ ਹੀ ਨਿਕਲ ਗਿਆ।
* 14 ਜਨਵਰੀ ਨੂੰ ਹੀ ਭੋਪਾਲ (ਮੱਧ ਪ੍ਰਦੇਸ਼) ’ਚ ਆਵਾਰਾ ਕੁੱਤਿਆਂ ਨੇ ਇਕ ਦਿਨ ’ਚ 40 ਵਿਅਕਤੀਆਂ ਨੂੰ ਵੱਢਿਆ।
* 21 ਜਨਵਰੀ ਨੂੰ ਚੇਨਈ (ਤਮਿਲਨਾਡੂ) ਦੀ ਡਿਫੈਂਸ ਕਾਲੋਨੀ ’ਚ ਇਕ ਆਵਾਰਾ ਕੁੱਤੇ ਨੇ 11 ਸਕੂਲੀ ਬੱਚਿਆਂਂ ਸਮੇਤ 13 ਵਿਅਕਤੀਆਂ ਨੂੰ ਵੱਢਿਆ।
* 23 ਜਨਵਰੀ ਨੂੰ ਗਵਾਲੀਅਰ (ਮੱਧ ਪ੍ਰਦੇਸ਼) ’ਚ ਇਕ ਦਿਨ ਅੰਦਰ ਆਵਾਰਾ ਕੁੱਤਿਆਂ ਨੇ ਕੁਲ 548 ਵਿਅਕਤੀਆਂ ਨੂੰ ਆਪਣਾ ਸ਼ਿਕਾਰ ਬਣਾਇਆ।
* 27 ਜਨਵਰੀ ਨੂੰ ਅਮਰੋਹਾ (ਉੱਤਰ ਪ੍ਰਦੇਸ਼) ’ਚ ਘਰ ਦੇ ਬਾਹਰ ਖੇਡ ਰਹੇ ਇਕ ਮਾਸੂਮ ਬੱਚੇ ਨੂੰ ਆਵਾਰਾ ਕੁੱਤੇ ਨੇ ਕਈ ਥਾਈਂ ਵੱਢ ਕੇ ਜ਼ਖਮੀ ਕਰ ਦਿੱਤਾ।
* 29 ਜਨਵਰੀ ਨੂੰ ਗੁਰੂਗ੍ਰਾਮ ਦੇ ‘ਮਾਲੀਬੂ ਟਾਊਨ’ ਵਿਖੇ ਇਕ ਲਾਵਾਰਿਸ ਕੁੱਤੇ ਨੇ ਘਰੇਲੂ ਸਹਾਇਕਾ ਵਜੋਂ ਕੰਮ ਕਰਨ ਵਾਲੀ ਇਕ ਔਰਤ ਨੂੰ ਵੱਢ ਦਿੱਤਾ।
* 29 ਜਨਵਰੀ ਨੂੰ ਹੀ ਮੋਗਾ (ਪੰਜਾਬ) ਦੇ ਪਿੰਡ ‘ਖੋਸਾ ਰਣਧੀਰ’ ਵਿਖੇ ਇਕ ਆਵਾਰਾ ਕੁੱਤੇ ਨੇ 7 ਵਿਅਕਤੀਆਂ ਨੂੰ ਬੁਰੀ ਤਰ੍ਹਾਂ ਨੋਚ ਦਿੱਤਾ।
* 1 ਫਰਵਰੀ ਨੂੰ ਗੋਰਖਪੁਰ (ਉੱਤਰ ਪ੍ਰਦੇਸ਼) ਵਿਖੇ ਸਵੇਰ ਦੀ ਸੈਰ ਲਈ ਨਿਕਲੇ ਅੱਪਰ ਜ਼ਿਲਾ ਅਤੇ ਸੈਸ਼ਨ ਜੱਜ ਜੈਪ੍ਰਕਾਸ਼ ’ਤੇ ਆਵਾਰਾ ਕੁੱਤਿਆਂ ਨੇ ਹਮਲਾ ਕਰ ਦਿੱਤਾ ਜਿਨ੍ਹਾਂ ਨੇ ਨਗਰ ਕਮਿਸ਼ਨਰ ਕੋਲ ਸ਼ਿਕਾਇਤ ਕਰ ਕੇ ਕੁੱਤਿਆਂ ਦੀ ਦਹਿਸ਼ਤ ਵਿਰੁੱਧ ਕਾਰਵਾਈ ਦੀ ਮੰਗ ਕੀਤੀ ਹੈ।
* 2 ਫਰਵਰੀ ਨੂੰ ਹੈਦਰਾਬਾਦ (ਤੇਲੰਗਾਨਾ) ਦੇ ਨੇੜੇ ‘ਸ਼ਮਸਾਬਾਦ’ ਵਿਖੇ ਆਪਣੇ ਪਿਤਾ ਨਾਲ ਸੁੱਤੇ ਇਕ ਸਾਲ ਦੇ ਬੱਚੇ ਨੂੰ ਆਵਾਰਾ ਕੁੱਤੇ ਝੌਂਪੜੀ ’ਚੋਂ ਖਿੱਚ ਕੇ ਲੈ ਗਏ ਤੇ ਮਾਰ ਦਿੱਤਾ।
* 3 ਫਰਵਰੀ ਨੂੰ ‘ਛਿੰਦਵਾੜਾ’ (ਮੱਧ ਪ੍ਰਦੇਸ਼) ਵਿਖੇ ਇਕ ਛੋਟੀ ਬੱਚੀ ਨੂੰ ਆਵਾਰਾ ਕੁੱਤੇ ਨੇ ਵੱਢ ਲਿਆ।
* 3 ਫਰਵਰੀ ਨੂੰ ਹੀ ਤੰਜਾਵੁਰ (ਤਮਿਲਨਾਡੂ) ਦੇ ਨੇੜੇ ‘ਕਥੀਰੀਨਾਥਨ’ ਵਿਚ ਆਵਾਰਾ ਕੁੱਤਿਆਂ ਨੇ ਤਿੰਨ ਵਿਅਕਤੀਆਂ ਨੂੰ ਬੁਰੀ ਤਰ੍ਹਾਂ ਵੱਢਣ ਤੋਂ ਇਲਾਵਾ ਇਕ ਬੱਕਰੇ ਤੇ ਤਿੰਨ ਦੁਧਾਰੂ ਪਸ਼ੂਆਂ ਨੂੰ ਵੀ ਵੱਢਿਆ।
* 4 ਫਰਵਰੀ ਨੂੰ ਜਲੰਧਰ (ਪੰਜਾਬ) ਦੇ ਅਸ਼ੋਕ ਨਗਰ ’ਚ ਚਾਰ ਕੁੱਤਿਆਂ ਦੇ ਹਮਲੇ ਤੋਂ ਡਰ ਕੇ ਭੱਜਣ ਦੇ ਸਿੱਟੇ ਵਜੋਂ ਡਿੱਗ ਕੇ ਜ਼ਖਮੀ ਹੋਈ ਇਕ ਬਜ਼ੁਰਗ ਔਰਤ ਨੂੰ ਕੁੱਤਿਆਂ ਨੇ ਲੱਤ ਨੂੰ ਵੱਢ ਲਿਆ।
ਆਵਾਰਾ ਕੁੱਤਿਆਂ ਦੀ ਸਮੱਸਿਆ ਨਾਲ ਨਜਿੱਠਣ ਲਈ ਸਬੰਧਤ ਸਥਾਨਕ ਅਦਾਰਿਆਂ ਦੇ ਪ੍ਰਬੰਧਕਾਂ ਨੂੰ ਉਨ੍ਹਾਂ ਦੀ ਗਿਣਤੀ ’ਤੇ ਕੰਟਰੋਲ ਕਰਨ ਲਈ ਉਨ੍ਹਾਂ ਦੀ ਨਸਬੰਦੀ ਅਤੇ ਟੀਕਾਕਰਨ ਯਕੀਨੀ ਬਣਾਉਣ ਤੋਂ ਇਲਾਵਾ ਉਨ੍ਹਾਂ ਨੂੰ ‘ਡੌਗ ਕੰਪਾਊਂਡਾਂ’ ਵਿਚ ਬੰਦ ਕਰਨ ਅਤੇ ਕੁੱਤਿਆਂ ਦੇ ਹਿੰਸਕ ਹੋਣ ਦੇ ਕਾਰਨ ਲੱਭਣ ਸਮੇਤ ਹਸਪਤਾਲਾਂ ’ਚ ਕੁੱਤਿਆਂ ਦੇ ਵੱਢਣ ਦੇ ਇਲਾਜ ਦੀਆਂ ਦਵਾਈਆਂ ਦੀ ਲਗਾਤਾਰ ਸਪਲਾਈ ਯਕੀਨੀ ਬਣਾਉਣ ਦੀ ਲੋੜ ਹੈ।
–ਵਿਜੇ ਕੁਮਾਰ