ਯਾਸੀਨ ਮਲਿਕ ਦੀ ਗ੍ਰਿਫਤਾਰੀ ’ਤੇ ਪਾਕਿਸਤਾਨ ’ਚ ਮਚੀ ਹਾਏ-ਤੌਬਾ

04/25/2019 6:27:21 AM

1947 ’ਚ ਆਪਣੀ ਸਥਾਪਨਾ ਦੇ ਸਮੇਂ ਤੋਂ ਹੀ ਪਾਕਿਸਤਾਨੀ ਸ਼ਾਸਕਾਂ ਨੇ ਭਾਰਤ ਵਿਰੁੱਧ ਛੇੜੀ ਅਸਿੱਧੀ ਜੰਗ ਦੇ ਤਹਿਤ ਆਪਣੇ ਪਾਲ਼ੇ ਹੋਏ ਅੱਤਵਾਦੀਆਂ ਅਤੇ ਵੱਖਵਾਦੀਆਂ ਦੇ ਜ਼ਰੀਏ ਕਸ਼ਮੀਰ ’ਚ ਅਸ਼ਾਂਤੀ ਫੈਲਾਉਣ, ਦੰਗੇ ਕਰਵਾਉਣ, ਅੱਤਵਾਦ ਭੜਕਾਉਣ, ਗੈਰ-ਮੁਸਲਮਾਨਾਂ ਨੂੰ ਇਥੋਂ ਭਜਾਉਣ, ਬਗਾਵਤ ਲਈ ਲੋਕਾਂ ਨੂੰ ਉਕਸਾਉਣ ਅਤੇ ‘ਆਜ਼ਾਦੀ’ ਦੀ ਦੁਹਾਈ ਦੇਣ ਦਾ ਸਿਲਸਿਲਾ ਜਾਰੀ ਰੱਖਿਆ ਹੋਇਆ ਹੈ। ਇਨ੍ਹਾਂ ਨੂੰ ਪਾਕਿਸਤਾਨ ਤੋਂ ਆਰਥਿਕ ਮਦਦ ਮਿਲਦੀ ਹੈ। ਜਿਥੇ ਸਰਹੱਦ ਦੇ ਦੋਹਾਂ ਪਾਸਿਆਂ ਦੇ ਆਮ ਲੋਕ ਜਹਾਲਤ ਅਤੇ ਦੁੱਖ ਭਰੀ ਜ਼ਿੰਦਗੀ ਜੀਅ ਰਹੇ ਹਨ, ਉਥੇ ਹੀ ਇਹ ਵੱਖਵਾਦੀ ਅਤੇ ਅੱਤਵਾਦੀ ਤੇ ਉਨ੍ਹਾਂ ਦੇ ਪਾਲ਼ੇ ਹੋਏ ਹੋਰ ਲੋਕ ਮਜ਼ੇ ਕਰ ਰਹੇ ਹਨ। ਇਸੇ ਕਾਰਨ ਪਾਕਿਸਤਾਨ ਵਲੋਂ ਜੰਮੂ-ਕਸ਼ਮੀਰ ਦੇ ਵੱਖਵਾਦੀਆਂ ਅਤੇ ਅੱਤਵਾਦੀਆਂ ਨੂੰ ਹੋਣ ਵਾਲੀ ਟੈਰਰ ਫੰਡਿੰਗ ’ਤੇ ਸ਼ਿਕੰਜਾ ਕੱਸਣ ਦੀ ਕਾਰਵਾਈ ਦੇ ਤਹਿਤ ਕੇਂਦਰ ਸਰਕਾਰ ਨੇ ਇਸ ਸਾਲ 14 ਫਰਵਰੀ ਨੂੰ ਹੋਏ ਅੱਤਵਾਦੀ ਹਮਲੇ ਤੋਂ ਬਾਅਦ ਵੱਖਵਾਦੀ ਅਨਸਰਾਂ ਵਿਰੁੱਧ ਕਾਰਵਾਈ ਸ਼ੁਰੂ ਕੀਤੀ ਸੀ ਅਤੇ ਵੱਖਵਾਦੀ ਸੰਗਠਨ ਜਮਾਤ-ਏ-ਇਸਲਾਮੀ ’ਤੇ ਪਾਬੰਦੀ ਲਾਉਣ ਤੋਂ ਇਲਾਵਾ ਇਸ ਦੇ ਬੈਂਕ ਖਾਤਿਆਂ ਨੂੰ ਵੀ ਸੀਜ਼ ਕਰ ਦਿੱਤਾ। ਇਸ ਤੋਂ ਬਾਅਦ ਸ਼੍ਰੀਨਗਰ ਸਮੇਤ ਹੋਰਨਾਂ ਥਾਵਾਂ ’ਤੇ ਵੱਖਵਾਦੀ ਨੇਤਾਵਾਂ ਸਈਦ ਗਿਲਾਨੀ ਦੇ ਬੇਟੇ ਨਈਮ ਗਿਲਾਨੀ, ਯਾਸੀਨ ਮਲਿਕ, ਸ਼ੱਬੀਰ ਸ਼ਾਹ, ਮੀਰਵਾਇਜ਼ ਉਮਰ ਫਾਰੂਕ, ਅਸ਼ਰਫ ਖਾਨ, ਅਕਬਰ ਬੱਟ, ਮਸਰਤ ਆਲਮ, ਜ਼ੱਫਾਰ ਅਕਬਰ ਦੇ ਮਕਾਨਾਂ ’ਤੇ ਹੋਈ ਛਾਪੇਮਾਰੀ ’ਚ ਐੱਨ. ਆਈ. ਏ. ਦੀ ਟੀਮ ਨੂੰ ਵੱਡੀ ਸਫਲਤਾ ਮਿਲੀ ਅਤੇ ਵੱਡੀ ਗਿਣਤੀ ’ਚ ਅਹਿਮ ਦਸਤਾਵੇਜ਼ ਮਿਲੇ। ਇਨ੍ਹਾਂ ’ਚ ਅੱਤਵਾਦੀ ਸੰਗਠਨਾਂ ਦੇ ਲੈਟਰਹੈੱਡ, ਪਾਕਿਸਤਾਨੀ ਵਿੱਦਿਅਕ ਅਦਾਰਿਆਂ ’ਚ ਦਾਖਲੇ ਲਈ ਵੀਜ਼ਾ ਦਿਵਾਉਣ ਵਾਸਤੇ ਸਿਫਾਰਿਸ਼ੀ ਦਸਤਾਵੇਜ਼ਾਂ ਤੋਂ ਇਲਾਵਾ ਮੀਰਵਾਇਜ਼ ਉਮਰ ਫਾਰੂਕ ਦੇ ਘਰੋਂ 40 ਫੁੱਟ ਉੱਚਾ ਇਕ ਟਾਵਰ ਵੀ ਬਰਾਮਦ ਕੀਤਾ ਗਿਆ। ਇਸ ਦੀ ਮਦਦ ਨਾਲ ਉਹ ਪਾਕਿਸਤਾਨ ਦੇ ਸਿੱਧੇ ਸੰਪਰਕ ’ਚ ਸੀ ਅਤੇ ਇਸ ਦਾ ਇਸਤੇਮਾਲ ਹਾਈਟੈੱਕ ਇੰਟਰਨੈੱਟ ਕਮਿਊਨੀਕੇਸ਼ਨ ਲਈ ਕੀਤਾ ਜਾਂਦਾ ਸੀ। ਕੇਂਦਰ ਸਰਕਾਰ ਵਲੋਂ ਅੱਤਵਾਦ ਵਿਰੋਧੀ ਕਾਨੂੰਨ ਦੇ ਤਹਿਤ ਹੁਣੇ ਜਿਹੇ ਪਾਬੰਦੀਸ਼ੁਦਾ ਭਾਰਤ ਵਿਰੋਧੀ ਹਥਿਆਰਬੰਦ ਵੱਖਵਾਦੀ ਸੰਗਠਨ ‘ਜੰਮੂ-ਕਸ਼ਮੀਰ ਲਿਬਰੇਸ਼ਨ ਫਰੰਟ’ (ਜੇ. ਕੇ. ਐੱਲ. ਐੱਫ.) ਦੇ ਸਰਗਣੇ ਯਾਸੀਨ ਮਲਿਕ ਦੀ ਗ੍ਰਿਫਤਾਰੀ ਨੂੰ ਲੈ ਕੇ ਪਾਕਿਸਤਾਨ ’ਚ ਹਾਏ-ਤੌਬਾ ਮਚੀ ਹੋਈ ਹੈ। ਉਸ ਨੇ 1980 ’ਚ ਫੌਜ ਅਤੇ ਟੈਕਸੀ ਡਰਾਈਵਰਾਂ ’ਚ ਵਿਵਾਦ ਦੇਖਣ ਤੋਂ ਬਾਅਦ ਬਾਗੀ ਬਣਨ ਦਾ ਫੈਸਲਾ ਕੀਤਾ ਅਤੇ ‘ਲਾਲ ਪਾਰਟੀ’ ਨਾਂ ਦਾ ਸੰਗਠਨ ਬਣਾਇਆ। 35 ਸਾਲਾਂ ਤੋਂ ਭਾਰਤ ਵਿਰੋਧੀ ਅੰਦੋਲਨ ’ਚ ਸਰਗਰਮ ਯਾਸੀਨ 1988 ’ਚ ਜੇ. ਕੇ. ਐੱਲ. ਐੱਫ. ਨਾਲ ਜੁੜਿਆ। 1994 ’ਚ ਯਾਸੀਨ ਮਲਿਕ ਨੇ ਸ਼ਾਂਤੀਪੂਰਨ ਸਿਆਸੀ ਸੰਘਰਸ਼ ਦਾ ਨਾਅਰਾ ਦਿੱਤਾ ਅਤੇ ਜੇ. ਕੇ. ਐੱਲ. ਐੱਫ. ਨੂੰ ਇਕ ਸਿਆਸੀ ਪਾਰਟੀ ਦੇ ਰੂਪ ’ਚ ਪੇਸ਼ ਕੀਤਾ। 2009 ’ਚ ਯਾਸੀਨ ਮਲਿਕ ਨੇ ਮੁਸ਼ਹਾਲ ਨਾਂ ਦੀ ਇਕ ਪਾਕਿਸਤਾਨੀ ਲੜਕੀ ਨਾਲ ਵਿਆਹ ਕੀਤਾ। ਹੁਣ ਯਾਸੀਨ ਦੀ ਗ੍ਰਿਫਤਾਰੀ ਤੋਂ ਨਾਰਾਜ਼ ਪਾਕਿਸਤਾਨ ਸਰਕਾਰ ਦੇ ਵਿਦੇਸ਼ ਦਫਤਰ ਨੇ ਯਾਸੀਨ ਨੂੰ ਗ੍ਰਿਫਤਾਰ ਕਰਨ ’ਤੇ ਭਾਰਤ ਸਰਕਾਰ ਦੀ ਆਲੋਚਨਾ ਕੀਤੀ ਹੈ। ਪਾਕਿਸਤਾਨ ਦੇ ਵਿਦੇਸ਼ ਦਫਤਰ ਨੇ ਕਿਹਾ ਹੈ ਕਿ ‘‘ਪਾਕਿਸਤਾਨ ਬੇਬੁਨਿਆਦ ਦੋਸ਼ਾਂ ਦੇ ਆਧਾਰ ’ਤੇ 22 ਫਰਵਰੀ ਤੋਂ ਯਾਸੀਨ ਮਲਿਕ ਨੂੰ ਜੇਲ ’ਚ ਬੰਦ ਕਰਨ ਅਤੇ ਉਨ੍ਹਾਂ ਦੀ ਖਰਾਬ ਹੁੰਦੀ ਸਿਹਤ ਨੂੰ ਲੈ ਕੇ ਸਖਤ ਨਿੰਦਾ ਕਰਦਾ ਹੈ।’’

ਹਾਲਾਂਕਿ ਆਰਥਿਕ ਸੰਕਟ ਨਾਲ ਜੂਝ ਰਿਹਾ ਅਤੇ ਖਾਨਾਜੰਗੀ ਦੇ ਕੰਢੇ ਪਹੁੰਚਿਆ ਪਾਕਿਸਤਾਨ ਆਪਣੀ ਹੋਂਦ ਦੀ ਲੜਾਈ ਲੜ ਰਿਹਾ ਹੈ ਪਰ ਇਸ ਦੇ ਬਾਵਜੂਦ ਉਹ ਭਾਰਤ ਅਤੇ ਹੋਰਨਾਂ ਦੇਸ਼ਾਂ ’ਚ ਹਿੰਸਕ ਅਤੇ ਭੰਨ-ਤੋੜੂ ਸਰਗਰਮੀਆਂ ਲਈ ਅੱਤਵਾਦੀਆਂ ਦੀ ਸਹਾਇਤਾ ਕਰਨ ਤੋਂ ਬਾਜ਼ ਨਹੀਂ ਆ ਰਿਹਾ। ਇਸ ਦਾ ਇਕ ਸਬੂਤ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਹੁਣੇ ਜਿਹੇ ਈਰਾਨ ਦੇ ਦੌਰੇ ’ਤੇ ਉਥੋਂ ਦੇ ਰਾਸ਼ਟਰਪਤੀ ਹਸਨ ਰੂਹਾਨੀ ਨਾਲ ਸਾਂਝੀ ਪ੍ਰੈੱਸ ਕਾਨਫਰੰਸ ’ਚ ਇਹ ਕਹਿ ਕੇ ਦਿੱਤਾ ਕਿ ‘‘ਅਤੀਤ ’ਚ ਅੱਤਵਾਦੀਆਂ ਨੇ ਈਰਾਨ ਵਿਰੁੱਧ ਹਮਲੇ ਲਈ ਪਾਕਿਸਤਾਨੀ ਖੇਤਰ ਦੀ ਦੁਰਵਰਤੋਂ ਕੀਤੀ ਹੈ ਅਤੇ ਈਰਾਨ ਪਾਕਿਸਤਾਨ ਤੋਂ ਸੰਚਾਲਿਤ ਅੱਤਵਾਦੀ ਗਿਰੋਹਾਂ ਤੋਂ ਪੀੜਤ ਹੈ।’’ ਹੁਣ ਦੂਜਾ ਸਬੂਤ ਪਾਕਿਸਤਾਨ ਸਰਕਾਰ ਨੇ ਭਾਰਤੀ ਜੇਲ ’ਚ ਬੰਦ ਵੱਖਵਾਦੀ ਯਾਸੀਨ ਮਲਿਕ ਦੀ ਸਿਹਤ ’ਤੇ ਚਿੰਤਾ ਜ਼ਾਹਿਰ ਕਰ ਕੇ ਦਿੱਤਾ ਹੈ। ਸਿਆਸੀ ਆਬਜ਼ਰਵਰਾਂ ਦਾ ਇਸ ’ਤੇ ਕਹਿਣਾ ਹੈ ਕਿ ਦੂਜੇ ਦੇਸ਼ਾਂ ਦੇ ਮਾਮਲੇ ’ਚ ਟੰਗ ਅੜਾਉਣ ਦੀ ਬਜਾਏ ਜੇਕਰ ਪਾਕਿਸਤਾਨੀ ਸ਼ਾਸਕ ਆਪਣੇ ਖਿੱਲਰ ਰਹੇ ਘਰ ਵੱਲ ਧਿਆਨ ਦੇਣ ਤਾਂ ਜ਼ਿਆਦਾ ਚੰਗਾ ਹੋਵੇਗਾ।

–ਵਿਜੇ ਕੁਮਾਰ
 


Bharat Thapa

Content Editor

Related News