ਮਹਾਰਾਸ਼ਟਰ ’ਚ ਵੱਖ-ਵੱਖ ਮੁੱਦਿਆਂ ’ਤੇ ਸ਼ਿਵ ਸੈਨਾ ਅਤੇ ਰਾਕਾਂਪਾ-ਕਾਂਗਰਸ ਆਹਮੋ-ਸਾਹਮਣੇ

02/20/2020 1:31:39 AM

28 ਨਵੰਬਰ, 2019 ਨੂੰ ਮਹਾਰਾਸ਼ਟਰ ਦੇ ਮੁੱਖ ਮੰਤਰੀ ਅਹੁਦੇ ਦੀ ਸਹੁੰ ਚੁੱਕਣ ਤੋਂ ਬਾਅਦ 30 ਦਸੰਬਰ ਨੂੰ ਮੰਤਰੀ ਮੰਡਲ ਦੇ ਵਿਸਤਾਰ ਸਮੇਂ ਭਾਵੇਂ ਊਧਵ ਠਾਕਰੇ ਨੇ ਗੱਠਜੋੜ ਸਹਿਯੋਗੀਆਂ ਰਾਕਾਂਪਾ ਅਤੇ ਕਾਂਗਰਸ ਨੂੰ ਨਾਲ ਲੈ ਕੇ ਚੱਲਣ ਦੀ ਗੱਲ ਕਹੀ ਸੀ ਪਰ ਤਿੰਨਾਂ ਦਲਾਂ ਨੂੰ ਮਿਲਾ ਕੇ ‘ਮਹਾ ਵਿਕਾਸ ਆਗਾੜੀ ਸਰਕਾਰ’ ਬਣਨ ਦੇ 2 ਮਹੀਨਿਆਂ ’ਚ ਹੀ ਸ਼ਿਵ ਸੈਨਾ ਅਤੇ ਸਹਿਯੋਗੀ ਦਲਾਂ ’ਚ ਅਸਹਿਮਤੀ ਪੈਦਾ ਹੋਣ ਲੱਗੀ ਹੈ। ਹਾਲਾਂਕਿ ਜਨਵਰੀ ’ਚ ਮਹਾਰਾਸ਼ਟਰ ਦੀ ਸ਼ਿਵ ਸੈਨਾ ਸਰਕਾਰ ਨੇ ਐਲਗਾਰ ਪ੍ਰੀਸ਼ਦ (ਭੀਮਾ ਕੋਰੇਗਾਂਵ) ਮਾਮਲੇ ਦੀ ਜਾਂਚ ਕੇਂਦਰ ਸਰਕਾਰ ਵਲੋਂ ਪੁਣੇ ਪੁਲਸ ਤੋਂ ਲੈ ਕੇ ਰਾਸ਼ਟਰੀ ਜਾਂਚ ਏਜੰਸੀ ਨੂੰ ਸੌਂਪਣ ਦੀ ਆਲੋਚਨਾ ਕੀਤੀ ਸੀ ਪਰ ਬਾਅਦ ਵਿਚ ਅਚਾਨਕ ਆਪਣਾ ਰੁਖ਼ ਬਦਲਦੇ ਹੋਏ ਸ਼ਿਵ ਸੈਨਾ (ਊਧਵ ਠਾਕਰੇ) ਸਰਕਾਰ ਨੇ ਕਹਿ ਦਿੱਤਾ ਕਿ ਕੇਂਦਰ ਸਰਕਾਰ ਦੇ ਇਸ ਫੈਸਲੇ ’ਤੇ ਉਸ ਨੂੰ ਇਤਰਾਜ਼ ਨਹੀਂ ਹੈ। ਰਾਕਾਂਪਾ ਸੁਪਰੀਮੋ ਸ਼ਰਦ ਪਵਾਰ ਇਸ ਮਾਮਲੇ ਦੀ ਆਜ਼ਾਦ ਜਾਂਚ ਦੀ ਮੰਗ ਕਰਦੇ ਆ ਰਹੇ ਸਨ ਅਤੇ ਸਰਕਾਰ ਬਣਨ ਤੋਂ ਕੁਝ ਸਮੇਂ ਬਾਅਦ ਹੀ ਉਨ੍ਹਾਂ ਨੇ ਊਧਵ ਠਾਕਰੇ ਨੂੰ ਪੱਤਰ ਲਿਖ ਕੇ ਇਸ ਦੀ ਐੱਸ. ਆਈ. ਟੀ. ਤੋਂ ਜਾਂਚ ਕਰਵਾਉਣ ਲਈ ਕਿਹਾ ਸੀ। ਮਹਾਰਾਸ਼ਟਰ ਵਿਚ ਸ਼ਿਵ ਸੈਨਾ ਨਾਲ ਗੱਠਜੋੜ ਸਰਕਾਰ ਬਣਨ ਤੋਂ ਬਾਅਦ ਇਸ ਦੀ ਸੰਭਾਵਨਾ ਵੀ ਦਿਸ ਰਹੀ ਸੀ। ਸ਼ਰਦ ਪਵਾਰ ਨੇ 14 ਫਰਵਰੀ ਨੂੰ ਇਸ ਦੀ ਆਲੋਚਨਾ ਕਰਦੇ ਹੋਏ ਕਿਹਾ ਕਿ ‘‘ਸਾਬਕਾ ਭਾਜਪਾ ਸਰਕਾਰ ਇਸ ਮਾਮਲੇ ਵਿਚ ਕੁਝ ਲੁਕਾਉਣਾ ਚਾਹੁੰਦੀ ਹੈ, ਇਸ ਲਈ ਮਾਮਲੇ ਦੀ ਜਾਂਚ ਐੱਨ. ਆਈ. ਏ. ਨੂੰ ਸੌਂਪੀ ਗਈ ਹੈ। ਕੇਂਦਰ ਸਰਕਾਰ ਦਾ ਇਸ ਤਰ੍ਹਾਂ ਸੂਬੇ ਦੇ ਹੱਥੋਂ ਜਾਂਚ ਵਾਪਸ ਲੈਣਾ ਗਲਤ ਹੈ ਅਤੇ ਸ਼ਿਵ ਸੈਨਾ (ਊਧਵ ਠਾਕਰੇ) ਸਰਕਾਰ ਵਲੋਂ ਉਨ੍ਹਾਂ ਦੇ ਫੈਸਲੇ ਦਾ ਸਮਰਥਨ ਕਰਨਾ ਵੀ ਗਲਤ ਹੈ।’’ ਇਹੀ ਨਹੀਂ, ਹੁਣ ਸੀ. ਏ. ਏ., ਐੱਨ. ਆਰ. ਸੀ. ਅਤੇ ਐੱਨ. ਪੀ. ਆਰ. ਨੂੰ ਲੈ ਕੇ ਵੀ ਰਾਕਾਂਪਾ ਸੁਪਰੀਮੋ ਸ਼ਰਦ ਪਵਾਰ ਅਤੇ ਕਾਂਗਰਸ ਅਤੇ ਊਧਵ ਠਾਕਰੇ ਵਿਚਾਲੇ ਤਣਾਤਣੀ ਸ਼ੁਰੂ ਹੋ ਗਈ ਹੈ। ਜਿਥੇ ਰਾਕਾਂਪਾ ਅਤੇ ਕਾਂਗਰਸ ਇਸ ਦਾ ਖੁੱਲ੍ਹ ਕੇ ਵਿਰੋਧ ਕਰ ਰਹੇ ਹਨ, ਉੱਥੇ ਹੀ ਊਧਵ ਠਾਕਰੇ ਨੇ ਐੱਨ. ਪੀ. ਆਰ. ਨੂੰ ਸਹੀ ਦੱਸਿਆ ਹੈ। ਊਧਵ ਠਾਕਰੇ ਨੇ ਐੱਨ. ਪੀ. ਆਰ. ਦੇ ਅਧੀਨ ਸੂਬੇ ਵਿਚ ਮਰਦਮਸ਼ੁਮਾਰੀ ਲਈ ਨੋਟੀਫਿਕੇਸ਼ਨ ਜਾਰੀ ਕਰਨ ਤੋਂ ਇਲਾਵਾ ਸੀ. ਏ. ਏ., ਐੱਨ. ਆਰ. ਸੀ. ਅਤੇ ਐੱਨ. ਪੀ. ਆਰ. ਵਿਚ ਫਰਕ ਸਮਝਾ ਕੇ ਗੱਠਜੋੜ ਵਿਚ ਟਕਰਾਅ ਦੀ ਸੰਭਾਵਨਾ ਨੂੰ ਹੋਰ ਵਧਾ ਦਿੱਤਾ ਹੈ। ਜਿਥੇ ਪਹਿਲਾਂ ਸ਼ਿਵ ਸੈਨਾ ਦੀ ਅਗਵਾਈ ਵਾਲੀ ਗੱਠਜੋੜ ਸਰਕਾਰ ਦੇ ਗਠਨ ਨੂੰ ਲੈ ਕੇ ਮੱਤਭੇਦ ਦੇ ਸੁਰ ਉੱਭਰੇ ਅਤੇ ਹੁਣ ਊਧਵ ਠਾਕਰੇ ਵਲੋਂ ਗੱਠਜੋੜ ਸਹਿਯੋਗੀਆਂ ਰਾਕਾਂਪਾ ਅਤੇ ਕਾਂਗਰਸ ਲੀਡਰਸ਼ਿਪ ਨੂੰ ਵਿਸ਼ਵਾਸ ਵਿਚ ਲਏ ਬਿਨਾਂ ਕੀਤੇ ਜਾ ਰਹੇ ਫੈਸਲਿਆਂ ਨਾਲ ਸ਼ਿਵ ਸੈਨਾ ਅਤੇ ਰਾਕਾਂਪਾ ਅਤੇ ਕਾਂਗਰਸ ਆਹਮੋ-ਸਾਹਮਣੇ ਆ ਗਏ ਹਨ। ਹੁਣ ਦੇਖਣਾ ਇਹ ਹੈ ਕਿ ਊਧਵ ਠਾਕਰੇ ਇਸ ਅਸੰਤੋਸ਼ ਨੂੰ ਸ਼ਾਂਤ ਕਰ ਕੇ ਆਪਣੇ ਗੱਠਜੋੜ ਸਹਿਯੋਗੀਆਂ ਨੂੰ ਨਾਲ ਰੱਖਣ ਵਿਚ ਕਿਵੇਂ ਸਫਲ ਹੁੰਦੇ ਹਨ ਤਾਂ ਕਿ ਸਰਕਾਰ ਪੂਰੇ 5 ਸਾਲ ਤਕ ਚੱਲੇ ਅਤੇ ਸੂਬੇ ਦੇ ਵਿਕਾਸ ਵਿਚ ਯੋਗਦਾਨ ਪਾ ਸਕੇ ਅਤੇ ਜਾਂ ਫਿਰ ਇਹ ਸਰਕਾਰ ਸਮੇਂ ਤੋਂ ਪਹਿਲਾਂ ਹੀ ਚਲੀ ਜਾਵੇਗੀ।

-ਵਿਜੇ ਕੁਮਾਰ


Bharat Thapa

Content Editor

Related News