ਅਧਿਆਪਕਾਂ ਵੱਲੋਂ ਵਿਦਿਆਰਥਣਾਂ ਦਾ ਸੈਕਸ ਸ਼ੋਸ਼ਣ, ‘ਹੁਣ ਰਕਸ਼ਕ ਹੀ ਭਕਸ਼ਕ ਬਣੇ’
Sunday, Jan 15, 2023 - 02:54 AM (IST)
ਜ਼ਿੰਦਗੀ ’ਚ ਮਾਤਾ-ਪਿਤਾ ਤੋਂ ਬਾਅਦ ਅਧਿਆਪਕ ਦਾ ਹੀ ਸਰਬਉੱਚ ਸਥਾਨ ਮੰਨਿਆ ਗਿਆ ਹੈ ਪਰ ਅੱਜ ਕੁਝ ਅਧਿਆਪਕ ਆਪਣੀਆਂ ਮਰਿਆਦਾਵਾਂ ਨੂੰ ਭੁੱਲ ਸਕੂਲੀ ਬੱਚੀਆਂ ਦਾ ਸੈਕਸ ਸ਼ੋਸ਼ਣ ਕਰ ਕੇ ਨੈਤਿਕਤਾ ਨੂੰ ਤਾਰ-ਤਾਰ ਕਰ ਰਹੇ ਹਨ :
* 5 ਨਵੰਬਰ, 2022 ਨੂੰ ਸੰਗਰੂਰ (ਪੰਜਾਬ) ’ਚ ਇਕ ਸਰਕਾਰੀ ਸਕੂਲ ਦੇ ਅਧਿਆਪਕ ਦੇ ਵਿਰੁੱਧ ਇਕ ਨਾਬਾਲਗ ਵਿਦਿਆਰਥਣ ਨਾਲ ਜਬਰ-ਜ਼ਨਾਹ ਕਰਨ ਦੇ ਦੋਸ਼ ’ਚ ਪੁਲਸ ਨੇ ਕੇਸ ਦਰਜ ਕੀਤਾ।
* 16 ਨਵੰਬਰ, 2022 ਨੂੰ ਥ੍ਰੀਪੁਨਿਤੁਰਾ (ਕੋਚੀ) ’ਚ ਗਿਆਰ੍ਹਵੀਂ ਜਮਾਤ ਦੀ ਨਾਬਾਲਗ ਵਿਦਿਆਰਥਣ ਨਾਲ ਜਬਰ-ਜ਼ਿਨਾਹ ਦੇ ਦੋਸ਼ ’ਚ ਸਕੂਲ ਦੇ ਪ੍ਰਿੰਸੀਪਲ ਅਤੇ 2 ਅਧਿਆਪਕਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ।
* 29 ਨਵੰਬਰ, 2022 ਨੂੰ ‘ਕੈਮੂਰ’ (ਬਿਹਾਰ) ’ਚ ਜਬਰ-ਜ਼ਨਾਹ ਦਾ ਇਕ ਸਨਸਨੀਖੇਜ਼ ਮਾਮਲਾ ਸਾਹਮਣੇ ਆਇਆ। ‘ਅਘੋਰਾ’ ਪਿੰਡ ’ਚ ਕੁਝ ਲੜਕੇ ਇਕ ਲੜਕੀ ਨੂੰ ਫੜ ਕੇ ਜੰਗਲ ’ਚ ਲੈ ਗਏ ਅਤੇ ਸਭ ਨੇ ਉਸ ਨਾਲ ਜਬਰ-ਜ਼ਨਾਹ ਕਰ ਦਿੱਤਾ। ਤਦ ਹੀ ਉੱਥੇ ਪਿੰਡ ਦਾ ਹੀ ਸੁਰਿੰਦਰ ਪਾਲ ਨਾਂ ਦਾ ਇਕ ਅਧਿਆਪਕ ਆ ਪੁੱਜਾ, ਜਿਸ ਨੂੰ ਦੇਖ ਕੇ ਉਹ ਬਦਮਾਸ਼ ਭੱਜ ਗਏ। ਇਸ ਤੋਂ ਬਾਅਦ ਨੀਚਤਾ ਦਾ ਸਬੂਤ ਦਿੰਦੇ ਹੋਏ ਅਧਿਆਪਕ ਨੇ ਪੀੜਤਾ ਦੀ ਸਹਾਇਤਾ ਕਰਨ ਦੀ ਬਜਾਏ ਖੁਦ ਵੀ ਉਸ ਨਾਲ ਜਬਰ-ਜ਼ਨਾਹ ਕਰ ਦਿੱਤਾ। ਉਸ ਨੂੰ ਗ੍ਰਿਫ਼ਤਾਰ ਕਰ ਲਿਆ ਹੈ ਪਰ ਹੋਰ ਬਦਮਾਸ਼ ਫਰਾਰ ਹਨ।
* 6 ਦਸੰਬਰ, 2022 ਨੂੰ ਗਾਜ਼ੀਆਬਾਦ (ਉੱਤਰ ਪ੍ਰਦੇਸ਼) ’ਚ ਇਕ ਕੰਪਿਊਟਰ ਅਧਿਆਪਕ ਨੂੰ ਇਕ ਨਾਬਾਲਗਾ ਨਾਲ ਲਗਾਤਾਰ 2 ਸਾਲ ਤੱਕ ਜਬਰ-ਜ਼ਨਾਹ ਕਰਨ ਅਤੇ ਕਿਸੇ ਨੂੰ ਦੱਸਣ ’ਤੇ ਉਸ ਦਾ ਹਾਲ ਵੀ ‘ਸ਼ਰਧਾ ਵਾਲਕਰ’, ਜਿਸ ਦੀ ਉਸ ਦੇ ਪ੍ਰੇਮੀ ਨੇ ਹੱਤਿਆ ਤੋਂ ਬਾਅਦ ਉਸ ਦੀ ਲਾਸ਼ ਦੇ ਟੁਕੜੇ-ਟੁਕੜੇ ਕਰ ਦਿੱਤੇ, ਵਰਗਾ ਕਰਨ ਦੀ ਧਮਕੀ ਦੇਣ ਦੇ ਦੋਸ਼ ’ਚ ਗ੍ਰਿਫ਼ਤਾਰ ਕੀਤਾ ਗਿਆ।
* 23 ਦਸੰਬਰ, 2022 ਨੂੰ ਕਾਲਾਹਾਂਡੀ (ਓਡਿਸ਼ਾ) ਦੀ ਜ਼ਿਲ੍ਹਾ ਅਦਾਲਤ ਨੇ ਇਕ ਸਰਕਾਰੀ ਰਿਹਾਇਸ਼ੀ ਸਕੂਲ ਦੇ ਪ੍ਰਿੰਸੀਪਲ ਨੂੰ ਇਕ ਨਾਬਾਲਗ ਵਿਦਿਆਰਥਣ ਨਾਲ ਜਬਰ-ਜ਼ਨਾਹ ਕਰਨ ਦੇ ਦੋਸ਼ ’ਚ 10 ਸਾਲ ਬਾਮੁਸ਼ੱਕਤ ਕੈਦ ਦੀ ਸਜ਼ਾ ਸੁਣਾਈ।
* 4 ਜਨਵਰੀ, 2023 ਨੂੰ ਝਾਂਸੀ (ਉੱਤਰ ਪ੍ਰਦੇਸ਼) ਦੇ ‘ਬਿਜੌਲੀ’ ’ਚ 3 ਬੱਚਿਆਂ ਨੂੰ ਟਿਊਸ਼ਨ ਪੜ੍ਹਾਉਣ ਆਏ ਅਧਿਆਪਕ ਸ਼ਿਵਮ ਕੁਮਾਰ ਸੈਨੀ ਨੇ 2 ਲੜਕਿਆਂ ਦੀ ਜਲਦੀ ਛੁੱਟੀ ਕਰ ਦਿੱਤੀ ਅਤੇ ਫਿਰ 14 ਸਾਲਾ ਅੱਠਵੀਂ ਜਮਾਤ ਦੀ ਵਿਦਿਆਰਥਣ ਨੂੰ ਰੋਕ ਕੇ ਉਸ ਨਾਲ ਜਬਰ-ਜ਼ਨਾਹ ਕਰਨ ਤੋਂ ਬਾਅਦ ਕਿਸੇ ਨੂੰ ਕੁਝ ਦੱਸਣ ’ਤੇ ਜਾਨ ਤੋਂ ਮਾਰਨ ਦੀ ਧਮਕੀ ਦੇ ਕੇ ਫਰਾਰ ਹੋ ਗਿਆ।
* 6 ਜਨਵਰੀ, 2023 ਨੂੰ ਨਵਾਦਾ (ਬਿਹਾਰ) ਦੇ ‘ਕੋਆਕੋਲ’ ਥਾਣਾ ਇਲਾਕੇ ਦੇ ਇਕ ਮਦਰੱਸੇ ਦੇ ਮੌਲਵੀ ਸ਼ਹਾਦਤ ਹੁਸੈਨ ਨੂੰ ਨਾਬਾਲਗ ਵਿਦਿਆਰਥਣਾਂ ਨਾਲ ਗੰਦੀ ਹਰਕਤ ਕਰਨ ਦੇ ਦੋਸ਼ ’ਚ ਗ੍ਰਿਫਤਾਰ ਕੀਤਾ ਗਿਆ। ਇਸ ਮੌਲਵੀ ਨੇ ਆਪਣੇ ਮੋਬਾਇਲ ’ਚ ਵਿਦਿਆਰਥਣਾਂ ਦੇ ਕਈ ਵੀਡੀਓ ਬਣਾ ਰੱਖੇ ਸਨ।
* 7 ਜਨਵਰੀ, 2023 ਨੂੰ ਬਲਰਾਮਪੁਰ (ਉੱਤਰ ਪ੍ਰਦੇਸ਼) ਦੇ ਇਕ ਸਕੂਲ ਅਧਿਆਪਕ ਨੂੰ ਇਕ 8 ਸਾਲਾ ਵਿਦਿਆਰਥਣ ਨੂੰ ‘ਪ੍ਰੇਮ ਪੱਤਰ’ ਲਿਖਣ ਦੇ ਦੋਸ਼ ’ਚ ਫੜਿਆ ਗਿਆ।
* 9 ਜਨਵਰੀ, 2023 ਨੂੰ ਮਹਾਰਾਜਗੰਜ (ਉੱਤਰ ਪ੍ਰਦੇਸ਼) ਦੇ ਇਕ ਪਿੰਡ ’ਚ ਇਕ ਸਕੂਲ ਦੇ ਅਧਿਆਪਕ ਵਿਦਿਆਸਾਗਰ ਨੂੰ ਆਪਣੇ ਇਕ ਸਾਥੀ ਦੇ ਨਾਲ ਮਿਲ ਕੇ 14 ਸਾਲਾ ਬੱਚੀ ਦੇ ਨਾਲ ਜਬਰ-ਜ਼ਨਾਹ ਕਰਨ ਦੀ ਕੋਸ਼ਿਸ਼ ਦੇ ਦੋਸ਼ ’ਚ ਗ੍ਰਿਫ਼ਤਾਰ ਕੀਤਾ ਗਿਆ।
* 10 ਜਨਵਰੀ, 2023 ਨੂੰ ਭੋਪਾਲ (ਮੱਧ ਪ੍ਰਦੇਸ਼) ’ਚ ਇਕ ਸਰਕਾਰੀ ਸਕੂਲ ਦੇ ਅਧਿਆਪਕ ਨੂੰ 10 ਸਾਲਾ ਵਿਦਿਆਰਥਣ ਨਾਲ ਜਬਰ-ਜ਼ਨਾਹ ਦੇ ਦੋਸ਼ ’ਚ ਉਮਰਕੈਦ ਅਤੇ 20,000 ਰੁਪਏ ਜੁਰਮਾਨੇ ਦੀ ਸਜ਼ਾ ਸੁਣਾਈ।
* ਅਤੇ ਹੁਣ 13 ਜਨਵਰੀ ਨੂੰ ਕਨੂੰਰ (ਕੇਰਲ) ਜ਼ਿਲ੍ਹੇ ਦੇ ਇਕ ਸਕੂਲ ’ਚ 52 ਸਾਲਾ ਅਧਿਆਪਕ ਨੂੰ ਛੇਵੀਂ ਅਤੇ ਸੱਤਵੀਂ ਜਮਾਤ ਦੀਆਂ ਲੱਗਭਗ ਅੱਧੀ ਦਰਜਨ ਵਿਦਿਆਰਥਣਾਂ ਦਾ ਸੈਕਸ ਸ਼ੋਸ਼ਣ ਕਰਨ ਦੇ ਦੋਸ਼ ’ਚ ਗ੍ਰਿਫ਼ਤਾਰ ਕੀਤਾ ਗਿਆ ਹੈ।
ਉਕਤ ਘਟਨਾਵਾਂ ਤੋਂ ਸਪੱਸ਼ਟ ਹੈ ਕਿ ਅੱਜ ਦੇਸ਼ ’ਚ ਕੁਝ ਅਧਿਆਪਕਾਂ ਦੇ ਹੱਥੀਂ ਬੱਚੀਆਂ ਸੁਰੱਖਿਅਤ ਨਹੀਂ ਹਨ। ਕੁਝ ਅਧਿਆਪਕਾਂ ਵੱਲੋਂ ਮਾਸੂਮ ਵਿਦਿਆਰਥਣਾਂ ਦੇ ਸੈਕਸ ਸ਼ੋਸ਼ਣ ਵਰਗੇ ਅਪਰਾਧ ਇਸ ਆਦਰਸ਼ ਕਿੱਤੇ ’ਤੇ ਇਕ ਧੱਬਾ ਤੇ ਅਧਿਆਪਕ ਵਰਗ ’ਚ ਵੀ ਵਧ ਰਹੀ ਨੈਤਿਕ ਗਿਰਾਵਟ ਦਾ ਨਤੀਜਾ ਹੈ।
ਇਸ ਲਈ ਅਜਿਹਾ ਕਰਨ ਵਾਲੇ ਅਧਿਆਪਕਾਂ ਨੂੰ ਸਿੱਖਿਆਦਾਇਕ ਸਜ਼ਾ ਦਿੱਤੀ ਜਾਣੀ ਚਾਹੀਦੀ ਹੈ ਤਾਂ ਕਿ ਇਹ ਭੈੜਾ ਚੱਕਰ ਰੁਕੇ।
-ਵਿਜੇ ਕੁਮਾਰ